ਜਲ ਸਪਲਾਈ ’ਚ ਵਿਘਨ ਦੇ ਆਸਾਰ
ਐਸ.ਏ.ਐਸ. ਨਗਰ (ਮੁਹਾਲੀ): ਕਜੌਲੀ ਤੋਂ ਸਿੱਧੇ ਪਾਣੀ ਦੀ ਸਪਲਾਈ ਵਾਲੀ ਲਾਈਨ ਦੀ ਜ਼ਰੂਰੀ ਮੁਰੰਮਤ ਕਾਰਨ ਮੁਹਾਲੀ ਦੇ ਸਨਅਤੀ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਦੋ ਦਿਨ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ।ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਅਨਿਲ ਕੁਮਾਰ ਨੇ ਦੱਸਿਆ ਕਿ 19 ਅਤੇ 20 ਅਗਸਤ ਨੂੰ ਫੇਜ਼-1, ਫੇਜ਼-2 , ਫੇਜ਼-3 ਅਤੇ ਫੇਜ਼-4 ਪਾਈਪਲਾਈਨ ਰਾਹੀਂ ਪਾਣੀ ਦੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਦੌਰਾਨ ਇੱਥੋਂ ਦੇ ਰਿਹਾਇਸ਼ੀ ਖੇਤਰ ਫੇਜ਼-1 ਤੋਂ ਫੇਜ਼-7, ਫੇਜ਼-9 ਤੋਂ ਫੇਜ਼-11 ਅਤੇ ਸੈਕਟਰ-70 ਸੈਕਟਰ-71, ਪਿੰਡ ਮਟੌਰ, ਸ਼ਾਹੀ ਮਾਜਰਾ ਅਤੇ ਇੰਡਸਟਰੀ ਏਰੀਆ ਫੇਜ਼-1 ਤੋਂ 5 ਵਿਚ ਦੁਪਹਿਰ ਵੇਲੇ ਪਾਣੀ ਨਹੀਂ ਆਏਗਾ ਅਤੇ ਸ਼ਾਮ ਨੂੰ ਘੱਟ ਪ੍ਰੈਸ਼ਰ ਨਾਲ ਪਾਣੀ ਦੀ ਸਪਲਾਈ ਹੋਵੇਗੀ। 20 ਅਗਸਤ ਨੂੰ ਵੀ ਜਲ ਸੀਲਾਈ ਵਿਚ ਵਿਘਨ ਰਹੇਗਾ।-ਪੱਤਰ ਪ੍ਰੇਰਕ
ਚੰਡੀਗੜ੍ਹ: ਕਜੌਲੀ ਵਾਟਰ ਵਰਕਸ ਵਿੱਚ ਗਮਾਡਾ ਮੁਹਾਲੀ ਵਲੋਂ ਇੰਟੇਕ ਚੈਂਬਰ ਦੀ ਜ਼ਰੂਰੀ ਮੁਰੰਮਤ ਦੇ ਕਾਰਜਾਂ ਸਬੰਧੀ ਚੰਡੀਗੜ੍ਹ ਸ਼ਹਿਰ ਵਿੱਚ 19 ਅਗਸਤ ਨੂੰ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਗਮਾਡਾ ਵੱਲੋਂ ਕੀਤੇ ਜਾਣ ਵਾਲੇ ਇਹਨਾਂ ਮੁਰੰਮਤ ਕਾਰਜਾਂ ਕਾਰਨ ਕਾਜੌਲੀ ਵਾਟਰ ਵਰਕਸ ਤੋਂ ਚੰਡੀਗੜ੍ਹ ਦੇ ਸੈਕਟਰ 39 ਵਾਟਰ ਵਰਕਸ ਤੱਕ ਪਾਣੀ ਦੀ ਸਪਲਾਈ ਠੱਪ ਰੱਖੀ ਜਾਵੇਗੀ। ਇਸਦੇ ਨਾਲ ਹੀ ਚੰਡੀਗੜ੍ਹ ਨਗਰ ਨਿਗਮ ਦੇ ਜਨਸਿਹਤ ਵਿਭਾਗ ਵੱਲੋਂ ਵੀ ਵਾਟਰ ਵਰਕਸ ਸੈਕਟਰ 39 ਤੋਂ ਵਾਟਰ ਵਰਕਸ ਸੈਕਟਰ 32 ਅਤੇ 52 ਤੱਕ ਪਾਣੀ ਦੀ ਸਪਲਾਈ ਲਈ 1000 ਮਿਲੀਮੀਟਰ ਦੀਆ ਐਮਐਸ ਪਾਈਪ ਲਾਈਨ ਦਾ ਕੁਨੈਕਸ਼ਨ ਜੋੜਿਆ ਜਾਵੇਗਾ। ਜਿਸ ਕਾਰਨ ਵਾਟਰ ਵਰਕਸ ਸੈਕਟਰ 39 ਤੋਂ ਵਾਟਰ ਵਰਕਸ ਸੈਕਟਰ 52 ਤੱਕ ਪਾਣੀ ਦੀ ਸਪਲਾਈ ਬੰਦ ਰੱਖੀ ਜਾਵੇਗਾ। ਇਸ ਨਾਲ ਪੂਰੇ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ।