ਡਾਕ ਐਤਵਾਰ ਦੀ
ਇਕੱਲੇ ਬੰਦੇ ਦੀ ਤਾਕਤ
ਐਤਵਾਰ, 4 ਫਰਵਰੀ ਦੇ ਅੰਕ ਵਿੱਚ ‘ਸੋਚ ਸੰਗਤ’ ਪੰਨੇ ’ਤੇ ਛਪੇ ਜੂਲੀਓ ਰਬਿੈਰੋ ਦਾ ਲੇਖ ‘ਇਕੱਲੇ ਬੰਦੇ ਦੀ ਤਾਕਤ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਜੇਕਰ ਇਨਸਾਨ ਦ੍ਰਿੜ੍ਹ ਇਰਾਦਾ ਰੱਖਦਾ ਹੋਇਆ ਲਗਨ ਨਾਲ ਲਗਾਤਾਰ ਮਿਹਨਤ ਕਰੇ ਤਾਂ ਸਮਾਜ ਵਿੱਚ ਕੋਈ ਵੀ ਬਦਲਾਅ ਲਿਆਂਦਾ ਜਾ ਸਕਦਾ ਹੈ। ਇਸ ਦੀ ਮਿਸਾਲ ਮਾਧਵ ਸਾਠੇ ਦੇ ਰੂਪ ਵਿੱਚ ਸਾਡੇ ਕੋਲ ਮੌਜੂਦ ਹੈ। ਸਿੱਖਿਆ ਅਜਿਹਾ ਹਥਿਆਰ ਹੈ ਜਿਸ ਦੀ ਵਰਤੋਂ ਕਰਕੇ ਸਮਾਜ ਵਿੱਚ ਕੋਈ ਵੀ ਬਦਲਾਅ ਲਿਆਂਦਾ ਜਾ ਸਕਦਾ ਹੈ। ਮਾਧਵ ਸਾਠੇ ਇਸੇ ਹਥਿਆਰ ਦੀ ਵਰਤੋਂ ਕਰਦਿਆਂ ਪੱਛੜੇ ਵਰਗਾਂ ਦੇ ਬੱਚਿਆਂ ਨੂੰ ਕਿੱਤਾਮੁਖੀ ਕੋਰਸ ਕਰਵਾ ਕੇ ਬੇਰੁਜ਼ਗਾਰੀ ਦੀ ਦਲਦਲ ਵਿੱਚੋਂ ਕੱਢਣ ਲਈ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ। ਇਹ ਕੰਮ ਸਿਰਫ਼ ਇੱਕ ਵਿਅਕਤੀ ਦੁਆਰਾ ਕੀਤਾ ਜਾ ਰਿਹਾ ਹੈ ਜੋ ਸਮੇਂ ਦੀਆਂ ਸਰਕਾਰਾਂ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਅਤੇ ਬੱਚਿਆਂ ਦਾ ਹੱਕ ਹੈ। ਸਾਡੇ ਦੇਸ਼ ਵਿੱਚ ਬੇਰੁਜ਼ਗਾਰੀ ਅਤੇ ਸਿੱਖਿਆ ਦੇ ਪੱਧਰ ਵਿੱਚ ਦਿਨੋਂ ਦਿਨ ਆ ਰਹੇ ਨਿਘਾਰ ਦੇ ਦੌਰ ਵਿੱਚ ਮਾਧਵ ਸਾਠੇ ਦੁਆਰਾ ਵਿਦਿਆਰਥੀਆਂ ਨੂੰ ਪੜ੍ਹਾਉਣ ਅਤੇ ਰੁਜ਼ਗਾਰ ਦੇ ਕਾਬਲ ਬਣਾਉਣ ਲਈ ਕੀਤੀ ਜਾ ਰਹੀ ਸੇਵਾ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ। ਇਹ ਬਦਲਾਅ ਦੀ ਲਹਿਰ ਮਹਾਰਾਸ਼ਟਰ ਵਿੱਚ ਚੱਲੀ ਹੈ। ਸਾਨੂੰ ਸਾਰਿਆਂ ਨੂੰ ਵੀ ਇਕਜੁੱਟ ਹੋ ਕੇ ਆਪਣੇ ਆਪਣੇ ਪੱਧਰ ’ਤੇ ਗ਼ਰੀਬ ਅਤੇ ਪੱਛੜੇ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਉਨ੍ਹਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਇਹ ਬੱਚੇ ਵੀ ਦੇਸ਼ ਦੀ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਣ।
ਰਜਵਿੰਦਰ ਪਾਲ ਸ਼ਰਮਾ, ਈ-ਮੇਲ
ਧੀਆਂ ਦੀ ਘਟਦੀ ਗਿਣਤੀ
ਐਤਵਾਰ, 4 ਫਰਵਰੀ 2024 ਦੇ ‘ਦਸਤਕ’ ਅੰਕ ਵਿੱਚ ਕੰਵਲਜੀਤ ਕੌਰ ਗਿੱਲ ਦਾ ਲੇਖ ‘ਧੀਆਂ ਦੀ ਦਿਨ-ਬ-ਦਿਨ ਘਟਦੀ ਗਿਣਤੀ’ ਪੜ੍ਹਿਆ। ਲੇਖਕ ਨੇ ਇਸ ਅਤਿ ਸੰਵੇਦਨਸ਼ੀਲ ਮੁੱਦੇ ਦੇ ਸਮਾਜਿਕ ਪਿਛੋਕੜ, ਪਿੱਤਰਸੱਤਾ ਅਤੇ ਵਰਤਮਾਨ ਹਾਲਾਤ ਰਾਹੀਂ ਲਿੰਗ ਅਨੁਪਾਤ ਦੇ ਕਾਰਕਾਂ ਦੀ ਵਿਸਥਾਰ ਨਾਲ ਪੜਚੋਲ ਕੀਤੀ ਹੈ। ਇੱਥੇ ਸਾਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਸਾਡੇ ਅਨਪੜ੍ਹ ਅਤੇ ਰੂੜ੍ਹੀਵਾਦੀ ਲੋਕ ਔਲਾਦ ਪੈਦਾ ਹੋਣ ਨੂੰ ਰੱਬ ਦਾ ਹੁਕਮ ਮੰਨਦੇ ਹਨ, ਪਰ ਇਹ ਲੋਕ ਪੁੱਤਰ ਦੀ ਚਾਹਤ ਵਿੱਚ ਹੀ ਕਈ ਧੀਆਂ ਜੰਮਣ ਕਰਕੇ ਲਿੰਗ ਅਨੁਪਾਤ ਦੀ ਅਸਾਵੀਂ ਸਥਿਤੀ ਲਈ ਜ਼ਿੰਮੇਵਾਰ ਨਹੀਂ ਹਨ। ਪੁੱਤਰਾਂ ਦੀ ਚਾਹਤ ਕਰਕੇ ਹੀ ਸਹੀ, ਧੀਆਂ ਦੇ ਜਨਮ ਕਾਰਨ ਲਿੰਗ ਅਨੁਪਾਤ ਠੀਕ ਰਹਿੰਦਾ ਹੈ। ਇਸ ਅਣਸੁਖਾਵੇਂ ਵਰਤਾਰੇ ਲਈ ਉਹ ਲੋਕ ਜ਼ਿੰਮੇਵਾਰ ਹਨ ਜੋ ਭਾਵੇਂ ਪੁਰਾਤਨ ਸਮਿਆਂ ਵਿੱਚ ਧੀਆਂ ਨੂੰ ਜਨਮ ਲੈਂਦਿਆਂ ਮਾਰਨ ਵਾਲੇ ਹੋਣ ਜਾਂ ਅੱਜ ਦੇ ਆਧੁਨਿਕ ਯੁੱਗ ਦੇ ਪੜ੍ਹੇ-ਲਿਖੇ, ਸ਼ਹਿਰੀ ਜਾਂ ਵਿਕਸਿਤ ਦੇਸ਼ਾਂ ਵਿੱਚ ਆਧੁਨਿਕ ਮੈਡੀਕਲ ਸਾਇੰਸ ਨਾਲ ਲੈਸ ਜੋ ਬੱਚੇ ਦੇ ਜਨਮ ਨੂੰ ਕੁਦਰਤ ਦੀ ਦੇਣ ਸਮਝਣ ਦੀ ‘ਬੇਵਕੂਫ਼ੀ’ ਦੀ ਬਜਾਏ ਮਨੁੱਖ ਦੀ ‘ਸਮਝਦਾਰੀ’ ਨਾਲ ‘ਨਰ ਸੈੱਲਾਂ’ ਦੀ ਚੋਣ ਕਰਵਾ ਕੇ ਗਰਭਧਾਰਨ ਕਰਵਾਉਂਦੇ ਹਨ। ਅਜਿਹੇ ਭੂਗੋਲਿਕ ਖਿੱਤੇ ਜਾਂ ਸਮਾਜ ਵਿਚਲੇ ਕਿਸੇ ਖ਼ਾਸ ਵਰਗ ਵਿਸ਼ੇਸ਼ ਵਿੱਚ ਜਿੱਥੇ ਲਿੰਗ ਅਨੁਪਾਤ ਦੀ ਸਥਿਤੀ ਬਾਕੀਆਂ ਨਾਲੋਂ ਵਧੀਆ ਹੋਵੇ ਨਾਲ ਤੁਲਨਾਤਮਕ ਅਧਿਐਨ ਇਸ ਸਥਿਤੀ ਨੂੰ ਬਦਲਣ ਲਈ ਵਧੇਰੇ ਮਦਦਗਾਰ ਸਿੱਧ ਹੋ ਸਕਦਾ ਹੈ।
ਪ੍ਰੋ. ਨਵਜੋਤ ਸਿੰਘ, ਪਟਿਆਲਾ
ਮਾਸਟਰ ਤਾਰਾ ਸਿੰਘ ਬਾਰੇ ਮੁਲਾਂਕਣ
ਐਤਵਾਰ, 4 ਫਰਵਰੀ ਦੇ ‘ਦਸਤਕ’ ਅੰਕ ਵਿੱਚ ਹਰੀਸ਼ ਜੈਨ ਦਾ ਲੇਖ ‘ਨਹਿਰੂ, ਮਾਸਟਰ ਤਾਰਾ ਸਿੰਘ ਅਤੇ ਅਕਾਲੀ ਸਿਆਸਤ’ ਦੇਸ਼ ਆਜ਼ਾਦ ਹੋਣ ਤੋਂ ਬਾਅਦ ਕੇਂਦਰ ਅਤੇ ਅਕਾਲੀਆਂ ਵਿੱਚ ਹੋਈ ਸਿਆਸਤ ’ਤੇ ਚੰਗੀ ਝਾਤ ਪਵਾਉਂਦਾ ਹੈ। ਇਸ ਲੇਖ ਮੁਤਾਬਿਕ ਪ੍ਰਧਾਨ ਮੰਤਰੀ ਨਹਿਰੂ ਇਹ ਮੰਨਦੇ ਸਨ ਕਿ ‘ਮਾਸਟਰ ਤਾਰਾ ਸਿੰਘ ਧਰਮ ਅਤੇ ਸਿਆਸਤ ਨੂੰ ਰਲਗੱਡ ਕਰ ਲੈਂਦੇ ਹਨ, ਕਿਸੇ ਗੱਲ ’ਤੇ ਟਿਕਦੇ ਨਹੀਂ ਅਤੇ ਵਾਰ ਵਾਰ ਆਪਣਾ ਸਟੈਂਡ ਬਦਲ ਲੈਂਦੇ ਹਨ’। ਦੋਵਾਂ ਨੇਤਾਵਾਂ ਦੀਆਂ ਕਾਫ਼ੀ ਬਹਿਸਾਂ ਦੇ ਜ਼ਿਕਰ ਉਪਰੰਤ ਲੇਖ ਦੇ ਅੰਤ ’ਤੇ ਲਿਖਿਆ ਹੈ ਕਿ ‘ਮਾਸਟਰ ਤਾਰਾ ਸਿੰਘ ਸ਼੍ਰੋਮਣੀ ਕਮੇਟੀ ਦੇ ਉਸ ਸਮੇਂ ਪ੍ਰਧਾਨ ਨਾ ਹੁੰਦਿਆਂ ਵੀ ਕੇਂਦਰੀ ਸਰਕਾਰ ਨਾਲ ਕਾਰ ਵਿਹਾਰ ਵਿੱਚ ਕਿਵੇਂ ਵੀ ਨੀਵੇਂ ਨਹੀਂ ਪਏ। ਇਹ ਉਨ੍ਹਾਂ ਦੀ ਲੋਕ ਮਾਨਤਾ ਸੀ’। ਕਿਸੇ ਵੀ ਸਮੇਂ ਦੀ ਵਕਤੀ ਸਿਆਸਤ ਨੂੰ ਉਸ ਦੇ ਪਿਛੋਕੜ ਨਾਲੋਂ ਅੱਡ ਕਰਕੇ ਸਹੀ ਮੁਲਾਂਕਣ ਨਹੀਂ ਕੀਤਾ ਜਾ ਸਕਦਾ। ਸਿੱਖ ਸਿਆਸਤ ਦੇ ਮੰਨੇ-ਪ੍ਰਮੰਨੇ ਵਿਦਵਾਨ ਮਰਹੂਮ ਸਿਰਦਾਰ ਕਪੂਰ ਸਿੰਘ ਆਈਸੀਐੱਸ ਤੋਂ ਵੱਧ ਮਾਸਟਰ ਤਾਰਾ ਸਿੰਘ ਅਤੇ ਨਹਿਰੂ ਦੇ ਵਿਚਕਾਰ ਸਿਆਸਤ ਅਤੇ ਸਬੰਧਾਂ ਬਾਰੇ ਸ਼ਾਇਦ ਹੀ ਕੋਈ ਜਾਣਦਾ ਹੋਵੇ। ਉਨ੍ਹਾਂ ਦੀ ਕ੍ਰਿਤ ‘ਸੱਚੀ ਸਾਖੀ’ ਵਿੱਚ ਇਨ੍ਹਾਂ ਬਾਰੇ ਉਲੇਖ ਦੇ ਮੱਦੇਨਜ਼ਰ ਇਹ ਕਿਹਾ ਜਾ ਸਕਦਾ ਹੈ ਕਿ ਨਹਿਰੂ ਜੀ ਨੇ ਮਾਸਟਰ ਜੀ ਦਾ ਮੁਲਾਂਕਣ ਸਹੀ ਕੀਤਾ ਸੀ ਅਤੇ ਉਹ ਮਾਸਟਰ ਜੀ ਨੂੰ ਕਦੇ ਵੀ ‘ਸਿੱਖ ਸਮਾਜ’ ਦੀਆਂ ਨਜ਼ਰਾਂ ਵਿੱਚ ਗਿਰਨ ਨਹੀਂ ਦਿੰਦੇ ਸਨ ਅਤੇ ਇਹੋ ਅਸਲੀ ਸਿਆਸਤ ਸੀ।
ਜਗਰੂਪ ਸਿੰਘ, ਲੁਧਿਆਣਾ
ਸੁਚਾਰੂ ਸੋਚ
ਐਤਵਾਰ, 4 ਫਰਵਰੀ ਦੇ ਸੋਚ ਸੰਗਤ ਪੰਨੇ ’ਤੇ ਅਰਵਿੰਦਰ ਜੌਹਲ ਨੇ ਆਪਣੇ ਲੇਖ ‘ਦਿਨ-ਬ-ਦਿਨ ਮਨਫ਼ੀ ਹੁੰਦੀ ਨੈਤਿਕਤਾ’ ਵਿੱਚ ਨਿੱਠ ਕੇ ਸੁਚਾਰੂ ਸੋਚ ਨੂੰ ਪ੍ਰਗਟਾਈ ਹੈ। ਉਨ੍ਹਾਂ ਨੇ ਸਿਆਸਤ ਦੇ ਕਲਾਬਾਜ਼ੀਆਂ ਵਾਲੇ ਚਲਨ ਨੂੰ ਪਾਠਕਾਂ ਦੇ ਸਨਮੁੱਖ ਬੜੀ ਬੇਬਾਕੀ ਨਾਲ ਪੇਸ਼ ਕੀਤਾ ਹੈ। ਇਸ ਤਰ੍ਹਾਂ ਕਾਨੂੰਨ, ਸੱਤਾ, ਤਾਕਤ ਅਤੇ ਸਿਆਸੀ-ਸ਼ਰਾਰਤੀ ਤੱਤਾਂ ਦੀ ਮਾਨਸਿਕਤਾ ਵੀ ਸਾਹਿਤਕ ਮੱਸ ਵਿੱਚ ਉਜਾਗਰ ਕਰ ਦਿਖਾਈ ਹੈ। ਅਜਿਹੀ ਕਲਾਬਾਜ਼ੀ ਵਿਚਾਰਨਯੋਗ ਮਸਲਾ ਹੈ। ਇਸ ਦੇ ਨਾਲ ਹੀ ‘ਦਸਤਕ’ ਅੰਕ ਵਿੱਚ ਹਰੀਸ਼ ਜੈਨ ਨੇ ਆਪਣੇ ਲੇਖ ‘ਨਹਿਰੂ, ਮਾਸਟਰ ਤਾਰਾ ਸਿੰਘ ਅਤੇ ਅਕਾਲੀ ਸਿਆਸਤ’ ਵਿੱਚ ਲਾਹੇਵੰਦ ਜਾਣਕਾਰੀ ਇਕੱਤਰ ਕਰ ਕੇ ਸ਼ਲਾਘਾਯੋਗ ਕੰਮ ਕਰ ਦਿਖਾਇਆ ਹੈ। ਉਨ੍ਹਾਂ ਨੇ ਅੱਜ ਦੇ ਸਿਆਸੀ ਗਲਿਆਰਿਆਂ ਵਿੱਚ ਸੰਵਿਧਾਨ ਦੀ ਆਵਾਜ਼, ਸੂਰਤ ਅਤੇ ਸੀਰਤ ਸਮੇਤ ਸਿਆਸਤ ਦੀਆਂ ਵਹਿ ਰਹੀਆਂ ਨਵੀਆਂ ਲਹਿਰਾਂ ਨੂੰ ਆਮ ਲੋਕਾਂ ਦੇ ਹੱਕ ਵਿੱਚ ਭੁਗਤਾਉਣ ਲਈ ਸਿਆਸਤਦਾਨਾਂ ਦੀ ਸੋਚ ਨੂੰ ਸੁਚਾਰੂ ਬਣਾਉਣ ਦਾ ਰਾਹ ਵੀ ਸੁਝਾਇਆ ਹੈ।
ਡਾ. ਪੰਨਾ ਲਾਲ ਮੁਸਤਫ਼ਾਬਾਦੀ, ਚੰਡੀਗੜ੍ਹ
ਗੰਭੀਰ ਜਾਣਕਾਰੀ ਅਤੇ ਵਿਸ਼ਲੇਸ਼ਣ
ਐਤਵਾਰ, 28 ਜਨਵਰੀ ਦੇ ‘ਦਸਤਕ’ ਅੰਕ ਵਿੱਚ ਮਨਮੋਹਨ ਦਾ ਲੇਖ ‘ਪੰਜਾਬੀ ਬਾਰੇ ਭਵਿੱਖਮੁਖੀ ਦ੍ਰਿਸ਼ਟੀਕੋਣ’ ਪੰਜਾਬੀ ਬੋਲੀ ਬਾਰੇ ਅੱਜ ਤੋਂ ਪਹਿਲਾਂ ਅਤੇ ਭਵਿੱਖ ਸਬੰਧੀ ਗਹਿਰ ਗੰਭੀਰ ਜਾਣਕਾਰੀ ਤੇ ਵਿਸ਼ਲੇਸ਼ਣ ਵਾਲਾ ਹੈ। ਲੇਖਕ ਨੇ ਪੰਜਾਬੀ ਬੋਲੀ ਦੇ ਵਿਕਾਸ ਲਈ ਨਿੱਗਰ ਸੁਝਾਅ ਦਿੱਤੇ ਹਨ। ਯਕੀਨਨ ਜਦੋਂ ਤੱਕ ਪੰਜਾਬੀ ਬੋਲੀ ਰੁਜ਼ਗਾਰ, ਗਿਆਨ ਵਿਗਿਆਨ ਅਤੇ ਚਿੰਤਨ ਦੀ ਭਾਸ਼ਾ ਨਹੀਂ ਬਣਦੀ ਅਤੇ ਪੰਜਾਬ ਸਰਕਾਰ ਤੇ ਸਮੂਹ ਪੰਜਾਬੀ ਭਾਈਚਾਰਾ ਇਸ ਦਿਸ਼ਾ ਵਿੱਚ ਮਿੱਥ ਕੇ ਸੁਹਿਰਦ ਯਤਨ ਨਹੀਂ ਕਰਦੇ, ਉਦੋਂ ਤੱਕ ਸਾਡੀ ਮਾਂ ਬੋਲੀ ਦਾ ਵਿਕਾਸ ਸੰਭਵ ਨਹੀਂ।
ਪਰਮਿੰਦਰ ਸਿੰਘ ਗਿੱਲ, ਮੁਹਾਲੀ
ਕੁਝ ਵੀ ਨਵਾਂ ਨਹੀਂ
ਐਤਵਾਰ, 21 ਜਨਵਰੀ 2024 ਨੂੰ ‘ਪੰਜਾਬੀ ਟ੍ਰਿਬਿਊਨ’ ਦੇ ‘ਦਸਤਕ’ ਅੰਕ ਵਿੱਚ ‘ਸੁਭਾਸ਼ ਚੰਦਰ ਬੋਸ: ਜੀਵਨ ਅਤੇ ਵਿਚਾਰਧਾਰਾ’ ਸਿਰਲੇਖ ਹੇਠ ਲੇਖ ਪੜ੍ਹਿਆ। ਇਸ ਲੇਖ ਵਿੱਚ ਕੁਝ ਵੀ ਨਵਾਂ ਨਹੀਂ ਹੈ ਅਤੇ ਪ੍ਰਕਾਸ਼ਿਤ ਕੀਤੀ ਗਈ ਸਾਰੀ ਜਾਣਕਾਰੀ ਹੁਣ ਜਨਤਕ ਹੈ। ਇਸ ਨੂੰ ਵਧੇਰੇ ਦਿਲਚਸਪ ਬਣਾਉਣ ਲਈ ਲੇਖਕ ਨੂੰ ਨੇਤਾ ਜੀ ਦੀਆਂ ਮੂਲ ਕਦਰਾਂ-ਕੀਮਤਾਂ ਬਾਰੇ ਲਿਖਣਾ ਚਾਹੀਦਾ ਸੀ ਜੋ ਉਨ੍ਹਾਂ ਨੂੰ ਸਾਰੇ ਇਨਕਲਾਬੀਆਂ ਵਿੱਚੋਂ ਵਿਲੱਖਣ ਬਣਾਉਂਦੀਆਂ ਸਨ। ਇਹ ਜਾਣਕਾਰੀ ਵੀ ਦੇਣੀ ਚਾਹੀਦੀ ਸੀ ਕਿ ਉਨ੍ਹਾਂ ਦੀ ਬਣਾਈ ਆਜ਼ਾਦ ਹਿੰਦ ਫ਼ੌਜ ਨੇ ਕਿਹੜੀਆਂ ਜੰਗਾਂ ਲੜੀਆਂ ਅਤੇ ਕਿਹੋ ਜਿਹੀਆਂ ਔਕੜਾਂ ਤੇ ਮੁਸੀਬਤਾਂ ਦਾ ਸਾਹਮਣਾ ਕੀਤਾ। ਆਜ਼ਾਦ ਹਿੰਦ ਫ਼ੌਜ ਵਿੱਚ ਸੇਵਾ ਨਿਭਾ ਚੁੱਕੇ ਕਿਸੇ ਸਾਬਕਾ ਸੈਨਿਕ ਦੀ ਇੰਟਰਵਿਊ ਪੇਸ਼ ਕੀਤੀ ਜਾਂਦੀ ਤਾਂ ਬਿਹਤਰ ਹੋਣਾ ਸੀ। ਦੇਸ਼ ਵਾਸੀਆਂ ਨੇ ਆਜ਼ਾਦ ਹਿੰਦ ਫ਼ੌਜ ਦੇ ਯੋਗਦਾਨ ਨੂੰ ਭੁਲਾ ਦਿੱਤਾ ਜਾਪਦਾ ਹੈ।
ਪ੍ਰਭਜੋਤ ਸਿੰਘ, ਈ-ਮੇਲ