ਡਾਕ ਐਤਵਾਰ ਦੀ
ਸ਼ਬਦਾਂ ਵਿੱਚ ਕ੍ਰਾਂਤੀ
ਐਤਵਾਰ, 4 ਅਗਸਤ ਨੂੰ ‘ਦਸਤਕ’ ਅੰਕ ਵਿੱਚ ਕਰਨਲ ਜਸਬੀਰ ਭੁੱਲਰ ਦਾ ਲੇਖ ‘ਪਿਆਰ ਵਿੱਚ ਬਿਰਖ ਹੋ ਜਾਣਾ’ ਪੜਿ੍ਹਆ। ਲੇਖ ਪੜ੍ਹ ਕੇ ਜਸਿੰਤਾ ਕੇਰਕੇਟਾ ਬਾਰੇ ਜਾਣਿਆ ਅਤੇ ਉਸ ਦੀਆਂ ਨਜ਼ਮਾਂ ਪੜ੍ਹੀਆਂ ਜਿਨ੍ਹਾਂ ਦੇ ਸ਼ਬਦਾਂ ਵਿੱਚ ਕ੍ਰਾਂਤੀ ਹੈ। ਲੇਖਿਕਾ ਧਰਮ ਦੇ ਠੇਕਦਾਰਾਂ ਨੂੰ ਕਲਮ ਨਾਲ ਜਵਾਬ ਦਿੰਦੀ ਹੈ। ਕਈ ਲੋਕ ਇਨਾਮਾਂ ਪਿੱਛੇ ਭੱਜਦੇ ਨੇ, ਪਰ ਜਸਿੰਤਾ ਆਪਣੀ ਮਿੱਟੀ ਲਈ ਇਨਾਮਾਂ ਨੂੰ ਠੁਕਰਾਉਂਦੀ ਹੈ। ਜਸਿੰਤਾ ਦੀ ਨਜ਼ਮ ‘ਪਾਣੀ’ ਵਰਤਮਾਨ ਸਥਿਤੀ ਨੂੰ ਬਿਆਨਦੀ ਹੈ।
ਗੁਰਵਿੰਦਰ ਕੌਰ, ਦੱਪਰ (ਮੁਹਾਲੀ)
ਸੰਘਰਸ਼ ਕਦੇ ਹਰਿਆ ਨੀ
ਐਤਵਾਰ, 18 ਅਗਸਤ ਦੇ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ਕਾਬਲੇ ਤਾਰੀਫ਼ ਹੈ। ਲੇਖਕਾ ਨੇ ਵਿਨੇਸ਼ ਫੋਗਾਟ ਦੇ ਬਚਪਨ, ਪਰਿਵਾਰ ਤੇ ਉਸ ਦੀਆਂ ਝੱਲੀਆਂ ਦੁਸ਼ਵਾਰੀਆਂ ਦਾ ਸੁੰਦਰ ਸ਼ਬਦਾਂ ਵਿੱਚ ਵਰਣਨ ਕੀਤਾ ਹੈ। ਪਿਤਾ ਵਿਹੂਣੀ ਇਸ ਧੀ ਨੂੰ ਬੇਅੰਤ ਕਠਿਨਾਈਆਂ ਵਿਚਦੀ ਲੰਘਣਾ ਪਿਆ। ਸਰਕਾਰੀ ਤੰਤਰ ਅਤੇ ਭਾਰਤੀ ਕੁਸ਼ਤੀ ਫੈਡਰੇਸ਼ਨ ’ਚ ਵੱਖ ਵੱਖ ਦਿੱਕਤਾਂ ਦਾ ਸਾਹਮਣਾ ਕਰਦਿਆਂ ਇਹ ਪਹਿਲਵਾਨ ਧੀ ਇਕੇਰਾਂ ਅੰਦਰੋਂ ਟੁੱਟ ਗਈ ਸੀ, ਪਰ ਉਸ ਅੰਦਰਲੀ ਜੁਝਾਰੂ ਸ਼ਕਤੀ ਨੇ ਉਸ ਨੂੰ ਸ਼ਕਤੀਸ਼ਾਲੀ ਬਣਾ ਦਿੱਤਾ। ਉਸ ਨੇ ਹੋਰ ਪਹਿਲਵਾਨਾਂ ਨਾਲ ਮਿਲ ਕੇ ਭਾਰਤੀ ਕੁਸ਼ਤੀ ਫੈਡਰੇਸ਼ਨ ਤੇ ਸਰਕਾਰ ਦਾ ਦੰਭੀ ਚਿਹਰਾ ਵੀ ਬੇਨਕਾਬ ਕੀਤਾ। ਸੌ ਗਰਾਮ ਵਾਧੂ ਭਾਰ ਨੇ ਉਸ ਨੂੰ ਮੁਕਾਬਲੇ ਤੋਂ ਬਾਹਰ ਕਰ ਦਿੱਤਾ, ਪਰ ਇਨਸਾਫ਼ਪਸੰਦ ਭਾਰਤੀ ਲੋਕਾਂ ਨੇ ਉਸ ਦੀ ਦਿੱਲੀ ਵਾਪਸੀ ’ਤੇ ਜਿਸ ਗਰਮਜੋਸ਼ੀ ਨਾਲ ਸਵਾਗਤ ਕੀਤਾ, ਉਹ ਲਾਮਿਸਾਲ ਘਟਨਾ ਹੋ ਗੁਜ਼ਰੀ। ਇਸ ਸਮੁੱਚੀ ਘਟਨਾ ਲਈ ਇਹ ਸ਼ਬਦ ਢੁੱਕਵੇਂ ਹਨ: ‘‘ਐ ਕਿਰਨਾਂ ਦੇ ਕਾਤਿਲੋ! ਸੂਰਜ ਕਦੇ ਮਰਿਆ ਨੀ। ਹਰਾਉਣ ਵਾਲੇ ਹਰ ਜਾਂਦੇ, ਸੰਘਰਸ਼ ਕਦੇ ਹਰਿਆ ਨੀ।’’
ਸਾਗਰ ਸਿੰਘ ਸਾਗਰ, ਬਰਨਾਲਾ
(2)
ਐਤਵਾਰ, 18 ਅਗਸਤ ਦੇ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਉਹ ਜਿੱਤ ਹੀ ਗਈ ਸੰਘਰਸ਼ ਦੀ ਬਾਜ਼ੀ’ ਭਾਰਤ ਦੀ ਦਿੱਗਜ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਦੀ ਸੰਘਰਸ਼ੀ ਜ਼ਿੰਦਗੀ ’ਤੇ ਅੰਤਰਝਾਤ ਪਾਉਂਦਾ ਹੈ। ਵਿਨੇਸ਼ ਹਰਿਆਣਾ ਦੇ ਬਲਾਲੀ ਪਿੰਡ ਵਿਖੇ ਜਨਮੀ ਇੱਕ ਸਾਧਾਰਨ ਪਰਿਵਾਰ ’ਚੋਂ ਉੱਠੀ ਅਸਾਧਾਰਨ ਪ੍ਰਾਪਤੀਆਂ ਵਾਲੀ ਕੁੜੀ ਹੈ। ਜ਼ਿੰਦਗੀ ਦੀਆਂ ਢੇਰ ਸਾਰੀਆਂ ਤੰਗੀਆਂ, ਤੁਰਸ਼ੀਆਂ ਤੇ ਦੁਸ਼ਵਾਰੀਆਂ ਦਾ ਸਾਹਮਣਾ ਕਰਦਿਆਂ ਉਸ ਨੇ ਕਦੇ ਵੀ ਹੌਸਲਾ ਨਹੀਂ ਹਾਰਿਆ। 2014 ਅਤੇ 2018 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਦੇ ਨਾਲ ਨਾਲ ਉਸ ਨੇ ਖੇਡਾਂ ਦੇ ਖੇਤਰ ਵਿੱਚ ਬਹੁਤ ਸਾਰੇ ਮਾਣ-ਸਨਮਾਨ ਜਿੱਤੇ ਹਨ। ਹੁਣੇ-ਹੁਣੇ ਹੋਈਆਂ ਪੈਰਿਸ ਓਲੰਪਿਕ ਖੇਡਾਂ ਵਿੱਚ ਉਹ ਫਾਈਨਲ ਵਿੱਚ ਪਹੁੰਚ ਕੇ ਚਾਂਦੀ ਦੇ ਤਗ਼ਮੇ ਦੀ ਦਾਅਵੇਦਾਰ ਬਣ ਗਈ ਸੀ, ਪਰ 50 ਕਿਲੋਗਰਾਮ ਭਾਰ ਵਰਗ ਵਿੱਚ ਮਹਿਜ਼ 100 ਗ੍ਰਾਮ ਵਜ਼ਨ ਵੱਧ ਹੋਣ ਕਾਰਨ ਉਹ ਮੈਡਲ ਲੈਣ ਤੋਂ ਖੁੰਝ ਗਈ ਤੇ ਭਾਵੁਕ ਹੁੰਦਿਆਂ ਉਸ ਨੇ ਆਪਣੀ ਮਾਂ ਨੂੰ ਸੰਬੋਧਨ ਕਰਦਿਆਂ ਖੇਡਾਂ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਲਿਆ, ਪਰ ਮਗਰੋਂ ਉਸ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਐਲਾਨ ਕੀਤਾ ਕਿ ਜੰਗ ਜਾਰੀ ਹੈ ਕਿਉਂਕਿ ਉਸ ਦਾ ਟੀਚਾ ਅਜੇ ਅਧੂਰਾ ਹੈ।
ਤਰਸੇਮ ਸਿੰਘ ਡਕਾਲਾ, ਪਟਿਆਲਾ
ਸੱਚ ਤੇ ਝੂਠ
ਪ੍ਰਿੰਸੀਪਲ ਵਿਜੈ ਕੁਮਾਰ ਦਾ ਤਲਖ਼ ਹਕੀਕਤ ਦਰਸਾਉਂਦਾ ਲੇਖ ‘ਜੇਕਰ ਸੱਚ ਬੋਲਣਾ ਹੈ’ ਪੜ੍ਹਿਆ ਜੋ ਸੱਚ ਤੇ ਝੂਠ ਵਿਚਲਾ ਫ਼ਰਕ ਬਾਖ਼ੂਬੀ ਦੱਸਦਾ ਹੈ। ਸੱਚ ਕਦੇ ਮਰਦਾ ਨਹੀਂ, ਬੇਸ਼ੱਕ ਝੂਠ ਨੂੰ ਹਰਾਉਣ ਵਾਸਤੇ ਸੱਚ ਮੁਸ਼ਕਿਲਾਂ ਦਾ ਸਾਹਮਣਾ ਕਰਦਾ ਹੈ। ਕੋਈ ਸੱਚ ਸੁਣਨ ਜਾਂ ਮੰਨਣ ਨੂੰ ਤਿਆਰ ਨਹੀਂ। ਝੂਠੇ ਦਾ ਹਰ ਪਾਸੇ ਬੋਲਬਾਲਾ ਹੈ। ਪਰ ਇਹ ਵੀ ਸੱਚ ਹੈ ਕਿ ਜਿੱਤ ਆਖ਼ਰ ਸੱਚ ਦੀ ਹੁੰਦੀ ਹੈ।
ਅਜੀਤ ਖੰਨਾ, ਈ-ਮੇਲ