ਨਿਗਮ ਚੋਣਾਂ ਲਈ ਪੱਬਾਂ ਭਾਰ ਹੋਏ ਸੰਭਾਵਿਤ ਉਮੀਦਵਾਰ
ਗਗਨਦੀਪ ਅਰੋੜਾ
ਲੁਧਿਆਣਾ, 22 ਨਵੰਬਰ
ਸੁਪਰੀਮ ਕੋਰਟ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਨਗਰ ਨਿਗਮ ਚੋਣਾਂ ਕਰਵਾਉਣ ਦਾ ਰਾਹ ਪੱਧਰਾ ਹੋ ਗਿਆ ਹੈ। ਚੋਣਾਂ ਲੜਨ ਵਾਲੇ ਉਮੀਦਵਾਰ ਵੀ ਪੱਬਾ ਭਾਰ ਹੋ ਗਏ ਹਨ ਪਰ ਹਾਲੇ ਇਸ ਗੱਲ ’ਤੇ ਸਸਪੈਂਸ ਬਰਕਰਾਰ ਹੈ ਕਿ ਲੁਧਿਆਣਾ ਨਗਰ ਨਿਗਮ ਲਈ ਚੋਣਾਂ ਪੁਰਾਣੀ ਵਾਰਡਬੰਦੀ ਤਹਿਤ ਹੋਣਗੀਆਂ ਜਾਂ ਨਵੀਂ। ਸੰਭਾਵਿਤ ਉਮੀਦਵਾਰਾਂ ਨੇ ਅੰਦਰਖਾਤੇ ਚੋਣ ਪ੍ਰਚਾਰ ਆਰੰਭ ਦਿੱਤਾ ਹੈ। ਕੁੱਝ ਨਿਗਮ ਚੋਣਾਂ ਲੜਨ ਦੇ ਇੱਛੁਕ ਉਮੀਦਵਾਰਾਂ ਨੂੰ ਇਹ ਵੀ ਖਦਸ਼ਾ ਹੈ ਕਿ ਕਿਤੇ ਨਵੀਂ ਵਾਰਡਬੰਦੀ ਤਹਿਤ ਉਨ੍ਹਾਂ ਦਾ ਵਾਰਡ ਮਹਿਲਾ ਲਈ ਰਾਖਵਾਂ ਨਾ ਨਿਕਲ ਆਵੇ। ਸਰਕਾਰ ਨੇ ਸਥਾਨਕ ਪ੍ਰਸ਼ਾਸਨ ਨੂੰ ਅੰਦਰੂਨੀ ਤੌਰ ’ਤੇ ਨਿਗਮ ਚੋਣਾਂ ਕਰਵਾਉਣ ਦੀ ਤਿਆਰੀ ਕਰਨ ਲਈ ਕਿਹਾ ਦਿੱਤਾ ਹੈ ਜਿਸ ਲਈ ਵੋਟਰਸੂਚੀ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ਵੀ ਆਰੰਭੀ ਜਾ ਚੁੱਕੀ ਹੈ।
ਸਨਅਤੀ ਸ਼ਹਿਰ ਵਿੱਚ 95 ਵਾਰਡ ਹਨ, ਜਿਸ ਲਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਆਪਣੇ ਮੁਤਾਬਕ ਨਵੀਂ ਵਾਰਡਬੰਦੀ ਕਰਵਾਈ ਸੀ, ਜਿਸ ’ਤੇ ਕਰੋੜਾਂ ਰੁਪਏ ਵੀ ਖ਼ਰਚੇ ਗਏ ਸਨ। ਵਿਰੋਧੀ ਧਿਰਾਂ ਨੇ ਹਾਈਕੋਰਟ ਵਿੱਚ ਵਾਰਡਬੰਦੀ ਨੂੰ ਚਣੌਤੀ ਦਿੱਤੀ ਸੀ ਜਿਸ ਮਗਰੋਂ ਪਹਿਲਾਂ ਲੋਕ ਸਭਾ ਚੋਣਾਂ ਤੇ ਫਿਰ ਸਰਪੰਚਾਂ ਦੀਆਂ ਚੋਣਾਂ ਆ ਗਈਆਂ, ਜਿਸ ਕਰਕੇ ਇਹ ਮੁੱਦਾ ਠੰਢੇ ਬਸਤੇ ਪੈ ਗਿਆ ਸੀ। ਹੁਣ ਨਿਗਮ ਚੋਣਾਂ ਲੜਨ ਦੇ ਇਛੁੱਕ ਉਮੀਦਵਾਰਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਚੋਣਾਂ ਨਵੀ ਵਾਰਡੰਬਦੀ ਮੁਤਾਬਕ ਹੋਣਗੀਆਂ ਜਾਂ ਪੁਰਾਣੀ, ਇਸ ਬਾਰੇ ਕੁੱਝ ਸਪੱਸ਼ਟ ਨਹੀਂ ਹੋ ਪਾ ਰਿਹਾ ਹੈ। ਪਰ ਇਨ੍ਹਾਂ ਇਛੁੱਕ ਉਮੀਦਵਾਰਾਂ ਨੇ ਇਸ ਦਾ ਹੱਲ ਕੱਢਦਿਆਂ ਤਿਆਰ ਕਰਵਾਏ ਬੋਰਡਾਂ ’ਤੇ ਪੁਰਾਣੀ ਵਾਰਡ ਨੰਬਰ ਤੇ ਨਵਾਂ ਵਾਰਡ ਨੰਬਰ ਦੋਵੇਂ ਲਿਖਵਾ ਦਿੱਤੇ ਹਨ। ਨਗਰ ਨਿਗਮ ਦੇ ਵਾਰਡਾਂ ਵਿੱਚ ਚੋਣ ਲੜਨ ਦੇ ਉਮੀਦਵਾਰਾਂ ਨੇ ਵਿਧਾਇਕਾਂ ਜ਼ਰੀਏ ਹੋਣ ਵਾਲੇ ਵਿਕਾਸ ਕਾਰਜ਼ਾਂ ਵਿੱਚ ਹਿੱਸਾ ਲੈਣਾ ਆਰੰਭ ਦਿੱਤਾ ਹੈ। ਦੂਜੇ ਪਾਸੇ ਬਾਕੀ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਵੀ ਅੰਦਰਖਾਤੇ ਮੀਟਿੰਗਾਂ ਕਰਕੇ ਚੋਣਾਂ ਦੀ ਤਿਆਰੀ ਖਿੱਚ ਦਿੱਤੀ ਹੈ। ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸੰਜੈ ਤਲਵਾੜ ਦਾ ਕਹਿਣਾ ਹੈ ਕਿ ਕਾਂਗਰਸ ਦੇ ਸੰਭਾਵਿਤ ਉਮੀਦਵਾਰਾਂ ਆਪਣਾ ਕੰਮ ਕਰ ਰਹੇ ਹਨ। ਉਹ ਚੋਣਾਂ ਲਈ ਤਿਆਰ ਹਨ ਪਰ ਸਰਕਾਰ ਭੱਜ ਰਹੀ ਹੈ। ਸਰਕਾਰ ਸਪੱਸ਼ਟ ਨਹੀਂ ਕਰ ਰਹੀ ਕਿ ਚੋਣਾਂ ਕਿਸ ਵਾਰਡਬੰਦੀ ਤਹਿਤ ਹੋਣਗੀਆਂ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦਾ ਕਹਿਣਾ ਹੈ ਕਿ ‘ਆਪ’ ਸਰਕਾਰ ਨੂੰ ਪਤਾ ਹੈ ਕਿ ਸ਼ਹਿਰ ਵਿੱਚ ਉਨ੍ਹਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਾਉਣਾ, ਇਸ ਕਰਕੇ ਉਹ ਚੋਣਾ ਨਹੀਂ ਕਰਵਾ ਰਹੀ। ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ ਵਿੱਚ ਸਾਰੇ ਹੀ ਸ਼ਹਿਰ ਵਿਚ ਭਾਜਪਾ ਨੂੰ ਲੀਡ ਮਿਲੀ ਸੀ।