ਸ਼੍ਰੋਮਣੀ ਕਮੇਟੀ ਵੱਲੋਂ ਕੁਝ ਮੁਅੱਤਲ ਮੁਲਾਜ਼ਮਾਂ ਨੂੰ ਰਾਹਤ ਦੇਣ ਦੀ ਸੰਭਾਵਨਾ
ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 3 ਸਤੰਬਰ
ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਸੁੱਕੇ ਪ੍ਰਸ਼ਾਦਿਆਂ ਦੀ ਵਿਕਰੀ ਵਿੱਚ ਘਪਲੇ ਦੇ ਮਾਮਲੇ ਵਿੱਚ ਮੁਅੱਤਲ ਕੀਤੇ ਗਏ ਕਰਮਚਾਰੀਆਂ ਵਿੱਚੋਂ ਕੁੱਝ ਹੋਰ ਨੂੰ ਰਾਹਤ ਮਿਲਣ ਦੀ ਸੰਭਾਵਨਾ ਹੈ। ਇਹ ਮਾਮਲਾ ਪੰਜ ਸਤੰਬਰ ਨੂੰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਹੋ ਰਹੀ ਮੀਟਿੰਗ ਵਿੱਚ ਵਿਚਾਰੇ ਜਾਣ ਦੀ ਸੰਭਾਵਨਾ ਹੈ।
ਇੱਕ ਘਪਲਾ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ 50 ਤੋਂ ਵੱਧ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਜਿਨ੍ਹਾਂ ਵਿੱਚ ਕਈ ਮੈਨੇਜਰ, ਇੰਸਪੈਕਟਰ ਅਤੇ ਸਟੋਰਕੀਪਰ ਆਦਿ ਸ਼ਾਮਲ ਸਨ। ਇਹ ਘਪਲਾ ਲਗਪਗ ਇਕ ਕਰੋੜ ਰੁਪਏ ਦੀ ਰਕਮ ਨਾਲ ਸਬੰਧਤ ਸੀ। ਇਸ ਮਾਮਲੇ ਵਿੱਚ ਲੰਗਰ ਘਰ ਦੇ ਸੁੱਕੇ ਪ੍ਰਸ਼ਾਦੇ ਵੇਚੇ ਗਏ ਸਨ ਪਰ ਉਸ ਦੀ ਰਕਮ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਜਮ੍ਹਾ ਨਹੀਂ ਕਰਵਾਈ ਗਈ ਸੀ। ਇਹ ਘਪਲਾ ਕਰੋਨਾ ਕਾਲ ਵੇਲੇ ਦਾ ਸੀ। ਇਸ ਮਾਮਲੇ ਦੀ ਪਹਿਲਾਂ ਸਿੱਖ ਸੰਸਥਾ ਦੇ ਫਲਾਈਂਗ ਵਿਭਾਗ ਵੱਲੋਂ ਜਾਂਚ ਕੀਤੀ ਗਈ ਸੀ ਅਤੇ ਮੁੜ ਜਾਂਚ ਕਰਨ ਵਾਸਤੇ ਵੱਖਰੀ ਸਬ ਕਮੇਟੀ ਬਣਾਈ ਗਈ ਹੈ। ਇਸ ਮਾਮਲੇ ਦੀ ਫਿਲਹਾਲ ਜਾਂਚ ਜਾਰੀ ਹੈ ਅਤੇ ਸਬ ਕਮੇਟੀ ਵੱਲੋਂ ਪਿਛਲੇ ਦਿਨੀਂ ਹੀ ਇੱਕ ਮੀਟਿੰਗ ਕੀਤੀ ਗਈ। ਜਾਂਚ ਕਮੇਟੀ ਵੱਲੋਂ ਕੀਤੀ ਪੜਤਾਲ ਦਾ ਮਾਮਲਾ 5 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਰੱਖਿਆ ਜਾਵੇਗਾ ਜਿਸ ਵਿੱਚ ਕੁਝ ਹੋਰ ਕਰਮਚਾਰੀਆਂ ਨੂੰ ਵੀ ਰਾਹਤ ਮਿਲਣ ਦੀ ਸੰਭਾਵਨਾ ਹੈ। ਇਸ ਮਾਮਲੇ ਵਿੱਚ ਕਈ ਕਰਮਚਾਰੀਆਂ ਨੂੰ ਜੁਰਮਾਨੇ ਵੀ ਲਾਏ ਗਏ ਹਨ। ਹਾਲ ਹੀ ਵਿੱਚ ਇੱਕ ਮੈਨੇਜਰ ਨੂੰ ਵੀ ਬਹਾਲ ਕੀਤਾ ਗਿਆ ਅਤੇ ਜੁਰਮਾਨੇ ਮਗਰੋਂ ਉਸ ਦੀ ਸੇਵਾਮੁਕਤੀ ਕੀਤੀ ਗਈ ਹੈ।