For the best experience, open
https://m.punjabitribuneonline.com
on your mobile browser.
Advertisement

ਪੋਸਟ ਮੈਟ੍ਰਿਕ ਸਕਾਲਰਸ਼ਿਪ: ਪੀਯੂ ਤੇ ਕਾਂਸਟੀਚੁਐਂਟ ਕਾਲਜਾਂ ਦੇ ਵਿਦਿਆਰਥੀ ਪ੍ਰੇਸ਼ਾਨ

06:52 AM Jul 20, 2024 IST
ਪੋਸਟ ਮੈਟ੍ਰਿਕ ਸਕਾਲਰਸ਼ਿਪ  ਪੀਯੂ ਤੇ ਕਾਂਸਟੀਚੁਐਂਟ ਕਾਲਜਾਂ ਦੇ ਵਿਦਿਆਰਥੀ ਪ੍ਰੇਸ਼ਾਨ
ਉਪ ਕੁਲਪਤੀ ਦੇ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਵਿਦਿਆਰਥੀ ਆਗੂ।
Advertisement

ਕੁਲਦੀਪ ਸਿੰਘ
ਚੰਡੀਗੜ੍ਹ, 19 ਜੁਲਾਈ
ਪੰਜਾਬ ਯੂਨੀਵਰਸਿਟੀ ਕੈਂਪਸ ਅਤੇ ਇਸ ਦੇ ਕਾਂਸਟੀਚੁਐਂਟ ਕਾਲਜਾਂ ਵਿੱਚ ਪੜ੍ਹਦੇ ਐੱਸਸੀ ਵਿਦਿਆਰਥੀਆਂ ਲਈ ਚੱਲ ਰਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਬੰਦ ਵਰਗੀ ਹੋ ਰਹੀ ਹੈ। ਵਿਦਿਆਰਥੀਆਂ ਨੂੰ ਫੀਸਾਂ ਜਮ੍ਹਾਂ ਕਰਵਾਉਣ ਲਈ ਜੁਬਾਨੀ ਫੁਰਮਾਨ ਚਾੜ੍ਹੇ ਜਾ ਰਹੇ ਹਨ। ਇਸ ਵਰਗ ਨਾਲ ਸਬੰਧਤ ਵਿਦਿਆਰਥੀ ਕੈਂਪਸ ਅਤੇ ਕਾਂਸਟੀਚੁਐਂਟ ਕਾਲਜਾਂ ਵਿੱਚ ਪੜ੍ਹਾਈ ਕਰਨ ਦੀ ਬਜਾਇ ਧਰਨੇ ਲਗਾਉਣ ਲਈ ਮਜਬੂਰ ਹਨ।
ਵੇਰਵਿਆਂ ਮੁਤਾਬਕ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਪੜ੍ਹਾਈ ਕਰ ਰਹੇ ਐੱਸਸੀ ਵਿਦਿਆਰਥੀਆਂ ਦੀ ਫੀਸ ਪੂਰੀ ਤਰ੍ਹਾਂ ਮੁਆਫ਼ ਹੈ ਜੋ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਭੇਜੀ ਜਾਂਦੀ ਹੈ। ਕੋਈ ਵੀ ਕਾਲਜ/ਯੂਨੀਵਰਸਿਟੀ ਸਕਾਲਰਸ਼ਿਪ ਆਉਣ ਤੋਂ ਪਹਿਲਾਂ ਵਿਦਿਆਰਥੀ ਤੋਂ ਕਿਸੇ ਤਰ੍ਹਾਂ ਦੀ ਕੋਈ ਵੀ ਫੀਸ ਨਹੀਂ ਮੰਗ ਸਕਦਾ। ਜਾਣਕਾਰੀ ਮੁਤਾਬਕ ਫੀਸ ਜਮ੍ਹਾਂ ਨਾ ਕਰਵਾਉਣ ਵਾਲੇ ਵਿਦਿਆਰਥੀਆਂ ਨੂੰ ਦਾਖ਼ਲਾ ਨਹੀਂ ਦਿੱਤਾ ਜਾ ਰਿਹਾ।
ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਧੀਰਜ ਕੁਮਾਰ ਨੇ ਦੱਸਿਆ ਕਿ ਉਹ ਪੀਯੂ ਦੇ ਕਾਂਸਟੀਚੁਐਂਟ ਕਾਲਜ ਦਾ ਵਿਦਿਆਰਥੀ ਹੈ। ਇੱਥੇ ਐੱਸਸੀ ਵਿਦਿਆਰਥੀਆਂ ਤੋਂ ਫੀਸਾਂ ਮੰਗ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਅੰਬੇਡਕਰ ਸਟੂਡੈਂਟਸ ਫੋਰਮ ਦੇ ਆਗੂ ਗੁਰਦੀਪ ਸਿੰਘ ਨੇ ਦੱਸਿਆ ਕਿ ਪੀਯੂ ਅਥਾਰਟੀ ਨੇ 2 ਜੁਲਾਈ 2024 ਨੂੰ ਨੋਟਿਸ ਰਾਹੀਂ ਵਿਭਾਗਾਂ ਨੂੰ ਹਦਾਇਤਾਂ ਦਿੱਤੀਆਂ ਸਨ ਕਿ ਐੱਸਸੀ ਵਿਦਿਆਰਥੀਆਂ ਦੇ ਖਾਤੇ ਵਿਚ ਸਬੰਧਤ ਵਜ਼ੀਫੇ ਦੇ ਪੈਸੇ ਆਉਂਦੇ ਸਾਰ ਇਹ ਪੈਸੇ 10 ਦਿਨਾਂ ਦੇ ਅੰਦਰ ਵਿਦਿਆਰਥੀਆਂ ਕੋਲ਼ੋਂ ਜਮ੍ਹਾਂ ਕਰਵਾਏ ਜਾਣ। ਅਜਿਹਾ ਨਾ ਕਰਨ ’ਤੇ ਲੇਟ ਫੀਸ ਲੱਗੇਗੀ ਪਰ ਵਿਭਾਗਾਂ ਅਤੇ ਕਾਲਜਾਂ ਨੇ ਇਸ ਨੋਟਿਸ ਦਾ ਗ਼ਲਤ ਮਤਲਬ ਸਮਝ ਕੇ ਐੱਸਸੀ ਵਿਦਿਆਰਥੀਆਂ ਤੋਂ ਫੀਸਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਉਪ ਕੁਲਪਤੀ ਦਾ ਪੁਤਲਾ ਫੂਕਣ ਦਾ ਐਲਾਨ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਪੂਰਨ ਤੌਰ ’ਤੇ ਲਾਗੂ ਕਰਵਾਉਣ ਲਈ ਉਪ ਕੁਲਪਤੀ ਦਫ਼ਤਰ ਦੇ ਬਾਹਰ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ ਤੇ ਅੱਜ ਤੋਂ ਭੁੱਖ ਹੜਤਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ। ਵਿਦਿਆਰਥੀ ਆਗੂ ਗੌਤਮ ਭੌਰੀਆ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਇਸ ਮੰਗ ਨੂੰ ਲੈ ਕੇ ਕਈ ਦਿਨਾਂ ਤੋਂ ਲਗਾਤਾਰ ਧਰਨਾ ਚਲਾਇਆ ਗਿਆ ਸੀ ਜਿਸ ਤੋਂ ਬਾਅਦ ਅਥਾਰਟੀ ਨੇ 16 ਸਤੰਬਰ ਨੂੰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਗੱਲਬਾਤ ਕੀਤੀ ਅਤੇ ਫ਼ੈਸਲਾ ਲਿਖਤੀ ਰੂਪ ਵਿੱਚ ਦੇਣ ਦਾ ਵਾਅਦਾ ਕਰ ਕੇ ਧਰਨਾ ਖ਼ਤਮ ਕਰਵਾ ਦਿੱਤਾ। ਜਦੋਂ ’ਵਰਸਿਟੀ ਦਾ ਲਿਖਤੀ ਰੂਪ ਵਿੱਚ ਫ਼ੈਸਲੇ ਦੀ ਕਾਪੀ ਲੈਣ ਲਈ ਸਬੰਧਤ ਅਧਿਕਾਰੀ ਦੇ ਦਫ਼ਤਰ ਗਏ ਤਾਂ ਉਹ ਆਪਣੇ ਵਾਅਦੇ ਤੋਂ ਮੁੱਕਰ ਗਏ। ਐਸੋਸੀਏਸ਼ਨ ਨੇ ਫਿਰ ਤੋਂ ਉਪ ਕੁਲਪਤੀ ਦਫ਼ਤਰ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਤੇ ਹੁਣ ਅਥਾਰਟੀ ਵੱਲੋਂ ਸਕਿਓਰਿਟੀ ਰਾਹੀਂ ਜਾਂ ਪੁਲੀਸ ਦੀਆਂ ਧਮਕੀਆਂ ਦੇ ਕੇ ਉਨ੍ਹਾਂ ਨੂੰ ਧਰਨਾ ਚੁੱਕਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਵਿਦਿਆਰਥੀਆਂ ਦੀ ਮੰਗ ਪੂਰੀ ਨਾ ਕੀਤੀ ਤਾਂ ਹੋਰਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਸੋਮਵਾਰ ਨੂੰ ਉਪ ਕੁਲਪਤੀ ਦਾ ਪੁਤਲਾ ਫੂਕਿਆ ਜਾਵੇਗਾ।

Advertisement

Advertisement
Author Image

sanam grng

View all posts

Advertisement
Advertisement
×