ਡਾਕ ਐਤਵਾਰ ਦੀ
ਸ਼ਿਵ ਕੁਮਾਰ ਬਟਾਲਵੀ ਦੀ ਯਾਦ
ਐਤਵਾਰ, 30 ਜੂਨ ਨੂੰ ‘ਪੰਜਾਬੀ ਟ੍ਰਿਬਿਊਨ’ ਦੇ ‘ਦਸਤਕ’ ਅੰਕ ਵਿੱਚ ਗੁਲਜ਼ਾਰ ਸਿੰਘ ਸੰਧੂ ਦੇ ਲੇਖ ‘ਸ਼ਿਵ ਕੁਮਾਰ ਬਟਾਲਵੀ ਦੇ ਅੰਗ-ਸੰਗ’ ਵਿੱਚ ਦਿੱਤੀ ਜਾਣਕਾਰੀ ਸ਼ਲਾਘਾਯੋਗ ਸੀ। ਪੰਜਾਬੀ ਕਾਵਿ ਖੇਤਰ ’ਚ ਜਿਹੜਾ ਨਾਮਣਾ ਸ਼ਿਵ ਨੇ ਖੱਟਿਆ ਉਹ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ। ਉਸ ਦੇ ਲਿਖੇ ਗੀਤ ਅਤੇ ਕਵਿਤਾਵਾਂ ਪੰਜਾਬੀ ਸਾਹਿਤ ਦਾ ਸ਼ਿੰਗਾਰ ਹਨ। ਡੂੰਘੇ ਅਫ਼ਸੋਸ ਦੀ ਗੱਲ ਹੈ ਕਿ ਚੰਦਰੀ ਸ਼ਰਾਬ ਨੇ ਉਸ ਮਹਾਨ ਕਵੀ ਨੂੰ ਵਕਤ ਤੋਂ ਪਹਿਲਾਂ ਹੀ ਸਾਥੋਂ ਸਦਾ ਲਈ ਵਿਛੋੜ ਦਿੱਤਾ। ਸ਼ਿਵ ਕੁਮਾਰ ਬਟਾਲਵੀ ਦਾ ਨਾਂ ਪੰਜਾਬੀ ਸਾਹਿਤ ਜਗਤ ਵਿੱਚ ਹਮੇਸ਼ਾਂ ਚੰਨ ਵਾਂਗ ਚਮਕਦਾ ਰਹੇਗਾ।
ਹਰਜਿੰਦਰ ਸਿੰਘ ਭਗੜਾਣਾ, ਭਗੜਾਣਾ (ਫਤਿਹਗੜ੍ਹ ਸਾਹਿਬ)
(2)
ਸ਼ਿਵ ਕੁਮਾਰ ਬਟਾਲਵੀ ਪੰਜਾਬੀ ਕਵਿਤਾ ਤੇ ਗੀਤਕਾਰੀ ਦੀ ਉਹ ਦੁਖਦੀ ਰਗ ਹੈ ਜਿਸ ਨੂੰ ਟੋਹ ਕੇ ਅਹਿਸਾਸਾਂ ਦੀ ਡੂੰਘਾਈ ਵਿੱਚੋਂ ਸਰਸ਼ਾਰੀ ਦੇ ਮੋਤੀ ਚੁਗਣ ਦਾ ਹਰ ਚਾਹਵਾਨ ਰੱਜ ਸਕਦਾ ਹੈ। ਸਾਲ 1970 ਜਾਂ 71 ਦੀ ਗੱਲ ਹੈ। ਮੈਂ ਬੱਸ ਵਿੱਚ ਬੈਠ ਕੇ ਲੁਧਿਆਣਿਉਂ ਪਟਿਆਲੇ ਜਾ ਰਹੀ ਸਾਂ। ਮੈਨੂੰ ਅੰਦਰਲੀ ਸੀਟ ’ਤੇ ਬੈਠ ਕੇ ਪਤਾ ਲੱਗਾ ਕਿ ਮੈਥੋਂ ਅਗਲੀ ਹੀ ਸੀਟ ਦੇ ਬਾਰੀ ਵਾਲੇ ਪਾਸੇ ਸ਼ਿਵ ਬੈਠਾ ਸੀ। ਮੇਰੀ ਦੋ ਕੁ ਸਾਲਾਂ ਦੀ ਬੇਟੀ ਮੇਰੀ ਗੋਦੀ ’ਚ ਸੀ। ਮੇਰਾ ਬੜਾ ਹੀ ਦਿਲ ਕੀਤਾ ਕਿ ਮੈਂ ਅੰਗਰੇਜ਼ੀ ਦੇ ਸ਼ਾਇਰ ‘ਕੀਟਸ’ ਦਾ ਮੁਕਾਬਲਾ ਕਰਦੇ ਆਪਣੀ ਮਾਂ ਬੋਲੀ ਦੇ ਸ਼ਾਇਰ ਨੂੰ ਕਹਾਂ, ‘‘ਮਿਹਰਬਾਨੀ ਕਰ ਕੇ ਆਪਣਾ ਹੱਥ ਮੇਰੀ ਧੀ ਦੇ ਸਿਰ ’ਤੇ ਰੱਖ ਕੇ ਉਸ ਨੂੰ ਆਪਣੇ ਅਹਿਸਾਸਾਂ ਵਰਗੀ ਅਸੀਸ ਦੇ ਦੇ।’’ ਪਰ ਸ਼ਿਵ-ਸ਼ਾਇਰ ਦੇ ਖ਼ਿਆਲਾਂ ਦੀ ਉਡਾਰੀ ’ਚ ਖ਼ਲਲ ਪਾਉਣ ਦਾ ਹੌਸਲਾ ਨਾ ਪਿਆ।
ਕਮਲੇਸ਼ ਉੱਪਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਜਾਤ ਵਿਵਸਥਾ ਤੇ ਲੋਹੀਆ
ਐਤਵਾਰ, 30 ਜੂਨ ਨੂੰ ਰਾਮਚੰਦਰ ਗੁਹਾ ਦਾ ਲੇਖ ‘ਜਾਤਾਂ ਦਾ ਮਸਲਾ ਅਤੇ ਰਾਮ ਮਨੋਹਰ ਲੋਹੀਆ’ ਜਾਣਕਾਰੀ ਭਰਪੂਰ ਸੀ। ਰਾਮ ਮਨੋਹਰ ਲੋਹੀਆ ਵੀ ਡਾ. ਭੀਮ ਰਾਓ ਅੰਬੇਡਕਰ ਵਾਂਗੂ ਜਾਤ ਵਿਵਸਥਾ ਨੂੰ ਤੋੜਨ ਲਈ ਤਤਪਰ ਰਹੇ। ਜਾਤ ਵਿਵਸਥਾ ਤੋਂ ਪਾਰ ਅੰਤਰਜਾਤੀ ਵਿਆਹ ਕਰਵਾਉਣ ਦੇ ਰੁਝਾਨ ਨੂੰ ਹੱਲਾਸ਼ੇਰੀ ਦੇਣਾ ਅਤੇ ਰਾਸ਼ਟਰਪਤੀ ਰਾਜਿੰਦਰ ਪ੍ਰਸ਼ਾਦ ਵੱਲੋਂ ਬ੍ਰਾਹਮਣਾਂ ਨੂੰ ਵਿਸ਼ੇਸ਼ ਦਰਸਾਉਣ ਦੇ ਯਤਨ ਦੀ ਆਲੋਚਨਾ ਕਰਨਾ ਰਾਮ ਮਨੋਹਰ ਲੋਹੀਆ ਨੂੰ ਸੱਚੀ ਸੋਚ ਦਾ ਧਨੀ ਬਣਾਉਂਦਾ ਹੈ। ਜਾਤ ਵਿਵਸਥਾ ਇੱਕ ਸਮਾਜਿਕ ਕੁਰੀਤੀ ਹੈ। ਇਸ ਨੂੰ ਖ਼ਤਮ ਕਰਨਾ ਕਠਿਨ ਹੈ, ਪਰ ਜਿਸ ਦਵਿਜ ਵਰਗ ਨੇ ਆਪਣੇ ਨਿੱਜੀ ਸੁਆਰਥਾਂ ਲਈ ਜਾਤ ਵਿਵਸਥਾ ਦਾ ਰੋਗ ਸਮਾਜ ਵਿੱਚ ਫੈਲਾਇਆ ਇਹ ਵਰਗ ਹੀ ਇਸ ਕੁਰੀਤੀ ਦਾ ਖੰਡਨ ਕਰ ਕੇ ਇਸ ਨੂੰ ਸਦਾ ਲਈ ਖ਼ਤਮ ਕਰ ਸਕਦਾ ਹੈ। ਜੇ ਇਸ ਤਰ੍ਹਾਂ ਹੁੰਦਾ ਤਾਂ ਸ਼ਾਇਦ ਭੀਮ ਰਾਓ ਅੰਬੇਡਕਰ ਨੂੰ ਲਤਾੜੇ ਸ਼ੋਸ਼ਿਤ ਵਰਗ ਲਈ ਸਮਾਜਿਕ ਬਰਾਬਰੀ ਲਈ ਸਾਰੀ ਉਮਰ ਸੰਘਰਸ਼ ਨਾ ਕਰਨਾ ਪੈਂਦਾ। ਡਾ. ਅੰਬੇਡਕਰ ਨੇ ਵਰਣ ਵਿਵਸਥਾ ਦੀ ਪੀੜ ਆਪਣੇ ਪਿੰਡੇ ’ਤੇ ਹੰਢਾਈ। ਡਾ. ਭੀਮ ਰਾਓ ਅੰਬੇਡਕਰ ਨੂੰ ਇਸ ਸ਼ੋਸ਼ਿਤ ਵਰਗ ਨੂੰ ਮਹਾਤਮਾ ਗਾਂਧੀ ਵੱਲੋਂ ਹਰੀਜਨ ਨਾਂ ਦੇਣਾ ਦਰੁਸਤ ਨਹੀਂ ਸੀ ਲੱਗਿਆ। ਸ਼ਾਇਦ ਡਾ. ਅੰਬੇਡਕਰ ਨੂੰ ਅੰਦੇਸ਼ਾ ਸੀ ਕਿ ਇਹ ਸ਼ਬਦ ਇਸ ਸ਼ੋਸ਼ਿਤ ਵਰਗ ਨੂੰ ਸਮਾਜ ਵਿੱਚੋਂ ਨਿਖੇੜਨ ਦਾ ਕੰਮ ਕਰੇਗਾ।
ਸੁਖਪਾਲ ਕੌਰ, ਚੰਡੀਗੜ੍ਹ
ਵਜ਼ਨਦਾਰ ਮੁਲਾਂਕਣ
ਐਤਵਾਰ, 23 ਜੂਨ ਦੇ ‘ਦਸਤਕ’ ਅੰਕ ਵਿੱਚ ਸੁਰਿੰਦਰ ਸਿੰਘ ਤੇਜ ਦਾ ਲੇਖ ‘ਪੱਛਮ ਦੀ ਬਿਹਤਰੀ ਦਾ ਕੱਚ ਸੱਚ’ ਕਿਤਾਬ ‘How the world made the West’ ਦਾ ਵਜ਼ਨਦਾਰ ਮੁਲਾਂਕਣ ਕਰਦਾ ਦਿਲਚਸਪ ਲੱਗਿਆ। ਇਹ ਕਿਤਾਬ ਵੀ ਇੱਕ ਚੰਗੀ ਲਿਖਤ ਹੈ। ਕਿਤਾਬੀ ਗਿਆਨ ਕਹਿੰਦਾ ਹੈ ਸਾਡੀ ਸਭਿਅਤਾ ਮਹਾਨ ਰਹੀ ਹੈ, ਪਰ ਜ਼ਮੀਨੀ ਗਿਆਨ ਇਹ ਹੈ ਕਿ ਛੂਤ-ਛਾਤ ਨਾਲ ਮਿਲਦੀ-ਜੁਲਦੀ ਅਣਮਨੁੱਖੀ ਅਲਾਮਤ ਗੁਲਾਮੀ ਨੂੰ ਯੂਨਾਨ ਨੇ 400 ਪੂਰਵ ਈਸਾ ਦੇ ਲਗਭਗ ਖ਼ਤਮ ਕਰ ਦਿੱਤਾ ਸੀ, ਪਰ ਸਾਡੇ ਦੇਸ਼ ਵਿੱਚ ਇਸ ਦਾ ਪ੍ਰਚੰਡ ਰੂਪ ਹਾਲੇ ਵੀ ਚਾਲੂ ਹੈ ਅਤੇ ਫਿਰ ਉੱਭਰਨ ਦਾ ਯਤਨ ਕਰ ਰਿਹਾ ਹੈ। ਸਾਧਾਰਨ ਵਿਅਕਤੀ ਅਤੇ ਸਾਧਾਰਨ ਪਾਠਕ ਦੇ ਤੌਰ ’ਤੇ ਕਹਿ ਰਿਹਾ ਹਾਂ ਕਿ ਸਾਡਾ ਦਾਅਵਾ ਰਿਹਾ ਹੈ ਕਿ ਪ੍ਰਾਚੀਨ ਭਾਰਤੀ ਸਭਿਅਤਾ ਆਰੀਅਨਾਂ ਦੀ ਦੇਣ ਹੈ। ਵਿਦਵਾਨ ਕਿਤਾਬ ’ਤੇ ਸਵਾਲ ਜ਼ਰੂਰ ਉਠਾਉਣਗੇ।
ਜਗਰੂਪ ਸਿੰਘ, ਲੁਧਿਆਣਾ
ਦਿਲਚਸਪ ਸ਼ਬਦ
ਐਤਵਾਰ, 23 ਜੂਨ ਦੇ ‘ਦਸਤਕ’ ਅੰਕ ’ਚ ਮੁਹੰਮਦ ਅੱਬਾਸ ਧਾਲੀਵਾਲ ਦਾ ਲੇਖ ‘ਜੀਟੀ ਰੋਡ ’ਤੇ ਦੁਹਾਈਆਂ ਪਾਵੇ’ ਬਹੁਤ ਵਧੀਆ ਲੱਗਿਆ। ਟਰੱਕਾਂ ਪਿੱਛੇ ਸੱਚਮੁੱਚ ਬਹੁਤ ਹੀ ਦਿਲਚਸਪ ,ਦੇਸ਼ ਭਗਤੀ, ਜੀਵਨ ਨੂੰ ਸੇਧ ਦੇਣ ਵਾਲੀਆਂ ਕੀਮਤੀ ਗੱਲਾਂ ਲਿਖੀਆਂ ਹੁੰਦੀਆਂ ਹਨ।
ਬੁਸ਼ਰਾ ਏਜਾਜ਼ ਦੀ ‘ਮਾਂ’ ਦਿਲ ਦੀਆਂ ਗਹਿਰਾਈਆਂ ਨੂੰ ਟੁੰਬਣ ਵਾਲੀ ਰਚਨਾ ਸੀ। ਵਿਆਹ ਵਿੱਚ ਖ਼ੁਸ਼ੀ ਨਾਲ ਕੰਮ ਵਿੱਚ ਰੁੱਝਣਾ ਪਰ ਸਾਰਿਆਂ ਦੇ ਅੰਦਰਲੇ ਮਨ ਦੀ ਤਾਰ ਹੋਣ ਵਾਲੀ ਜੁਦਾਈ ਨਾਲ ਵੀ ਜੁੜੀ ਰਹਿੰਦੀ ਹੈ।
ਸੋਹਣ ਲਾਲ ਗੁਪਤਾ, ਪਟਿਆਲਾ
ਵਧੀਆ ਕਹਾਣੀ
ਐਤਵਾਰ, 23 ਜੂਨ ਨੂੰ ਬੁਸ਼ਰਾ ਏਜਾਜ਼ ਦੀ ਕਿਤਾਬ ‘ਬਾਰਾਂ ਆਨਿਆਂ ਦੀ ਔਰਤ’ ਵਿਚਲੀ ਕਹਾਣੀ ‘ਛੋਟੀ ਮਾਂ’ ਪੜ੍ਹ ਕੇ ਮਨ ਬਹੁਤ ਭਾਵੁਕ ਹੋਇਆ। ਕਹਾਣੀ ਪੜ੍ਹ ਕੇ ਪੂਰੀ ਕਿਤਾਬ ਪੜ੍ਹਨ ਦੀ ਇੱਛਾ ਜਾਗੀ। ਕਿਸ ਤਰ੍ਹਾਂ ਅਮੀਨਾ ਨਾਂ ਦੀ ਸੁੰਦਰ ਤੇ ਛੋਟੀ ਉਮਰ ਦੀ ਲੜਕੀ ਜ਼ਿੰਮੇਵਾਰੀਆਂ ਚੁੱਕ ਲੈਂਦੀ ਹੈ।
ਛੋਟੀ ਉਮਰੇ ਪੜ੍ਹਾਈ ਵਿੱਚ ਹੁਸ਼ਿਆਰ ਹੋਣ ਦੇ ਨਾਲ ਨਾਲ ਘਰ ਦੇ ਕੰਮ ਦੀ ਜ਼ਿੰਮੇਵਾਰੀ ਲੈਂਦੀ ਹੈ। ਸਾਰੇ ਉਸ ਦੇ ਵਿਆਹ ਦੀਆਂ ਤਿਆਰੀਆਂ ਦਿਲੋਂ ਕਰਦੇ ਨੇ; ਅਮੀਨਾ ਨੂੰ ਆਪਣੇ ਵਿਆਹ ਦੀ ਖ਼ੁਸ਼ੀ ਨਹੀਂ ਹੁੰਦੀ। ਕਹਾਣੀ ਬੜੇ ਚੰਗੇ ਢੰਗ ਨਾਲ ਔਰਤਾਂ ਦੇ ਹਾਲਾਤ ਬਿਆਨਦੀ ਹੈ। ਸਬਰੀਨਾ ਦੇ ਚਿੱਤਰ ਵੀ ਕਾਫ਼ੀ ਦਿਲਕਸ਼ ਹੁੰਦੇ ਨੇ।
ਗੁਰਵਿੰਦਰ ਕੌਰ, ਕੇਂਦਰੀ ਵਿਦਿਆਲਿਆ, ਦੱਪਰ (ਮੁਹਾਲੀ)
ਨਸ਼ਿਆਂ ਦੀ ਅਲਾਮਤ
ਐਤਵਾਰ, 23 ਜੂਨ ਦੇ ਅੰਕ ਵਿੱਚ ਅਰਵਿੰਦਰ ਜੌਹਲ ਨੇ ‘ਸੋਚ ਸੰਗਤ’ ਪੰਨੇ ਦੇ ਆਪਣੇ ਲੇਖ ‘ਲੰਮੀ ਹੁੰਦੀ ਜਾ ਰਹੀ ਨਸ਼ਿਆਂ ਦੀ ਰਾਤ’ ਵਿੱਚ ਪੰਜਾਬ ’ਚ ਨਸ਼ਿਆਂ ਦੀ ਅਜੋਕੀ ਸਥਿਤੀ ਦਾ ਜ਼ਿਕਰ ਵਿਸਥਾਰ ਨਾਲ ਕੀਤਾ ਹੈ। ਜੇ ਸਿਆਸੀ ਪਾਰਟੀਆਂ ਸੱਚੇ ਦਿਲੋਂ ਚਾਹੁਣ, ਖ਼ਾਸਕਰ ਸੱਤਾਧਾਰੀ ਧਿਰਾਂ ਤਾਂ ਨਸ਼ੇ ਬੰਦ ਕਰਾ ਸਕਦੀਆਂ ਹਨ, ਪਰ ਇਹ ਪਾਰਟੀਆਂ ਇੱਕ-ਦੂਜੇ ’ਤੇ ਦੋਸ਼ ਲਾ ਕੇ ਸੁਰਖਰੂ ਹੋ ਜਾਂਦੀਆਂ ਹਨ। ਨਸ਼ਿਆਂ ਨੂੰ ਮਸਲਾ ਸਮਝਿਆ ਹੀ ਨਹੀਂ ਜਾ ਰਿਹਾ। ਜੇ ਨਕਲੀ ਸ਼ਰਾਬ ਜਾਂ ਹੋਰ ਨਸ਼ਿਆਂ ਨਾਲ ਕੁਝ ਲੋਕ ਮਰ ਵੀ ਜਾਣ ਤਾਂ ਸਿਆਸਦਾਨਾਂ ਨੂੰ ਸ਼ਾਇਦ ਕੋਈ ਫਰਕ ਨਹੀਂ ਪੈਂਦਾ। ਸਿਆਸਤ ਵਿੱਚ ਸੰਵੇਦਨਾ ਦੀ ਕੋਈ ਥਾਂ ਨਹੀਂ ਬਚੀ ਜਾਪਦੀ। ਅਖ਼ਬਾਰ ਦੀ ਸੰਪਾਦਕ ਨੇ ਇਸ ਮਸਲੇ ਨੂੰ ਸੰਵੇਦਨਾ ਦੀ ਪੱਧਰ ’ਤੇ ਲਿਆ ਹੈ। ਸਵਾਲ ਹੈ ਕਿ ਪੰਜਾਬ ਵਿੱਚ ਨਸ਼ੇ ਕਿੱਥੋਂ ਆਏ ਹਨ? ਇਨ੍ਹਾਂ ਦਾ ਵਪਾਰ ਕੌਣ ਕਰਦਾ ਹੈ? ਪਿੰਡਾਂ ਸ਼ਹਿਰਾਂ ਦੀਆਂ ਗਲੀਆਂ ਵਿੱਚ ਨਸ਼ੇ ਦੇਣ ਵਾਲੇ ਸ਼ਰਾਰਤੀ ਅਨਸਰਾਂ ਦੀ ਸ਼ਨਾਖਤ ਕਿਉਂ ਨਹੀਂ ਹੋ ਰਹੀ? ਇਸ ਪਿੱਛੇ ਕੀ ਮਨੋਵਿਗਿਆਨਕ ਸੋਚ ਹੈ? ਕੀ ਬੇਰੁਜ਼ਗਾਰੀ ਅਤੇ ਹੋਰ ਨਿੱਜੀ ਸਮੱਸਿਆਵਾਂ ਤੋਂ ਧਿਆਨ ਹਟਾਉਣ ਦਾ ਹੱਲ ਕੇਵਲ ਨਸ਼ਾ ਹੀ ਰਹਿ ਗਿਆ ਹੈ? ਸਾਡਾ ਸੁਰੱਖਿਆ ਤੰਤਰ ਇਸ ਮਸਲੇ ਪ੍ਰਤੀ ਅਵੇਸਲਾ ਕਿਉਂ ਹੈ? ਹਾਂ, ਵਿਰਲੀਆਂ ਖ਼ਬਰਾਂ ਮੁਤਾਬਿਕ ਛਾਪੇਮਾਰੀ ਕਰਕੇ ਕੁਝ ਅਨਸਰ ਫੜੇ ਵੀ ਹਨ, ਪਰ ਅਜੇ ਬਹੁਤ ਕੁਝ ਕਰਨ ਵਾਲਾ ਹੈ। ਪਿੰਡ ਸ਼ਹਿਰ ਦੇ ਹਰ ਸ਼ਖ਼ਸ ਨੂੰ ਇਸ ਬਾਰੇ ਚੌਕਸ ਹੋਣ ਦੀ ਲੋੜ ਹੈ ਖ਼ਾਸਕਰ ਸਾਡੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਧਰ ਧਿਆਨ ਦੇਣ ਦੀ ਲੋੜ ਹੈ। ਨਸ਼ਾ ਵੇਚਣ ਵਾਲੇ ਕਾਬੂ ਕੀਤੇ ਜਾਣ ਅਤੇ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਮਿਲਣ ਤਾਂ ਸਹਿਜੇ ਸਹਿਜੇ ਫ਼ਰਕ ਪੈ ਸਕਦਾ ਹੈ। ਇਸੇ ਪੰਨੇ ’ਤੇ ਕੈਨੇਡਾ ਵਿੱਚ ਨਸ਼ਿਆਂ ਕਾਰਨ ਮਰਨ ਵਾਲੇ ਨੌਜਵਾਨਾਂ ਦੀਆਂ ਮੌਤਾਂ ’ਤੇ ਦਵਿੰਦਰ ਖੁਸ਼ ਧਾਲੀਵਾਲ ਨੇ ਚਿੰਤਾ ਜ਼ਾਹਰ ਕੀਤੀ ਹੈ। ਇਹ ਬਹੁਤ ਦੁ਼ਖਦਾਈ ਵਰਤਾਰਾ ਹੈ। ਵਿਦੇਸ਼ਾਂ ਵਿੱਚ ਡਾਲਰ ਕਮਾਉਣ ਦੇ ਲਾਲਚ ਵਿੱਚ ਜਦੋਂ ਸਾਡੇ ਬੱਚੇ ਗ਼ਲਤ ਅਨਸਰਾਂ ਦੇ ਜਾਲ ’ਚ ਫਸ ਕੇ ਰਹਿ ਜਾਣ ਤਾਂ ਇਸ ਲਈ ਜ਼ਰੂਰ ਸੋਚਣਾ ਪਵੇਗਾ। ਇਨ੍ਹਾਂ ਮੌਤਾਂ ਦੀ ਤੇਜ਼ ਰਫ਼ਤਾਰ ਹੋਣ ਕਾਰਨ ਪੰਜਾਬੀਆਂ ਨੂੰ ਪਰਵਾਸ ਕਰਨ ਲੱਗਿਆਂ ਸੋਚਣ ਦੀ ਲੋੜ ਹੈ ਕਿਉਂਕਿ ਬਹੁਤ ਘਰਾਂ ਦੇ ਚਿਰਾਗ਼ ਨਸ਼ਿਆਂ ਨਾਲ ਬੁਝ ਜਾਂਦੇ ਹਨ। ਵਿਦੇਸ਼ੀ ਧਰਤੀ ਤੋਂ ਲਾਸ਼ਾਂਂ ਬਣੇ ਨੌਜਵਾਨ ਇਧਰ ਲਿਆਂਦੇ ਜਾਣ ਤੋਂ ਬੁਰਾ ਕੀ ਹੋਵੇਗਾ? ਲੇਖਕਾ ਨੇ ਪੰਜਾਬੀਆਂ ਅਤੇ ਸਾਡੀਆਂ ਸਰਕਾਰਾਂ ਨੂੰ ਇਸ ਬਾਰੇ ਸੁਚੇਤ ਕੀਤਾ ਹੈ। ਪਰਮਜੀਤ ਸਿੰਘ ਸਰਨਾ ਨੇ ਮਨਮੋਹਨ ਦੇ ਉਸ ਤੋਂ ਪਿਛਲੇ ਅੰਕ ਦੇ ਲੇਖ ਦੇ ਪ੍ਰਤੀਕਰਮ ਵਜੋਂ ਪੰਜਾਬ ਵਿੱਚ ਸਿੱਖਾਂ ਦੀ ਮਾਨਸਿਕਤਾ ਦਾ ਜ਼ਿਕਰ ਕੀਤਾ ਹੈ। ਕੋਈ ਸ਼ੱਕ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਹੀ ਸਿੱਖਾਂ ਦੀ ਪ੍ਰਤੀਨਿਧਤਾ ਕਰਦਾ ਆ ਰਿਹਾ ਹੈ। ਅਕਾਲੀ ਦਲ ਵੀ ਉਹ ਜਿਸ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਹੈ। ਬਾਕੀ ਸਾਰੇ ਅਕਾਲੀ ਦਲ ਕਿਸੇ ਨਾ ਕਿਸੇ ਕਾਰਨ ਵੱਖਰੀ ਸੁਰ ਕੱਢਦੇ ਹਨ। ਸਿੱਖ ਹੋਮਲੈਂਡ ਦੀ ਚੀਸ ਸਿੱਖਾਂ ਦੇ ਮਨਾਂ ਵਿੱਚ ਸੁਲਗ਼ਦੀ ਆ ਰਹੀ ਹੈ। ਕੇਂਦਰ ਨੇ ਕਦੇ ਵੀ ਸਿੱਖ ਮਾਨਸਿਕਤਾ ਨੂੰ ਸਮਝਣ ਦਾ ਯਤਨ ਨਹੀਂ ਕੀਤਾ ਸਗੋਂ ਉਨ੍ਹਾਂ ਦੇ ਧਾਰਮਿਕ ਮਸਲਿਆਂ ਵਿੱਚ ਬੇਲੋੜਾ ਦਖ਼ਲ ਦਿੱਤਾ ਹੈ। ਇਹ ਵਰਤਾਰਾ ਪੰਜਾਬੀ ਸਿੱਖਾਂ ਦੇ ਦਿਲ ਵਿੱਚ ਬੇਗਾਨਗੀ ਦੀ ਭਾਵਨਾ ਭਰਦਾ ਹੈ। ਸੰਨ ਚੁਰਾਸੀ ਵਾਲਾ ਘੱਲੂਘਾਰਾ ਦੁਨੀਆ ਵੇਖ ਚੁੱਕੀ ਹੈ। ਇਸ ਬਾਰੇ ਬਹੁਤ ਕੁਝ ਛਪ ਚੁੱਕਾ ਹੈ। ਅਕਾਲੀ ਦਲ ਵਿੱਚ ਗਰਮ ਸੁਰ ਵੀ ਇਸੇ ਕਰਕੇ ਤੇਜ਼ ਹੋ ਰਹੀ ਹੈ। ਇਸ ਦਾ ਹੱਲ ਪੰਜਾਬ ’ਚ ਪੈਦਾ ਕੀਤੇ ਮਸਲੇ ਸੁਲਝਾਉਣਾ ਹੈ।
ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ, ਫ਼ਾਜ਼ਿਲਕਾ
ਸਰਕਾਰ ਪਹਿਲ ਕਰੇ
ਅਰਵਿੰਦਰ ਜੌਹਲ ਦਾ ਲੇਖ ‘ਲੰਮੀ ਹੁੰਦੀ ਜਾ ਰਹੀ ਨਸ਼ਿਆਂ ਦੀ ਰਾਤ’ ਪੜ੍ਹਿਆ। ਇਸ ਲੇਖ ਵਿੱਚ ਉਨ੍ਹਾਂ ਨੇ ਲੰਘੇ ਲਗਭਗ ਇੱਕ ਮਹੀਨੇ ਵਿੱਚ ਨਸ਼ਿਆਂ ਕਾਰਨ ਹੋਈਆਂ ਮੌਤਾਂ ਬਾਰੇ ਵਿਸਤਾਰ ਨਾਲ ਲਿਖਿਆ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਨੇਤਾ ਮਿਲ ਬੈਠ ਕੇ ਇਸ ਦਾ ਹੱਲ ਲੱਭ ਸਕਦੇ ਹਨ। ਮੇਰੇ ਖ਼ਿਆਲ ਮੂਜਬ ਪਹਿਲ ਤਾਂ ਸਰਕਾਰ ਨੂੰ ਹੀ ਕਰਨੀ ਬਣਦੀ ਹੈ।
ਜੋਗਿੰਦਰ ਸਿੰਘ ਲੋਹਾਮ, ਮੋਗਾ