‘ਆਪ’ ਵਿਧਾਇਕਾ ਖ਼ਿਲਾਫ਼ ਪੋਸਟਰ ਮੁਹਿੰਮ
06:46 AM Dec 28, 2024 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਦਸੰਬਰ
ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ਹਲਕੇ ਹਰੀ ਨਗਰ ਤੋਂ ਵਿਧਾਇਕਾ ਰਾਜਕੁਮਾਰੀ ਢਿੱਲੋਂ ਨੂੰ ਮੁੜ ਟਿਕਟ ਦਿੱਤੇ ਜਾਣ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਰਾਜਕੁਮਾਰੀ ਢਿੱਲੋਂ ਦੇ ਇਲਾਕੇ ਦੇ ਵਿਕਾਸ ਪ੍ਰਤੀ ਰਵੱਈਏ ਅਤੇ ਲੋਕਾਂ ਨਾਲ ਸੰਪਰਕ ਦੀ ਕਮੀ ਨੂੰ ਆਧਾਰ ਬਣਾ ਕੇ ਵਿਧਾਨ ਸਭਾ ਖੇਤਰ ਦੇ ਕੁਝ ਇਲਾਕਿਆਂ ਵਿੱਚ ਪੋਸਟਰ ਲਾਏ ਗਏ ਹਨ। ਇਲਾਕੇ ਦੇ ਦੋ ਪਿੰਡਾਂ ਨਾਂਗਲ ਰਾਏ ਅਤੇ ਤਿਹਾੜ ਪਿੰਡ ਵਿੱਚ ਇਸ ਤਰ੍ਹਾਂ ਦੇ ਪੋਸਟਰ ਕੰਧਾਂ ਉਪਰ ਚਿਪਕੇ ਹੋਏ ਹਨ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਪਹਿਲੇ ਵਿਧਾਇਕ ਵੀ ਇੱਥੋਂ ਦੇ ਲੋਕਾਂ ਨੂੰ ਮਿਲਦੇ ਸਨ ਪਰ ਢਿੱਲੋਂ ਨੇ ਹੋਰ ਰੁਖ਼ ਅਖ਼ਤਿਆਰ ਕੀਤਾ। ਇਸੇ ਕਰਕੇ ਉਨ੍ਹਾਂ ਦੇ ਬਾਈਕਾਟ ਦੇ ਪੋਸਟਰ ਲਾਉਣ ਲਈ ਲੋਕ ਮਜਬੂਰ ਹੋਏ ਹਨ। ਇੱਥੇ ਪੰਜਾਬੀ ਭਾਈਚਾਰੇ ਦੇ ਖਾਸੇ ਵੋਟ ਹਨ ਪਰ ਸਾਬਕਾ ਵਿਧਾਇਕ ਜਗਦੀਪ ਸਿੰਘ ਨੂੰ ਇਸ ਵਾਰ ਟਿਕਟ ਨਾ ਦੇਣ ਕਰਕੇ ਸਿੱਖ ਭਾਈਚਾਰੇ ਵਿੱਚ ਵੀ ਰੋਸ ਹੈ।
Advertisement
Advertisement