ਡਾਕ ਐਤਵਾਰ ਦੀ
ਸਾਂਭਣਯੋਗ ਲਿਖ਼ਤ
ਐਤਵਾਰ, 24 ਨਵੰਬਰ ਨੂੰ ‘ਪੰਜਾਬੀ ਟ੍ਰਿਬਿਊਨ’ ਦੇ ‘ਦਸਤਕ’ ਅੰਕ ਦੇ ਆਨਲਾਈਨ ਪੰਨੇ ’ਤੇ ਛਪਿਆ ਲੇਖ ‘ਲੋਪ ਹੋ ਰਹੇ ਸ਼ਬਦਾਂ ਦੀ ਸੰਭਾਲ’ ਪੜ੍ਹਿਆ, ਬਹੁਤ ਹੀ ਵਧੀਆ ਲੱਗਿਆ। ਇਸ ਤਰ੍ਹਾਂ ਦੇ ਲੇਖ ਭਵਿੱਖ ਵਿੱਚ ਵੀ ਛਪਦੇ ਰਹਿਣੇ ਚਾਹੀਦੇ ਹਨ। ਇਸ ਨਾਲ ਪੰਜਾਬੀ ਪਾਠਕਾਂ ਅਤੇ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ। ਅੱਜ ਦੀਆਂ ਲਿਖਤਾਂ ਵਿੱਚੋਂ ਅਜਿਹੇ ਸ਼ਬਦ ਲੋਪ ਹੀ ਹੋ ਗਏ ਹਨ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਅਜਿਹੀਆਂ ਲਿਖਤਾਂ ਸਾਂਭ ਕੇ ਰੱਖਣੀਆਂ ਚਾਹੀਦੀਆਂ ਹਨ ਤਾਂ ਕਿ ਅਸੀਂ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿ ਸਕੀਏ। ਆਪਣੇ ਮੂਲ ਸ਼ਬਦਾਂ ਤੋਂ ਖੁੰਝ ਹੀ ਨਾ ਜਾਈਏ। ਖ਼ੈਰ, ਲੇਖਕ ਨੂੰ ਬਹੁਤ ਮੁਬਾਰਕ ਅਤੇ ਧੰਨਵਾਦ।
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
ਬਿਆਨ ਦਾ ਵਿਰੋਧ
ਐਤਵਾਰ, 17 ਨਵੰਬਰ ਨੂੰ ਲੇਖ ‘ਸ਼ਾਦਮਾਨ ਚੌਕ ’ਚ ਜਗਦੀਆਂ ਮੋਮੱਤੀਆਂ’ ਪੜ੍ਹ ਕੇ ਤਸੱਲੀ ਮਿਲੀ। ਜਦੋਂ ਤੋਂ ਸ਼ਾਦਮਾਨ ਚੌਕ ਬਾਰੇ ਖ਼ਬਰ ਪੜ੍ਹੀ ਸੀ, ਇੱਕ ਸੱਟ ਜਿਹੀ ਮਹਿਸੂਸ ਕਰ ਰਹੀ ਸੀ। ਸ਼ਾਦਮਾਨ ਚੌਕ ਦਾ ਨਾਂ ਬਦਲਣਾ ਜਾਂ ਨਾ ਬਦਲਣਾ ਗੁਆਂਢੀ ਮੁਲਕ ਦੀ ਅਦਾਲਤੀ ਪ੍ਰਕਿਰਿਆ ’ਤੇ ਨਿਰਭਰ ਹੈ, ਪਰ ਸੱਚੇ ਦੇਸ਼ਭਗਤ ਬਾਰੇ ਅਜਿਹੀ ਟਿੱਪਣੀ ਸਾਡੇ ਦਿਲਾਂ ਨੂੰ ਚੀਰਦੀ ਹੈ, ਸਾਡੇ ਗਰੂਰ ਨੂੰ ਠੇਸ ਪੁੱਜਦੀ ਹੈ ਤੇ ਦੋਵੇਂ ਮੁਲਕਾਂ ਦੀ ਆਜ਼ਾਦੀ ਦੇ ਖ਼ਿਲਾਫ਼ ਹੈ। ਸਾਨੂੰ ਸਭ ਨੂੰ ਖ਼ਾਸਕਰ ਜਿਨ੍ਹਾਂ ਲਈ ਭਗਤ ਸਿੰਘ ਆਪਣਾ ਮਹਿਬੂਬ ਹੈ, ਇਸ ਸਿਰਫਿਰੇ ਬਿਆਨ ਦਾ ਡੱਟਕੇ ਵਿਰੋਧ ਕਰਨਾ ਚਾਹੀਦਾ ਹੈ, ਜਿੱਥੇ ਵੀ, ਜਿਵੇਂ ਵੀ ਵਿਰੋਧ ਦਰਜ ਹੋ ਸਕੇ ਕਰਵਾਉਣਾ ਚਾਹੀਦਾ ਹੈ।
ਮੌਸਮ ਗੋਰਸੀ, ਢਾਬੀ ਗੁੱਜਰਾਂ (ਪਟਿਆਲਾ)
ਗਿਆਨ ’ਚ ਵਾਧਾ ਕਰਦਾ ਲੇਖ
ਐਤਵਾਰ, 17 ਨਵੰਬਰ ਦੇ ਅੰਕ ਵਿੱਚ ਡਾਕਟਰ ਸੁਖਦੇਵ ਸਿੰਘ ਦਾ ਲੇਖ ‘ਵਿਰਾਸਤ ਦੀ ਸਾਂਭ-ਸੰਭਾਲ’ ਬਹੁਤ ਵਧੀਆ, ਗਿਆਨਵਰਧਕ ਤੇ ਸੋਚਣ ਲਈ ਮਜਬੂਰ ਕਰਨ ਵਾਲੀ ਰਚਨਾ ਹੈ। ਅਸੀਂ ਪੰਜਾਬੀਆਂ ਨੇ ਆਪਣੀਆਂ ਇਤਿਹਾਸਕ ਤੇ ਵਿਰਾਸਤੀ ਇਮਾਰਤਾਂ ਦੀ ਉੱਕਾ ਹੀ ਪਰਵਾਹ ਨਹੀਂ ਕੀਤੀ ਤੇ ਆਧੁਨਿਕੀਕਰਨ ਦੇ ਨਾਂ ’ਤੇ ਇਤਿਹਾਸਕ ਇਮਾਰਤਾਂ ਦੇ ਖ਼ਜ਼ਾਨੇ ਨੂੰ ਮਲੀਆਮੇਟ ਕਰ ਦਿੱਤਾ। ਰਹਿੰਦੀ ਕਸਰ ਧਰਮ ਦੇ ਨਾਂ ’ਤੇ ਕਾਰ ਸੇਵਾ ਵਾਲੇ ਬਾਬਿਆਂ ਨੇ ਪੂਰੀ ਕਰ ਦਿੱਤੀ ਤੇ ਇਤਿਹਾਸਕ ਇਮਾਰਤਾਂ ਢਾਹ ਕੇ ਸੰਗਮਰਮਰੀ ਇਮਾਰਤਾਂ ਉਸਾਰ ਦਿੱਤੀਆਂ। ਜੇਕਰ ਹੁਣ ਵੀ ਨਾ ਸੋਚਿਆ ਤਾਂ ਇਤਿਹਾਸਕ ਇਮਾਰਤਾਂ ਦੀਆਂ ਫੋਟੋਆਂ ਹੀ ਦੇਖਣ ਜੋਗੇ ਰਹਿ ਜਾਵਾਂਗੇ।
ਐਡਵੋਕੇਟ ਕੰਵਲਜੀਤ ਸਿੰਘ ਕੁਟੀ, ਕਚਹਿਰੀਆਂ (ਬਠਿੰਡਾ)
ਅੰਮ੍ਰਿਤਾ ਪ੍ਰੀਤਮ ਦੀ ਵਿਰਾਸਤ
ਐਤਵਾਰ, 10 ਨਵੰਬਰ ਦੇ ‘ਦਸਤਕ’ ਅੰਕ ਵਿੱਚ ਜਸਬੀਰ ਭੁੱਲਰ ਦਾ ਲੇਖ ‘ਅੰਮ੍ਰਿਤਾ ਦੇ ਤੁਰ ਜਾਣ ਪਿੱਛੋਂ’ ਪੜ੍ਹ ਕੇ ਲੇਖਕ ਦੀਆਂ ਅੰਮ੍ਰਿਤਾ ਪ੍ਰੀਤਮ ਨਾਲ ਸੁਨਹਿਰੀ ਯਾਦਾਂ ਦਾ ਪਤਾ ਲੱਗਦਾ ਹੈ ਅਤੇ ਅੰਮ੍ਰਿਤਾ ਦੇ ਇਸ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਮਗਰੋਂ ਉਸ ਦੀ ਵਿਰਾਸਤ ਦੀ ਸਾਂਭ ਸੰਭਾਲ ਵਿੱਚ ਕੀਤੀ ਗਈ ਕੁਤਾਹੀ ਵੀ ਬਾਖ਼ੂਬੀ ਉਜਾਗਰ ਹੁੰਦੀ ਹੈ। ਅੰਮ੍ਰਿਤਾ ਨੇ ਆਪਣੀ ਜ਼ਿੰਦਗੀ ਨੂੰ ਰੱਜ ਕੇ ਮਾਣਿਆ। ਉਸ ਦਾ ਘਰ ਸਾਹਿਤਕਾਰਾਂ ਲਈ ਸਾਹਿਤ ਸਿਰਜਣ ਦਾ ਮੰਦਰ ਸੀ ਜਿੱਥੇ ਨਾਗਮਣੀ ਪਰਚੇ ਦੀਆਂ ਤਿਆਰੀਆਂ ਹੁੰਦੀਆਂ। ਇਹ ਉਹੀ ਘਰ ਸੀ ਜਿੱਥੇ ਰਹਿ ਕੇ ਅੰਮ੍ਰਿਤਾ ਪ੍ਰੀਤਮ ਨੇ ਕਈ ਵੱਕਾਰੀ ਨਾਵਲ, ਕਹਾਣੀਆਂ ਅਤੇ ਸਫ਼ਰਨਾਮੇ ਪੰਜਾਬੀ ਸਾਹਿਤ ਦੀ ਝੋਲੀ ਪਾਏ। ਅੰਮ੍ਰਿਤਾ ਪੂਰੀ ਤਰ੍ਹਾਂ ਸਾਹਿਤ ਨੂੰ ਸਮਰਪਿਤ ਸੀ, ਪਰ ਉਸ ਦੇ ਤੁਰ ਜਾਣ ਮਗਰੋਂ ਉਸ ਦੇ ਪਰਿਵਾਰ ਦਾ ਖੇਰੂੰ ਖੇਰੂੰ ਹੋ ਜਾਣਾ ਅਤੇ ਸਾਹਿਤ ਪ੍ਰਤੀ ਅੰਮ੍ਰਿਤਾ ਦੇ ਬੱਚਿਆਂ ਦੀ ਬੇਰੁਖ਼ੀ ਕਾਲਜੇ ਵਿੱਚ ਚੀਸ ਪਾਉਂਦੀ ਹੈ। ਸਰਕਾਰ, ਭਾਸ਼ਾ ਵਿਭਾਗ ਅਤੇ ਸਮੁੱਚੇ ਪੰਜਾਬੀਆਂ ਦੁਆਰਾ ਅੰਮ੍ਰਿਤਾ ਪ੍ਰੀਤਮ ਦੀ ਵਿਰਾਸਤ ਨੂੰ ਸੰਭਾਲਣ ਲਈ ਕੋਈ ਯਤਨ ਨਹੀਂ ਕੀਤੇ ਗਏ। ਇਸ ਦਾ ਨਤੀਜਾ ਇਹ ਨਿਕਲਿਆ ਕਿ ਸਾਹਿਤ ਦਾ ਮੰਦਰ ਇੱਕ ਮਲਬੇ ਦੀ ਢੇਰੀ ਵਿੱਚ ਤਬਦੀਲ ਹੋ ਕੇ ਰਹਿ ਗਿਆ ਜਿਸ ਦੇ ਖੁੱਸ ਜਾਣ ਦਾ ਹੇਰਵਾ ਹਮੇਸ਼ਾ ਸਾਡੀਆਂ ਯਾਦਾਂ ਵਿੱਚ ਤਾਜ਼ਾ ਰਹੇਗਾ।
ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)
ਪੰਜਾਬ ਦਾ ਪਿਆਰਾ ਸਪੂਤ
ਐਤਵਾਰ, 13 ਅਕਤੂਬਰ ਦੇ ‘ਪੰਜਾਬੀ ਟ੍ਰਿਬਿਊਨ’ ਦੇ ‘ਦਸਤਕ’ ਵਿੱਚ ਪੰਜਾਬ ਦੇ ਮਹਾਨ ਸੱਭਿਆਚਾਰਕ ਦੂਤ ਤੇ ਪਿਆਰੇ ਸਪੂਤ ਡਾ. ਮਹਿੰਦਰ ਸਿੰਘ ਰੰਧਾਵਾ ਦੀ ਸ਼ਖ਼ਸੀਅਤ ਬਾਰੇ ਕਈ ਨਿਵੇਕਲੇ ਪੱਖ ਨਾਟਕਕਾਰ ਬਲਵੰਤ ਗਾਰਗੀ ਦੇ ਲੇਖ ਵਿੱਚ ਪੜ੍ਹੇ। ਬਹੁਤ ਵਧੀਆ ਲਿਖਤ ਹੈ। ਮਹਿੰਦਰ ਸਿੰਘ ਰੰਧਾਵਾ ਅਣਖ ਵਾਲਾ ਵਿਅਕਤੀ ਸੀ। ਉਹ ਹਰੇਕ ਸਮਾਗਮ ਵਿੱਚ ਜਾਣ ਤੋਂ ਪਹਿਲਾਂ ਆਪਣੀਆਂ ਸ਼ਰਤਾਂ ਰੱਖਦਾ ਸੀ। ਸ਼ਰਤਾਂ ਮਨਜ਼ੂਰ ਹੋਣ ’ਤੇ ਸਮਾਗਮ ਵਿੱਚ ਜਾਂਦਾ ਸੀ। ਉਸ ਵਿੱਚ ਸਵੈ-ਸਨਮਾਨ ਦੀ ਭਾਵਨਾ ਸੀ। ਉਸ ਦੀ ਗੱਲ ਵਜ਼ਨਦਾਰ ਹੁੰਦੀ ਸੀ। ਡਾ. ਰੰਧਾਵਾ ਆਪਣੀ ਗੱਲ ਉਸ ਥਾਂ ਰੱਖਦਾ ਸੀ ਜਿਸ ਥਾਂ ’ਤੇ ਸਰੋਤੇ ਉਸ ਦੀ ਗੱਲ ਦਾ ਮੁਲ ਪਾਉਣ। ਇਹ ਰੇਖਾ-ਚਿੱਤਰ ਬਹੁਤ ਕੁਝ ਸਿਖਾ ਗਿਆ। ਇਸ ਲੇਖ ਨਾਲ ਡਾ. ਮਹਿੰਦਰ ਸਿੰਘ ਰੰਧਾਵਾ, ਅੰਮ੍ਰਿਤਾ ਪ੍ਰੀਤਮ ਤੇ ਪੰਜਾਬੀ ਵਾਰਤਕ ਦੇ ਬਾਦਸ਼ਾਹ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਦੁਰਲੱਭ ਤਸਵੀਰ ਮੈਂ ਸੰਭਾਲ ਕੇ ਰੱਖ ਲਈ ਹੈ। ਇੱਕ ਗੱਲ ਜ਼ਰੂਰੀ ਹੈ ਕਿ ‘ਦਸਤਕ’ ਦੇ ਪੰਨੇ ਵਧਾ ਦਿਓ। ਆਨਲਾਈਨ ਵਾਲਾ ਮੈਟਰ ‘ਦਸਤਕ’ ਵਿੱਚ ਵੀ ਛਾਪਣ ਦੀ ਕਿਰਪਾਲਤਾ ਕਰੋ।
ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ, ਫ਼ਾਜ਼ਿਲਕਾ
ਸਿਆਸੀ ਪਾਰਟੀਆਂ ਦੀ ਹਉਮੈ
13 ਅਕਤੂਬਰ ਨੂੰ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦੇ ਲੇਖ ‘ਜਿੱਤ ਹਾਰ ਦੇ ਸਿਆਸੀ ਸੰਦੇਸ਼’ ਵਿੱਚ ਹਰਿਆਣਾ ਚੋਣ ਨਤੀਜਿਆਂ ਵਿੱਚ ਕਾਂਗਰਸ ਦੀ ਹਾਰ ਦਾ ਕਾਰਨ ਨਿੱਜੀ ਮੁਫ਼ਾਦਾਂ ਦੇ ਨਾਲ ਨਾਲ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਾ ਹੋਣਾ ਦੱਸਿਆ ਗਿਆ ਜਿਸ ਵਿੱਚ ਵੀ ਕਸੂਰ ਕਾਂਗਰਸ ਦਾ ਦੱਸਿਆ ਗਿਆ ਹੈ ਜਦੋਂਕਿ ਵੱਧ ਕਸੂਰ ‘ਆਪ’ ਦਾ ਹੈ। ਆਮ ਆਦਮੀ ਪਾਰਟੀ ‘ਇੰਡੀਆ’ ਗੱਠਜੋੜ ਦਾ ਹਿੱਸਾ ਹੁੰਦਿਆਂ ਲੋਕ ਸਭਾ ਚੋਣਾਂ ਵਿੱਚ ਹਰਿਆਣਾ ਵਿੱਚ ਜ਼ੀਰੋ ਦੀ ਬਜਾਏ ਇੱਕ ਸੀਟ ਤਾਂ ਲੈ ਸਕਦੀ ਸੀ ਅਤੇ ਨਤੀਜੇ ਵਜੋਂ ਭਾਜਪਾ ਪੰਜ ਤੋਂ ਵੀ ਕਿਤੇ ਘੱਟ ਲੈਂਦੀ। ‘ਆਪ’ ਦਾ ਪੰਜਾਬ ਵਿੱਚ 100 ਫ਼ੀਸਦੀ ਲੋਕ ਸਭਾ ਸੀਟਾਂ ਜਿੱਤਣ ਦੇ ਦਾਅਵੇ ਦੀ ਬਜਾਏ 25 ਫ਼ੀਸਦੀ ਤੋਂ ਵੀ ਘੱਟ ਲੈਣ ਤੋਂ ਸਬਕ ਸਿੱਖਣ ਦੀ ਥਾਂ ਆਪਣੀ ਹਉਮੈ ਨੂੰ ਨਾ ਤਿਆਗਣਾ ਮੂਰਖਤਾ ਹੀ ਸੀ।
ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਹੱਡਾਂ ’ਚ ਰਚਿਆ ਅਖ਼ਬਾਰ
ਜਦੋਂ ਮੈਂ ਸਰਕਾਰੀ ਹਾਈ ਸਕੂਲ, ਫਿਲੌਰ ਵਿੱਚ ਨੌਵੀਂ ਜਮਾਤ ਦਾ ਵਿਦਿਆਰਥੀ ਹੁੰਦਾ ਸਾਂ, ਮੇਰੀਆਂ ਪੰਜਾਬੀ ਲਿਖਤਾਂ ਛਪਣੀਆਂ ਸ਼ੁਰੂ ਹੋ ਗਈਆਂ ਸਨ। ਅੰਮ੍ਰਿਤਸਰੋਂ ਪ੍ਰਕਾਸ਼ਿਤ ਹੁੰਦਾ ਮਾਸਿਕ ‘ਕੰਵਲ’ ਸਕੂਲ ਦੀ ਲਾਇਬਰੇਰੀ ਵਿੱਚ ਆਉਂਦਾ ਸੀ ਜਿਸ ਨੂੰ ਪੜ੍ਹ ਕੇ ਮੈਨੂੰ ਲਿਖਣ ਦੀ ਚੇਟਕ ਲੱਗੀ।
ਮੈਂ ਮੈਟ੍ਰਿਕ 1959 ਵਿੱਚ ਪਾਸ ਕਰ ਲਈ। ਉਦੋਂ ਦੇਵਨੇਤ ਮੇਰਾ ਮੇਲ ਇੱਕ ਵਿਅਕਤੀ ਨਾਲ ਹੋਇਆ, ਜਿਸ ਬਾਰੇ ਬਾਅਦ ਵਿੱਚ ਪਤਾ ਲੱਗਾ ਕਿ ਉਹ ਗ਼ਦਰੀ ਕਾਵਿ ਉਸਤਾਦ ਸ੍ਰੀ ਮੁਨਸ਼ਾ ਸਿੰਘ ‘ਦੁਖੀ’ ਦੁਆਰਾ ਸਥਾਪਤ ਇਤਿਹਾਸਕ ‘ਕਵੀ ਕੁਟੀਆ’ ਕਲਕੱਤਾ ਨਾਲ ਜੁੜਿਆ ਰਿਹਾ ਸਾਹਿਤਕਾਰ ਸੀ। ਉਸ ਨੇ ਮੈਨੂੰ ਬੜੇ ਕੰਮ ਦੀ ਗੱਲ ਆਖੀ ਕਿ ਜੇ ਮੈਂ ਜੀਵਨ ਵਿੱਚ ਤਰੱਕੀ ਕਰਨੀ ਹੈ ਤਾਂ ਮੈਂ ਉਦੋਂ (1959) ਤੋਂ ਹੀ ਰੋਜ਼ਾਨਾ ਅੰਗਰੇਜ਼ੀ ‘ਟ੍ਰਿਬਿਊਨ’ ਦਾ ਅਜਿਹਾ ਸਿਰੜੀ ਪਾਠਕ ਬਣ ਜਾਵਾਂ ਕਿ ਰੋਟੀ ਖਾਣੀ ਭਾਵੇਂ ਰਹਿ ਜਾਵੇ, ਪਰ ਅਖ਼ਬਾਰ ਪੜ੍ਹਨ ਦਾ ਨਾਗਾ ਨਾ ਪਵੇ। ਮੈਂ ਉਸ ਨਸੀਹਤ ’ਤੇ ਅੱਜ ਤੱਕ ਅਮਲ ਕਰ ਰਿਹਾ ਹਾਂ। ਮੈਂ ਛੋਟੇ ਜਿਹੇ ਪਿੰਡ ਦਾ ਵਸਨੀਕ ਹਾਂ ਜਿੱਥੇ ਅਖ਼ਬਾਰ ਪੜ੍ਹਨ ਦਾ ‘ਰੋਗ’ ਲਗਪਗ ਨਾ ਹੋਣ ਬਰਾਬਰ ਹੈ। ਅਖ਼ਬਾਰ ਲੈਣ ਲਈ ਸ਼ਹਿਰ ਜਾਣਾ ਪੈਂਦਾ ਹੈ। ਮੈਨੂੰ ਇੱਕ ਖੋਜ ਲਈ ਅਚਾਨਕ ਇੰਗਲੈਂਡ ਜਾਣਾ ਪਿਆ। ‘ਦਿ ਟ੍ਰਿਬਿਊਨ’ ਬੰਦ ਨਾ ਕਰਵਾਇਆ, ਮੇਰੀ ਗ਼ੈਰਹਾਜ਼ਰੀ ਵਿੱਚ ਮੇਰਾ ਪਰਿਵਾਰ ਉਸ ਦੀ ਸੰਭਾਲ ਕਰਦਾ ਰਿਹਾ। ਤੇਰਾਂ ਮਹੀਨੇ ਪਿੱਛੋਂ ਮੈਂ ਦੇਸ਼ ਮੁੜਿਆ ਤਾਂ ਤਕਰੀਬਨ 400 ਅਖਬਾਰਾਂ ਦੀ ਧੜੀ ਲੱਗੀ ਪਈ ਸੀ। ਮੈਂ ਯੋਜਨਾ ਬਣਾ ਕੇ ਦਸ ਅਖ਼ਬਾਰ ਰੋਜ਼ ਉਸ ਧੜੀ ਵਿੱਚੋਂ ਅਤੇ ਗਿਆਰ੍ਹਵਾਂ ਉਸ ਦਿਨ ਦਾ ਅਖ਼ਬਾਰ ਪੜ੍ਹਨ ਦਾ ਨੇਮ ਬਣਾਇਆ ਅਤੇ ਉਨ੍ਹਾਂ ਵਿੱਚੋਂ ਬੜਾ ਕੀਮਤੀ ਮਸਾਲਾ ਕੱਟ ਕੇ ਫਾਈਲਾਂ ਵਿੱਚ ਵੀ ਲਾਇਆ ਜਿਹੜਾ ਮੈਨੂੰ ਕਿਸੇ ਵੀ ਵਿਸ਼ੇ ’ਤੇ ਤਟਫਟ ਲੇਖ ਲਿਖਣ ਵਿੱਚ ਸਹਾਈ ਹੁੰਦਾ ਹੈ। ਮੇਰੇ ਵੱਖ ਵੱਖ ਵਿਸ਼ਿਆਂ ’ਤੇ ਅਣਗਿਣਤ ਪੱਤਰ ਅੰਗਰੇਜ਼ੀ ਤੇ ਪੰਜਾਬੀ ਟ੍ਰਿਬਿਊਨ ਦੇ ਪਾਠਕਾਂ ਦੇ ਖ਼ਤ ਵਿੱਚ ਛਪ ਚੁੱਕੇ ਹਨ।
ਪੰਜਾਬ ਤ੍ਰਾਸਦੀ ਦਾ ਕਸ਼ਟ ਮੈਂ ਵੀ ਭੋਗਿਆ ਹੈ। ਇਸੇ ਦੌਰ ਵਿੱਚ 1978 ਵਿੱਚ ਸਾਡੇ ਖਿੱਤੇ ਵਿੱਚ ਦੋ ਰੋਜ਼ਾਨਾ ਅਖ਼ਬਾਰਾਂ ਨੇ ਜਨਮ ਲਿਆ ਜਿਨ੍ਹਾਂ ਵਿੱਚੋਂ ਇੱਕ ‘ਪੰਜਾਬੀ ਟ੍ਰਿਬਿਊਨ’ ਤੇ ਦੂਜਾ ਜਲੰਧਰ ਪ੍ਰਕਾਸ਼ਿਤ ਹੁੰਦਾ ‘ਜਗ ਬਾਣੀ’ ਸੀ। ‘ਪੰਜਾਬੀ ਟ੍ਰਿਬਿਊਨ’ ਦੇ ਪਹਿਲੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਸਨ। ‘ਪੰਜਾਬੀ ਟ੍ਰਿਬਿਊਨ’ ਦੇ ਜਨਮ ਤੋਂ ਲੈ ਕੇ ਹਰਭਜਨ ਹਲਵਾਰਵੀ ਹੋਰਾਂ ਦੇ ਕਾਰਜਕਾਲ ਤੱਕ ਮੇਰੇ ਅਣਗਿਣਤ ਲੇਖ ਤੇ ਕਹਾਣੀਆਂ ਇਸ ਵਿੱਚ ਵੀ ਛਪਦੀਆਂ ਰਹੀਆਂ। ਸੱਸੀ ਵਰਗਾ ਮੇਰਾ ਸਿਦਕ ਦੇਖੋ ਕਿ 82ਵੇਂ ਸਾਲ ਵਿੱਚ ਵੀ ਅੰਗਰੇਜ਼ੀ ਤੇ ਪੰਜਾਬੀ ਟ੍ਰਿਬਿਊਨ ਦਾ ਪਾਠ ਉਸੇ ਸਿਰੜ ਨਾਲ ਜਾਰੀ ਹੈ।
ਸਵਰਨ ਸਿੰਘ ਸਨੇਹੀ, ਸ਼ਾਹਪੁਰ (ਜਲੰਧਰ)