ਡਾਕ ਐਤਵਾਰ ਦੀ
ਵਾਤਾਵਰਣ ਦੀ ਸੰਭਾਲ
ਐਤਵਾਰ, ਤਿੰਨ ਦਸੰਬਰ ਨੂੰ ‘ਪੰਜਾਬੀ ਟ੍ਰਿਬਿਊਨ’ ਦੇ ਦਸਤਕ ਅੰਕ ਵਿਚ ਰਾਮਚੰਦਰ ਗੁਹਾ ਦਾ ਲੇਖ ‘ਧਰਤੀ ਦਾ ਖ਼ਿਆਲ ਤੇ ਸੰਭਾਲ’ ਜਾਣਕਾਰੀ ਵਿਚ ਵਾਧਾ ਕਰਨ ਅਤੇ ਮਨੁੱਖਤਾ ਦੇ ਭਵਿੱਖ ਦੀ ਸੁਰੱਖਿਆ ਲਈ ਚੇਤੇ ਪਾਉਣ ਵਾਲਾ ਸੀ। ਵਿਕਾਸ ਦੀ ਦੌੜ ਵਿਚ ਲੱਗੇ ਮਨੁੱਖ ਬੜੀ ਤੇਜ਼ੀ ਨਾਲ ਵਾਤਾਵਰਣ ਨੂੰ ਨੁਕਸਾਨ ਪਹੁੰਚਾ ਰਹੇ ਹਨ। ਕੁਦਰਤ ਨਾਲ ਛੇੜਛਾੜ ਕਰਨ ਦੇ ਅੰਜਾਮ ਵਜੋਂ ਕੇਦਾਰਨਾਥ ਜਿਹੀਆਂ ਤ੍ਰਾਸਦੀਆਂ ਕਿਵੇਂ ਭੁੱਲ ਸਕਦੇ ਹਾਂ। ਵਿਕਾਸ ਵਾਤਾਵਰਣ ਪੱਖੀ ਹੋਵੇ।
ਅਨਿਲ ਕੌਸ਼ਿਕ, ਕਿਊੜਕ (ਕੈਥਲ, ਹਰਿਆਣਾ)
ਅਹਿਮ ਜਾਣਕਾਰੀ
ਐਤਵਾਰ, 26 ਨਵੰਬਰ ਨੂੰ ‘ਦਸਤਕ’ ਵਿਚ ਮਾਧਵੀ ਕਟਾਰੀਆ ਦਾ ਲੇਖ ‘ਮਾਲੇਰਕੋਟਲਾ ਦੀ ਆਖ਼ਰੀ ਬੇਗਮ’ ਪੜ੍ਹਿਆ, ਜਾਣਕਾਰੀ ਭਰਪੂਰ ਹੈ। ਇਸ ਵਿਚ ਮਾਲੇਰਕੋਟਲਾ ਦੇ ਇਤਿਹਾਸਕ ਪਿਛੋਕੜ ਬਾਰੇ ਵੀ ਸੁੱਘੜਤਾ ਨਾਲ ਢੁੱਕਵੀਂ ਜਾਣਕਾਰੀ ਦਿੱਤੀ ਗਈ ਹੈ। ਭਾਈਚਾਰਕ ਸਾਂਝ ਵਾਲਾ ਸੁਨੇਹਾ ਇਸ ਖ਼ਾਨ ਪਰਿਵਾਰ ਦਾ ਅਸਲੀ ਅਤੇ ਅਮਲੀ ਕਿਰਦਾਰ ਰਿਹਾ ਹੈ ਜੋ ਰੱਜ ਕੇ ਸਲਾਹੁਣਯੋਗ ਹੈ।
ਐਤਵਾਰ, 19 ਨਵੰਬਰ ਦੇ ‘ਪੰਜਾਬੀ ਟ੍ਰਿਬਿਊਨ’ ਦੇ ਦਸਤਕ ਅੰਕ ਵਿਚ ਪ੍ਰੋ. ਅਰਵਿੰਦ ਦਾ ਲੇਖ ‘ਪਰਾਲੀ ਸਾੜਨ ਅਤੇ ਹਵਾ ਪ੍ਰਦੂਸ਼ਣ ਦੀਆਂ ਸਮੱਸਿਆਵਾਂ’ ਵਿਗਿਆਨਕ ਜਾਣਕਾਰੀ ਵਿਚ ਵਾਧਾ ਕਰਨ ਵਾਲਾ ਬੇਹੱਦ ਲਾਹੇਵੰਦ ਲੇਖ ਸੀ। ਮਾੜੀ ਸਿਆਸਤ ਵੱਲੋਂ ਕਿਰਸਾਨੀ ਨੂੰ ਬਲੀ ਦਾ ਬੱਕਰਾ ਬਣਾ ਕੇ ਪੰਜਾਬ ਨੂੰ ਭੰਡਣ ਵਾਲੇ ਸੱਚ ਨੂੰ ਨਿਤਾਰਨ ਦੇ ਨਾਲੋ ਨਾਲ ਸੁਧਾਰਾਤਮਿਕ ਰਵੱਈਆ ਬਣਾ ਕੇ ਲੇਖਕ ਨੇ ਢੁੱਕਵਾਂ ਸਾਹਿਤਕ ਫ਼ਰਜ਼ ਵੀ ਅਦਾ ਕੀਤਾ ਹੈ। ਲੇਖ ਵਿਚਲੇ ਸੁਝਾਅ ਮੰਨਣਾ ਅਜੋਕੇ ਦੌਰ ਦੀ ਦੇਸ਼ਭਗਤੀ ਸਮਝਿਆ ਜਾ ਸਕਦਾ ਹੈ। ਦੇਸ਼ ਭਰ ਵਿਚ ਚੱਲਦੀ ਸਦਾਬਹਾਰ ਆਤਿਸ਼ਬਾਜ਼ੀ ਉੱਪਰ ਸਖ਼ਤ ਪਾਬੰਦੀ ਨਾ ਲਗਾਉਣ ਵਾਲੀਆਂ ਸਰਕਾਰਾਂ ਦੀ ਜਵਾਬਦੇਹੀ ਅਤੇ ਸੀਮਾ ਕਦੋਂ ਨਿਸ਼ਚਿਤ ਹੋਵੇਗੀ?
ਡਾ. ਪੰਨਾ ਲਾਲ ਮੁਸਤਫ਼ਾਬਾਦੀ ਅਤੇ ਕਸ਼ਮੀਰ ਘੇਸਲ, ਚੰਡੀਗੜ੍ਹ
ਬੱਚਿਆਂ ਨਾਲ ਖਿਲਵਾੜ
ਐਤਵਾਰ, 19 ਨਵੰਬਰ 2023 ਦੇ ਰੋਜ਼ਾਨਾ ‘ਪੰਜਾਬੀ ਟ੍ਰਿਬਿਊਨ’ ਵਿੱਚ ‘ਸੋਚ ਸੰਗਤ’ ਪੰਨੇ ’ਤੇ ਪ੍ਰਕਾਸ਼ਿਤ ਸਵਰਾਜਬੀਰ ਦਾ ਮਜ਼ਮੂਨ ‘ਮਨੁੱਖ ਤੋਂ ਖੋਹਿਆ ਜਾ ਰਿਹਾ ਹੈ ਸਮਾਂ’ ਪੜ੍ਹਿਆ। ਇਸ ਵਿੱਚ ਉਨ੍ਹਾਂ ਖ਼ਤਰਨਾਕ ਕਾਰਨਾਂ ਅਤੇ ਸਿੱਟਿਆਂ ਵੱਲ ਸਪੱਸ਼ਟ ਸੰਕੇਤ ਕੀਤਾ ਗਿਆ ਹੈ ਜਿਹੜੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਅਮਰੀਕਾ ਦੀਆਂ 41 ਸੂਬਾ ਸਰਕਾਰਾਂ ਵੱਲੋਂ ਮੈਟਾ ਕੰਪਨੀ ’ਤੇ ਮੁਕੱਦਮਾ ਦਾਇਰ ਕਰਨ ਦਾ ਬੁਨਿਆਦੀ ਕਾਰਨ ਇਹੀ ਮੰਨਿਆ ਗਿਆ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਉਨ੍ਹਾਂ ਦੇ ਬੱਚਿਆਂ ਨਾਲ ਖਿਲਵਾੜ ਕਰ ਰਿਹਾ ਹੈ। ਮੁਮਕਿਨ ਹੈ, ਹੌਲੀ ਹੌਲੀ ਹੋਰ ਅਨੇਕ ਮੁਲਕਾਂ ਦੇ ਬੱਚੇ ਵੀ ਇਸ ਖ਼ਤਰਨਾਕ ਰੁਝਾਨ ਦੀ ਗ੍ਰਿਫ਼ਤ ਵਿੱਚ ਆ ਜਾਣ। ਸੋ ਵਿਸ਼ਵ ਪੱਧਰ ’ਤੇ ਅਜਿਹਾ ਸ਼ਕਤੀਸ਼ਾਲੀ ਸੰਗਠਨ ਹੋਂਦ ਵਿੱਚ ਆਉਣਾ ਚਾਹੀਦਾ ਹੈ ਜੋ ਇੰਸਟਾਗ੍ਰਾਮ ਦੇ ਮਾਰੂ ਪ੍ਰਭਾਵ ਨੂੰ ਤੁਰੰਤ ਰੋਕਣ ਲਈ ਸਖ਼ਤ ਕਦਮ ਚੁੱਕੇ ਤਾਂ ਜੋ ਬੱਚਿਆਂ ਦਾ ਬੇਸ਼ਕੀਮਤੀ ਸਮਾਂ ਜ਼ਾਇਆ ਨਾ ਹੋਵੇ ਅਤੇ ਉਹ ਗਿਆਨ-ਵਿਗਿਆਨ ਦੇ ਨਵੇਂ ਦਿਸਹੱਦਿਆਂ ਨੂੰ ਛੂਹ ਸਕਣ।
ਡਾ. ਦਰਸ਼ਨ ਸਿੰਘ ‘ਆਸ਼ਟ’, ਪਟਿਆਲਾ