ਡਾਕ ਐਤਵਾਰ ਦੀ
ਗਹਿਰਾ ਜਲ ਸੰਕਟ
ਐਤਵਾਰ, ਦਸ ਸਤੰਬਰ ਦੇ ‘ਦਸਤਕ’ ਅੰਕ ਵਿਚ ਫਰੈੱਡ ਪੀਅਰਸ ਦੀ ਮੂਲ ਰਚਨਾ ‘ਮੁੱਕ ਰਹੇ ਨੇ ਪਾਣੀ’ ਬਹੁਤ ਸੰਵੇਦਨਸ਼ੀਲ ਮੁੱਦੇ ਬਾਰੇ ਤੱਥਾਂ ਸਮੇਤ ਰੌਚਕ ਜਾਣਕਾਰੀ ਦੇਣ ਵਾਲੀ ਹੈ। ਗੁਰਰੀਤ ਬਰਾੜ ਨੇ ਇਸ ਦਾ ਪੰਜਾਬੀ ਵਿੱਚ ਤਰਜਮਾ ਕੀਤਾ ਹੈ। ਲੇਖਕ ਨੇ ਅਫਰੀਕਾ ਦੀ ਜਿੰਦ ਜਾਨ ‘ਚਾਡ ਚੀਲ: ਛੰਭਾਂ ਤੋਂ ਕਤਲਗਾਹਾਂ ਤੱਕ’ ਦੇ ਸਫ਼ਰ ਰਾਹੀਂ ਪਿਛਲੇ ਚਾਲੀ ਸਾਲਾਂ ਤੋਂ ਰੇਗਿਸਤਾਨ ਵਿੱਚ ਲਗਾਤਾਰ ਸੁੰਗੜਨ ਦੇ ਵਰਤਾਰੇ ਬਾਰੇ ਦੱਸਿਆ ਹੈ। 1970 ਤੋਂ ਪਹਿਲਾਂ ਚਾਡ ਝੀਲ ਨਾਈਜੀਰੀਆ, ਨਾਈਜਰ, ਕੈਮਰੂਨ ਅਤੇ ਚਾਡ ਆਦਿ ਮੁਲਕਾਂ ਦੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਹੁੰਦੀ ਸੀ। ਹੁਣ ਇਹ ਮੁੱਕਣ ਦੇ ਨੇੜੇ ਹੈ। ਇਸ ਨਾਲ ਇਸ ਝੀਲ ਕੰਢੇ ਤੇ ਨੇੜੇ ਵਸਦੇ ਸਥਾਨਕ ਲੋਕ ਲਗਾਤਾਰ ਉੱਜੜ ਰਹੇ ਨੇ ਅਤੇ ਬੋਕੋ ਵਰਗੇ ਦਹਿਸ਼ਤੀ ਸੰਗਠਨਾਂ ਦੀ ਤਾਕਤ ਵਿੱਚ ਵਾਧਾ ਹੋਇਆ ਹੈ। ਸਮਾਜ ਸ਼ਾਸਤਰੀਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਵਿਕਾਸ ਅਤੇ ਸਿੰਚਾਈ ਦੇ ਨਾਂ ’ਤੇ ਦਰਿਆਵਾਂ ’ਤੇ ਡੈਮ ਬਣਾਉਣ ਨਾਲ ਮੱਛੀ ਵਪਾਰ, ਪੁਰਾਤਨ ਕਿਰਸਾਨੀ, ਪਸ਼ੂ ਪਾਲਣ, ਲੱਕੜ ਉਤਪਾਦਨ ਆਦਿ ਅਤੇ ਵਾਤਾਵਰਣ ਸੰਤੁਲਨ ਨੂੰ ਵੱਡੀ ਸੱਟ ਵੱਜੀ ਹੈ। ਕੁਦਰਤੀ ਛੰਭ ਦੀ ਮੌਤ ਖ਼ੌਫ਼ਨਾਕ ਵਰਤਾਰਾ ਹੈ। ਉਹ ਦਿਨ ਦੂਰ ਨਹੀਂ ਜਾਪਦਾ ਜਦੋਂ ਪਾਣੀ ਦੀ ਸਮੱਸਿਆ ਕਾਰਨ ਦੁਨੀਆਂ ਤੀਜੀ ਆਲਮੀ ਜੰਗ ਲੜਨ ਲਈ ਮਜਬੂਰ ਹੋ ਜਾਵੇਗੀ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)
ਦੇਸ਼ ਦੀ ਅਸਲ ਤਸਵੀਰ
ਐਤਵਾਰ, 3 ਸਤੰਬਰ ਨੂੰ ਸਵਰਾਜਬੀਰ ਦਾ ਲੇਖ ‘ਭਾਰਤ/ ਇੰਡੀਆ/ ਹਿੰਦੋਸਤਾਨ ਦੀ ਤਲਾਸ਼’ ਪੜ੍ਹ ਕੇ ਪਤਾ ਲੱਗਿਆ ਕਿ ਭਾਰਤ ਦੀਆਂ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾ ਸੱਤਾ ਹਾਸਿਲ ਕਰਨ ਲਈ ਕਿਵੇਂ ਧਰਮਾਂ, ਜਾਤਾਂ, ਫ਼ਿਰਕਿਆਂ ਦੇ ਆਧਾਰ ’ਤੇ ਵੰਡੀਆਂ ਪਾਈਆਂ ਹਨ ਜੋ ਅੱਜ ਵੀ ਪਾਈਆਂ ਜਾ ਰਹੀਆਂ ਹਨ। ਲੇਖਕ ਨੇ ਦੇਸ਼ਵਾਸੀਆਂ ਦੀ ਇਕਜੁੱਟਤਾ ਦੇ ਇਹ ਤੱਥ ਵੀ ਸਾਹਮਣੇ ਲਿਆਂਦੇ ਹਨ ਕਿ ਕਿਸ ਤਰ੍ਹਾਂ ਕ੍ਰਾਂਤੀਕਾਰੀਆਂ ਨੇ ਦੇਸ਼-ਵਿਦੇਸ਼ ਵਿਚ ਵੀ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਸੀ, ਪਰ ਬਾਅਦ ਵਿਚ ਆਜ਼ਾਦੀ ਸੰਘਰਸ਼ ਦੌਰਾਨ ਪੈਦਾ ਹੋਏ ਸੰਕਲਪਾਂ ’ਚੋਂ ਅਸੀਂ ਸੀਮਤ ਰੂਪ ਵਿੱਚ ਰਾਬਿੰਦਰਨਾਥ ਟੈਗੋਰ, ਮਹਾਤਮਾ ਗਾਂਧੀ, ਜਵਾਹਰਲਾਲ ਨਹਿਰੂ, ਮੁਹੰਮਦ ਅਲੀ ਜਿਨਾਹ, ਡਾ. ਬੀ.ਆਰ. ਅੰਬੇਡਕਰ ਅਤੇ ਵਿਨਾਇਕ ਦਾਮੋਦਰ ਸਾਵਕਰ ਦੇ ਦ੍ਰਿਸ਼ਟੀਕੋਣਾਂ ਨੂੰ ਬੜੀ ਸ਼ਿੱਦਤ ਨਾਲ ਵਿਚਾਰਿਆ ਹੈ।
ਸਭ ਤੋਂ ਮਹੱਤਵਪੂਰਨ ਇਸ ਲੇਖ ਵਿੱਚ ਲੇਖਕ ਨੇ ਇਹ ਸਵਾਲ ਉਠਾਇਆ ਹੈ ਕਿ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਅਗਵਾਈ ਵਾਲਾ ‘ਕੌਮੀ ਜਮਹੂਰੀ ਗੱਠਜੋੜ’ ਸੱਤਾ ਹਾਸਿਲ ਕਰੇਗਾ ਜਾਂ ਦੂਸਰੇ ਪਾਸੇ ਗ਼ੈਰ-ਭਾਜਪਾ ਪਾਰਟੀਆਂ ਦਾ ਗੱਠਬੰਧਨ ‘ਇੰਡੀਆ’ ਸਰਕਾਰ ਬਣਾਏਗਾ? ਅੰਤ ਵਿਚ ਲੇਖਕ ਨੇ ਪ੍ਰਸਿੱਧ ਇਨਕਲਾਬੀ ਕਵੀ ਪਾਸ਼ ਦੇ ਸ਼ਬਦਾਂ ‘ਭਾਰਤ ਦੇ ਅਰਥ/ ਕਿਸੇ ਦੁਸ਼ਯੰਤ ਨਾਲ ਸਬੰਧਿਤ ਨਹੀਂ/ ਸਗੋਂ ਖੇਤਾਂ ਵਿੱਚ ਦਾਇਰ ਹਨ/ ਜਿੱਥੇ ਅੰਨ ਉੱਗਦਾ ਹੈ/ ਜਿੱਥੇ ਸੰਨ੍ਹਾਂ ਲੱਗਦੀਆਂ ਹਨ’ ਰਾਹੀਂ ਭਾਰਤ ਦੀ ਅਸਲ ਤਸਵੀਰ ਪੇਸ਼ ਕਰਕੇ ਸਿਆਸੀ ਪਾਰਟੀਆਂ ਦੇ ਨੇਤਾਵਾਂ ਦੀ ਸੱਚਾਈ ਸਾਡੇ ਸਾਹਮਣੇ ਲਿਆਂਦੀ ਹੈ। ਅੱਜ ਵੀ ਭਾਰਤ ਦੇ ਕਿਰਤੀ ਲੋਕਾਂ ਦੀ ਮਿਹਨਤ ਦਾ ਲਾਹਾ ਕੁਝ ਸਰਮਾਏਦਾਰੀ ਤਾਕਤਾਂ ਲੈ ਰਹੀਆਂ ਹਨ।
ਹਰਿੰਦਰ ਜੀਤ ਸਿੰਘ, ਬਿਜਲਪੁਰ (ਪਟਿਆਲਾ)