ਡਾਕ ਐਤਵਾਰ ਦੀ
ਮਨੁੱਖ ਤੇ ਸੂਖ਼ਮ ਕਲਾਵਾਂ
ਐਤਵਾਰ, 2 ਜੁਲਾਈ ਨੂੰ ‘ਪੰਜਾਬੀ ਟ੍ਰਿਬਿਊਨ’ ਦੇ ‘ਸੋਚ ਸੰਗਤ’ ਪੰਨੇ ’ਤੇ ਸਵਰਾਜਬੀਰ ਦੀ ਲਿਖਤ ‘ਲਿਖਣਾ ਬੰਦ ਹੈ’ ਪੜ੍ਹ ਕੇ ਸਿਰ ਚਕਰਾ ਗਿਆ ਕਿ ਮੰਡੀ ਦੀ ਤਾਕਤ ਕਿੱਥੋਂ ਤੱਕ ਪਹੁੰਚ ਗਈ ਹੈ। ਇਹ ਤਾਂ ਸੋਚ ਤੋਂ ਵੀ ਕਿਤੇ ਬਾਹਰ ਹੈ। ਕੋਈ ਲਿਖਾਰੀ ਲਿਖ ਹੀ ਉਦੋਂ ਸਕਦਾ ਹੈ ਜਦ ਉਸ ਦੀ ਰੂਹ ਉਸ ਨੂੰ ਅੰਦਰੋਂ ਆਵਾਜ਼ ਦਿੰਦੀ ਹੈ। ਇਸ ਦਾ ਮਤਲਬ ਮੰਡੀ ਨੇ ਹੁਣ ਰੂਹ ਨੂੰ ਕਬਜ਼ੇ ਵਿੱਚ ਕਰ ਲਿਆ ਹੈ। ਲਿਖਣਾ ਇੱਕ ਸੂਖ਼ਮ ਕਲਾ ਹੈ। ਜੇਕਰ ਇਸ ਕਲਾ ਉੱਤੇ ਵੀ ਮੰਡੀ ਦਾ ਕਬਜ਼ਾ ਹੋ ਗਿਆ ਤਾਂ ਸਾਫ਼ ਨਜ਼ਰ ਆ ਰਿਹਾ ਹੈ ਕਿ ਮੰਡੀ ਸਭ ਕੁਝ ਹੜੱਪ ਰਹੀ ਹੈ। ਪਿੱਛੇ ਕੀ ਬਚਣਗੇ? ਰੂਹ ਰਹਿਤ ਪੁਰਜ਼ੇ! ਮਨੁੱਖ ਨੂੰ ਖ਼ੁਸ਼ੀ ਦੇਣ ਵਾਲੀ ਕੋਮਲ ਸੂਖ਼ਮ ਕਲਾ ਹੀ ਹੈ ਜਿਸ ਨੂੰ ਮਨੁੱਖ ਇਕੱਲਾ ਬੈਠ ਕੇ ਮਾਣਦਾ ਹੈ ਅਤੇ ਉਸ ਦੀ ਰੂਹ ਸਰਸ਼ਾਰ ਹੋ ਜਾਂਦੀ ਹੈ। ਮੰਡੀ ਵਿੱਚੋਂ ਉਪਜੀ ਪੈਸੇ ਦੀ ਹਵਸ ਮਨੁੱਖ ਵਿੱਚੋਂ ਮਨੁੱਖਤਾ ਹੀ ਖ਼ਤਮ ਕਰ ਰਹੀ ਹੈ। ਜੇਕਰ ਮਨੁੱਖ ਵਿੱਚੋਂ ਮਨੁੱਖਤਾ ਹੀ ਖ਼ਤਮ ਹੋ ਗਈ, ਫਿਰ ਵਜੂਦ ਤਾਂ ਮਨੁੱਖਾਂ ਦੇ ਦਿਸਣਗੇ ਪਰ ਅਸਲ ਵਿੱਚ ਇਹ ਮੰਡੀ ਦੇ ਪੁਰਜ਼ਿਆਂ ਤੋਂ ਵੱਧ ਕੁਝ ਨਹੀਂ ਹੋਣਗੇ। ਮਨੁੱਖ ਤੇਜ਼ੀ ਨਾਲ ਮਨੁੱਖੀ ਅਹਿਸਾਸਾਂ ਦੇ ਅੰਤ ਵੱਲ ਵਧ ਰਿਹਾ ਹੈ। ਆਖ਼ਰ ਮਨੁੱਖ ਕਦੋਂ ਤੱਕ ਇਹ ਸਭ ਕੁਝ ਦੇਖਦਾ ਰਹੇਗਾ? ਕਿਸਾਨ ਅੰਦੋਲਨ ਵਾਂਗ ਮਨੁੱਖ ਨੂੰ ਆਪਣੀ ਹੋਂਦ ਬਚਾਉਣ ਲਈ ਮੰਡੀ ਦੇ ਖਿਲਾਫ਼ ਸੰਘਰਸ਼ ਸ਼ੁਰੂ ਕਰਨ ਦੀ ਜ਼ਰੂਰਤ ਹੈ। ਜੇਕਰ ਇਸ ਵਿੱਚ ਹੋਰ ਦੇਰ ਹੋ ਗਈ ਤਾਂ ਸਭ ਕੁਝ ਖ਼ਤਮ ਹੋ ਜਾਵੇਗਾ।
ਪ੍ਰਿੰਸੀਪਲ ਰਣਜੀਤ ਸਿੰਘ, ਬਠਿੰਡਾ
ਬਹੁਤ ਕਠਨਿ ਸੀ ਇਹ ਸਫ਼ਰ ਧੁੱਪ ਦਾ
ਐਤਵਾਰ, 25 ਜੂਨ ਦੇ ‘ਪੰਜਾਬੀ ਟ੍ਰਿਬਿਊਨ’ ਦੇ ਦਸਤਕ ਅੰਕ ’ਚ ਸੁਰਜੀਤ ਪਾਤਰ ਵੱਲੋਂ ਕੁਲਦੀਪ ਕਲਪਨਾ ਦੇ ਵਿਦਾ ਹੋਣ ’ਤੇ ਲਿਖਿਆ ਲੇਖ ‘ਬਹੁਤ ਕਠਨਿ ਸੀ ਇਹ ਸਫ਼ਰ ਧੁੱਪ ਦਾ’ ਮੈਂ ਸਭ ਤੋਂ ਪਹਿਲਾਂ ਇਸ ਲਈ ਪੜ੍ਹਿਆ ਕਿ ਜਦ ਕਦੇ ਵੀ ਪਾਤਰ ਦੀ ਰਚਨਾ ਨੂੰ ਪੜ੍ਹਿਆ, ਸੁਣਿਆ ਜਾਂ ਰੂਬਰੂ ਹੋ ਕੇ ਗੱਲਾਂ ਕੀਤੀਆਂ ਤਾਂ ਉਨ੍ਹਾਂ ਵੱਲੋਂ ਮਿਲੀਆਂ ਅਸਲੋਂ ਨਵੀਆਂ ਗੱਲਾਂ/ਕਵਿਤਾਵਾਂ ਨਾਲ ਇਸ ਕਦਰ ਸਰਸ਼ਾਰ ਹੋਇਆ ਹਾਂ ਕਿ ਉਨ੍ਹਾਂ ਨੂੰ ਮੈਂ ਆਪਣੀ ਡਾਇਰੀ ਵਿੱਚ ਸਾਂਭਦਾ ਰਿਹਾ ਹਾਂ। ਇਸ ਲੇਖ ਨੂੰ ਪੜ੍ਹਦਿਆਂ ਵੀ ਮੈਂ ਉਸ ਥਾਂ ’ਤੇ ਜਾ ਕੇ ਰੁਕ ਗਿਆ ਜਿੱਥੇ ਪਾਤਰ ਹੋਰੀਂ ਕੁਲਦੀਪ ਬਾਰੇ ਲਿਖੀ ਆਪਣੀ ਕਵਿਤਾ ਦਾ ਹਵਾਲਾ ਦਿੰਦੇ ਹਨ। ਉਹ ਕਵਿਤਾ ਇੰਝ ਹੈ:
ਉਹ ਖ਼ੂਬਸੂਰਤ ਪਗਡੰਡੀ ਹੈ/ ਉਸ ਉੱਤੇ ਕਿਸੇ ਦੀ ਪੈੜ ਨਹੀਂ/ ਉਸ ਉੱਤੇ ਕਿਸੇ ਦੀ ਪੈੜ ਨਹੀਂ ਪੈ ਸਕਦੀ/ ਉਹ ਸਿੱਧੀ ਸਤੀਰ ਗਗਨ-ਮੁਖੀ ਪਗਡੰਡੀ ਹੈ।/ ... ... ਪਰ ਮੈਨੂੰ ਲੱਗਾ ਕੋਈ ਕੁਰਸੀ ਖਾਲੀ ਨਹੀਂ/ ਇਕ ਕੁਰਸੀ ਤੇ ਬਲਰਾਜ ਸਾਹਨੀ ਬੈਠਾ ਸੀ/ ਇਕ ਤੇ ਬਾਵਾ ਬਲਵੰਤ/ ਇਕ ਤੇ ਮਹਿਦੀ ਹਸਨ/ ਇਕ ਤੇ ਜਗਜੀਤ ਸਿੰਘ/ ਇਕ ਤੇ ਸ਼ਿਵ ਕੁਮਾਰ ਬਟਾਲ਼ਵੀ/ ਸਾਰੀਆਂ ਕੁਰਸੀਆਂ/ ਗੈਰਹਾਜ਼ਰਾਂ ਨੇ ਮੱਲੀਆਂ ਹੋਈਆਂ ਸਨ। ਇਹ ਕਵਿਤਾ ਪੜ੍ਹ ਕੇ ਮੈਂ ਸਿਰ ਝੁਕਾਇਆ ਤੇ ਸੋਚਾਂ ਵਿੱਚ ਵਹਿ ਗਿਆ।
ਗੁਰਦਿਆਲ ਦਲਾਲ, ਦੋਰਾਹਾ (ਲੁਧਿਆਣਾ)