ਸੰਦੌੜ ਹਲਕੇ ਦੇ 4 ਪਿੰਡਾਂ ’ਚ ਨਿਰਵਿਰੋਧ ਸਰਪੰਚ ਬਣਨ ਦੀ ਸੰਭਾਵਨਾ
ਪੱਤਰ ਪ੍ਰੇਰਕ
ਸੰਦੌੜ, 4 ਅਕਤੂਬਰ
ਪੰਜਾਬ ਵਿਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਿਆਸੀ ਘਮਾਸਾਨ ਦਰਮਿਆਨ ਅੱਜ ਆਖਰੀ ਦਿਨ ਨਾਮਜ਼ਦਗੀ ਪੱਤਰ ਭਰਨ ਨਾਲ ਸੰਦੌੜ ਇਲਾਕੇ ਦੇ ਪਿੰਡਾਂ ਵਿਚ ਤਸਵੀਰ ਕਾਫੀ ਹੱਦ ਤੱਕ ਸਾਫ਼ ਹੋ ਗਈ ਹੈ। ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਵਿਖੇ ਕਲੱਸਟਰ ਸੰਦੌੜ ਅਤੇ ਮਹੋਲੀ ਕਲਾਂ ਜ਼ੋਨ ਦੀਆਂ 18 ਪਿੰਡਾਂ ਦੀਆਂ ਪੰਚਾਇਤਾਂ ਲਈ ਅੱਜ ਨਾਮਜ਼ਦਗੀ ਕਾਗਜ਼ ਭਰੇ ਗਏ ਹਨ। ਇਨ੍ਹਾਂ ਵਿਚੋਂ ਚਾਰ ਪਿੰਡਾਂ ਵਿਚ ਸਰਪੰਚੀ ਲਈ ਸਿਰਫ਼ ਇੱਕ-ਇੱਕ ਉਮੀਦਵਾਰ ਵੱਲੋਂ ਕਾਗਜ਼ ਭਰੇ ਗਏ ਹਨ। ਇਸ ਤੋਂ ਬਾਅਦ ਉਨ੍ਹਾਂ ਦੇ ਸਰਪੰਚ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। ਪਿੰਡ ਬਾਪਲਾ ਤੋਂ ਬੀਬੀ ਚਰਨਜੀਤ ਕੌਰ ਪਤਨੀ ਹਰਬੰਸ ਸਿੰਘ ਝੂੰਦ, ਕਸਬਾ ਸੰਦੌੜ ਤੋਂ ਨੌਜਵਾਨ ਆਗੂ ਹਰਪ੍ਰੀਤ ਸਿੰਘ ਬਬਲਾ ਦੀ ਮਾਤਾ ਸਰਬਜੀਤ ਕੌਰ, ਇਬਰਾਹੀਮ ਪੁਰਾ ਚੋਂ ਸੁਦਾਗਰ ਖਾਂ ਅਤੇ ਪਿੰਡ ਫੌਜੇਵਾਲ ਤੋਂ ਬੀਬੀ ਗੁਰਮੀਤ ਕੌਰ ਪਤਨੀ ਜਗਮੋਹਨ ਸਿੰਘ ਫੌਜੇਵਾਲ ਦਾ ਸਰਪੰਚ ਚੁਣਿਆ ਜਾਣਾ ਲਗਪਗ ਤੈਅ ਹੋ ਚੁੱਕਾ ਹੈ।
ਝਨੇੜੀ ਵਿੱਚ ਵੀ ਬਿਨਾਂ ਮੁਕਾਬਲੇ ਸਰਪੰਚ ਬਣਨ ਦਾ ਰਾਹ ਪੱਧਰਾ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਇੱਥੋਂ ਨੇੜਲੇ ਪਿੰਡ ਝਨੇੜੀ ਵਿੱਚ ਅੱਜ ਨਾਮਜ਼ਦਗੀਆਂ ਦੇ ਅਖੀਰਲੇ ਦਿਨ ਸਿਰਫ਼ ਇੱਕ ਉਮੀਦਵਾਰ ਗੁਰਮੀਤ ਸਿੰਘ ਮੀਤਾ ਵੱਲੋਂ ਕਾਗਜ਼ ਪੱਤਰ ਦਾਖ਼ਲ ਕੀਤੇ ਗਏ। ਪਿੰਡ ਦੇ ਸਮੂਹ ਸਾਬਕਾ ਸਰਪੰਚਾਂ ਸਮੇਤ ਪਤਵੰਤੇ ਸੱਜਣਾਂ ਨੇ ਦੱਸਿਆ ਕਿ ਸਮੂਹ ਪਿੰਡ ਵਾਸੀਆਂ ਵੱਲੋਂ ਫ਼ੈਸਲਾ ਲਿਆ ਗਿਆ ਕਿ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਇਸ ਵਾਰ ਸਰਪੰਚ ਦੀ ਚੋਣ ਵੋਟਾਂ ਦੀ ਥਾਂ ਸਰਬਸੰਮਤੀ ਨਾਲ ਕੀਤੀ ਜਾਵੇਗੀ। ਇਸ ਲਈ ਗੁਰਮੀਤ ਸਿੰਘ ਮੀਤਾ ਦੇ ਮੁਕਾਬਲੇ ਕਿਸੇ ਹੋਰ ਵਿਅਕਤੀ ਨੇ ਕਾਗਜ਼ ਦਾਖਲ਼ ਨਹੀਂ ਕੀਤੇ। ਇਸ ਤਰ੍ਹਾਂ ਗੁਰਮੀਤ ਸਿੰਘ ਮੀਤਾ ਦੇ ਨਿਰਵਿਰੋਧ ਸਰਪੰਚ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ।