ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡਾਕ ਐਤਵਾਰ ਦੀ

10:43 AM Sep 22, 2024 IST

ਲਾਲੀ ਬਾਬਾ
ਐਤਵਾਰ, 15 ਸਤੰਬਰ 2024 ਦੇ ‘ਪੰਜਾਬੀ ਟ੍ਰਿਬਿਊਨ’ ਵਿਚ ਛਪਿਆ ਰਾਜਿੰਦਰਪਾਲ ਬਰਾੜ ਦਾ ਲੇਖ ਪੜ੍ਹਿਆ ਜੋ ਭੂਤਵਾੜੇ ਦੇ ਨਾਇਕ ਪ੍ਰੋ. ਹਰਦਿਲਜੀਤ ਲਾਲੀ ਬਾਰੇ ਹੈ। ਮੈਂ ਹੁਣ ਤੱਕ ਇਹੀ ਸੋਚਦਾ ਰਿਹਾ ਕਿ ਲਾਲੀ ਬਾਰੇ ਮੈਥੋਂ ਵੱਧ ਕੋਈ ਨਹੀਂ ਜਾਣਦਾ। ਜਾਣਦਾ ਹੈ, ਬਰਾੜ ਜਾਣਦਾ ਹੈ। ਭੂਤਵਾੜੇ ਦੀ ਮੁੱਖ ਸੁਰ ਹੁੰਦੀ: ਕੀਲਣਾ ਨਾ ਆਉਂਦਾ ਹੋਵੇ, ਸਿਵਾ ਨਾ ਜਗਾਓ। ਬਰਾੜ ਨੇ ਸਿਵਾ ਜਗਾਇਆ, ਨਚਾਇਆ ਤੇ ਫੇਰ ਦਫਨ ਕਰ ਦਿੱਤਾ। ਢੋਲਕੀ ਅਤੇ ਛੈਣੇ ਚਿਮਟੇ ਗੂੰਜੇ। ਧੂਫ ਅਤੇ ਧੂੰਆਂ ਰਲਗੱਡ।
ਇਸ ਲਿਖਤ ਸਦਕਾ ਬਰਾੜ ਦਾ ਕੱਦ ਵਧਿਆ। ਸਮੁੱਚਾ ਸਾਹਿਤਕ ਮਾਹੌਲ ਇਸ ਤਰ੍ਹਾਂ:
ਨ ਘਾਟ ਹੈ ਨ ਬਾਢ ਹੈ ਨ ਘਾਟ ਬਾਢ ਹੋਤ ਹੈ।
ਜਿਮੀ ਜਮਾਨ ਕੇ ਬਿਖੈ ਸਮਸਤ ਏਕ ਜੋਤਿ ਹੈ।
ਹਰਪਾਲ ਸਿੰਘ ਪੰਨੂ
ਸਿਰਮੌਰ ਕਵੀ ਪਾਸ਼
ਐਤਵਾਰ, 8 ਸਤੰਬਰ ਨੂੰ ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਵਸ ਨੂੰ ਸਮਰਪਿਤ ਲੇਖ ‘ਧੁੱਪ ਵਾਂਗ ਧਰਤੀ ’ਤੇ ਖਿੜਿਆ ਪਾਸ਼’, ‘ਨਾ ਤੇਰਾ ਨਾ ਮੇਰਾ ਪਾਸ਼’, ‘ਨਾਬਰੀ ਅਤੇ ਬਰਾਬਰੀ ਦਾ ਸ਼ਾਇਰ’ ਵਧੀਆ ਲੱਗੇ। ਪਾਸ਼ ਉਹ ਕ੍ਰਾਂਤੀਕਾਰੀ ਕਵੀ ਹੋਇਆ ਜਿਸ ਨੇ ਉਸ ਸਮੇਂ ਦਾ ਯਥਾਰਥ ਲਿਖਣ ਦੀ ਹਿੰਮਤ ਕੀਤੀ। ਸ਼ੋਸ਼ਿਤ ਵਰਗ ਨੂੰ ਉਸ ਦੀਆਂ ਰਚਨਾਵਾਂ ਨਿਰੋਲ ਆਪਣੇ ਪਿੰਡੇ ਉੱਤੇ ਹੰਢਾਇਆ ਦਰਦ ਹੀ ਜਾਪਦੀਆਂ। ਪਾਸ਼ ਨੇ ਗਹਿਰੇ ਚਿੰਤਨ ਕਾਰਨ ਹੀ ਆਪਣੇ ਇਨਕਲਾਬੀ ਸੁਤੰਤਰ ਵਿਚਾਰਾਂ ਨੂੰ ਕਲਾ ਕੌਸ਼ਲਤਾ ਰਾਹੀਂ ਇਸ ਤਰ੍ਹਾਂ ਪੇਸ਼ ਕੀਤਾ ਜਿਸ ਨਾਲ ਸਾਹਿਤ ਦੇ ਅੰਬਰਾਂ ’ਚ ਉੱਚੀ ਉਡਾਰੀ ਭਰੀ। ਪਾਸ਼ ਨੇ ਲੋਕਾਈ ਨੂੰ ਆਪਣਾ ਆਪਾ ਬਣਾ ਕੇ ਨਾ ਸਿਰਫ਼ ਦਰਦ ਲਿਖਿਆ ਸਗੋਂ ਨੌਜਵਾਨਾਂ ਅਤੇ ਸ਼ੋਸ਼ਿਤ ਵਰਗ ਵਿੱਚ ਚੇਤਨਾ ਵੀ ਪੈਦਾ ਕੀਤੀ ਜੋ ਇੱਕ ਸੱਚੇ ਕਲਮਕਾਰ ਦਾ ਫਰਜ਼ ਵੀ ਹੁੰਦਾ ਹੈ। ਲੋਕਾਈ ਦਾ ਦਰਦ ਬਿਆਨਣ ਕਾਰਨ ਹੀ ਪਾਸ਼ ਦੀਆਂ ਰਚਨਾਵਾਂ ਨਾ ਸਿਰਫ਼ ਮਕਬੂਲ ਹੋਈਆਂ ਸਗੋਂ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਉਸ ਦਾ ਨਾਮ ਸਿਰਮੌਰ ਕਵੀਆਂ ’ਚ ਸ਼ਾਮਿਲ ਹੋ ਗਿਆ।
ਸੁਖਪਾਲ ਕੌਰ, ਚੰਡੀਗੜ੍ਹ
ਰੇਡਿਓਐਕਟਿਵ ਪਾਣੀ
ਐਤਵਾਰ, 25 ਅਗਸਤ ਦੇ ਅੰਕ ਮੁੱਖ ਸਫ਼ੇ ’ਤੇ ਛਪੀ ਖ਼ਬਰ ‘ਪਾਣੀ ’ਚ ਯੂਰੇਨੀਅਮ: ਮਾਝੇ ਤੇ ਦੋਆਬੇ ਦੇ ਪਾਣੀਆਂ ਦੀ ਮੁੜ ਜਾਂਚ ਦੇ ਹੁਕਮ’ ਚਿੰਤਾ ਦੇ ਨਾਲ ਨਾਲ ਬੁੱਧੀਜੀਵੀਆਂ ਲਈ ਚਿੰਤਨ ਕਰਨ ਵਾਲੀ ਵੀ ਹੈ। ਯੂਰੇਨੀਅਮ ਅਤੇ ਰੇਡੀਅਮ ਵਰਗੇ ਰੇਡਿਓਐਕਟਿਵ ਤੱਤ ਕੈਂਸਰ ਕਾਰਕ ਹਨ ਜਿਨ੍ਹਾਂ ਨੇ ਪੂਰੇ ਮਾਝੇ ਅਤੇ ਦੋਆਬੇ ਦੇ ਨਾਲ ਨਾਲ ਮਾਲਵਾ ਖੇਤਰ ਨੂੰ ਵੀ ਆਪਣੇ ਪੰਜੇ ਵਿੱਚ ਜਕੜ ਲਿਆ ਹੈ। ਇਸੇ ਕਾਰਨ ਬਠਿੰਡਾ ਤੋਂ ਬੀਕਾਨੇਰ ਜਾਣ ਵਾਲੀ ਟ੍ਰੇਨ ਨੂੰ ਵੀ ਕੈਂਸਰ ਟ੍ਰੇਨ ਦੇ ਨਾਂ ਨਾਲ ਸੱਦਿਆ ਜਾਂਦਾ ਹੈ ਕਿਉਂਕਿ ਬਹੁਤੇ ਮਰੀਜ਼ ਕੈਂਸਰ ਦੇ ਇਲਾਜ ਲਈ ਗੁਆਂਢੀ ਰਾਜ ਰਾਜਸਥਾਨ ਦਾ ਰੁਖ਼ ਕਰਦੇ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ ਵਿਸ਼ਵ ਸਿਹਤ ਸੰਗਠਨ ਦੇ ਮੌਜੂਦਾ ਪੈਮਾਨਿਆਂ ’ਤੇ ਜਾਂਚ ਦੇ ਦੁਬਾਰਾ ਦਿੱਤੇ ਹੁਕਮ ਇਸ ਗੱਲ ਦੀ ਸ਼ਾਹਦੀ ਭਰਦੇ ਹਨ ਕਿ ਸਮੇਂ ਸਮੇਂ ’ਤੇ ਬਣੀਆਂ ਜਾਂਚ ਕਮੇਟੀਆਂ ਤਸੱਲੀਬਖ਼ਸ਼ ਕੰਮ ਕਰਕੇ ਠੋਸ ਨਤੀਜੇ ਕੱਢਣ ਵਿੱਚ ਨਾਕਾਮ ਸਿੱਧ ਹੋਈਆਂ ਹਨ। ਹਰ ਸਾਲ ਪਤਾ ਨਹੀਂ ਕਿੰਨੀਆਂ ਜਾਨਾਂ ਕੈਂਸਰ ਵਰਗੀ ਮਾਰੂ ਬਿਮਾਰੀ ਦੀ ਭੇਂਟ ਚੜ੍ਹ ਜਾਂਦੀਆਂ ਹਨ। ਪਾਣੀਆਂ ਦੀ ਜਾਂਚ ਲਈ ਰਾਸ਼ਟਰੀ ਪੱਧਰ ’ਤੇ ਜਾਂਚ ਕਮੇਟੀਆਂ ਬਣਨੀਆਂ ਚਾਹੀਦੀਆਂ ਹਨ ਜੋ ਸਮੇਂ ਸਮੇਂ ’ਤੇ ਨਮੂਨੇ ਇਕੱਠੇ ਕਰਕੇ ਉਨ੍ਹਾਂ ਦੀ ਰਿਪੋਰਟ ਪੇਸ਼ ਕਰਨ। ਹਰ ਸਾਲ ਸਮਾਰਟ ਸਿਟੀ, ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਰੈਂਕਿੰਗ ਵਰਗੇ ਸਰਵੇਖਣ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੇ ਰਹਿੰਦੇ ਹਨ; ਪਰ ਜਿਸ ਪਾਣੀ ਤੋਂ ਬਿਨਾਂ ਕੋਈ ਵੀ ਜੀਵ ਜੰਤੂ ਬਹੁਤਾ ਸਮਾਂ ਜਿਊਂਦਾ ਨਹੀਂ ਰਹਿ ਸਕਦਾ, ਉਸ ਪ੍ਰਤੀ ਅਸੀਂ ਕਦੇ ਚਿੰਤਨਸ਼ੀਲ ਨਹੀਂ ਹੋਏ। ਪਾਣੀਆਂ ਦੀ ਸਾਫ਼ ਸਫ਼ਾਈ ਅਤੇ ਇਸ ਦੀ ਸੁਚੱਜੀ ਵਰਤੋਂ ਲਈ ਸਾਨੂੰ ਅੱਜ ਤੋਂ ਆਪਣੇ ਘਰ ਤੋਂ ਹੀ ਠੋਸ ਕਦਮ ਚੁੱਕਣੇ ਹੋਣਗੇ ਤਾਂ ਜੋ ਧਰਤੀ ’ਤੇ ਜੀਵਨ ਦੀ ਹੋਂਦ ਬਣੀ ਰਹੇ।
ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)
ਪੁਰਾਣੀ ਪੱਤਰਕਾਰੀ ਬਾਰੇ ਜਾਣਕਾਰੀ
ਐਤਵਾਰ, 25 ਅਗਸਤ ਦੇ ‘ਦਸਤਕ’ ਅੰਕ ’ਚ ਸਿੱਧੂ ਦਮਦਮੀ ਦਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਬਾਰੇ ਲੇਖ ‘ਫਲੈਸ਼’ ਪੜ੍ਹਿਆ। ਇਸ ਤੋਂ ਅਜੋਕੇ ਡਿਜੀਟਲ ਯੁੱਗ ਤੋਂ ਪਹਿਲਾਂ ਦੀ ਪੱਤਰਕਾਰੀ ਬਾਰੇ ਪਤਾ ਲਗਦਾ ਹੈ ਕਿ ਉਸ ਵਕਤ ਰਿਪੋਰਟਿੰਗ ਕਰਨੀ ਕਿੰਨੀ ਔਖੀ ਹੁੰਦੀ ਸੀ। ਪੱਕੀ ਜਾਣਕਾਰੀ ਲੋਕਾਂ ਤਕ ਪੁੱਜਦੀ ਕਰਨ ਵਾਸਤੇ ਜਾਣਕਾਰੀ ਦੇ ਸਰੋਤਾਂ ਤੱਕ ਪਹੁੰਚ ਕਰਨੀ ਜ਼ਰੂਰੀ ਹੁੰਦੀ ਸੀ।
ਅਜੀਤ ਖੰਨਾ
ਪ੍ਰਭਾਵਸ਼ਾਲੀ ਅੰਕ
ਐਤਵਾਰ, 25 ਅਗਸਤ 2024 ਦੇ ‘ਦਸਤਕ’ ਵਿੱਚ ਸਿੱਧੂ ਦਮਦਮੀ ਦਾ ਲੇਖ ‘ਫਲੈਸ਼’ ਪੜ੍ਹਿਆ, ਬਹੁਤ ਜਾਣਕਾਰੀ ਭਰਪੂਰ ਸੀ। ਇਸ ਵਿੱਚ ਲੇਖਕ ਨੇ ਬੇਅੰਤ ਸਿੰਘ ਬਾਰੇ ਦੱਸਿਆ, ਜੋ ਸਾਰੇ ਭਰਮ ਭੁਲੇਖੇ ਦੂਰ ਕਰ ਗਿਆ। ਲੇਖਕ ਨੇ ਆਪਣੇ ਕੰਮ ਕਰਨ ਦੇ ਢੰਗ ਬਾਰੇ ਵੀ ਦੱਸਿਆ ਹੈ ਜੋ ਕਿ ਕਾਬਲੇ-ਤਾਰੀਫ਼ ਸੀ। ਜਸਬੀਰ ਭੁੱਲਰ ਦਾ ‘ਤੇਹ ਦਾ ਸਿਰਨਾਵਾਂ’ ਬਹੁਤ ਵਧੀਆ ਲੱਗਿਆ ਜੋ ਸੁਰਜੀਤ ਪਾਤਰ ਦੀ ਯਾਦ ਤਾਜ਼ਾ ਕਰਵਾ ਗਿਆ। ਪਾਤਰ ਹੋਰਾਂ ਨਾਲ ਉਨ੍ਹਾਂ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਮਿਲਣ ਦਾ ਮੌਕਾ ਮਿਲਿਆ ਸੀ। ਉਹ ਬਹੁਤ ਨੇਕ ਸੁਭਾਅ ਦੇ ਮਾਲਕ ਸਨ। ਅਰਵਿੰਦਰ ਜੌਹਲ ਦਾ ‘ਸਿਆਸਤ ਦਾ ਸੰਵੇਦਨਸ਼ੀਲ ਅਕਸ’ ਸਿਆਸਤਦਾਨਾਂ ਦੀਆਂ ਦੋਗਲੀਆਂ ਗੱਲਾਂ ਦੀ ਪਰਤ ਖੋਲ੍ਹ ਗਿਆ। ਸਮੁੱਚਾ ਅੰਕ ਪ੍ਰਭਾਵਸ਼ਾਲੀ ਸੀ।
ਗੁਰਚਰਨ ਸਿੰਘ, ਘੰਗਰੋਲੀ (ਪਟਿਆਲਾ)

Advertisement

Advertisement