For the best experience, open
https://m.punjabitribuneonline.com
on your mobile browser.
Advertisement

ਡਾਕ ਐਤਵਾਰ ਦੀ

08:14 AM Jul 16, 2023 IST
ਡਾਕ ਐਤਵਾਰ ਦੀ
Advertisement

ਨਿਰਪੱਖ ਤੇ ਪ੍ਰਭਾਵਸ਼ਾਲੀ ਲੇਖ
ਐਤਵਾਰ, 9 ਜੁਲਾਈ 2023 ਦੇ ‘ਦਸਤਕ’ ਅੰਕ ਵਿੱਚ ਮਨਮੋਹਨ ਦਾ ਲੇਖ- ‘ਬਾਰਾਂ ਦਾ ਨਹਿਰੀ ਨਿਜ਼ਾਮ’ - ਖੋਜ ਭਰਪੂਰ, ਨਿਰਪੱਖ ਅਤੇ ਪ੍ਰਭਾਵਸ਼ਾਲੀ ਹੈ। ਲੇਖਕ ਨੇ ਬਹੁਤ ਮਿਹਨਤ ਕੀਤੀ ਹੈ।
ਸਵਰਾਜਬੀਰ ਦਾ ਲੇਖ ‘ਖੋਜੋਂ ਮੂਲ ਨਾ ਖੁੰਝੀਂ...’ ਤਾਂ ਇਸ ਅੰਕ ਦਾ ਹਾਸਲ ਹੈ। ਡਾਰਵਨਿ ਤੇ ਉਹਦੇ ਸਾਥੀਆਂ ਦੀ ਘਾਲਣਾ ਬਾਰੇ ਜਾਣਕਾਰੀ ਇੱਕ ਕੀਮਤੀ ਦਸਤਾਵੇਜ਼ ਹੈ, ਸਾਂਭ ਕੇ ਰੱਖਣ ਵਾਲੀ ਵੱਥ ਹੈ। ਵਿਕਾਸਵਾਦ ਬਨਾਮ ਅੰਧਵਿਸ਼ਵਾਸ ਨੂੰ ਸੁਚਾਰੂ ਢੰਗ ਨਾਲ ਚਿੱਥਿਆ ਵਿਚਾਰਿਆ ਹੈ।
ਧਿਆਨ ਸਿੰਘ ਸ਼ਾਹ ਸਿਕੰਦਰ, ਦੀਨਾਨਗਰ (ਗੁਰਦਾਸਪੁਰ)

Advertisement


ਜਾਣਕਾਰੀ ਭਰੇ ਲੇਖ
ਐਤਵਾਰ, 9 ਜੁਲਾਈ 2023 ਦੀ ਸੋਚ ਸੰਗਤ ਵਿੱਚ ਸਵਰਾਜਬੀਰ ਦਾ ਲੇਖ ‘ਖੋਜੋਂ ਮੂਲ ਨਾ ਖੁੰਝੀਂ...’ ਪੜ੍ਹਿਆ। ਦਰਅਸਲ, ਧਰਮ ਕਲਪਿਤ ਧਾਰਨਾਵਾਂ ਨੂੰ ਸੱਚ ਮੰਨਣ ਵਾਲੇ ਲੋਕ ਸ਼ੁਰੂ ਤੋਂ ਹੀ ਇਸ ਗੱਲ ’ਤੇ ਪਹਿਰਾ ਦਿੰਦੇ ਆਏ ਹਨ ਕਿ ਇਹ ਸ੍ਰਿਸ਼ਟੀ ਉਨ੍ਹਾਂ ਦੇ ਧਰਮ ਗੁਰੂਆਂ/ਪੈਗੰਬਰਾਂ ਦੀ ਹੀ ਬਣਾਈ ਹੋਈ ਹੈ। ਪਰ ਚਿੰਤਕ, ਖੋਜੀ, ਅਸਲੀਅਤ ਨੂੰ ਜਾਨਣ ਵਾਲੇ ਤਰਕਸ਼ੀਲ ਡਾਰਵਨਿ ਜੈਸੇ ਦੱਸਦੇ ਹਨ ਕਿ ਧਰਤੀ ’ਤੇ ਸਭ ਜੀਵਾਂ ਅਤੇ ਮਨੁੱਖ ਦਾ ਵਿਕਾਸ ਹੌਲੀ ਹੌਲੀ ਸਮੇਂ ਤੇ ਮੌਸਮ ਅਨੁਸਾਰ ਹੀ ਹੁੰਦਾ ਆਇਆ ਹੈ। ਇਸ ਵਿਚਾਰ ਨੂੰ ਧਰਮ ਤੇ ਹਾਕਮ ਬਰਦਾਸ਼ਤ ਨਾ ਕਰ ਸਕੇ ਤੇ ਕਈਆਂ ਨੂੰ ਮੌਤ ਦੇ ਘਾਟ ਵੀ ਉਤਾਰਦੇ ਰਹੇ। ਇਸ ਤਰ੍ਹਾਂ ਕੱਟੜਪੰਥੀਆਂ ਤੇ ਵਿਗਿਆਨੀਆਂ ਵਿਚਕਾਰ ਤਕਰਾਰ ਹੁੰਦੀ ਰਹੀ ਹੈ। ਲੇਕਨਿ ਜੋ ਸੱਚ ਹੈ ਓਹੀ ਨਿੱਖਰਦਾ ਗਿਆ। ਬੇਅੰਤ ਕਾਢਾਂ ਤੇ ਲੱਭਤਾਂ ਨਾਲ ਜੋ ਸੁਖ ਸਹੂਲਤਾਂ ਅੱਜ ਤੱਕ ਮਨੁੱਖਤਾ ਨੇ ਆਪਣੇ ਦਿਮਾਗ਼ ਸਦਕਾ ਹਾਸਲ ਕੀਤੀਆਂ ਹਨ ਉਸ ਵਿੱਚ ਧਰਮਾਂ ਦਾ ਕੋਈ ਰੋਲ ਨਹੀਂ ਹੈ। ਚਾਹੇ ਅੱਜ ਵੀ ਪ੍ਰੰਪਰਾਵਾਦੀ ਉਸੇ ਹਜ਼ਾਰਾਂ ਸਾਲਾਂ ਦੇ ਵਿਸ਼ਵਾਸ ਨੂੰ ਫੈਲਾ ਰਹੇ ਹਨ।
ਪ੍ਰਿੰ. ਸਰਵਣ ਸਿੰਘ ਦਾ ਲੇਖ ‘ਮੈਂ ਖੇਡਾਂ ਬਾਰੇ ਹੀ ਕਿਉਂ ਲਿਖਦਾ ਹਾਂ’ ਬਹੁਤ ਵਧੀਆ ਤੇ ਸਾਰਥਿਕ ਲੱਗਾ ਅਤੇ ਭਰਪੂਰ ਜਾਣਕਾਰੀ ਪ੍ਰਾਪਤ ਹੋਈ।
ਜਸਬੀਰ ਕੌਰ, ਅੰਮ੍ਰਿਤਸਰ

Advertisement


(2)
ਐਤਵਾਰ, 9 ਜੁਲਾਈ ਨੂੰ ਸਵਰਾਜਬੀਰ ਦਾ ਲੇਖ ਕੌਮੀ ਸਿੱਖਿਆ, ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਡਾਰਵਨਿ ਦੇ ਵਿਕਾਸਵਾਦ ਦੇ ਸਿਧਾਂਤ ਨੂੰ ਸਕੂਲੀ ਪਾਠਕ੍ਰਮ ਵਿੱਚੋਂ ਬਾਹਰ ਕਰਨ ਬਾਰੇ ਗੱਲ ਕਰਦਾ ਹੈ। ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਖਿੱਤੇ ਵਿੱਚ ਹੀ ਵਿਕਾਸਵਾਦ ਮਨ ਵਿੱਚ ਕੋਈ ਵੱਡੀ ਬੌਧਿਕ ਉਤੇਜਨਾ ਵਾਲੀਆਂ ਭਾਵਨਾਵਾਂ ਪੈਦਾ ਨਹੀਂ ਕਰਦਾ, ਇਹ ਸਿਰਫ਼ ਆਰਥਿਕ ਖੁਸ਼ਹਾਲੀ ਦਾ ਪ੍ਰਤੀਕ ਹੀ ਬਣਦਾ ਹੈ। ਜਦ ਤੋਂ ਮਨੁੱਖੀ ਮਨ ਨੇ ਖੋਜ ਦਾ ਰਾਹ ਫੜਿਆ, ਧਰਮ ਨੇ ਇਸ ਦਾ ਰਾਹ ਰੋਕਣ ਲਈ ਪੂਰੀ ਵਾਹ ਲਾਈ ਹੈ ਪਰ ਰੋਕ ਫਿਰ ਵੀ ਨਹੀਂ ਸਕਿਆ। ਲੇਖ ਇਸ ਸੰਘਰਸ਼ ਬਾਰੇ ਭਰਪੂਰ ਜਾਣਕਾਰੀ ਦਿੰਦਾ ਹੈ। ਅਧਿਆਤਮ ਦਾ ਰਾਹ ਨਿੱਜ ਦੀ ‘ਮੁਕਤੀ’ ਲਈ ਹੈ, ਪਰ ਕਿਸੇ ਇੱਕ ਵਿਅਕਤੀ ਵੱਲੋਂ ਕੀਤੀ ਨਿੱਜੀ ਖੋਜ ਸਰਬੱਤ ਦੇ ਭਲੇ ਲਈ ਹੁੰਦੀ ਹੈ। ਡਾਰਵਨਿ ਦੇ ਵਿਕਾਸਵਾਦ (evolution) ਦੇ ਸਿਧਾਂਤ ਨੂੰ ਪਾਠਕ੍ਰਮ ਤੋਂ ਬਾਹਰ ਰੱਖਣਾ ਕਿਸੇ ਵੀ ਪੱਖ ਤੋਂ ਸਹੀ ਨਹੀਂ ਠਹਰਾਇਆ ਜਾ ਸਕਦਾ। ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਵਿਚਲੇ ਲਾਈਲੱਗ ਮੋਮਨਾਂ ਦਾ ਭਾਰੂ ਪੈਣਾ ਆਉਣ ਵਾਲੀਆਂ ਨਸਲਾਂ ਵਿੱਚੋਂ ਖੋਜ ਦੀ ਕਣੀ ਮਾਰ ਦੇਵੇਗਾ।
ਜਗਰੂਪ ਸਿੰਘ, ਲੁਧਿਆਣਾ

ਸੋਧ: ਸ਼ਨਿੱਚਰਵਾਰ ਦੀ ਸੰਪਾਦਕੀ ‘ਚੰਦਰਯਾਨ-3 ਦੀ ਉਡਾਣ’ ਵਿੱਚ ਉੜੀਸਾ ਦੀ ਥਾਂ ਆਂਧਰਾ ਪ੍ਰਦੇਸ਼ ਪੜ੍ਹਿਆ ਜਾਵੇ।

Advertisement
Tags :
Author Image

sukhwinder singh

View all posts

Advertisement