For the best experience, open
https://m.punjabitribuneonline.com
on your mobile browser.
Advertisement

ਡਾਕ ਐਤਵਾਰ ਦੀ

07:53 AM Jan 28, 2024 IST
ਡਾਕ ਐਤਵਾਰ ਦੀ
Advertisement

ਪੰਜਾਬੀ ਸਮਾਜ ਨੂੰ ਸੱਟ

ਐਤਵਾਰ, 21 ਜਨਵਰੀ 2024 ਨੂੰ ‘ਦਸਤਕ’ ਅੰਕ ਵਿੱਚ ਲੇਖ ‘ਮੋਟਰ ਮਿੱਤਰਾਂ ਦੀ’ ਪੜ੍ਹ ਕੇ ਮਨ ਬਹੁਤ ਉਦਾਸ ਹੋਇਆ। ਲੇਖਕ ਚਰਨਜੀਤ ਭੁੱਲਰ ਨੇ ਸਾਧਨਾਂ ਦਾ ਸਫ਼ਰ ਹੇਠ ਪੰਜਾਬ ਦੇ ਮੌਜੂਦਾ ਆਰਥਿਕ ਅਤੇ ਸਮਾਜਿਕ ਮਸਲਿਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਇਹ ਰਚਨਾ ਬੁਲਟ, ਥਾਰ, ਬੀਐਮਡਬਲਿਊ, ਪਜੈਰੋ, ਟਰੈਕਟਰ ਆਦਿ ਮਹਿੰਗੇ ਸਾਧਨਾਂ ਦੀ ਜੰਗੀ ਪੱਧਰ ’ਤੇ ਖਰੀਦੋ-ਫਰੋਖਤ ਅਤੇ ਪੰਜਾਬੀਆਂ ਦੀ ਮਾਨਸਿਕਤਾ ਨੂੰ ਦਰਸਾਉਂਦੀ ਹੈ। ਇੰਨੀ ਅੰਨ੍ਹੇਵਾਹ ਖਰੀਦੀ ਗਈ ਮਸ਼ੀਨਰੀ ਦੀ ਹਰ ਕਿਸੇ ਨੂੰ ਲੋੜ ਨਹੀਂ ਹੁੰਦੀ। ਪਿਛਲੇ ਕੁਝ ਸਾਲਾਂ ਤੋਂ ਵੀਆਈਪੀ ਨੰਬਰਾਂ ਅਤੇ ਹਥਿਆਰਾਂ ਦੇ ‘ਸ਼ੌਕ’ ਪੁਗਾਏ ਜਾ ਰਹੇ ਹਨ। ਇਹ ਸਿੱਕੇ ਦੇ ਇੱਕ ਪਹਿਲੂ ਅਤੇ ਪੰਜਾਬ ਦੇ ਗਿਣੇ-ਚੁਣੇ ਲੋਕਾਂ ਦੇ ਸ਼ੌਕ ਨੂੰ ਦਰਸਾਉਂਦਾ ਹੈ। ਬਹੁਤੇ ਲੋਕਾਂ ਨੂੰ ਨਿੱਤ ਦੀ ਰੋਟੀ ਦੇ ਲਾਲੇ ਪਏ ਹੋਏ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀ ਨੌਜਵਾਨ ਅਤੇ ਉਨ੍ਹਾਂ ਦੇ ਪਰਿਵਾਰ ਨਸ਼ਿਆਂ ਦੀ ਮਾਰ ਹੇਠ ਹਨ। ਉਹ ਦਿਨ ਰਾਤ ਇਸ ਤੋਂ ਖਹਿੜਾ ਛੁਡਾਉਣ ਲਈ ਪੱਬਾਂ ਭਾਰ ਹਨ। ਪੜ੍ਹਾਈ ਦਾ ਪੱਧਰ ਨਿੱਤ ਡਿੱਗ ਰਿਹਾ ਹੈ। ਬੇਰੁਜ਼ਗਾਰੀ ਘਰਾਂ ਦੇ ਬਨੇਰਿਆਂ ’ਤੇ ਚੜ੍ਹ ਕੇ ਕੀਰਨੇ ਪਾਉਂਦੀ ਨਜ਼ਰ ਆ ਰਹੀ ਹੈ। ਨੌਜਵਾਨ ਪੀੜ੍ਹੀ ਆਪਣੀਆਂ ਜ਼ਮੀਨਾਂ ਅਤੇ ਗਹਿਣਾ ਗੱਟਾ ਵੇਚ ਕੇ ਵਿਦੇਸ਼ਾਂ ਵੱਲ ਭੱਜ ਰਹੀ ਹੈ। ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ ਅਤੇ ਸਨਅਤਾਂ ਇਸ ਨੂੰ ਲਗਾਤਾਰ ਦੂਸ਼ਿਤ ਕਰ ਰਹੀਆਂ ਹਨ। ਵਿਕਾਸ ਦੇ ਨਾਂ ’ਤੇ ਸਰਕਾਰ ਇੱਕ ਪਾਸੇ ਚੰਨ ਅਤੇ ਸੂਰਜ ’ਤੇ ਅਰਬਾਂ ਖਰਬਾਂ ਪੈਸੇ ਖਰਚ ਕਰ ਕੇ ਝੰਡੇ ਗੱਡ ਰਹੀ ਹੈ ਅਤੇ ਦੂਜੇ ਪਾਸੇ ਧਰਤੀ ਦੇ ਵਾਤਾਵਰਨ ਸੰਤੁਲਨ ਨੂੰ ਛਿੱਕੇ ਟੰਗ ਰਹੀ ਹੈ। ਆਪਸੀ ਭਾਈਚਾਰੇ ਵਾਲੀ ਸਾਂਝ ਅਤੇ ਬੋਹੜ ਵਾਲੀ ਛਾਂ ਤਕਰੀਬਨ ਅਖੀਰਲੇ ਸਾਹ ਲੈ ਰਹੀ ਹੈ। ਸੋਸ਼ਲ ਮੀਡੀਆ, ਗੂਗਲ ਅਤੇ ਮੋਬਾਈਲ ਕਲਚਰ ਨੇ ਕੁਦਰਤ ਦਾ ਹਜ਼ਾਰਾਂ ਸਾਲਾਂ ਤੋਂ ਨਿੱਘ ਮਾਣ ਰਹੇ ਸਮਾਜ ਨੂੰ ਡੂੰਘੀ ਸੱਟ ਮਾਰੀ ਹੈ। ਕਿਰਤ ਕਰਨ, ਨਾਮ ਜਪਣ, ਵੰਡ ਛਕਣ ਦੇ ਫਲਸਫ਼ੇ ਅਤੇ ਪੀਰਾਂ ਫਕੀਰਾਂ ਦੀ ਧਰਤੀ ਵਾਲਾ ਪੰਜਾਬ ਪਤਾ ਨਹੀਂ ਕਿਹੜੇ ਕੁਰਾਹੇ ਪੈ ਗਿਆ ਹੈ?

Advertisement

ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)

Advertisement


ਤਜਰਬਾ ਖਰੀਦਿਆ ਨਹੀਂ ਜਾ ਸਕਦਾ

ਐਤਵਾਰ, 21 ਜਨਵਰੀ 2024 ਦੇ ਅੰਕ ਵਿੱਚ ‘ਪੰਜਾਬੀ ਟ੍ਰਿਬਿਊਨ ਨਾਲ ਤੁਰਦਿਆਂ’ ਨਵੇਂ ਸੰਪਾਦਕ ਅਰਵਿੰਦਰ ਜੌਹਲ ਹੋਰਾਂ ਦਾ ਪਹਿਲਾ ਸੰਪਾਦਕੀ ਲੇਖ ਹੈ। ਇਨ੍ਹਾਂ ਸ਼ਬਦਾਂ ਨੇ ਮੇਰੇ ਜਿਹੇ ਹਜ਼ਾਰਾਂ ਇਨਸਾਨਾਂ ਨੂੰ ਊਰਜਾ ਦੇਣ ਦਾ ਯਤਨ ਕੀਤਾ ਹੈ ਜੋ ਨਿਸੁਆਰਥ ਆਪਣੇ ਕੰਮ ਉੱਤੇ ਧਿਆਨ ਕੇਂਦਰਿਤ ਕਰ ਕੇ ਜੀਵਨ ਵਿੱਚ ਅੱਗੇ ਵਧ ਰਹੇ ਹਨ। ਼ਇਨਸਾਨ ਦੀ ਮਿਹਨਤ ਦਾ ਮੁੱਲ ਜ਼ਰੂਰ ਪੈਂਦਾ ਹੈ। ‘ਤਜਰਬਾ’ ਹਰ ਇਨਸਾਨ ਲਈ ਐਸੀ ਦੌਲਤ ਹੁੰਦੀ ਹੈ ਜੋ ਖਰੀਦੀ ਨਹੀਂ ਜਾ ਸਕਦੀ।
ਜੀਤ ਹਰਜੀਤ, ਸੰਗਰੂਰ


ਬਜ਼ੁਰਗਾਂ ਦੀ ਦੇਖਭਾਲ

ਐਤਵਾਰ, 7 ਜਨਵਰੀ ਦੇ ਅੰਕ ਵਿੱਚ ਕੰਵਲਜੀਤ ਕੌਰ ਗਿੱਲ ਦੇ ਛਪੇ ਲੇਖ ‘ਬਿਰਧ ਆਸ਼ਰਮਾਂ ਦੀ ਅਹਿਮੀਅਤ’ ਵਿੱਚ ਲੇਖਿਕਾ ਨੇ ਅਜੋਕੇ ਸਮੇਂ ਵਿੱਚ ਬਿਰਧਘਰਾਂ ਦੀ ਹਾਲਤ ਅਤੇ ਬਿਰਧਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਨੂੰ ਬਾਖ਼ੂਬੀ ਚਿਤਰਿਆ ਹੈ। ਲੇਖ ਪੜ੍ਹ ਕੇ ਪਤਾ ਲੱਗਦਾ ਹੈ ਕਿ ਪੀੜ੍ਹੀਆਂ ਦੇ ਪਾੜੇ ਨੇ ਬਿਰਧਾਂ ਦੀ ਹਾਲਤ ਨੂੰ ਤਰਸਯੋਗ ਬਣਾ ਦਿੱਤਾ ਹੈ। ਅਜੋਕੀ ਨੌਜਵਾਨ ਪੀੜ੍ਹੀ ਦੁਨਿਆਵੀ ਜੀਵਨ ਦੇ ਤਾਣੇ-ਬਾਣੇ ਵਿੱਚ ਇਸ ਪ੍ਰਕਾਰ ਉਲਝ ਚੁੱਕੀ ਹੈ ਕਿ ਉਨ੍ਹਾਂ ਕੋਲ ਬਜ਼ੁਰਗਾਂ ਨਾਲ ਗੱਲਬਾਤ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਦਾ ਬਿਲਕੁਲ ਹੀ ਸਮਾਂ ਨਹੀਂ। ਜਿਹੜੇ ਬਿਰਧ ਆਪਣੇ ਬੱਚਿਆਂ ਦੇ ਪਿਆਰ ਤੋਂ ਦੂਰ ਹੋ ਕੇ ਉਦਰੇਵਾਂ ਲੈ ਕੇ ਬਿਰਧਘਰਾਂ ਵਿੱਚ ਪਹੁੰਚ ਜਾਂਦੇ ਹਨ ਉੱਥੇ ਵੀ ਉਨ੍ਹਾਂ ਦੀ ਜ਼ਿੰਦਗੀ ਕੋਈ ਬਹੁਤੀ ਤਸੱਲੀਬਖ਼ਸ਼ ਨਹੀਂ ਹੁੰਦੀ। ਘੱਟ ਸਿੱਖਿਅਤ ਕਾਮਿਆਂ ਦਾ ਬਿਰਧਆਸ਼ਰਮ ਵਿੱਚ ਕੰਮ ਕਰਨਾ ਬਿਰਧਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਦਿੰਦਾ ਹੈ। ਬਜ਼ੁਰਗੀ ਮਨੁੱਖੀ ਜ਼ਿੰਦਗੀ ਦਾ ਅਜਿਹਾ ਪੜਾਅ ਹੈ ਜੋ ਹਰੇਕ ਵਿਅਕਤੀ ਦੀ ਜ਼ਿੰਦਗੀ ਵਿੱਚ ਆਉਣਾ ਹੈ। ਦੇਰ ਸਵੇਰ ਅਸੀਂ ਸਾਰਿਆਂ ਨੇ ਬਿਰਧ ਅਵਸਥਾ ਦੀਆਂ ਮੁਸ਼ਕਿਲਾਂ ਨਾਲ ਜੂਝਣਾ ਹੈ। ਜਿਨ੍ਹਾਂ ਮਾਪਿਆਂ ਨੇ ਮੁਸ਼ਕਿਲਾਂ ਸਹਿ ਕੇ ਵੀ ਸਾਨੂੰ ਪੜ੍ਹਾਇਆ ਲਿਖਾਇਆ, ਸਾਡੀਆਂ ਇੱਛਾਵਾਂ ਪੂਰਤੀਆਂ ਕੀਤੀਆਂ; ਹੁਣ ਸਾਨੂੰ ਉਨ੍ਹਾਂ ਦੀ ਸਾਂਭ ਸੰਭਾਲ ਦਾ ਵੀ ਬੀੜਾ ਉਠਾਉਣਾ ਚਾਹੀਦਾ ਹੈ। ਜਿਹੋ ਜਿਹਾ ਵਿਹਾਰ ਅਸੀਂ ਆਪਣੇ ਬਿਰਧ ਮਾਪਿਆਂ ਨਾਲ ਕਰਾਂਗੇ ਉਹੋ ਜਿਹਾ ਹੀ ਸਾਡੇ ਨਾਲ ਹੋਵੇਗਾ। ਸਾਨੂੰ ਸਾਰਿਆਂ ਨੂੰ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਅੱਗੇ ਆਉਣਾ ਚਾਹੀਦਾ ਹੈ। ਇਹ ਬਿਰਧਾਂ ’ਤੇ ਕੋਈ ਅਹਿਸਾਨ ਨਹੀਂ ਸਗੋਂ ਸਾਡੀ ਨੈਤਿਕ ਜ਼ਿੰਮੇਵਾਰੀ ਹੈ।
ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)


(2)

ਐਤਵਾਰ, 7 ਜਨਵਰੀ 2024 ਦੇ ‘ਦਸਤਕ’ ਅੰਕ ਵਿੱਚ ਕੰਵਲਜੀਤ ਕੌਰ ਗਿੱਲ ਦਾ ਲੇਖ ‘ਬਿਰਧ ਆਸ਼ਰਮਾਂ ਦੀ ਅਹਿਮੀਅਤ’ ਪੜ੍ਹਦਿਆਂ ਮੇਰੇ ਵਾਂਗੂੰ ਸ਼ਾਇਦ ਹਰ ਪਾਠਕ ਹੀ ਸੋਚਦਾ ਹੋਵੇਗਾ ਕਿ ਕਿਸੇ ਵੀ ਬਜ਼ੁਰਗ ਦਾ ਆਪਣੇ ਹੱਥੀਂ ਬਣਾਏ ਹੱਸਦੇ-ਵੱਸਦੇ ਘਰ ਨੂੰ ਛੱਡ ਕੇ ਬਿਰਧ ਆਸ਼ਰਮ ਵਿੱਚ ਜਾਣ ਨੂੰ ਜੀਅ ਨਹੀਂ ਕਰਦਾ, ਪਰ ਫਿਰ ਵੀ ਜਿਹੜੇ ਨੌਜਵਾਨ ਕਿਸੇ ਵੀ ਮਜ਼ਬੂਰੀਵੱਸ ਬਜ਼ੁਰਗਾਂ ਨੂੰ ਆਪਣੇ ’ਤੇ ਬੋਝ ਸਮਝਦਿਆਂ ਬਿਰਧ ਆਸ਼ਰਮਾਂ ਵਿੱਚ ਛੱਡ ਆਉਂਦੇ ਨੇ... ਉਨ੍ਹਾਂ ਦੀ ਇਸ ਕਰਤੂਤ ਨੂੰ ਉਨ੍ਹਾਂ ਦੇ ਬੱਚੇ ਵੀ ਵੇਖ ਰਹੇ ਹੁੰਦੇ ਨੇ। ਜੇ ਵੱਡੇ ਹੋ ਕੇ ਉਹ ਉਨ੍ਹਾਂ ਨੂੰ ਬੁੱਢੇ ਹੋਇਆਂ ਨੂੰ ਬਿਰਧ ਆਸ਼ਰਮ ਛੱਡ ਆਏ ਤਾਂ ਕੀ ਹੋਵੇਗਾ...?
ਬਜ਼ੁਰਗਾਂ ਨੂੰ ਬਿਰਧ ਆਸ਼ਰਮਾਂ ਵਿੱਚ ਛੱਡਣ ਦਾ ਰੁਝਾਨ ਬਹੁਤ ਮਾੜਾ ਹੈ। ਬਜ਼ੁਰਗਾਂ ਨੂੰ ਘਰ ਵਿੱਚ ਹੀ ਬਣਦਾ ਇੱਜ਼ਤ-ਮਾਣ-ਸਤਿਕਾਰ ਦਿਓ।
ਅਮਰਜੀਤ ਮੱਟੂ, ਭਰੂਰ (ਸੰਗਰੂਰ)

Advertisement
Author Image

sukhwinder singh

View all posts

Advertisement