ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਮੁਲਤਵੀ
ਸੰਜੀਵ ਤੇਜਪਾਲ
ਮੋਰਿੰਡਾ, 27 ਜੁਲਾਈ
ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਅੱਜ ਹੋਣ ਵਾਲੀ ਚੋਣ ਐੱਸਡੀਐੱਮ ਮੋਰਿੰਡਾ-ਕਮ-ਨਗਰ ਕੌਂਸਲ ਦੇ ਪ੍ਰਸ਼ਾਸਕ ਦੇ ਇਕ ਧਰਨੇ ਵਿੱਚ ਰੁੱਝੇ ਹੋਣ ਕਾਰਨ ਇੱਕ ਵਾਰ ਫੇਰ ਮੁਲਤਵੀ ਹੋ ਗਈ। ਮੀਟਿੰਗ ਵਿੱਚ ਸ਼ਹਿਰ ਦੇ ਸਾਰੇ 15 ਕੌਂਸਲਰ ਹਾਜ਼ਰ ਸਨ। ਸਰਕਾਰ ਵੱਲੋਂ ਚੋਣ ਮੁਲਤਵੀ ਕੀਤੇ ਜਾਣ ਦੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕਿਹਾ ਕਿ ਉਹ ਇਸ ਧੱਕੇਸ਼ਾਹੀ ਵਿਰੁੱਧ ਹਾਈ ਕੋਰਟ ਜਾਣਗੇ। ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਫਰਵਰੀ 2021 ਤੋਂ ਕਿਸੇ ਨਾ ਕਿਸੇ ਕਾਰਨ ਤੋਂ ਟਲਦੀ ਆ ਰਹੀ ਸੀ, ਜਦਕਿ ਨਗਰ ਕੌਂਸਲ ਦੇ 15 ਮੈਂਬਰਾਂ ਵਿੱਚੋਂ ਕਾਂਗਰਸ ਧੜੇ ਦੇ ਨੌਂ ਮੈਂਬਰਾਂ ਨੇ ਇਕਜੁੱਟਤਾ ਦਿਖਾਉਂਦੇ ਹੋਏ ਪ੍ਰਧਾਨਗੀ ਦੇ ਅਹਦੇ ’ਤੇ ਦਾਅਵਾ ਜਤਾਇਆ ਹੈ। ਬਹੁਗਿਣਤੀ ਮੈਂਬਰਾਂ ਵੱਲੋਂ ਇਹ ਚੋਣ ਕਰਵਾਉਣ ਸਬੰਧੀ ਦਿੱਤੀਆਂ ਦਰਖਾਸਤਾਂ ’ਤੇ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਈ ਅਮਲ ਨਾ ਕੀਤਾ ਤਾਂ ਇਸ ਧੜੇ ਦੀ ਵਾਰਡ ਨੰਬਰ-1 ਤੋਂ ਚੁਣੀ ਗਈ ਮੈਂਬਰ ਦਲਜੀਤ ਕੌਰ ਅਤੇ ਹੋਰਨਾਂ ਨੇ ਹਾਈ ਕੋਰਟ ਵਿੱਚ ਰਿੱਟ ਪਟੀਸ਼ਨ ਨੰਬਰ 14928, 2023 ਦਾਇਰ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਦੋ ਹਫ਼ਤਿਆਂ ਦੇ ਅੰਦਰ ਕਰਵਾਉਣ ਲਈ ਨਿਰਦੇਸ਼ ਜਾਰੀ ਕਰਵਾਉਣੇ ਪਏ। ਐੱਸਡੀਐੱਮ ਮੋਰਿੰਡਾ-ਕਮ- ਨਗਰ ਕੌਂਸਲ ਦੇ ਪ੍ਰਸ਼ਾਸਕ ਦੀਪਾਂਕਰ ਗਰਗ ਨੇ ਅੱਜ ਇਹ ਚੋਣ ਨਿਸ਼ਚਿਤ ਕੀਤੀ ਸੀ ਪਰ ਉਹ ਲੋਕਾਂ ਵੱਲੋਂ ਬਿਜਲੀ ਦੀ ਨਾਕਸ ਸਪਲਾਈ ਖ਼ਿਲਾਫ਼ ਲਾਏ ਧਰਨੇ ਕਾਰਨ ਸਮੇਂ ਸਿਰ ਚੋਣ ਮੀਟਿੰਗ ਵਿੱਚ ਨਹੀਂ ਪਹੁੰਚ ਸਕੇ, ਜਿਸ ਕਾਰਨ ਇਹ ਚੋਣ ਮੁਲਤਵੀ ਕਰਨ ਲਈ ਕਿਹਾ ਗਿਆ।
ਮੌਕੇ ’ਤੇ ਪਹੁੰਚੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਚੋਣ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਰਕਾਰ ਦੇ ਦਬਾਅ ਹੇਠ ਇਕ ਸਾਜ਼ਿਸ਼ ਤਹਿਤ ਚੋਣ ਮੁਲਤਵੀ ਕੀਤਾ ਗਿਆ ਹੈ, ਕਿਉਂਕਿ ਬਹੁਗਿਣਤੀ ਮੈਂਬਰਾਂ ਦੀ ਪਸੰਦ ਦੇ ਉਮੀਦਵਾਰ ਨੂੰ ਪ੍ਰਧਾਨ ਚੁਣਿਆ ਜਾਣਾ ਸੀ। ਉਨ੍ਹਾਂ ਕਿਹਾ ਕਿ ਉਹ ਮੁੜ ਹਾਈ ਕੋਰਟ ਜਾਣਗੇ ਤੇ ਆਬਜ਼ਰਵਰ ਦੀ ਨਿਯੁਕਤੀ ਕਰਵਾ ਕੇ ਇਸ ਚੋਣ ਨੂੰ ਨੇਪਰੇ ਚਾੜ੍ਹਨਗੇ।
ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਚੋਣ ਅੱਗੇ ਪਾਈ: ਵਿਧਾਇਕ
ਉੱਧਰ, ਇਸ ਬਾਰੇ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਇਹ ਚੋਣ ਸਾਰੇ ਮੈਂਬਰਾਂ ਦੀ ਆਪਸੀ ਸਹਿਮਤੀ ਨਾਲ ਅੱਗੇ ਪਾਈ ਗਈ ਹੈ, ਜਿਸ ਲਈ ਅਗਲੀ ਤਰੀਕ ਜਲਦੀ ਹੀ ਨਿਰਧਾਰਤ ਕੀਤੀ ਜਾਵੇਗੀ।