ਡਾਕ ਐਤਵਾਰ ਦੀ
ਸਹੀ ਵਿਸ਼ਲੇਸ਼ਣ
ਐਤਵਾਰ, ਛੱਬੀ ਨਵੰਬਰ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਸਵਰਾਜਬੀਰ ਦੇ ਲੇਖ ‘ਲੋਕ-ਸਮੂਹ, ਲੋਕ ਇਕੱਠ ਤੇ ਸਾਂਝੇ ਦਿਸਹੱਦੇ’ ਵਿੱਚ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਸਮੂਹ ਪੰਜਾਬੀਆਂ ਦੇ ਸਹਿਯੋਗ ਨਾਲ ਜਿੱਤੇ ਸੰਘਰਸ਼ ਦਾ ਬਾਖ਼ੂਬੀ ਅਤੇ ਸਹੀ ਵਿਸ਼ਲੇਸ਼ਣ ਕੀਤਾ ਗਿਆ ਹੈ। ਡਾ. ਬੀ.ਐੱਨ. ਗੋਸਵਾਮੀ ਬਾਰੇ ਲੇਖ ਉਨ੍ਹਾਂ ਦੀ ਕਲਾ ਅਤੇ ਸਾਹਿਤ ਨੂੰ ਦੇਣ ਦਾ ਪ੍ਰਤੱਖ ਸਬੂਤ ਹਨ। ਰਾਜਿੰਦਰ ਸਿੰਘ ਚੀਮਾ ਦੀ ਭਾਵਪੂਰਨ ਕਵਿਤਾ ਡਾਕਟਰ ਗੋਸਵਾਮੀ ਦੀ ਉਸਤਤ ਦਾ ਸਿਖਰ ਹੈ।
ਤਰਲੋਕ ਸਿੰਘ ਚੌਹਾਨ, ਚੰਡੀਗੜ੍ਹ
ਵਿਚਾਰਨ ਦੀ ਲੋੜ
ਕੁਝ ਸਮਾਂ ਪਹਿਲਾਂ ‘ਪੰਜਾਬੀ ਟ੍ਰਿਬਿਊਨ’ ਵਿਚ ਦੀਵਾਲੀ ਬਾਰੇ ਲੇਖ ਪ੍ਰਕਾਸ਼ਿਤ ਹੋਏ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਉਣ ਦੀਆਂ ਖ਼ਬਰਾਂ ਛਪੀਆਂ ਹਨ। ਦੀਵਾਲੀ ਸਮਾਜਿਕ ਭਾਈਚਾਰੇ ਦਾ ਇੱਕ ਪ੍ਰਮੁੱਖ ਤਿਉਹਾਰ ਹੈ ਜੋ ਸਿੱਖ ਵੀ ਆਪਣੇ ਹਿੰਦੂ ਭਾਈਚਾਰੇ ਦੇ ਇਸ ਖ਼ੁਸ਼ੀ ਦੇ ਮਾਹੌਲ ਵਿੱਚ ਸ਼ਾਮਲ ਹੋ ਕੇ ਇਸ ਤਿਉਹਾਰ ਨੂੰ ਬੜੀ ਧੂਮਧਾਮ ਨਾਲ ਮਨਾਉਂਦੇ ਹਨ। ਇਸ ਨਾਲ ਪੂਰੇ ਦੇਸ਼ ਵਿੱਚ ਭਾਈਚਾਰਕ ਸਾਂਝ ਦਾ ਸੰਦੇਸ਼ ਜਾਂਦਾ ਹੈ। ਕਈ ਸਿੱਖ ਇਤਿਹਾਸਕਾਰਾਂ ਵੱਲੋਂ ਇਸ ਤਿਉਹਾਰ ਦੇ ਦਿਨ ਨੂੰ ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਸਾਹਿਬ ਦੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਈ ਨਾਲ ਜੋੜ ਕੇ ਇਸ ਦਿਨ ਨੂੰ ‘ਬੰਦੀਛੋੜ ਦਿਵਸ’ ਕਹਿ ਕੇ ਸਿੱਖ ‘ਪੁਰਬ’ ਦਾ ਨਾਮ ਦਿੱਤਾ ਗਿਆ ਹੈ ਜੋ ਇਤਿਹਾਸਕ ਤੱਤਾਂ ਅਨੁਸਾਰ ਸਹੀ ਨਹੀਂ ਹੈ। ਇਸ ਤਿਉਹਾਰ ਦੇ ਦਿਨ ਨੂੰ ਗੁਰੂ ਹਰਿਗੋਬਿੰਦ ਸਾਹਿਬ ਦੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਹੋਈ ਰਿਹਾਈ ਦੇ ਦਿਨ ਨਾਲ ਜੋੜ ਕੇ ਸਿੱਖ ਕੌਮ ਦਾ ਇਸ ਨਾਲ ਸਿੱਧਾ ਸਬੰਧ ਪ੍ਰਚਾਰ ਕਰਨਾ ਗ਼ਲਤ-ਬਿਆਨੀ ਹੈ। ‘ਹਿਸਟਰੀ ਆਫ ਦਿ ਸਿੱਖਸ ਐਂਡ ਦੇਅਰ ਰਿਲੀਜਨ’ (ਧਰਮ ਪ੍ਰਚਾਰ ਕਮੇਟੀ, ਪੰਨਾ 175) ਵਿੱਚ ਭੱਟ ਵਹੀ ਮੁਲਤਾਨੀ ਸਿੰਧੀ ਦੇ ਹਵਾਲੇ ਨਾਲ ਜ਼ਿਕਰ ਆਉਂਦਾ ਹੈ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਤੋਂ 28 ਨਵੰਬਰ 1619 (28 ਕੱਤਕ 1676) ਨੂੰ ਰਿਹਾਅ ਹੋ ਕੇ 28 ਜਨਵਰੀ 1620 (1 ਮਾਘ 1676) ਨੂੰ ਅੰਮ੍ਰਿਤਸਰ ਪਹੁੰਚੇ। ਦੂਸਰੇ ਪਾਸੇ ਬਿਕਰਮੀ ਕੈਲੰਡਰਾਂ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਦੀਵਾਲੀ ਸੈਂਕੜੇ ਸਾਲਾਂ ਤੋਂ ਅਕਤੂਬਰ ਜਾਂ ਵੱਧ ਤੋਂ ਵੱਧ ਨਵੰਬਰ ਦੇ ਪਹਿਲੇ ਹਫ਼ਤੇ ਤੋਂ ਪਹਿਲਾਂ ਹੀ ਮਨਾਈ ਜਾਂਦੀ ਹੈ, ਇਹ ਤਿਉਹਾਰ ਕਦੇ ਵੀ ਨਵੰਬਰ ਦੇ ਅੰਤ, ਦਸੰਬਰ ਜਾਂ ਜਨਵਰੀ ਦੇ ਮਹੀਨੇ ਨਹੀਂ ਮਨਾਇਆ ਗਿਆ। ਇਸ ਤੋਂ ਸਾਫ਼ ਹੈ ਕਿ ਦੀਵਾਲੀ ਨੂੰ ਛੇਵੇਂ ਪਾਤਸ਼ਾਹ ਦੀ ਰਿਹਾਈ ਨਾਲ ਜੋੜਨਾ ਇਤਿਹਾਸਕ ਗ਼ਲਤੀ ਹੈ। ਦੀਵਾਲੀ ਭਾਰਤ ਦਾ ਪ੍ਰਸਿੱਧ ਤਿਉਹਾਰ ਹੈ, ਇਸ ਵਿੱਚ ਕੋਈ ਦੋ-ਰਾਏ ਨਹੀਂ ਹੈ ਪਰ ਇਸ ਦਾ ‘ਬੰਦੀਛੋੜ ਦਿਵਸ’ ਨਾਲ ਸੰਬੰਧ ਸਥਾਪਿਤ ਕਰਨਾ ਇਤਿਹਾਸਕ ਪੱਖ ਤੋਂ ਗ਼ਲਤ ਹੈ। ਐੱਸ.ਜੀ.ਪੀ.ਸੀ. ਨੂੰ ਤਿਉਹਾਰ ਅਤੇ ਪੁਰਬ ਵਿਚਲੇ ਅੰਤਰ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।
ਭਾਈ ਅਸ਼ੋਕ ਸਿੰਘ ਬਾਗੜੀਆਂ, ਈ-ਮੇਲ