ਡਾਕ ਐਤਵਾਰ ਦੀ
ਅਦਬੀ ਸ਼ਖ਼ਸੀਅਤ
ਐਤਵਾਰ, 14 ਜਨਵਰੀ 2024 ਦੇ ‘ਦਸਤਕ’ ਅੰਕ ਵਿੱਚ ਰਿਪੁਦਮਨ ਸਿੰਘ ਰੂਪ ਨੇ ਸਿਰਮੌਰ ਕਹਾਣੀਕਾਰ, ਨਾਵਲਕਾਰ ਤੇ ਪ੍ਰਸਿੱਧ ਪੱਤਰਕਾਰ ਗੁਰਬਚਨ ਸਿੰਘ ਭੁੱਲਰ ਦੀ ਸਾਹਿਤਕ ਸ਼ਖ਼ਸੀਅਤ ਦਾ ਜ਼ਿਕਰ ਬਹੁਤ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਕੀਤਾ ਹੈ। ਗੁਰਬਚਨ ਸਿੰਘ ਭੁੱਲਰ ਦਾ ਸਾਹਿਤ ਤੇ ਪੱਤਰਕਾਰੀ ਵਿੱਚ ਬੇਮਿਸਾਲ ਕੰਮ ਹੈ। ਰੇਖਾਚਿੱਤਰਾਂ ਵਿੱਚ ਭੁੱਲਰ ਹੋਰਾਂ ਨੇ ਝੰਡੇ ਗੰਡੇ ਹਨ। ਉਹ ਨਿੱਘ ਤੇ ਮਿਠਾਸ ਵਾਲਾ ਅਦੀਬ ਹੈ। ਉਸ ਦੀ ਆਪਣੇ ਪਾਠਕਾਂ ਨਾਲ ਸਾਂਝ ਹੈ। ਉਹ ਲਿਖਤਾਂ ਵਿੱਚ ਵੀ ਮੁਹੱਬਤ ਵੰਡਦਾ ਹੈ। ਉਸ ਦੇ ਪਾਠਕਾਂ ਦੀ ਵੱਡੀ ਗਿਣਤੀ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਹੁੰਦਿਆਂ ਵੇਲੇ ਤੋਂ ਜੁੜੀ ਹੋਈ ਹੈ। ਉਹ ਸਾਰੇ ਪੰਜਾਬੀਆਂ ਦਾ ਆਪਣਾ ਹੈ। ਉਹ ਟਿੱਬਿਆਂ ਤੋਂ ਉੱਠ ਕੇ ਸਾਹਿਤ ਨਾਲ ਜੁੜ ਕੇ ਪੂਰੇ ਵਿਸ਼ਵ ਦੀ ਪੰਜਾਬੀਅਤ ਦਾ ਝੰਡਾਬਰਦਾਰ ਬਣਿਆ ਹੈ। ਹੁਣ ਉਹ ਜਲਦੀ ਜਲਦੀ ਕਿਤਾਬਾਂ ਲਿਖ ਰਿਹਾ ਹੈ। ਉਸ ਦੇ ਰਚੇ ਸਾਹਿਤ ’ਤੇ ਖੋਜਾਰਥੀ ਖੋਜਾਂ ਵੀ ਕਰ ਰਹੇ ਹਨ। ਇਸੇ ਅੰਕ ਵਿੱਚ ਗ਼ਜ਼ਲਗੋ ਤ੍ਰੈਲੋਚਨ ਲੋਚੀ ਨੇ ਸ਼ਬਦਾਂ ਦੀ ਸਾਂਝ ਦੀ ਗੱਲ ਕੀਤੀ ਹੈ। ਗ਼ੌਰਤਲਬ ਹੈ ਕਿ ਲੋਚੀ ਸ਼ਬਦਾਂ ਦਾ ਵਣਜਾਰਾ ਹੈ, ਮਕਬੂਲ ਸ਼ਾਇਰ ਹੈ।
ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ, ਫ਼ਾਜ਼ਿਲਕਾ
ਰਾਏਕੋਟ ਦਾ ਪੜਾਅ
ਐਤਵਾਰ, 14 ਜਨਵਰੀ ਦੇ ‘ਦਸਤਕ’ ਅੰਕ ਵਿੱਚ ਗੁਰਸੇਵਕ ਸਿੰਘ ਪ੍ਰੀਤ ਦਾ ਲੇਖ ‘ਧਾਰਮਿਕ ਤੇ ਵਿਰਾਸਤੀ ਦਿੱਖ ਨੂੰ ਸੰਜੋਈ ਬੈਠਾ ਮੇਲਾ ਮਾਘੀ’ ਪੜ੍ਹਿਆ, ਵਧੀਆ ਲੱਗਿਆ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਲਮਗੀਰ ਤੋਂ ਬਾਅਦ ਰਾਏਕੋਟ (ਲੁਧਿਆਣਾ) ਪੁੱਜੇ ਸਨ ਅਤੇ ਉੱਥੇ ਉਨ੍ਹਾਂ ਦਾ ਮਿਲਾਪ ਰਾਏਕੋਟ ਦੇ ਇੱਕ ਹਮਦਰਦ ਮੁਸਲਮਾਨ ਚੌਧਰੀ ਰਾਏ ਕਲ੍ਹਾ ਨਾਲ ਹੋਇਆ ਸੀ। ਗੁਰੂ ਸਾਹਿਬ ਦੇ ਕਹਿਣ ’ਤੇ ਰਾਏ ਕਲ੍ਹਾ ਨੇ ਆਪਣਾ ਚਾਕਰ ‘ਨੂਰਾ ਮਾਹੀ’ ਇਹ ਪਤਾ ਕਰਨ ਲਈ ਸਰਹਿੰਦ ਭੇਜਿਆ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨਾਲ ਕੀ ਭਾਣਾ ਵਰਤਿਆ ਸੀ। ਨੂਰੇ ਮਾਹੀ ਨੇ ਸਰਹਿੰਦ ਤੋਂ ਦੋਵੇਂ ਛੋਟੇ (ਬਾਬੇ) ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦ ਹੋ ਜਾਣ ਦੀ ਖ਼ਬਰ ਦੀ ਪੂਰੀ ਪੂਰੀ ਜਾਣਕਾਰੀ ਲਿਆ ਕੇ ਗੁਰੂ ਜੀ ਨੂੰ ਦੁਖੀ ਹਿਰਦੇ ਨਾਲ ਸੁਣਾਈ ਸੀ।
ਕੁਲਦੀਪ ਸਿੰਘ, ਯੂਨੀਅਨ ਸਿਟੀ, ਕੈਲੀਫੋਰਨੀਆ (ਅਮਰੀਕਾ)
ਬਹਾਦਰ ਪੱਤਰਕਾਰ ਨੂੰ ਸਲਾਮ
ਐਤਵਾਰ, 7 ਜਨਵਰੀ ਦੇ ‘ਦਸਤਕ’ ਵਿੱਚ ਪਰਮਜੀਤ ਢੀਂਗਰਾ ਦਾ ਲੇਖ ‘ਤਾਂ ਜੋ ਆਸ ਜਿਉਂਦੀ ਰਹੇ...’ ਵਧੀਆ ਲੱਗਾ। ਇਸ ਵਿੱਚ ਪੱਤਰਕਾਰ ਨਰਗਿਸ ਮੁਹੰਮਦੀ ਬਾਰੇ ਜਾਣਕਾਰੀ ਹੈ ਕਿ ਇੱਕ ਔਰਤ ਇਰਾਨ ਦੀ ਜ਼ਾਲਮ ਸਰਕਾਰ ਵਿਰੁੱਧ ਸੰਘਰਸ਼ ਕਰ ਰਹੀ ਹੈ। ਉਹ ਜਿਉਂਦੀ ਜਾਗਦੀ ਮਿਸਾਲ ਬਣ ਕੇ ਸੰਸਾਰ ਭਰ ਦੀਆਂ ਔਰਤਾਂ ਦੀ ਅਗਵਾਈ ਕਰਦੀ ਨਜ਼ਰ ਆ ਰਹੀ ਹੈ ਕਿ ਔਰਤ ਨੂੰ ਵੀ ਬਰਾਬਰ ਦੇ ਹੱਕ ਪ੍ਰਾਪਤ ਹੋਣ। ਉਸ ਨੂੰ 2023 ਦਾ ਨੋਬੇਲ ਸ਼ਾਂਤੀ ਪੁਰਸਕਾਰ ਮਿਲਣਾ ਚੰਗਾ ਕਦਮ ਅਤੇ ਫ਼ਿਰਕਾਪ੍ਰਸਤੀ, ਫਾਸ਼ੀਵਾਦ ਤੇ ਕੱਟੜਵਾਦ ਦੇ ਮੂੰਹ ’ਤੇ ਚਪੇੜ ਹੈ।
ਪਰਮਿੰਦਰ ਖੋਖਰ, ਸ੍ਰੀ ਮੁਕਤਸਰ ਸਾਹਿਬ