ਡਾਕ ਐਤਵਾਰ ਦੀ
ਸੁਰਜਨ ਜ਼ੀਰਵੀ ਦੀ ਯਾਦ
ਅਕਤੂਬਰ ਦੇ ਅੰਤ ਵਿਚ ‘ਪੰਜਾਬੀ ਟ੍ਰਿਬਿਊਨ’ ਵਿਚ ਮਹਾਰਥੀ ਪੱਤਰਕਾਰ ਸੁਰਜਨ ਜ਼ੀਰਵੀ ਬਾਰੇ ਲੇਖ ਛਪੇ ਸਨ। ਲੇਖ ਪੜ੍ਹ ਕੇ ਮੈਂ ਇਹ ਖ਼ਤ ਲਿਖਣ ਤੋਂ ਬਿਨਾ ਰਹਿ ਨਾ ਸਕਿਆ:
ਮੈਨੂੰ ਆਪਣੇ ਸਾਥੀਆਂ ਮਿੱਤਰਾਂ ਅਤੇ ਪਰਿਵਾਰਕ ਜੀਆਂ ਕੋਲੋਂ ਅਕਸਰ ਸੁਣਨ ਨੂੰ ਮਿਲਦਾ ਹੈ ਕਿ ‘‘ਦੋਸਤ... ਇਹ ਖ਼ਲੂਸ, ਇਹ ਨਿੱਘ, ਇਹ ਜਜ਼ਬਾ, ਇਹ ਸਤਰੰਗੀ ਤਰੰਗਾਂ ਕਿਵੇਂ ਅਤੇ ਕਿੱਥੇ ਸਾਡੇ ਧੁਰ ਅੰਦਰ ਆ ਵੜਦੀਆਂ ਹਨ...?’’ ਮੇਰਾ ਜੁਆਬ ਅਕਸਰ ਇਹੀ ਹੁੰਦਾ ਹੈ ਕਿ ਇਹ ਸਾਰਾ ਕੁਝ ਕਿਸੇ ਦੀ ਰਹਿਮਤ ਨਾਲ ਅਤੇ ਵਰੋਸਾਈਆਂ ਵਿਰਲੀਆਂ ਰੂਹਾਂ ਦੀ ਸੰਗਤ ਅਤੇ ਛੋਹ ਸਦਕਾ ਹੀ ਹੁੰਦਾ ਹੈ। ਰਹਿਮਤ ਕਰਨ ਵਾਲੇ ਰਹੀਮ ਨੂੰ ਕਿਸੇ ਨਹੀਂ ਤੱਕਿਆ, ਪਰ ਇਹ ਰੱਬੀ ਸੌਗਾਤ ਦੇਣ ਵਾਲੀਆਂ ਹੱਡ ਮਾਸ ਦੀਆਂ ਬਣਾਈਆਂ ਮੂਰਤਾਂ ਕਦੇ ਕਦਾਈਂ ਆਪਮੁਹਾਰੇ ਸਾਡੀ ਜ਼ਿੰਦਗੀ ਵਿਚ ਆ ਜਾਂਦੀਆਂ ਹਨ ਜਿਨ੍ਹਾਂ ਦੀ ਛੋਹ ਸਦਕਾ ਅਸੀਂ ਵੀ ਆਪਮੁਹਾਰੇ ਹੀ ਇਨ੍ਹਾਂ ਗੁਣਾਂ ਨਾਲ ਵਰੋਸਾਏ ਜਾਂਦੇ ਹਾਂ।
ਅਜਿਹੀ ਹੀ ਮਿਕਨਾਤੀਸੀ ਰੂਹ ਦਾ ਮਾਲਕ ਸੀ ਸੁਰਜਨ ਜ਼ੀਰਵੀ। ਉਸ ਦੀ ਉਡਾਰੀ ਚੜ੍ਹਦੀ ਜਵਾਨੀ ਦੀ ਮੁਹਤਾਜ ਨਹੀਂ ਸੀ ਸਗੋਂ ਜਿਉਂ ਜਿਉਂ ਉਸ ਦੀ ਉਮਰ ਵਧਦੀ ਗਈ ਤਿਉਂ ਤਿਉਂ ਉਸ ਦੀ ਪਰਵਾਜ਼ ਹੋਰ ਵੀ ਉਚੇਰੀ ਹੁੰਦੀ ਗਈ।
ਉਹ ਮੁਕੰਮਲ ਨਾਸਤਿਕ ਸੀ। ਪਹਿਰਾਵੇ ਦੀ ਸਾਦਗੀ, ਚਿਹਰੇ ਦਾ ਤਬੱਸੁਮ, ਹਲੀਮੀ, ਅੱਖਾਂ ਦੀ ਡੂੰਘਾਈ, ਕੀ ਨਹੀਂ ਸੀ, ਉਸ ਫ਼ਕੀਰ ਕੋਲ? ਇਸ ਆਦਰਸ਼ਵਾਦੀ ਫ਼ਕੀਰਾਨਾ ਤਬੀਅਤ ਦੇ ਮਾਲਕ ਨੇ ਹਮੇਸ਼ਾ ਹਕੀਕਤਪਸੰਦ ਸੋਚ ਨੂੰ ਹਮਕਦਮ ਬਣਾਈ ਰੱਖਿਆ। ਵਿਚਾਰਕ ਮੱਤਭੇਦਾਂ ਦੇ ਬਾਵਜੂਦ ਉਹ ਹਰ ਕਿਸੇ ਨੂੰ ਆਪਣੀਆਂ ਖ਼ੂਬੀਆਂ ਨਾਲ ਕੀਲਣ ਵਿਚ ਪੂਰੀ ਤਰ੍ਹਾਂ ਨਿਪੁੰਨ ਸੀ, ਜਾਂ ਇਉਂ ਕਹੀਏ ਕਿ ਉਹ ਇਸ ਮੁਹਾਰਤ ਦੀ ਬਹੁਤ ਵੱਡੀ ਬਖ਼ਸ਼ਿਸ਼ ਲੈ ਕੇ ਹੀ ਜਨਮਿਆ ਸੀ।
ਮੁਕੰਮਲ ਤੌਰ ’ਤੇ ਖੱਬੇ ਪੱਖੀ ਵਿਚਾਰਧਾਰਾ ਨੂੰ ਸਮਰਪਿਤ ਇਹ ਸ਼ਖ਼ਸ ਸਾਡੇ ਡੂੰਘੇ ਧਾਰਮਿਕ ਵਿਚਾਰਾਂ ਵਾਲੇ ਪਰਿਵਾਰ ਵਿੱਚ ਆਣ ਵੜਿਆ। ਮੁੱਢਲੇ ਵਿਰੋਧ ਅਤੇ ਨਾਕਬੂਲੀਅਤ ਨੂੰ ਇਸ ਦੀ ਨਿੱਘੀ ਸ਼ਖ਼ਸੀਅਤ, ਇਮਾਨਦਾਰੀ ਅਤੇ ਨੇਕਦਿਲੀ ਸਾਹਮਣੇ ਝੁਕਣਾ ਪਿਆ ਅਤੇ ਪਰਿਵਾਰ ਦੇ ਹਰ ਜੀਅ ਦੇ ਦਿਲ ਅੰਦਰ ਇਸ ਨੇ ਚੋਖੀ ਥਾਂ ਮੱਲ ਲਈ। ਕਈ ਵਡੇਰਿਆਂ ਨੇ ਤਾਂ ਇਹ ਵੀ ਕਬੂਲ ਕੀਤਾ ਕਿ ਇਹ ‘ਪ੍ਰਾਹੁਣਾ’ ਸਾਡੇ ਵਾਸਤੇ ਕੋਈ ਰੱਬੀ ਬਖ਼ਸ਼ਿਸ਼ ਸੀ।
ਸਾਰੇ ਪਰਿਵਾਰ ਵਿੱਚੋਂ ਮੈਂ ਹੀ ਉਹ ਵੱਡਾ ਖ਼ੁਸ਼ਨਸੀਬ ਸਾਂ ਜਿਸ ਨੇ ਬਹੁਤ ਕਰੀਬ ਹੋ ਕੇ ਕਈ ਵਰ੍ਹੇ ਇਸ ਦੀ ਸੰਗਤ ਨੂੰ ਮਾਣਿਆ। ਇਹ ਮੇਰਾ ਭਣਵੱਈਆ, ਮੇਰਾ ਯਾਰ, ਮੇਰਾ ਰਹਬਿਰ, ਮੇਰਾ ਉਸਤਾਦ ਤੇ ਮੇਰਾ ਆਦਰਸ਼ ਹੋ ਨਬਿੜਿਆ ਤੇ ਅੰਤ ਵਿਚ ਮੇਰੀਆਂ ਕਦਰਾਂ ਕੀਮਤਾਂ ਦਾ ਘਾੜਾ ਵੀ ਸੁਰਜਨ ਜ਼ੀਰਵੀ ਹੀ ਬਣਿਆ।
ਮੇਰੀ ਖ਼ੁਸ਼ਨਸੀਬੀ ਹੈ ਕਿ ਮੈਂ ਕਈ ਵਰ੍ਹੇ ਉਸ ਦੀ ਸ਼ਾਗਿਰਦੀ ਕੀਤੀ ਅਤੇ ਉਸ ਦੇ ਤੁਰ ਜਾਣ ਮਗਰੋਂ ਅੱਜ ਵੀ ਕਰ ਰਿਹਾ ਹਾਂ।
ਨਾਮਵਰ ਸਿੰਘ, ਈ-ਮੇਲ