For the best experience, open
https://m.punjabitribuneonline.com
on your mobile browser.
Advertisement

ਅਮੇਠੀ ਵਿੱਚ ਰੌਬਰਟ ਵਾਡਰਾ ਦੇ ਹੱਕ ’ਚ ਪੋਸਟਰ ਲੱਗੇ

07:02 AM Apr 25, 2024 IST
ਅਮੇਠੀ ਵਿੱਚ ਰੌਬਰਟ ਵਾਡਰਾ ਦੇ ਹੱਕ ’ਚ ਪੋਸਟਰ ਲੱਗੇ
ਅਮੇਠੀ ਵਿੱਚ ਕਾਂਗਰਸ ਦਫ਼ਤਰ ਦੇ ਬਾਹਰ ਰੌਬਰਟ ਵਾਡਰਾ ਦੇ ਲੱਗੇ ਬੋਰਡ।
Advertisement

ਅਮੇਠੀ (ਉੱਤਰ ਪ੍ਰਦੇਸ਼), 24 ਅਪਰੈਲ
ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਅਮੇਠੀ ਲੋਕ ਸਭਾ ਹਲਕੇ ਤੋਂ ਵੀ ਚੋਣ ਲੜਨ ਸਬੰਧੀ ਜਾਰੀ ਅਟਕਲਾਂ ਦੌਰਾਨ ਅਮੇਠੀ ’ਚ ਵੱਖ-ਵੱਖ ਥਾਵਾਂ ’ਤੇ ਉਨ੍ਹਾਂ ਦੇ ਜੀਜਾ ਰੌਬਰਟ ਵਾਡਰਾ ਦੇ ਸਮਰਥਨ ’ਚ ਪੋਸਟਰ ਲੱਗੇ ਮਿਲੇ ਹਨ। ਕਾਂਗਰਸ ਨੇ ਇਸ ਨੂੰ ਵਿਰੋਧੀਆਂ ਵੱਲੋਂ ‘ਉਲਝਣ’ ਪੈਦਾ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਅਮੇਠੀ ਸਥਿਤ ਕਾਂਗਰਸ ਦੇ ਕੇਂਦਰੀ ਦਫ਼ਤਰ ਸਣੇ ਕਈ ਥਾਵਾਂ ’ਤੇ ਮੰਗਲਵਾਰ ਰਾਤ ਨੂੰ ਵਾਡਰਾ ਦੇ ਸਮਰਥਨ ’ਚ ਪੋਸਟਰ ਲਾਏ ਗਏ, ਜਿਨ੍ਹਾਂ ’ਤੇ ‘ਅਮੇਠੀ ਦੀ ਜਨਤਾ ਕਰੇ ਪੁਕਾਰ, ਰੌਬਰਟ ਵਾਡਰਾ ਇਸ ਵਾਰ’ ਨਾਅਰਾ ਲਿਖਿਆ ਸੀ। ਕਾਂਗਰਸ ਦੀ ਸਥਾਨਕ ਇਕਾਈ ਨੇ ਦੋਸ਼ ਲਾਇਆ ਕਿ ਇਹ ਪੋਸਟਰ ਵਿਰੋਧੀਆਂ ਵੱਲੋਂ ਉਲਝਣ ਪੈਦਾ ਕਰਨ ਲਈ ਲਾਏ ਗਏ ਹਨ ਜਦਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪੋਸਟਰ ਲਾਹੁਣੇ ਸ਼ੁਰੂ ਕਰ ਦਿੱਤੇ ਹਨ। ਕਾਂਗਰਸ ਨੇ ਹਾਲੇ ਅਮੇਠੀ ਸੀਟ ਤੋਂ ਉਮੀਦਵਾਰ ਦਾ ਐਲਾਨ ਕਰਨਾ ਹੈ ਅਤੇ ਰਾਹੁਲ ਗਾਂਧੀ ਨੂੰ ਇਸ ਸੰਸਦੀ ਹਲਕੇ ਤੋਂ ਉਮੀਦਵਾਰ ਬਣਾਉਣ ਸਬੰਧੀ ਬੇਯਕੀਨੀ ਬਣੀ ਹੋਈ ਹੈ। ਰੌਬਰਟ ਵਾਡਰਾ ਨੇ ਹਾਲ ਹੀ ’ਚ ਸੰਕੇਤ ਦਿੱਤੇ ਸਨ ਕਿ ਉਹ ਅਮੇਠੀ ਤੋਂ ਲੋਕ ਸਭਾ ਚੋਣ ਲੜਨ ਦੇ ਚਾਹਵਾਨ ਹਨ। ਉਨ੍ਹਾਂ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਅਮੇਠੀ ਦੇ ਲੋਕ ਚਾਹੁੰਦੇ ਹਨ ਕਿ ਉਹ (ਰੌਬਰਟ ਵਾਡਰਾ) ਉਨ੍ਹਾਂ ਦੀ ਨੁਮਾਇੰਦਗੀ ਕਰਨ। ਵਾਡਰਾ ਨੇ ਵੀ ਸਿਆਸਤ ’ਚ ਆਉਣ ਦੀ ਇੱਛਾ ਪ੍ਰਗਟਾਈ ਸੀ।
ਕਾਂਗਰਸ ਦੀ ਅਮੇਠੀ ਇਕਾਈ ਦੇ ਤਰਜਮਾਨ ਅਨਿਲ ਸਿੰਘ ਨੇ ਕਿਹਾ ਕਿ ਇਹ ਪੋਸਟਰ ਵਿਰੋਧੀਆਂ ਦੀ ਸਾਜ਼ਿਸ਼ ਦਾ ਹਿੱਸਾ ਹਨ ਅਤੇ ‘‘ਇਹ ਸਿਰਫ ਭਰਮ ਪੈਦਾ ਕਰਨ ਤੇ ਲੋਕਾਂ ’ਚ ਗਲਤ ਸੁਨੇਹਾ ਫੈਲਾਉਣ ਦੀ ਕੋਸ਼ਿਸ਼ ਹੈ।’’ ਅਮੇਠੀ ਦੇ ਐੱਸਪੀ ਅਨੂਪ ਕੁਮਾਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਕਾਨੂੰਨ ਮੁਤਾਬਕ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰੀ ਥਾਵਾਂ ’ਤੇ ਅਜਿਹੇ ਪੋਸਟਰ ਲਾਉਣੇ ਚੋਣ ਜ਼ਾਬਤੇ ਦੀ ਉਲੰਘਣਾ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×