ਪੰਜਾਬੀ ’ਵਰਸਿਟੀ ’ਚ ਵਾਈਸ ਚਾਂਸਲਰ ਦੀ ‘ਗੁੰਮਸ਼ੁਦਗੀ’ ਦੇ ਪੋਸਟਰ ਲੱਗੇ
ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਨਵੰਬਰ
ਇੱਥੇ ਪੰਜਾਬੀ ਯੂਨੀਵਰਸਿਟੀ ਦਾ ਰੈਗੂਲਰ ਵਾਈਸ ਚਾਂਸਲਰ ਲਾਉਣ ਦੀ ਮੰਗ ਵੱਡੇ ਪੱਧਰ ’ਤੇ ਉਠ ਰਹੀ ਹੈ। ਪ੍ਰੋ. ਅਰਵਿੰਦ ਦੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਸੇਵਾਮੁਕਤੀ ਮਗਰੋਂ ਤੋਂ ਆਈਐੱਸ ਅਧਿਕਾਰੀ ਕੇ ਕੇ ਯਾਦਵ ਕਾਰਜਕਾਰੀ ਵੀਸੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਇਥੇ ‘ਸੈਫੀ’ ਨਾਮ ਦੀ ਜਥੇਬੰਦੀ ਨੇ ਸਰਕਾਰ ਦਾ ਧਿਆਨ ਖਿੱਚਣ ਲਈ ਯੂਨੀਵਰਸਿਟੀ ਕੈਂਪਸ ’ਚ ਥਾਂ ਥਾਂ ’ਤੇ ਵਾਈਸ ਚਾਂਸਲਰ ਦੀ ‘ਗੁੰਮਸ਼ੁਦਗੀ’ ਦੇ ਪੋਸਟਰ ਲਾਏ ਹਨ। ਇਸ ਤੋਂ ਪਹਿਲਾਂ ਸੈਫੀ ਦੇ ਅਹੁਦੇਦਾਰਾਂ ਨੇ ਇਹੀ ਪੋਸਟਰ ਹੱਥਾਂ ’ਚ ਫੜ ਕੇ ਵੀਸੀ ਦਫਤਰ ਅੱਗੇ ਮੁਜਾਹਰਾ ਵੀ ਕੀਤਾ। ਇਸ ਮੌਕੇ ਸੈਫ਼ੀ ਦੇ ਮੁੱਖ ਬੁਲਾਰੇ ਯਾਦਵਿੰਦਰ ਸਿੰਘ ਯਾਦੂ, ਨਾਰਦਨ ਸਿੰਘ ਸਰਾਂ ਸਮੇਤ ਦਾਰਾ ਸਿੰਘ, ਸਾਹਿਲ ਬਾਂਸਲ, ਸੁਪਿੰਦਰ ਸਿੰਘ, ਗੁਰਸਰਤਾਜ ਵੀਰ ਸਿੰਘ, ਰਿਸ਼ਭ ਸਿੰਘ, ਸਿਮਰਨਜੀਤ ਸਿੰਘ ਤੇ ਜਸ਼ਨਦੀਪ ਸਿੰਘ ਆਦਿ ਵੀ ਹਾਜ਼ਰ ਸਨ। ਯਾਦਵਿੰੰਦਰ ਸਿੰਘ ਯਾਦੂ ਨੇ ਕਿਹਾ ਕਿ ਛੇ ਮਹੀਨੇ ਤੋਂ ਪੰਜਾਬੀ ਯੂਨੀਵਰਸਿਟੀ ਦਾ ਰੈਗੂਲਰ ਵਾਈਸ ਚਾਂਸਲਰ ਨਹੀਂ ਹੈ ਜਿਸ ਕਾਰਨ ਵਿਦਿਆਰਥੀ, ਅਧਿਆਪਕਾਂ ਤੇ ਮੁਲਾਜ਼ਮ ਖੱਜਲ-ਖੁਆਰ ਹੋ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਨੂੰ ਖ਼ਤਮ ਕਰਨ ਦੀ ਤਰਜ਼ ’ਤੇ ਹੀ ਪੰਜਾਬ ਦੀਆਂ ਯੂਨੀਵਰਸਿਟੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਤਰਕ ਦਿੱਤਾ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਰੈਗੂਲਰ ਵੀਸੀ ਦੀ ਵਜਾਏ ਇੱਕ ਆਈਏਐਸ ਅਧਿਕਾਰੀ ਰਾਹੀ ਕੰਮ ਚਲਾਉਣ ਦੀ ਕਾਰਵਾਈ ਵੀ ਇਸ ਪਾਸੇ ਨੂੰ ਵੱਧਦੇ ਕਦਮ ਹਨ। ਨਾਰਦਨ ਸਿੰਘ ਸਰਾਂ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਸਮੱਸਿਆ ਸੁਣਨ ਵਾਲੇ ਅਧਿਕਾਰੀਆਂ ਦਾ ਵਿਵਹਾਰ ਮਾੜਾ ਹੈ ਬਿਨਾਂ ਵੀ.ਸੀ ਤੋ ਵਿਦਿਆਰਥੀ ਆਪਣਾ ਪੱਖ ਕਿਸ ਕੋਲ ਰੱਖਣ।