ਡਾਕ ਐਤਵਾਰ ਦੀ
ਗਹਿਰਾ ਜਲ ਸੰਕਟ
ਐਤਵਾਰ, 3 ਸਤੰਬਰ ਦੇ ‘ਦਸਤਕ’ ਅੰਕ ਵਿਚ ਫਰੈੱਡ ਪੀਅਰਜ਼ ਦਾ ਲਿਖਿਆ ਅਤੇ ਗੁਰਰੀਤ ਬਰਾੜ ਵੱਲੋਂ ਅਨੁਵਾਦਿਤ ਲੇਖ ‘ਪਾਣੀ ਖਪਤ ਤੇ ਵਪਾਰ’ ਪੜ੍ਹ ਕੇ ਮਹਿਸੂਸ ਹੋਇਆ ਕਿ ਅਸੀਂ ਕਿੰਨਾ ਪਾਣੀ ਜ਼ਾਇਆ ਕਰ ਰਹੇ ਹਾਂ। ਹਰੇਕ ਚੀਜ਼ ਪੈਦਾ ਕਰਨ, ਬਣਾਉਣ ਲਈ ਵੱਡੀ ਮਾਤਰਾ ’ਚ ਪਾਣੀ ਲੋੜੀਂਦਾ ਹੈ। ਇਹ ਵੀ ਮਹਿਸੂਸ ਕੀਤਾ ਕਿ ਅਸੀਂ ਪੰਜਾਬ ਵਾਸੀ ਝੋਨੇ ਦੀ ਫ਼ਸਲ ਦੇ ਰੂਪ ਵਿਚ ਬੇਤਹਾਸ਼ਾ ਪਾਣੀ ਦੂਜੇ ਮੁਲਕਾਂ ਜਾਂ ਹੋਰਨਾਂ ਸੂਬਿਆਂ ਨੂੰ ਭੇਜ ਕੇ ਆਪਣੇ ਪੰਜਾਬ ਦੀ ਧਰਤੀ ਨੂੰ ਬੰਜਰ ਬਣਾਉਣ ਵੱਲ ਵਧ ਰਹੇ ਹਾਂ। ਇਕੱਲੀਆਂ ਫ਼ਸਲਾਂ ਲਈ ਨਹੀਂ ਸਗੋਂ ਆਧੁਨਿਕ ਮਨੁੱਖ ਹਰ ਕਾਰਜ ਲਈ ਅੰਨ੍ਹੇਵਾਹ ਪਾਣੀ ਦੀ ਵਰਤੋਂ ਕਰਦਾ ਹੈ। ਅਜਿਹਾ ਹੀ ਚਲਦਾ ਰਿਹਾ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਖ਼ਤਮ ਹੋ ਜਾਵੇਗਾ। ਪੰਜਾਬ ਦੇ ਪਾਣੀਆਂ ਲਈ ਫ਼ਿਕਰਮੰਦ ਬੁੱਧੀਜੀਵੀਆਂ, ਉਦਯੋਗਪਤੀਆਂ, ਸਮਾਜਸੇਵੀਆਂ, ਆਗੂਆਂ ਅਤੇ ਪੰਜਾਬ ਦੇ ਸਾਰੇ ਲੋਕਾਂ ਨੂੰ ਸਿਰ ਜੋੜ ਕੇ ਯਤਨ ਕਰਨੇ ਚਾਹੀਦੇ ਹਨ, ਨਹੀਂ ਤਾਂ ਪੰਜਾਬ ਦੇ ਦਰਿਆ ਅਤੇ ਜਮੀਨਦੋਜ਼ ਪਾਣੀ ਸੁੱਕਦਿਆਂ ਦੇਰ ਨਹੀਂ ਲੱਗਣੀ।
ਕ੍ਰਿਸ਼ਨ ਚੰਦ, ਈ-ਮੇਲ
(2)
ਐਤਵਾਰ, 3 ਸਤੰਬਰ ਦੇ ਅੰਕ ਵਿਚ ਫਰੈੱਡ ਪੀਅਰਸ ਦੇ ਲੇਖ ‘ਪਾਣੀ ਖਪਤ ਅਤੇ ਵਪਾਰ’ ਵਿਚਲੇ ਖੁਲਾਸੇ ਹੈਰਾਨੀਜਨਕ ਹਨ। ਇਕੱਲਾ ਕਿਸਾਨ ਨਹੀਂ ਸਗੋਂ ਸਾਰੇ ਇਸ ਬੇਲੋੜੀ ਖਪਤ ਲਈ ਜ਼ਿੰਮੇਵਾਰ ਹਨ। ਆਰਥਿਕ ਵਪਾਰ ਦੇ ਅੰਕੜੇ ਅਤੇ ਘਟ ਰਹੀਆਂ ਕੁਦਰਤੀ ਨਿਆਮਤਾਂ ਆਪਾ-ਵਿਰੋਧੀ ਹਨ।
ਧਰਤੀ ’ਤੇ ਸ਼ੁਰੂ ਤੋਂ ਮਨੁੱਖ ਹੀ ਐਸਾ ਜੀਵ ਹੈ ਜਿਸ ਨੇ ਕੁਦਰਤ ਨਾਲ ਅਣਐਲਾਨੀ ਜੰਗ ਛੇੜ ਰੱਖੀ ਹੈ। ਅਜੋਕੇ ਅਣ-ਦਿਸਦੇ ਪਾਣੀ ਵਪਾਰ ਦਾ ਯੂਐੱਨ ਕੋਲ ਵੀ ਕੋਈ ਤੋੜ ਨਹੀਂ।
ਮੁੱਕਦੀ ਗੱਲ ਇਹ ਹੈ ਕਿ ਪੀਣਯੋਗ ਪਾਣੀ ਨੂੰ ਬਚਾਉਣ ਲਈ ਬੂੰਦ ਬੂੰਦ ਦੀ ਕੀਮਤ ਨਿਸ਼ਚਿਤ ਹੋਵੇ ਕਿਉਂਕਿ ਜੀਵਨ ਲਈ ਪੈਟਰੋਲੀਅਮ ਪਦਾਰਥਾਂ ਨਾਲੋਂ ਵੱਧ ਸਵੱਛ ਜਲ ਜ਼ਰੂਰੀ ਹੈ।
ਇਕਬਾਲ ਸਿੰਘ ਚੀਮਾ, ਨਵਾਂਸ਼ਹਿਰ
ਜਮਹੂਰੀਅਤ ਦੀ ਰਾਖੀ ਲਾਜ਼ਮੀ
ਐਤਵਾਰ, ਤਿੰਨ ਸਤੰਬਰ ਨੂੰ ‘ਸੋਚ ਸੰਗਤ’ ਪੰਨੇ ’ਤੇ ਸਵਰਾਜਬੀਰ ਦੀ ਰਚਨਾ ‘ਭਾਰਤ/ਇੰਡੀਆ/ਹਿੰਦੋਸਤਾਨ ਦੀ ਤਲਾਸ਼’ ਗਹੁ ਨਾਲ ਪੜ੍ਹਨ ਵਾਲੀ ਹੈ। ਜਿਵੇਂ ਕਿ ਹਰ ਇਕ ਨੂੰ ਪਤਾ ਹੈ, ਪਿਛਲੇ ਕੁਝ ਸਮੇਂ ਤੋਂ ਦੇਸ਼ ਦਾ ਭਗਵਾਂਕਰਨ ਕਰਨ ਵਾਲੀ ਪ੍ਰਵਿਰਤੀ ਨੇ ਇਤਿਹਾਸਕ ਨਾਵਾਂ ਨੂੰ ਬਦਲਣ ਦੀ ਮੁਹਿੰਮ ਵਿੱਢੀ ਹੋਈ ਹੈ। ਨਾਂ ਬਦਲਣ ਨਾਲ ਆਮ ਜਨਤਾ ਨੂੰ ਨਾ ਤਾਂ ਰੁਜ਼ਗਾਰ ਮਿਲਣਾ ਹੈ ਅਤੇ ਨਾ ਹੀ ਭ੍ਰਿਸ਼ਟਾਚਾਰ ਤੋਂ ਮੁਕਤੀ। ਇਹ ਸਭ ਦੇਸ਼ ਵਾਸੀਆਂ ਦਾ ਇਨ੍ਹਾਂ ਭਖਦੇ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਕੀਤਾ ਜਾਂਦਾ ਹੈ। ਆਮ ਜਨਤਾ ਵਾਸਤੇ ਦੋ ਅਤੇ ਦੋ ਚਾਰ ਨਹੀਂ ਸਗੋਂ ਦੋ ਅਤੇ ਦੋ ਚਾਰ ਰੋਟੀਆਂ ਹੁੰਦੇ ਹਨ। ਮਨੁੱਖੀ ਇਤਿਹਾਸ, ਭੂਗੋਲ ’ਤੇ ਖੇਡੀ ਜਾਣ ਵਾਲੀ ਇਕ ਖੇਡ ਹੈ। ਸਿਆਸਤਦਾਨਾਂ ਅਤੇ ਧਾਰਮਿਕ ਆਗੂਆਂ ਸਮੇਂ ਸਮੇਂ ਸਿਰ ਆਪਣੇ ਸਵਾਰਥਾਂ ਨੂੰ ਪੂਰਾ ਕਰਨ ਲਈ ਪਾਣੀ ਵਿਚ ਮਧਾਣੀ ਹਮੇਸ਼ਾ ਪਾਈ ਰੱਖੀ ਹੈ। ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਜਮਹੂਰੀਅਤ ਅਤੇ ਸੰਵਿਧਾਨ ਦੇ ਬਚਾਅ ਲਈ ਇਕਮੁਠ ਹੋ ਕੇ ਅੱਗੇ ਆਈਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਤ, ਧਰਮ ਦੇ ਆਧਾਰ ’ਤੇ ਹੁੰਦੇ ਸਮਾਜਿਕ-ਆਰਥਿਕ ਸ਼ੋਸ਼ਣ ਤੋਂ ਬਚਾਅ ਸਕੀਏ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)