ਡਾਕ ਐਤਵਾਰ ਦੀ
ਜੁਝਾਰੂਵਾਦੀ ਕਵੀ ਪਾਸ਼
ਐਤਵਾਰ, 8 ਸਤੰਬਰ ਦਾ ‘ਦਸਤਕ’ ਅੰਕ ਜੁਝਾਰੂਵਾਦੀ ਕਵੀ ਅਵਤਾਰ ਸਿੰਘ ਸੰਧੂ ਉਰਫ਼ ਪਾਸ਼ ਨੂੰ ਸਮਰਪਿਤ ਰਿਹਾ। ਸਵਰਾਜਬੀਰ ਦਾ ‘ਧੁੱਪ ਵਾਂਗ ਧਰਤੀ ’ਤੇ ਖਿੜਿਆ ਪਾਸ਼’, ਸ਼ਮਸ਼ੇਰ ਸੰਧੂ ਦਾ ‘ਨਾ ਤੇਰਾ ਨਾ ਮੇਰਾ ਪਾਸ਼’ ਅਤੇ ਅਮੋਲਕ ਸਿੰਘ ਦਾ ‘ਨਾਬਰੀ ਅਤੇ ਬਰਾਬਰੀ ਦਾ ਸ਼ਾਇਰ ਪਾਸ਼’ ਕਵੀ ਦੀ ਬਹੁਪੱਖੀ ਸ਼ਖ਼ਸੀਅਤ ਨੂੰ ਦਰਸਾਉਂਦੇ ਹਨ। ਪਾਸ਼ ਦੀਆਂ ਰਚਨਾਵਾਂ ਹਨੇਰੇ ਵਿੱਚ ਰੌਸ਼ਨੀ ਜਗਾਉਣ ਦਾ ਕੰਮ ਕਰਦੀਆਂ ਹਨ। ਉਹ ਦੱਬੇ ਕੁਚਲੇ ਅਤੇ ਸਮੇਂ ਦੀਆਂ ਠੋਕਰਾਂ ਤੋਂ ਨਿਰਾਸ਼ ਹੋਏ ਲੋਕਾਂ ਦਾ ਕਵੀ ਹੈ ਜਿਨ੍ਹਾਂ ਨੂੰ ਉਹ ਦੁਬਾਰਾ ਉੱਠ ਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕਰਦਾ ਹੈ। ਪਾਸ਼ ਕੇਵਲ ਇੱਕ ਕਵੀ ਨਹੀਂ ਸਗੋਂ ਇੱਕ ਵਧੀਆ ਸਰੋਤਾ ਵੀ ਸੀ। ਪਾਸ਼ ਆਪਣੇ ਦੋਸਤ ਲੇਖਕਾਂ ਨਾਲ ਉਨ੍ਹਾਂ ਦੀਆਂ ਰਚਨਾਵਾਂ ਬਾਰੇ ਖ਼ੂਬ ਵਿਚਾਰ ਚਰਚਾ ਕਰਦਾ। ਉਸ ਦੇ ਦੋਸਤ ਥੱਕ ਜਾਂਦੇ, ਪਰ ਉਹ ਕਦੇ ਨਾ ਥੱਕਦਾ। ਪਾਸ਼ ਦੀਆਂ ਲਿਖੀਆਂ ਰਚਨਾਵਾਂ ਸਮਾਜਿਕ ਨਾਬਰਾਬਰੀ ਦੀ ਗੱਲ ਕਰਦਿਆਂ ਜਬਰ ਜ਼ੁਲਮ ਖਿਲਾਫ਼ ਲੋਕਾਂ ਨੂੰ ਇਕਜੁੱਟ ਹੋਣ ਦਾ ਸੁਨੇਹਾ ਦਿੰਦੀਆਂ ਹਨ। ਪਾਸ਼ ਅੱਜ ਸਾਡੇ ਵਿਚਕਾਰ ਨਹੀਂ ਰਿਹਾ, ਪਰ ਉਸ ਦੀਆਂ ਲਿਖਤਾਂ ਹਮੇਸ਼ਾ ਜਨਮਤ ਨੂੰ ਅਨਿਆਂ ਅਤੇ ਜ਼ੁਲਮ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਲਈ ਲਾਮਬੰਦ ਕਰਦੀਆਂ ਰਹਿਣਗੀਆਂ।
ਐਤਵਾਰ, 18 ਅਗਸਤ ਦੇ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਉਹ ਜਿੱਤ ਹੀ ਗਈ ਸੰਘਰਸ਼ ਦੀ ਬਾਜ਼ੀ’ ਦੇਸ਼ ਦੀ ਬਹਾਦਰ ਧੀ ਅਜਿੱਤ ਵਿਨੇਸ਼ ਫੋਗਾਟ ਦੇ ਦ੍ਰਿੜ੍ਹ ਜਜ਼ਬੇ ਅਤੇ ਹੌਸਲੇ ਦੀ ਗਾਥਾ ਨੂੰ ਬਿਆਨ ਕਰਦਾ ਹੈ। ਉਸ ਦੁਆਰਾ ਖੇਡ ਸਾਲਸੀ ਅਦਾਲਤ ਵਿੱਚ ਕੀਤੀ ਹੋਈ ਅਪੀਲ ਖਾਰਜ ਹੋਣ ਕਰਕੇ ਨਾ ਕੇਵਲ ਭਾਰਤ ਇੱਕ ਹੋਰ ਤਗ਼ਮੇ ਤੋਂ ਵਾਂਝਾ ਰਹਿ ਗਿਆ ਸਗੋਂ ਇੱਕ ਸੌਂ ਪੰਤਾਲੀ ਕਰੋੜ ਤੋਂ ਵੱਧ ਲੋਕਾਂ ਦਾ ਦਿਲ ਵੀ ਟੁੱਟਿਆ। ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਦੀ ਧੱਕੇਸ਼ਾਹੀ ਅਤੇ ਖਿਡਾਰਨਾਂ ਦੇ ਸ਼ੋਸ਼ਣ ਵਿਰੁੱਧ ਆਵਾਜ਼ ਉਠਾਉਂਦਿਆਂ ਓਲੰਪਿਕ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਭਾਰਤ ਦੀ ਧੀ ਵਿਨੇਸ਼ ਫੋਗਾਟ ਦੀ ਕਹਾਣੀ ਪ੍ਰੇਰਨਾਦਾਇਕ ਹੈ।
ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)
ਅੰਮ੍ਰਿਤਾ ਪੰਜਾਬ ਦਾ ਮਾਣ
ਪਹਿਲੀ ਸਤੰਬਰ ਦੇ ਐਤਵਾਰੀ ‘ਦਸਤਕ’ ਵਿੱਚ ਰੇਣੂ ਸੂਦ ਸਿਨਹਾ ਦਾ ਅੰਮ੍ਰਿਤਾ ਪ੍ਰੀਤਮ ਬਾਰੇ ਲੇਖ ਤੇ ਰਸੀਦੀ ਟਿਕਟ ਨਾਮ ਦੇ ਰਾਜ਼ ਬਾਰੇ ਜਾਣਕਾਰੀ ਮਿਲੀ। ਅੰਮ੍ਰਿਤਾ ਪ੍ਰੀਤਮ ਪੰਜਾਬੀ ਸਾਹਿਤ ਦਾ ਮਾਣ ਹੈ। ਅੰਮ੍ਰਿਤਾ ਪ੍ਰੀਤਮ ਨੇ ਔਰਤ ਦੀ ਆਜ਼ਾਦੀ ਦੇ ਮਾਇਨੇ ਅਮਲੀ ਰੂਪ ਵਿੱਚ ਪੇਸ਼ ਕੀਤੇੇ, ਖ਼ਾਸ ਤੌਰ ’ਤੇ ਉਸ ਸਮੇਂ ਜਦੋਂ ਸਾਡੀਆਂ ਧੀਆਂ ’ਤੇ ਬਹੁਤ ਪਾਬੰਦੀਆਂ ਸਨ ਤੇ ਔਰਤ ਸਾਹਿਤ ਵਿੱਚ ਉਡਾਰੀ ਭਰਨ ਹੀ ਲੱਗੀ ਸੀ। ਸਾਹਿਤਕਾਰ ਜਸਬੀਰ ਭੁੱਲਰ ਦਾ ਅੰਮ੍ਰਿਤਾ ਦੀ ਇੱਕ ਕਵਿਤਾ ਸੰਪਾਦਿਤ ਰਸਾਲੇ ਵਿੱਚ ਨਾ ਛਪਣ ਦਾ ਦਰਦ ਮਹਿਸੂਸ ਹੋਇਆ। ਲੇਖਕ ਨੇ ਵੀ ਇਹ ਲਿਖ ਕੇ ਆਪਣੇ ਮਨ ਦਾ ਬੋਝ ਹੌਲਾ ਕੀਤਾ ਹੈ। ਅਰਵਿੰਦਰ ਜੌਹਲ ਨੇ ਕੰਗਣਾ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਲਿਖਿਆ ਹੈ। ਉਸ ਦੀ ਫਿਲਮ ‘ਐਮਰਜੈਂਸੀ’ ਦਾ ਪੰਜਾਬ ਵਿੱਚ ਸਖਤ ਵਿਰੋਧ ਹੋ ਰਿਹਾ ਹੈ। ਭਾਜਪਾ ਨੂੰ ਚਾਹੀਦਾ ਹੈ ਕਿ ਉਹ ਕੰਗਣਾ ’ਤੇ ਸਖ਼ਤੀ ਕਰੇ। ਕਿਸਾਨਾਂ ਬਾਰੇ ਵੀ ਉਸ ਨੇ ਗ਼ਲਤ ਬਿਆਨ ਦਿੱਤੇ ਹਨ।
ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ
ਸਿਆਸਤ ਦਾ ਅਕਸ
ਐਤਵਾਰ, 25 ਅਗਸਤ ਦੇ ‘ਸੋਚ ਸੰਗਤ’ ਪੰਨੇ ਉੱਤੇ ਅਰਵਿੰਦਰ ਜੌਹਲ ਨੇ ‘ਸਿਆਸਤ ਦਾ ਸੰਵੇਦਨਹੀਣ ਅਕਸ’ ਬਹੁਤ ਹੀ ਸਪਸ਼ਟ ਉਦਾਹਰਣਾਂ ਸਮੇਤ ਪੇਸ਼ ਕੀਤਾ ਹੈ। ਸਾਡੇ ਜ਼ਿਆਦਾਤਰ ਨੇਤਾ ਦੂਹਰਾ ਕਿਰਦਾਰ ਰੱਖਦੇ ਹਨ। ਉਨ੍ਹਾਂ ਦੇ ਘਰ ਲੱਗੀ ਅੱਗ, ਉਨ੍ਹਾਂ ਲਈ ਅੱਗ ਹੈ। ਅਜਿਹੀ ਅੱਗ ਨੂੰ ਆਪਣਾ ਅਕਲਾਂ ਦਾ ਪਾਣੀ ਪਾ ਕੇ ਛੇਤੀ ਤੋਂ ਛੇਤੀ ਬੁਝਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਦੂਜੇ ਦੇ ਘਰ ਦੀ ਅੱਗ ਨੂੰ ਬਸੰਤਰ ਸਮਝ ਕੇ ਹੋਰ ਭੜਕਾਉਣ ਲਈ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਂਦੇ ਹਨ।
ਸਾਡੇ ਦੇਸ਼ ਵਿੱਚ ਇੱਕ ਖ਼ਾਸ ਵਰਗ ਲਈ ਕਾਨੂੰਨ ਮੋਮ ਦਾ ਨੱਕ ਦਾ ਹੋਣ ਕਰਕੇ ਅਪਰਾਧੀਆਂ ਦੇ ਹੌਸਲੇ ਬੁਲੰਦ ਰਹਿੰਦੇ ਹਨ। ਉੱਘੇ ਪੱਤਰਕਾਰ ਮਰਹੂਮ ਖੁਸ਼ਵੰਤ ਸਿੰਘ ਅਨੁਸਾਰ ਬਲਾਤਕਾਰੀ ਨੂੰ ਨਿਪੁੰਸਕ ਬਣਾ ਕੇ ਮੌਤ ਤੱਕ ਜੇਲ੍ਹ ਵਿੱਚ ਰੱਖਣ ਦਾ ਕਾਨੂੰਨ ਬਣਨਾ ਚਾਹੀਦਾ ਹੈ। ਅਜਿਹੀ ਮਾਨਸਿਕ, ਸਮਾਜਿਕ ਤੇ ਸਰੀਰਕ ਸਜ਼ਾ ਦੇ ਡਰ ਨਾਲ ਜਬਰ-ਜਨਾਹ ਦੀਆਂ ਘਟਨਾਵਾਂ ਨੂੰ ਠੱਲ੍ਹ ਪੈ ਸਕਦੀ ਹੈ।
ਅਮਰਜੀਤ ਜੋਸ਼ੀ, ਨਾਹਨ (ਹਿਮਾਚਲ ਪ੍ਰਦੇਸ਼)
ਸਿਰੜ ਤੇ ਸੰਘਰਸ਼ ਦੀ ਗਾਥਾ
25 ਅਗਸਤ ਦੇ ‘ਦਸਤਕ’ ਵਿੱਚ ਪ੍ਰਿੰ. ਸਰਵਣ ਸਿੰਘ ਵੱਲੋਂ ਵਿਨੇਸ਼ ਫੋਗਾਟ ਬਾਰੇ ਲੇਖ ‘ਓਲੰਪੀਅਨਾਂ ਦੀ ਓਲੰਪੀਅਨ ਪਹਿਲਵਾਨ ਵਿਨੇਸ਼ ਫੋਗਾਟ’ ਵਿੱਚ ਵਧੀਆ ਜਾਣਕਾਰੀ ਸੀ। ਲੇਖਕ ਨੇ ਉਸ ਦੇ ਸਿਰੜ ਅਤੇ ਸੰਘਰਸ਼ ਬਾਰੇ ਢੁੱਕਵੇਂ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ। ਵਿਨੇਸ਼ ਦੇ ਬਹੁਤ ਸਾਰੇ ਆਲੋਚਕ ਹੋਰ ਗੱਲਾਂ ਦੇ ਨਾਲ-ਨਾਲ ਉਸ ਦੇ ਆਪਣੇ 53 ਕਿਲੋਗਰਾਮ ਭਾਰ ਵਰਗ ਨੂੰ ਛੱਡ ਕੇ 50 ਕਿਲੋਗਰਾਮ ਵਰਗ ਵਿੱਚ ਖੇਡਣ ’ਤੇ ਵੀ ਸਵਾਲ ਉਠਾਉਂਦੇ ਹਨ। ਲੇਖਕ ਨੇ ਇਸ ਪਿਛਲੇ ਕਾਰਨ ਨੂੰ ਉਜਾਗਰ ਕੀਤਾ ਹੈ। ਲੇਖ ਦੇ ਸਿਰਲੇਖ ਵਾਂਗ ਵਿਨੇਸ਼ ਓਲੰਪੀਅਨ ਤਾਂ ਪਹਿਲਾਂ ਹੀ ਸੀ ਅਤੇ ਉਹ ਪੈਰਿਸ ਓਲੰਪਿਕ ਵਿੱਚ ਮੈਡਲ ਜਿੱਤਣ ਲਈ ਨਹੀਂ ਸੀ ਖੇਡੀ ਕਿਉਂਕਿ ਅਜਿਹੇ ਮੈਡਲ ਤਾਂ ਉਹ ਜੰਤਰ-ਮੰਤਰ ’ਤੇ ਆਪਣੇ ਸੰਘਰਸ਼ ਦੌਰਾਨ ਵਾਪਸ ਵੀ ਕਰ ਚੁੱਕੀ ਸੀ, ਉਹ ਖੇਡੀ ਸੀ ਆਪਣੇ ਆਪ ਨੂੰ ਸਾਬਿਤ ਕਰਨ ਲਈ ਜੋ ਉਸ ਨੇ ਕਰ ਕੇ ਵਿਖਾ ਦਿੱਤਾ। ਸ਼ਾਇਦ ਏਨਾ ਸਮਰਥਨ ਉਸ ਨੂੰ ਸੋਨ ਤਮਗਾ ਜਿੱਤ ਕੇ ਵੀ ਨਾ ਮਿਲਦਾ ਜੋ ਉਸ ਨੂੰ ਹੁਣ ਮਿਲ ਰਿਹਾ ਹੈ।
ਰਾਵਿੰਦਰ ਫਫੜੇ