ਬਜ਼ੁਰਗਾਂ ਸਬੰਧੀ ਹੋਰ ਸਿਹਤ ਪੈਕੇਜ ਆਯੂਸ਼ਮਾਨ ਯੋਜਨਾ ’ਚ ਜੋੜਨ ਦੀ ਸੰਭਾਵਨਾ
ਨਵੀਂ ਦਿੱਲੀ, 13 ਅਕਤੂਬਰ
ਸਰਕਾਰ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਵਾਸਤੇ ਸਿਹਤ ਕਵਰੇਜ ਸ਼ੁਰੂ ਕਰਨ ਲਈ ਤਿਆਰ ਹੈ। ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (ਏਬੀ-ਪੀਐਮਜੇਏਵਾਈ) ਦੀ ਮੁੱਖ ਏਜੰਸੀ ਕੌਮੀ ਸਿਹਤ ਅਥਾਰਿਟੀ (ਐੱਨਐੱਚਏ) ਬਜ਼ੁਰਗਾਂ ਲਈ ਹੋਰ ਵੱਧ ਸਿਹਤ ਪੈਕੇਜ ਜੋੜਨ ਦੀ ਲੋੜ ਦਾ ਮੁਲਾਂਕਣ ਕਰ ਰਹੀ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਹ ਯੋਜਨਾ ਇਸ ਮਹੀਨੇ ਦੇ ਅਖ਼ੀਰ ਤੱਕ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਨਾਲ ਲਗਪਗ 4.5 ਕਰੋੜ ਪਰਿਵਾਰਾਂ ਦੇ ਛੇ ਕਰੋੜ ਨਾਗਰਿਕਾਂ ਨੂੰ ਲਾਭ ਮਿਲੇਗਾ। ਸੂਤਰ ਨੇ ਦੱਸਿਆ ਕਿ ਗ਼ਰੀਬ ਹੋਵੇ ਜਾਂ ਅਮੀਰ 70 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹਰੇਕ ਵਿਅਕਤੀ ਆਯੂਸ਼ਮਾਨ ਕਾਰਡ ਪ੍ਰਾਪਤ ਕਰਨ ਅਤੇ ਵਿਸਥਾਰਿਤ ਯੋਜਨਾ ਸ਼ੁਰੂ ਹੋਣ ’ਤੇ ਏਬੀ-ਪੀਐੱਮਜੇਏਵਾਈ-ਸੂਚੀ ਵਾਲੇ ਕਿਸੇ ਵੀ ਹਸਪਤਾਲ ਵਿੱਚ ਪੰਜ ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੇ ਯੋਗ ਹੋਵੇਗਾ। ਇੱਕ ਅਧਿਕਾਰਿਤ ਸੂਤਰ ਨੇ ਦੱਸਿਆ ਕਿ ਆਧਾਰ ਕਾਰਡ ਮੁਤਾਬਕ 70 ਸਾਲ ਜਾਂ ਉਸ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਇਸ ਯੋਜਨਾ ਤਹਿਤ ਅਰਜ਼ੀ ਦੇ ਸਕੇਗਾ। -ਪੀਟੀਆਈ