ਡਾਕ ਐਤਵਾਰ ਦੀ
ਸੜਕ ਪ੍ਰਾਜੈਕਟ ਬਨਾਮ ਕਿਸਾਨ
ਐਤਵਾਰ, ਪਹਿਲੀ ਸਤੰਬਰ ਨੂੰ ‘ਸੋਚ ਸੰਗਤ’ ਪੰਨੇ ’ਤੇ ਆਪਣੇ ਲੇਖ ਵਿੱਚ ਅਰਮਿੰਦਰ ਸਿੰਘ ਮਾਨ ਨੇ ਭਾਰਤਮਾਲਾ ਪ੍ਰੋਜੈਕਟ ਬਾਰੇ ਬਹੁਤ ਡੂੰਘਾ ਤੇ ਠੀਕ ਲਿਖਿਆ ਹੈ। ਬੇਸ਼ੱਕ ਪੰਜਾਬ ਲਈ ਤਾਂ ਇਹ ਪ੍ਰਾਜੈਕਟ ਉਜਾੜਾ ਹੀ ਹਨ। ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ। ਵੱਧ ਆਬਾਦੀ ਲਈ ਅਨਾਜ ਵੀ ਵੱਧ ਚਾਹੀਦਾ ਹੈ। ਇਸ ਲਈ ਉਪਜਾਊ ਜ਼ਮੀਨ ਉੱਪਰ ਪੱਥਰ ਨਹੀਂ ਪਾਉਣੇ ਚਾਹੀਦੇ। ਦੂਜਾ, ਪੰਜਾਬ ਦਾ ਕਿਸਾਨ ਜੱਦੀ ਪੁਸ਼ਤੀ ਖੇਤੀ ਦੇ ਧੰਦੇ ਨਾਲ ਜੁੜਿਆ ਹੋਇਆ ਹੈ, ਜੇ ਉਨ੍ਹਾਂ ਕੋਲ ਜ਼ਮੀਨ ਨਾ ਰਹੀ ਤਾਂ ਹੋਰ ਕੀ ਕਰਨਗੇ? ਹੋਰ ਕੰਮ ਛੇਤੀ ਉਹ ਕਰ ਨਹੀਂ ਸਕਣਗੇ। ਕੀ ਬਣੇਗਾ?
ਪੰਜਾਬ ਨੂੰ ਅਜਿਹੀਆਂ ਸੜਕਾਂ ਦੀ ਲੋੜ ਨਹੀਂ ਜੋ ਪੰਜਾਬ ਵਿੱਚੋਂ ਲੰਘਦੀਆਂ ਤਾਂ ਹਨ, ਪਰ ਪੰਜਾਬ ਲਈ ਨਹੀਂ। ਪੰਜਾਬ ਦੀਆਂ ਪੁਰਾਣੀਆਂ ਸੜਕਾਂ ਦੀ ਮੁਰੰਮਤ ਕਰਕੇ ਉਨ੍ਹਾਂ ਦਾ ਸੁਧਾਰ ਕੀਤਾ ਜਾ ਸਕਦਾ ਹੈ। ਕਿਸਾਨ ਨੇਤਾਵਾਂ ਨੇ ਠੀਕ ਕਿਹਾ ਹੈ ਕਿ ਇਹ ਪ੍ਰਾਜੈਕਟ ਪੰਜਾਬ ’ਤੇ ਥੋਪੇ ਜਾ ਰਹੇ ਹਨ।
ਅਵਜੀਤ ਸਿੰਘ ਸਿੱਧੂ
ਉਲਝੀ ਤਾਣੀ ਦੀ ਨਿਸ਼ਾਨਦੇਹੀ
ਐਤਵਾਰ, 1 ਸਤੰਬਰ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਅਰਵਿੰਦਰ ਜੌਹਲ ਦਾ ਲਿਖਿਆ ਲੇਖ ‘ਕੰਗਨਾ ਦੇ ਜਲੌਅ ਅੱਗੇ ਭਾਜਪਾ ਚੁੰਧਿਆਈ’ ਪੜ੍ਹ ਕੇ ਸਿਆਸਤ ਅਤੇ ਗਲੈਮਰ ਵਿੱਚ ਉਲਝੀ ਭਾਜਪਾਈ ਤਾਣੀ ਦੇ ਦਵੰਦ ਬਾਰੇ ਪਤਾ ਲੱਗਦਾ ਹੈ। ਲੇਖਿਕਾ ਨੇ ਸਾਹਿਤਕ ਇਮਾਨਦਾਰੀ ਨਾਲ ਇਹ ਸਮਝਾਉਣ ਦੀ ਜ਼ਿੰਮੇਵਾਰੀ ਨਿਭਾਈ ਹੈ ਕਿ ਸਿਆਸਤ ਅਤੇ ਫਿਲਮ ਜਗਤ ਵਿੱਚ ਵੱਡਾ ਫ਼ਰਕ ਹੁੰਦਾ ਹੈ। ਲੋਕਾਂ ਨਾਲ ਜੁੜੇ ਮੁੱਦਿਆਂ ਬਾਰੇ ਡੂੰਘਾਈ ਨਾਲ ਸਮਝ, ਤੁਹਾਡੀ ਜ਼ਹਾਨਤ, ਬੌਧਿਕ ਮਿਆਰ, ਤੁਹਾਡੇ ਵੱਲੋਂ ਵਰਤੀ ਜਾ ਰਹੀ ਭਾਸ਼ਾ ਅਤੇ ਵਿਹਾਰ ਤੁਹਾਡੀ ਲੀਡਰਸ਼ਿਪ/ਨੁਮਾਇੰਦਗੀ ਸਥਾਪਤ ਕਰਦਾ ਹੈ। ਪਰ ਬਹੁਤ ਸਾਰੇ ਨੁਮਾਇੰਦੇ ਜਦੋਂ ਉਕਤ ਅਨੁਸਾਰ ਸੰਸਦ ਵਿੱਚ ਸੰਵਿਧਾਨਕ ਸਹੁੰ ਚੁੱਕਣ ਮਗਰੋਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਤਾਂ ਤਰਸ ਵੀ ਆਉਂਦਾ ਹੈ ਅਤੇ ਰੰਜ ਵੀ ਹੁੰਦਾ ਹੈ। ਇਹ ਵੀ ਭਾਸਦਾ ਹੈ ਕਿ ਅਜਿਹੇ ਬੇਸੁਰੇ ਰਾਗ ਪਿੱਛੇ ਵੀ ਕੋਈ ਰਾਜ਼ ਜ਼ਰੂਰ ਹੈ। ਇਸ ਰਾਗ ਅਤੇ ਰਾਜ਼ ਨੂੰ ਸਮਝਣ ਦੀ ਲੋੜ ਹੈ।
ਡਾ. ਪੰਨਾ ਲਾਲ ਮੁਸਤਫ਼ਾਬਾਦੀ ਅਤੇ ਕਸ਼ਮੀਰ ਘੇਸਲ, ਚੰਡੀਗੜ੍ਹ
ਅਹਿਮ ਜਾਣਕਾਰੀ
ਐਤਵਾਰ, 25 ਅਗਸਤ ਨੂੰ ‘ਸੋਚ ਸੰਗਤ’ ਸਫ਼ੇ ’ਤੇ ਜਾਣੇ-ਪਛਾਣੇ ਇਤਿਹਾਸਕਾਰ ਰਾਮਚੰਦਰ ਗੁਹਾ ਦਾ ਲੇਖ ‘ਭਾਰਤ ਗੁਆਂਢੀਆਂ ਤੋਂ ਕਿਵੇਂ ਟੁੱਟਿਆ’ ਭਾਰਤ ਦੇ ਆਪਣੇ ਗੁਆਂਢੀ ਦੇਸ਼ਾਂ ਨਾਲ ਸਬੰਧਾਂ ਬਾਰੇ ਸੰਖੇਪ ਵਿੱਚ ਬਹੁਤ ਅਹਿਮ ਜਾਣਕਾਰੀ ਦਿੰਦਾ ਹੈ। ਭਾਰਤ ਨੂੰ ਆਪਣੇ ਗੁਆਂਢੀ ਦੇਸ਼ਾਂ ਨਾਲ ਸਬੰਧਾਂ ਵਿੱਚ ਸੁਧਾਰ ਲਿਆਉਣਾ ਚਾਹੀਦਾ ਹੈ। ਇਹ ਦੇਸ਼ ਲਈ ਆਰਥਿਕ, ਸੱਭਿਆਚਾਰਕ, ਸਮਾਜਿਕ ਅਤੇ ਰਾਜਨੀਤਕ ਪੱਖੋਂ ਬਹੁਤ ਜ਼ਰੂਰੀ ਹੈ। ਮਸਲਿਆਂ ਨੂੰ ਮਿਲ ਬੈਠ ਕੇ ਸਹੀ ਢੰਗ ਨਾਲ ਹੱਲ ਕੀਤਾ ਜਾ ਸਕਦਾ ਹੈ। ਏਸ਼ੀਆ ਮਹਾਂਦੀਪ ਵਿੱਚ ਭਾਰਤ ਨੂੰ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਗੁਆਂਢੀਆਂ ਨਾਲ ਮਿੱਤਰਤਾ ਦੇ ਰਿਸ਼ਤੇ ਰੱਖਣੇ ਬਹੁਤ ਜ਼ਰੂਰੀ ਹਨ। ਇਹ ਭਵਿੱਖੀ ਲੋੜ ਹੈ। ਲੇਖ ਦਾ ਅਨੁਵਾਦ ਬਹੁਤ ਵਧੀਆ ਕੀਤਾ ਗਿਆ ਹੈ।
ਪਰਵਿੰਦਰ ਸਿੰਘ, ਸੋਥਾ (ਸ੍ਰੀ ਮੁਕਤਸਰ ਸਾਹਿਬ)
ਨਿਵੇਕਲਾ ਸਵਾਲ
ਐਤਵਾਰ, 25 ਅਗਸਤ ਨੂੰ ਪ੍ਰਿੰਸੀਪਲ ਸਰਵਣ ਸਿੰਘ ਦਾ ਛਪਿਆ ਲੇਖ ‘ਓਲੰਪੀਅਨਾਂ ਦੀ ਓਲੰਪੀਅਨ ਪਹਿਲਵਾਨ ਵਿਨੇਸ਼ ਫੋਗਾਟ’ ਦਿਲ ਨੂੰ ਛੂਹਣ ਵਾਲਾ ਹੈ। ਇਹ ਲੇਖ ਵਿਨੇਸ਼ ਦੇ ਜਨਮ ਦਿਨ ਮੌਕੇ ਛਪਿਆ ਹੈ। ਉਹ ਹਰਿਆਣੇ ਦਾ ਮਾਣ ਅਤੇ ਕੌਮਾਂਤਰੀ ਪੱਧਰ ’ਤੇ ਭਾਰਤ ਨੂੰ ਕੁਸ਼ਤੀਆਂ ਵਿੱਚ ਨਿਵੇਕਲੀ ਪਛਾਣ ਦਿਵਾਉਣ ਵਾਲੀ ਧੀ ਹੈ। ਲੇਖਕ ਨੇ ਪੈਰਿਸ ਦੀਆਂ ਓਲੰਪਿਕ ਖੇਡਾਂ ਵਿੱਚ ਵਿਨੇਸ਼ ਨਾਲ ਹੋਈ ਬੇਇਨਸਾਫ਼ੀ ਦੀ ਖੁੱਲ੍ਹ ਕੇ ਚਰਚਾ ਕੀਤੀ ਹੈ। ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਨੂੰ ਲੈ ਕੇ ਭਾਰਤੀ ਕੁਸ਼ਤੀ ਸੰਘ ਖ਼ਿਲਾਫ਼ ਜੰਤਰ ਮੰਤਰ ਵਿਖੇ ਸ਼ਾਂਤੀਮਈ ਢੰਗ ਨਾਲ ਰੋਸ ਪ੍ਰਗਟਾ ਰਹੇ ਪ੍ਰਦਰਸ਼ਨਕਾਰੀਆਂ ਨੂੰ ਪ੍ਰਸ਼ਾਸਨ ਨੇ ਬੇਰਹਿਮੀ ਨਾਲ ਦਿੱਲੀ ਦੀਆਂ ਸੜਕਾਂ ’ਤੇ ਘੜੀਸਿਆ। ਧੱਕੇਸ਼ਾਹੀ ਅਤੇ ਕੁੱਟਮਾਰ ਕੀਤੀ ਗਈ। ਕੋਈ ਸੁਣਵਾਈ ਨਹੀਂ ਹੋਈ ਅਤੇ ਨਾ ਕੋਈ ਇਨਸਾਫ਼ ਮਿਲਿਆ। ਦੁਨੀਆ ਭਰ ਦੇ ਲੋਕਾਂ ਨੇ ਇਸ ਨੂੰ ਨਿੰਦਿਆ। ਇਹ ਸੰਘਰਸ਼ ਲੂੰ ਕੰਡੇ ਖੜ੍ਹੇ ਕਰਨ ਵਾਲਾ ਸੀ ਅਤੇ ਇਸ ਦੀ ਧੂਣੀ ਅਜੇ ਵੀ ਧੁਖ਼ ਰਹੀ ਹੈ। ਇਸ ਘਟਨਾ ਨੇ ਵਿਨੇਸ਼ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਝੰਜੋੜ ਕੇ ਰੱਖ ਦਿੱਤਾ। ਫਿਰ ਵੀ ਕਿਸਾਨ ਦੀ ਧੀ ਨੇ ਹਿੰਮਤ ਨਹੀਂ ਛੱਡੀ। ਦਿਨ ਰਾਤ ਹੱਡ ਭੰਨ੍ਹਵੀਂ ਮਿਹਨਤ ਕੀਤੀ, ਆਪਣਾ ਭਾਰ ਘੱਟ ਕੀਤਾ ਅਤੇ ਪੰਜਾਹ ਕਿਲੋ ਭਾਰ ਵਰਗ ਵਿੱਚ ਜਾਪਾਨ ਦੀ ਓਲੰਪਿਕ ਚੈਂਪੀਅਨ ਸੁਜ਼ਾਕੀ ਨੂੰ ਪ੍ਰੀ ਕੁਆਰਟਰ ਮੁਕਾਬਲੇ ਵਿੱਚ ਪਲਾਂ ਵਿੱਚ ਹਰਾ ਦਿੱਤਾ। ਫਾਈਨਲ ਮੁਕਾਬਲੇ ਤੋਂ ਪਹਿਲਾਂ ਜੋਖੇ ਵਜ਼ਨ ਵਿੱਚ ਪੰਜਾਹ ਗ੍ਰਾਮ ਵਾਧੂ ਵਜ਼ਨ ਨੇ ਉਸ ਦੇ ਅਰਮਾਨਾਂ ਨੂੰ ਅਰਸ਼ ਤੋਂ ਫਰਸ਼ ਤੇ ਸੁੱਟ ਦਿੱਤਾ। ਇਸ ਸੱਟ ਨੂੰ ਲਫ਼ਜ਼ਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਜ਼ਿੰਮੇਵਾਰ ਅਤੇ ਸੰਵੇਦਨਸ਼ੀਲ ਲੋਕ ਸਮਝ ਸਕਦੇ ਹਨ ਕਿ ਇਸ ਪਹਿਲਵਾਨ ਦੇ ਦਿਲ-ਦਿਮਾਗ ’ਤੇ ਕੀ ਬੀਤੀ ਹੋਵੇਗੀ। ਇਸ ਘਟਨਾ ਲਈ ਸਿੱਧੇ ਅਸਿੱਧੇ ਤੌਰ ’ਤੇ ਕੌਣ ਜ਼ਿੰਮੇਵਾਰ ਹੈ? ਆਉਣ ਵਾਲੀਆਂ ਪੀੜ੍ਹੀਆਂ ਲਈ ਇਤਿਹਾਸ ਦੇ ਪੰਨਿਆਂ ’ਚੋਂ ਇਹ ਇੱਕ ਨਿਵੇਕਲਾ ਸਵਾਲ ਹੋਵੇਗਾ। ਇਸ ਓਲੰਪੀਅਨ ਦਾ ਵਾਪਸ ਦਿੱਲੀ ਪੁੱਜਣ ’ਤੇ ਜਿਸ ਗਰਮਜੋਸ਼ੀ ਨਾਲ ਹਜ਼ਾਰਾਂ ਲੋਕਾਂ ਨੇ ਸਵਾਗਤ ਕੀਤਾ ਉਹ ਉਸ ਲਈ ਓਲੰਪਿਕ ਵਿੱਚ ਗੋਲਡ ਮੈਡਲ ਜਿੱਤਣ ਨਾਲੋਂ ਵੀ ਕਿਤੇ ਵੱਧ ਸਨਮਾਨ ਵਾਲੀ ਗੱਲ ਹੈ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)