For the best experience, open
https://m.punjabitribuneonline.com
on your mobile browser.
Advertisement

ਅੰਮ੍ਰਿਤਸਰ ਲੋਕ ਸਭਾ ਹਲਕੇ ਵਿੱਚ ਚਹੁੰ ਕੋਨੇ ਮੁਕਾਬਲੇ ਦੀ ਸੰਭਾਵਨਾ

08:17 AM Mar 29, 2024 IST
ਅੰਮ੍ਰਿਤਸਰ ਲੋਕ ਸਭਾ ਹਲਕੇ ਵਿੱਚ ਚਹੁੰ ਕੋਨੇ ਮੁਕਾਬਲੇ ਦੀ ਸੰਭਾਵਨਾ
Advertisement

ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 28 ਮਾਰਚ
ਪੰਜਾਬ ਵਿੱਚ ਅਕਾਲੀ ਭਾਜਪਾ ਗੱਠਜੋੜ ਨਾ ਹੋਣ ਕਾਰਨ ਇਸ ਵਾਰ ਵਧੇਰੇ ਥਾਵਾਂ ’ਤੇ ਚਹੁੰ ਕੋਨਾ ਜਾਂ ਬਹੁਕੋਨਾ ਮੁਕਾਬਲਾ ਹੋਣ ਦੀਆਂ ਸੰਭਾਵਨਾਵਾਂ ਬਣ ਗਈਆਂ ਹਨ। ਇਸ ਕਾਰਨ ਅੰਮ੍ਰਿਤਸਰ ਲੋਕ ਸਭਾ ਹਲਕੇ ਵਿੱਚ ਵੀ ਚਹੁੰ ਕੋਨਾ ਮੁਕਾਬਲਾ ਹੋਵੇਗਾ। ਇਨ੍ਹਾਂ ਵਿੱਚ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਮੁੱਖ ਹਨ। ਇਨ੍ਹਾਂ ਤੋਂ ਇਲਾਵਾ ਖੱਬੇ ਪੱਖੀ ਪਾਰਟੀਆਂ ਦੇ ਉਮੀਦਵਾਰ ਵੀ ਮੈਦਾਨ ਵਿੱਚ ਹੋਣਗੇ। ਵੋਟਾਂ ਵਧੇਰੇ ਥਾਂ ’ਤੇ ਵੰਡੀਆਂ ਜਾਣ ਕਾਰਨ ਚੋਣ ਨਤੀਜੇ ਹੋਰ ਵੀ ਰੋਚਕ ਹੋ ਜਾਣਗੇ। ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਇਤਿਹਾਸ ’ਤੇ ਜੇ ਝਾਤ ਮਾਰੀ ਜਾਵੇ ਤਾਂ 2014 ਵਿੱਚ ਆਮ ਆਦਮੀ ਪਾਰਟੀ ਦੀ ਆਮਦ ਤੋਂ ਪਹਿਲਾਂ ਅਤੇ 1995 ਤੋਂ ਬਾਅਦ ਦੋ ਪ੍ਰਮੁੱਖ ਧਿਰਾਂ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਦੇ ਉਮੀਦਵਾਰਾਂ ਵਿਚਾਲੇ ਹੀ ਮੁੱਖ ਮੁਕਾਬਲਾ ਹੁੰਦਾ ਰਿਹਾ। ਕੁਝ ਵਿਧਾਨ ਸਭਾ ਹਲਕੇ ਖੱਬੀਆਂ ਧਿਰਾਂ ਦੇ ਪ੍ਰਭਾਵ ਵਾਲੇ ਵੀ ਹਨ ਪਰ ਆਮ ਆਦਮੀ ਪਾਰਟੀ ਦੀ ਆਮਦ ਤੋਂ ਬਾਅਦ ਇੱਥੇ ਵਧੇਰੇ ਤਿਕੋਨਾ ਮੁਕਾਬਲਾ ਰਿਹਾ ਹੈ। ਹੁਣ 2024 ਵਿੱਚ ਇਹ ਮੁਕਾਬਲੇ ਚਹੁੰ ਕੋਨਾ ਹੋਣਗੇ।
ਅਕਾਲੀ-ਭਾਜਪਾ ਗੱਠਜੋੜ ਨਾ ਹੋਣ ਦੀ ਸੂਰਤ ਵਿੱਚ ਭਾਜਪਾ ਵੱਲੋਂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ , ਰਜਿੰਦਰ ਮੋਹਨ ਸਿੰਘ ਛੀਨਾ ਅਤੇ ਸ਼ਵੇਤ ਮਲਿਕ ਸੰਭਾਵੀ ਉਮੀਦਵਾਰਾਂ ਦੀ ਕਤਾਰ ਵਿਚ ਹਨ। ਉਧਰ, ਅਕਾਲੀ ਦਲ ਵੱਲੋਂ ਸਾਬਕਾ ਮੰਤਰੀ ਅਨਿਲ ਜੋਸ਼ੀ ਅਤੇ ਬਿਕਰਮ ਸਿੰਘ ਮਜੀਠੀਆ ਦੇ ਨਾਵਾਂ ਦੀ ਚਰਚਾ ਚੱਲ ਰਹੀ ਹੈ। ਜੇ ਕਾਂਗਰਸ ਵੱਲੋਂ ਮੌਜੂਦਾ ਸੰਸਦ ਮੈਂਬਰਾਂ ਨੂੰ ਮੁੜ ਉਮੀਦਵਾਰ ਬਣਾਇਆ ਜਾਂਦਾ ਹੈ ਤਾਂ ਇੱਥੋਂ ਗੁਰਜੀਤ ਸਿੰਘ ਔਜਲਾ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਹਨ। ਸ੍ਰੀ ਔਜਲਾ ਦੋ ਵਾਰ ਲਗਾਤਾਰ ਇਸ ਹਲਕੇ ਤੋਂ ਜੇਤੂ ਰਹੇ ਹਨ।
ਸਿਆਸੀ ਮਾਹਿਰਾਂ ਅਨੁਸਾਰ ਅਕਾਲੀ ਭਾਜਪਾ ਦੇ ਵੱਖ-ਵੱਖ ਉਮੀਦਵਾਰ ਹੋਣ ਕਾਰਨ ਗੱਠਜੋੜ ਦੀਆਂ ਵੋਟਾਂ ਵੰਡੀਆਂ ਜਾਣਗੀਆਂ ਜਦੋਂਕਿ ਪਹਿਲਾਂ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਨੂੰ 30 ਤੋਂ 50 ਫ਼ੀਸਦ ਤੱਕ ਵੋਟਾਂ ਪੈਂਦੀਆਂ ਰਹੀਆਂ ਹਨ। ਗੱਠਜੋੜ ਦੇ ਸਾਂਝੇ ਉਮੀਦਵਾਰ ਵੱਲੋਂ 2014 ਵਿੱਚ 37.74 ਫ਼ੀਸਦ, 2017 ਉਪ ਚੋਣ ਵਿੱਚ 30. 45 ਫ਼ੀਸਦ ਅਤੇ 2019 ਵਿੱਚ 40.19 ਫ਼ੀਸਦ ਵੋਟਾਂ ਪ੍ਰਾਪਤ ਕੀਤੀਆਂ । ਹੁਣ ਦੋਵਾਂ ਵਿਚਾਲੇ ਗੱਠਜੋੜ ਨਾ ਹੋਣ ਦੀ ਸਥਿਤੀ ਵਿੱਚ ਇਹ ਵੋਟਾਂ ਵੰਡੀਆਂ ਜਾਣਗੀਆਂ। 2014 ਤੋਂ ਬਾਅਦ ਕਾਂਗਰਸ ਦੀ ਵੋਟ ਫੀਸਦ ਵਧੀ ਹੈ ਜਦੋਂਕਿ ਅਕਾਲੀ ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਵੋਟ ਫ਼ੀਸਦ ਘਟੀ ਹੈ।

Advertisement

‘ਆਪ’ ਨੇ ਕੁਲਦੀਪ ਧਾਲੀਵਾਲ ਨੂੰ ਉਮੀਦਵਾਰ ਐਲਾਨਿਆ

ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕੁਲਦੀਪ ਸਿੰਘ ਧਾਲੀਵਾਲ ਨੂੰ ਉਮੀਦਵਾਰ ਐਲਾਨਿਆ ਹੈ ਅਤੇ ਉਨ੍ਹਾਂ ਨੇ ਆਪਣੀ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪੰਜਾਬ ਵਿੱਚ ਵੋਟਾਂ ਆਖਰੀ ਪੜਾਅ ਵਿੱਚ ਪਹਿਲੀ ਜੂਨ ਨੂੰ ਪੈਣੀਆਂ ਹਨ, ਜਿਸ ਕਾਰਨ ਕਈ ਕੌਮੀ ਸਿਆਸੀ ਧਿਰਾਂ ਆਪਣੇ ਉਮੀਦਵਾਰ ਐਲਾਨਣ ਵਿੱਚ ਫਿਲਹਾਲ ਢਿੱਲ ਵਰਤ ਰਹੀਆਂ ਹਨ।

Advertisement

Advertisement
Author Image

sukhwinder singh

View all posts

Advertisement