ਕਾਲਜ ਵਿੱਚ ਪੋਸਟਰ ਮੇਕਿੰਗ ਮੁਕਾਬਲੇ
ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਦਸੰਬਰ
ਦਿੱਲੀ ਯੂਨੀਵਰਸਿਟੀ ਮੈਤ੍ਰੇਈ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਵੀਰ ਬਾਲ ਦਿਵਸ ਦੇ ਮੌਕੇ ਪ੍ਰਿੰਸੀਪਲ ਪ੍ਰੋ.ਹਰਿਤਮਾ ਚੋਪੜਾ ਦੀ ਸਰਪ੍ਰਸਤੀ ਹੇਠ ਪੋਸਟਰ ਮੇਕਿੰਗ ਪ੍ਰਤੀਯੋਗਤਾ (ਇੰਟਰ ਕਾਲਜ) ਕਰਵਾਈ ਗਈ। ਇਸ ਮੌਕੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੀ ਸ਼ਹਾਦਤ ਦੀ ਯਾਦ ਵਿੱਚ ਮੁੱਖ ਵਿਸ਼ਾ: ‘ਨਿੱਕੀਆਂ ਜਿੰਦਾਂ ਵੱਡੇ ਸਾਕੇ’ ਰੱਖਿਆ ਗਿਆ ਸੀ। ਇਸੇ ਦੌਰਾਨ ਕਾਲਜ ਦੀ ਲਾਇਬ੍ਰੇਰੀ ਵਿੱਚ ਇਸ ਵਿਸ਼ੇ ਨਾਲ ਜੁੜੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ। ਇਸ ਮੌਕੇ ਵਿਦਿਆਰਥੀਆਂ ਤੋਂ ਇਲਾਵਾ ਅਧਿਆਪਕਾਂ ਨੇ ਪੁਸਤਕਾਂ ਰਾਹੀਂ ਜਾਣਕਾਰੀ ਹਾਸਲ ਕੀਤੀ। ਬੀ. ਏ ਪਹਿਲੇ ਵਰ੍ਹੇ ਦੀ ਵਿਦਿਆਰਥਣ ਸੋਨੀ ਨੇ ਦੱਸਿਆ ਕਿ ਸਾਨੂੰ ਦਸ ਸਿੱਖ ਗੁਰੂਆਂ ਦੇ ਜੀਵਨ ਤੋਂ ਸਿਖਿਆ ਲੈਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਾਡੇ ਲਈ ਪ੍ਰੇਰਨਾ ਦਾ ਸਰੋਤ ਹਨ। ਉਨ੍ਹਾਂ ਦੇ ਜੀਵਨ ਅਤੇ ਆਦਰਸ਼ਾਂ ਨੂੰ ਯਾਦ ਕਰਦੇ ਹੋਏ ਅੱਜ ਵਿਦਿਆਰਥੀਆਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ।