ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡਾਕ ਐਤਵਾਰ ਦੀ

08:17 AM Oct 06, 2024 IST

ਸ਼ਲਾਘਾਯੋਗ ਲੇਖ

ਐਤਵਾਰ, 29 ਸਤੰਬਰ ਦੇ ‘ਦਸਤਕ’ ਅੰਕ ਵਿੱਚ ਰਾਮਚੰਦਰ ਗੁਹਾ ਨੇ ਥਾਮਸ ਅਲਬਰਟ ਹਾਵਰਡ ਦੀ ਕਿਤਾਬ ‘ਦਿ ਫੇਥਸ ਆਫ ਅਦਰਜ਼: ਏ ਹਿਸਟਰੀ ਆਫ ਇੰਟਰਰਿਲੀਜੀਅਸ ਡਾਇਲਾਗ’ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ। ਦੇਸ਼ ਦੇ ਬਾਦਸ਼ਾਹ ਅਕਬਰ, ਸਮਾਜ-ਸੁਧਾਰਕ ਸਵਾਮੀ ਵਿਵੇਕਾਨੰਦ ਅਤੇ ਸਿਆਸੀ ਆਗੂ ਮਹਾਤਮਾ ਗਾਂਧੀ ਦਾ ਕਿਤਾਬ ਵਿੱਚ ਜ਼ਿਕਰ ਸਕੂਨ ਦਿੰਦਾ ਹੈ ਕਿ ਆਪਣੇ ਆਪ ਨੂੰ ਰੱਬ ਦੇ ਖ਼ਾਸ ਬੰਦੇ ਸਮਝਣ ਵਾਲੇ ਇਸਾਈਅਤ ਦੇ ਰਹਿਨੁਮਾ ਵੀ ਸਾਡੇ ਵਿਚਾਰਾਂ ਨੂੰ ਅਹਿਮੀਅਤ ਦੇਣ ਲੱਗੇ ਹਨ। ਉਂਝ, ਘੱਟ ਤਾਂ ਅਸੀਂ ਵੀ ਨਹੀਂ ਕਿਉਂਕਿ ਦਿਨ-ਰਾਤ ਡੀਂਗਾਂ ਮਾਰਦੇ ਰਹਿੰਦੇ ਹਾਂ ਕਿ ਅਸੀਂ ਭਾਰਤ ਦੇ ਲੋਕ ਹੀ ਦੁਨੀਆ ਨੂੰ ਸੱਭਿਅਤਾ ਦਾ ਪਾਠ ਪੜ੍ਹਾਉਂਦੇ ਆਏ ਹਾਂ। ਦਰਅਸਲ, ਧਰਮਾਂ ਦੇ ਹਕੀਕੀ ਪ੍ਰਚਲਣ ਵਿੱਚ ਕੋਈ ਨਾ ਕੋਈ ਬੁਰਾਈ ਜ਼ਰੂਰ ਹੈ ਪਰ ਕੋਈ ਵੀ ਸੰਗਠਿਤ ਧਰਮ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਲਈ ਤਿਆਰ ਨਹੀਂ ਹੈ। ਮਹਾਤਮਾ ਗਾਂਧੀ ਦਾ ਖ਼ੁਦ ਘੜਿਆ ਅਸੂਲ, ਕਿ ਹਰ ਵਿਅਕਤੀ ਨੂੰ ਦੂਸਰੇ ਧਰਮ ਦੇ ਲੋਕਾਂ ਨੂੰ ਨਿੱਜੀ ਮਿੱਤਰ ਬਣਾਉਣਾ ਚਾਹੀਦਾ ਹੈ, ਚੰਗਾ ਕਦਮ ਸੀ। ਅਜਿਹਾ ਕਰਨਾ ਇੱਕ ਦੂਸਰੇ ਦੇ ਧਰਮ ਨੂੰ ਸਮਝਣ ਵਿੱਚ ਸਹਾਈ ਹੋ ਕੇ ਆਪਸੀ ਸਦਭਾਵਨਾ ਵਧਾਉਂਦਾ ਹੈ। ਸ਼ਾਇਦ ਇਹੋ ਕਾਰਨ ਹੋਵੇ ਕਿ ਆਜ਼ਾਦੀ ਦੇ ਮੁੱਢਲੇ ਸਾਲਾਂ ਵਿੱਚ ਹਿੰਦੂ-ਮੁਸਲਿਮ ਦੋਸਤੀ ਦੀਆਂ ਕਹਾਣੀਆਂ ’ਤੇ ਆਧਾਰਿਤ ਫਿਲਮਾਂ ਆਮ ਦੇਖਣ ਨੂੰ ਮਿਲਦੀਆਂ ਸਨ।
ਜਗਰੂਪ ਸਿੰਘ, ਉਭਾਵਾਲ

Advertisement

ਭਖਦਾ ਮਸਲਾ

ਐਤਵਾਰ, 22 ਸਤੰਬਰ ਦੇ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਇੱਕ ਦੇਸ਼, ਇੱਕ ਚੋਣ: ਦਾਅਵੇ ਤੇ ਹਕੀਕਤ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਅੱਜਕੱਲ੍ਹ ਦਾ ਭਖਦਾ ਮਸਲਾ ‘ਇੱਕ ਦੇਸ਼, ਇੱਕ ਚੋਣ’ ਹਕੀਕਤ ਦੇ ਕਿੰਨਾ ਕੁ ਨੇੜੇ ਹੈ। ਇਸ ਫ਼ੈਸਲੇ ਦੇ ਲਾਗੂ ਹੋਣ ਨਾਲ ਜਿਹੜੇ ਫ਼ਾਇਦੇ ਗਿਣਵਾਏ ਜਾ ਰਹੇ ਹਨ, ਨੂੰ ਬੜੇ ਤਰਕਸੰਗਤ ਢੰਗ ਨਾਲ ਝੁਠਲਾਇਆ ਗਿਆ ਹੈ। ਇਹ ਗੱਲ ਵੀ ਇੱਕ ਸੋਚਵਾਨ ਵਿਅਕਤੀ ਦੇ ਜ਼ਿਹਨ ’ਤੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਅਸਰ ਕਰਦੀ ਹੈ ਕਿ ਸਰਕਾਰ ਵੱਲੋਂ ਜਿਹੜੀਆਂ ਬੱਚਤਾਂ ਦਿਖਾਈਆਂ ਗਈਆਂ ਹਨ, ਉਸ ਦੇ ਉਲਟ ਇਸ ਸਿਸਟਮ ਦੇ ਲਾਗੂ ਹੋਣ ਨਾਲ ਚੋਣਾਂ ’ਤੇ ਹੋਣ ਵਾਲਾ ਖਰਚ ਵਧਣ ਵਾਲਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮੌਜੂਦਾ ਪ੍ਰਣਾਲੀ ਅਧੀਨ ਵਿਕਾਸ ਦੇ ਕੰਮਾਂ ਵਿੱਚ ਖੜੋਤ ਆ ਜਾਂਦੀ ਹੈ, ਇਹ ਵੀ ਤਰਕਸੰਗਤ ਨਹੀਂ ਜਾਪਦਾ ਕਿਉਂਕਿ ਇਨ੍ਹਾਂ ਦਿਨਾਂ ਵਿੱਚ ਚੋਣ ਜ਼ਾਬਤਾ ਆਦਿ ਲੱਗਣ ਨਾਲ ਜਿਹੜੀ ਖੜੋਤ ਆਉਂਦੀ ਹੈ ਉਹ ਕੇਵਲ ਥੋੜ੍ਹੇ ਸਮੇਂ ਲਈ ਆਉਂਦੀ ਹੈ ਤੇ ਉਹ ਵੀ ਕੇਵਲ ਨੀਤੀਗਤ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ, ਪਰ ਬਾਕੀ ਕੰਮ ਉਸੇ ਤਰ੍ਹਾਂ ਚਲਦੇ ਰਹਿੰਦੇ ਹਨ। ਦੂਜੀ ਗੱਲ ਇਹ ਹੈ ਜਿਸ ਨੂੰ ਪਹਿਲਾਂ ਹੀ ਪਰਖਿਆ ਜਾ ਚੁੱਕਾ ਹੋਵੇ, ਉਸ ਦੇ ਹੱਕ ਵਿੱਚ ਵਧਾ ਚੜ੍ਹਾ ਕੇ ਗੱਲਾਂ ਕਰਨ ਨਾਲ ਚਾਂਦੀ ਨੇ ਸੋਨਾ ਨਹੀਂ ਬਣ ਜਾਣਾ ਹੁੰਦਾ। ਦੇਸ਼ ਵਿੱਚ ਪਹਿਲਾਂ ਹੀ 1951 ਤੋਂ ਲੈ ਕੇ 1967 ਤੱਕ ‘ਇੱਕ ਦੇਸ਼, ਇੱਕ ਚੋਣ’ ਪ੍ਰਣਾਲੀ ਅਧੀਨ ਵੋਟਾਂ ਪੈਂਦੀਆਂ ਰਹੀਆਂ ਹਨ। ਜਿਨ੍ਹਾਂ ਕਾਰਨਾਂ ਕਰ ਕੇ 1967 ਮਗਰੋਂ ਮੌਜੂਦਾ ਪ੍ਰਬੰਧ ਅਪਣਾਉਣਾ ਪਿਆ, ਉਹੀ ਕਾਰਨ ਹੁਣ ਵੀ ਸਰਕਾਰ ਦੇ ਉਪਰਾਲੇ ਦੇ ਰਾਹ ਦਾ ਰੋੜਾ ਬਣਨਗੇ ਤੇ ਹੌਲੀ ਹੌਲੀ ਕੁਝ ਸਾਲਾਂ ਬਾਅਦ ਅਸੀਂ ਫੇਰ ਉੱਥੇ ਆ ਜਾਵਾਂਗੇ ਜਿੱਥੇ ਹੁਣ ਹਾਂ। ਸਭ ਤੋਂ ਮੁਸ਼ਕਿਲ ਕੰਮ ਇਸ ਨਵੇਂ ਸਿਸਟਮ ਨੂੰ ਅਪਣਾਉਣ ਵਿੱਚ ਇਹ ਹੈ ਕਿ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ 18 ਸੰਵਿਧਾਨਕ ਸੋਧਾਂ ਕਰਨੀਆਂ ਪੈਣਗੀਆਂ ਜਿਹੜਾ ਦੇਸ਼ ਦੀ ਮੌਜੂਦਾ ਸਰਕਾਰ ਕੋਲ ਲੋੜੀਂਦਾ ਬਹੁਮਤ ਨਾ ਹੋਣ ਕਾਰਨ ਇੰਨਾ ਸੌਖਾ ਨਹੀਂ। ਇਹ ਸਮਾਂ ਹੀ ਦੱਸੇਗਾ ਕਿ ਸਰਕਾਰ ਆਪਣੇ ਉਦੇਸ਼ ’ਚ ਕਿੰਨੀ ਕੁ ਕਾਮਯਾਬ ਹੁੰਦੀ ਹੈ।
ਪ੍ਰਿੰਸੀਪਲ ਫਕੀਰ ਸਿੰਘ ਦਸੂਹਾ, ਹੁਸ਼ਿਆਰਪੁਰ

ਘਰ ਤੇ ਸਮਾਜ ਲਈ ਜ਼ਰੂਰੀ ਨੁਕਤਾ

ਐਤਵਾਰ, 15 ਸਤੰਬਰ ਦੇ ਅਖ਼ਬਾਰ ਵਿੱਚ ਡਾਕਟਰ ਇਕਬਾਲ ਸਿੰਘ ਸਕਰੌਦੀ ਵੱਲੋਂ ਲਿਖੀ ਗਈ ਕਹਾਣੀ ‘ਧੀਆਂ ਧਿਆਣੀਆਂ’ ਬਹੁਤ ਵਧੀਆ ਲੱਗੀ। ਜਦੋਂ ਸਹੁਰੇ ਘਰ ਤੋਂ ਧੀਆਂ ਪੇਕੇ ਆਉਂਦੀਆਂ ਹਨ ਤਾਂ ਉਨ੍ਹਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ। ਜਿਸ ਘਰ ਵਿੱਚ ਪੇਕੇ ਘਰ ਆਈਆਂ ਧੀਆਂ ਦਾ ਸਤਿਕਾਰ ਹੁੰਦਾ ਹੈ, ਉਹ ਖ਼ੁਸ਼ੀਆਂ ਭਰਿਆ ਹੁੰਦਾ ਹੈ। ਕਹਾਣੀ ਅਨੁਸਾਰ ‘ਪਹਿਲਾਂ ਤੋਲੋ ਫਿਰ ਬੋਲੋ’ ਦਾ ਸਿਧਾਂਤ ਅਪਣਾ ਲਿਆ ਜਾਵੇ ਤਾਂ ਲੜਾਈ ਝਗੜਾ ਨਹੀਂ ਹੁੰਦਾ ਅਤੇ ਨਾ ਹੀ ਗ਼ਲਤਫਹਿਮੀਆਂ ਹੁੰਦੀਆਂ ਹਨ। ਇਉਂ ਘਰ ਅਤੇ ਸਮਾਜ ਆਨੰਦਮਈ ਬਣ ਜਾਂਦਾ ਹੈ ਅਤੇ ਨੂੰਹਾਂ ਧੀਆਂ ਵਿੱਚ ਫ਼ਰਕ ਨਹੀਂ ਰਹਿੰਦਾ।
ਜਰਨੈਲ ਸਿੰਘ, ਚੱਠਾ ਸੇਖਵਾਂ, ਸੰਗਰੂਰ

Advertisement

‘ਸਮਝਾਇਸ਼’ ਸ਼ਬਦ ਬਾਰੇ

ਐਤਵਾਰ, ਪਹਿਲੀ ਸਤੰਬਰ ਦੇ ‘ਸੋਚ ਸੰਗਤ’ ਪੰਨੇ ’ਤੇ ‘ਕੰਗਨਾ ਦੇ ਜਲੌਅ ਅੱਗੇ ਭਾਜਪਾ ਚੁੰਧਿਆਈ’ ਲੇਖ ਵਿੱਚ ਇੱਕ ਸ਼ਬਦ ‘ਸਮਝਾਇਸ਼’ ਵਰਤਿਆ ਗਿਆ ਹੈ। ਅਰਧ ਵਾਕ ਹੈ: ਉਹ (ਕੰਗਨਾ) ਨੱਢਾ ਦੀ ‘ਸਮਝਾਇਸ਼’ ਦਾ ਅਸਰ ਏਨੀ ਛੇਤੀ ਕਿਵੇਂ ਕਬੂਲਦੀ। ਮੈਨੂੰ ਇਸ ਸ਼ਬਦ ਦੀ ਵਰਤੋਂ ਦਰੁਸਤ ਅਤੇ ਉਚਿਤ ਨਹੀਂ ਲੱਗੀ। ਸਹੀ ਅਰਧ ਵਾਕ: ਉਹ (ਕੰਗਨਾ) ਨੱਢਾ ਦੇ ਸਮਝਾਉਣ ਬੁਝਾਉਣ ਦਾ ਅਸਰ ਏਨੀ ਛੇਤੀ ਕਿਵੇਂ ਕਬੂਲਦੀ, ਹੋਣਾ ਚਾਹੀਦਾ ਸੀ। ਪਛੇਤਰ ‘ਇਸ਼’ ਫ਼ਾਰਸੀ ਦੇ ਕੁਝ ਕ੍ਰਿਆ ਸ਼ਬਦਾਂ ਦਾ ਨਵਾਂ ਰੂਪ ਬਣਾ ਕੇ ਉਨ੍ਹਾਂ ਦੇ ਪਿੱਛੇ ਲਗਾਇਆ ਜਾਂਦਾ ਹੈ। ਜਿਵੇਂ ਫ਼ਾਰਸੀ ਕ੍ਰਿਆ ਸ਼ਬਦਾਂ ਫ਼ਰਮੂਦਨ, ਵਰਜ਼ੀਦਨ, ਆਜ਼ੂਮਦਨ ਅਤੇ ਕੋਸ਼ੀਦਨ ਤੋਂ ਕ੍ਰਮਵਾਰ ਫ਼ਰਮਾਇਸ਼, ਵਰਜ਼ਿਸ਼, ਆਜ਼ਮਾਇਸ਼ ਅਤੇ ਕੋਸ਼ਿਸ਼ ਬਣਦੇ ਹਨ।
ਕੁਲਦੀਪ ਸਿੰਘ, ਯੂਨੀਅਨ ਸਿਟੀ, ਕੈਲੀਫੋਰਨੀਆ (ਅਮਰੀਕਾ)

Advertisement