ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਾਇਬ੍ਰੇਰੀ ਦੇ ਵਿਸਥਾਰ ਦੀਆਂ ਸੰਭਾਵਨਾਵਾਂ

11:01 AM Mar 24, 2024 IST
ਮਲਵਿੰਦਰ

ਸਕੂਲ ਪੜ੍ਹਦਿਆਂ ਕਦੇ ਲਾਇਬ੍ਰੇਰੀ ਦੇ ਦਰਸ਼ਨ ਨਹੀਂ ਸਨ ਹੋਏ। ਕਦੇ ਜ਼ਿਕਰ ਵੀ ਨਹੀਂ ਸੀ ਸੁਣਿਆ। ਕਾਲਜ ਗਿਆ ਤਾਂ ਇੱਕ ਵੱਖਰੀ ਵੱਡੀ ਇਮਾਰਤ ਵਿੱਚ ਲਾਇਬ੍ਰੇਰੀ ਸੀ। ਲਾਇਬ੍ਰੇਰੀਅਨ ਤੋਂ ਬਿਨਾਂ ਕੁਝ ਹੋਰ ਮੁਲਾਜ਼ਮ ਵੀ ਸਨ ਜਿਹੜੇ ਕਿਤਾਬਾਂ ਜਾਰੀ ਕਰਨ ਤੇ ਵਾਪਸ ਲੈਣ ਵਿੱਚ ਵਿਦਿਆਰਥੀਆਂ ਦੀ ਮਦਦ ਕਰਦੇ ਸਨ। ਵਿਦਿਆਰਥੀ ਬਹੁਤਾ ਕਰਕੇ ਆਪਣੇ ਸਿਲੇਬਸ ਨਾਲ ਸਬੰਧਿਤ ਕਿਤਾਬਾਂ ਹੀ ਜਾਰੀ ਕਰਵਾਉਂਦੇ ਸਨ। ਲਾਇਬ੍ਰੇਰੀ ਦੇ ਵੱਡੇ ਹਾਲ ਵਿੱਚ ਵੱਡ-ਆਕਾਰੀ ਟੇਬਲਾਂ ਦੇ ਨਾਲ ਪਈਆਂ ਕੁਰਸੀਆਂ ਉਪਰ ਬੈਠ ਵਿਦਿਆਰਥੀ ਪੜ੍ਹਦੇ ਸਨ। ਕਿਸੇ ਨੂੰ ਉੱਚੀ ਗੱਲਾਂ ਕਰਨ ਦੀ ਇਜਾਜ਼ਤ ਨਹੀਂ ਸੀ ਹੁੰਦੀ। ਅਨੁਸ਼ਾਸਨ ਦਾ ਪਾਲਣ ਕਰਦੀ ਲਾਇਬ੍ਰੇਰੀ ਵਿਦਿਆਰਥੀਆਂ ਅੰਦਰ ਇੱਕ ਵੱਖਰਾ ਤੇ ਉਸਾਰੂ ਅਹਿਸਾਸ ਪੈਦਾ ਕਰਦੀ ਸੀ। ਗ਼ਰੀਬ ਵਿਦਿਆਰਥੀ, ਜੋ ਕਿਤਾਬਾਂ ਖਰੀਦ ਨਹੀਂ ਸਨ ਸਕਦੇ, ਲਾਇਬ੍ਰੇਰੀ ਵਿੱਚੋਂ ਲੈ ਕੇ ਪੜ੍ਹ ਸਕਦੇ ਸਨ। ਸਿਲੇਬਸ ਦੀਆਂ ਕਿਤਾਬਾਂ ਤੋਂ ਬਿਨਾਂ ਵਿਸ਼ੇ ਨਾਲ ਸਬੰਧਿਤ ਹੋਰ ਕਿਤਾਬਾਂ ਵੀ ਲਾਇਬ੍ਰੇਰੀ ਵਿੱਚੋਂ ਮਿਲ ਜਾਂਦੀਆਂ ਸਨ ਜਿਨ੍ਹਾਂ ਵਿੱਚੋਂ ਹਵਾਲੇ ਦੇਣ ਦੀ ਲੋੜ ਹੁੰਦੀ ਸੀ। ਕਾਲਜ ਦੀ ਲਾਇਬ੍ਰੇਰੀ ਤੋਂ ਬਾਅਦ ਯੂਨੀਵਰਸਿਟੀ ਦੀ ਲਾਇਬ੍ਰੇਰੀ ਵੇਖੀ। ਉਸ ਲਾਇਬ੍ਰੇਰੀ ਨੇ ਪਿੰਡਾਂ ’ਚੋਂ ਸ਼ਹਿਰ ਪੜ੍ਹਨ ਗਏ ਮੇਰੇ ਵਰਗਿਆਂ ਨੂੰ ਆਚੰਭਿਤ ਕੀਤਾ। ਬਹੁ-ਮੰਜ਼ਿਲੀ ਇਮਾਰਤ ਵਿੱਚ ਸਜਾਈਆਂ ਕਿਤਾਬਾਂ ਦਾ ਆਪਣਾ ਇੱਕ ਜਲੌਅ ਸੀ। ਇਸ ਇਮਾਰਤ ਨੂੰ ਨਿਹਾਰਦਿਆਂ ਯੂਨੀਵਰਸਿਟੀ ਹੋਣ ਦੇ ਅਰਥ ਵੀ ਸਮਝ ਆਏ ਪਰ ਲਾਇਬ੍ਰੇਰੀ ਦੀ ਇਹ ਇੱਕ ਵੱਖਰੀ ਤੇ ਨਿਵੇਕਲੀ ਦੁਨੀਆ ਸੀ। ਇਸ ਦੁਨੀਆ ਤੋਂ ਬਾਹਰ ਤਦ ਤੱਕ ਵੀ ਪਬਲਿਕ ਲਾਇਬ੍ਰੇਰੀਆਂ ਅਤੇ ਸਕੂਲ, ਪਿੰਡ ਪੱਧਰ ਦੀਆਂ ਹੋਰ ਲਾਇਬ੍ਰੇਰੀਆਂ ਇੱਕ ਵੱਡੇ ਹਾਲ ਕਮਰੇ ਵਿੱਚ ਪਈਆਂ ਅਲਮਾਰੀਆਂ ਵਿੱਚ ਥੁੰਨੀਆਂ ਕਿਤਾਬਾਂ ਹੀ ਸਨ ਤੇ ਅੱਜ ਵੀ ਹਨ। ਇਨ੍ਹਾਂ ਕਿਤਾਬਾਂ ਨੂੰ ਕਿਸੇ ਦੇ ਹੱਥਾਂ ਦੀ ਛੋਹ ਘੱਟ ਹੀ ਨਸੀਬ ਹੁੰਦੀ ਹੈ। ਸਮਕਾਲ ਤੱਕ ਪਹੁੰਚਦਿਆਂ ਕਿਤਾਬਾਂ ਪੜ੍ਹਨ ਦਾ ਰੁਝਾਨ ਘਟਿਆ ਹੈ ਪਰ ਮੇਰੀ ਪੀੜ੍ਹੀ ਦੀ ਗੱਲ ਕਰੀਏ ਤਾਂ ਵਕਤ ਨਾਲ ਜਦ ਕਿਤਾਬਾਂ ਪੜ੍ਹਨ ਦਾ ਸ਼ੌਕ ਪੈਦਾ ਹੋਇਆ ਤਾਂ ਲਾਇਬ੍ਰੇਰੀ ਦੇ ਕਈ ਹੋਰ ਰੂਪ, ਆਕਾਰ ਤੇ ਮਕਸਦ ਵੀ ਸਾਹਮਣੇ ਆਏ। ਸਮਝ ਆਇਆ ਕਿ ਲਾਇਬ੍ਰੇਰੀ ਉਹ ਸਥਾਨ ਹੈ ਜਿੱਥੇ ਵੱਖ-ਵੱਖ ਉਮਰ ਦੇ ਤੇ ਵੱਖ-ਵੱਖ ਵਿਚਾਰਾਂ ਵਾਲੇ ਲੋਕ, ਵੱਖ-ਵੱਖ ਸੂਖ਼ਮ ਕਲਾਵਾਂ ਨੂੰ ਸਮਰਪਿਤ ਲੋਕ ਇਕੱਠੇ ਬੈਠਦੇ ਹਨ, ਵਿਚਾਰ ਚਰਚਾ ਕਰਦੇ ਹਨ, ਪੜ੍ਹੀਆਂ ਚੰਗੀਆਂ ਕਿਤਾਬਾਂ ਦੀ ਚਰਚਾ ਕਰਦੇ ਹਨ। ਅਜਿਹਾ ਸਥਾਨ ਜਿੱਥੇ ਅਜਿਹੇ ਲੋਕ ਆਉਂਦੇ ਤੇ ਕੁਝ ਚੰਗਾ ਤੇ ਨਵਾਂ ਸਿੱਖਦੇ ਹਨ। ਲਾਇਬ੍ਰੇਰੀ ਜਿਸ ਅੰਦਰ ਸਾਹਿਤ ਤੋਂ ਇਲਾਵਾ ਸੰਗੀਤ, ਨ੍ਰਿਤ ਅਤੇ ਹੋਰ ਕਲਾਵਾਂ ਲਈ ਵੀ ਸਤਿਕਾਰ, ਸਥਾਨ ਅਤੇ ਸਨਮਾਨ ਹੋਵੇ। ਇਹ ਵੀ ਸਮਝ ਆਇਆ ਕਿ ਲਾਇਬ੍ਰੇਰੀ ਵਿੱਚ ਸਿਰਫ਼ ਕਿਤਾਬਾਂ ਹੀ ਨਹੀਂ ਹੁੰਦੀਆਂ, ਤੁਹਾਡੇ ਸੁਹਜ-ਸੁਆਦ ਨੂੰ ਤ੍ਰਿਪਤ ਕਰਦਾ ਹੋਰ ਵੀ ਬਹੁਤ ਕੁਝ ਹੈ।
ਲਾਇਬ੍ਰੇਰੀ ਜ਼ਿੰਦਗੀ ਵਿੱਚ ਸਿਹਤਮੰਦ ਤਬਦੀਲੀਆਂ ਲਿਆਉਂਦੀ ਹੈ। ਤੁਹਾਡੀ ਵਿਹਲ, ਇਕੱਲਤਾ ਤੇ ਉਦਾਸੀਨਤਾ ਨੂੰ ਲਾਇਬ੍ਰੇਰੀ ਆਹਰੇ ਲਾਉਂਦੀ ਹੈ, ਸਾਥੀ ਬਣਦੀ ਹੈ ਤੇ ਤੁਹਾਡੇ ਨਾਲ ਸੰਵਾਦ ਰਚਾ ਕੇ ਹਿਰਦੇ ਅੰਦਰ ਪ੍ਰਸੰਨਤਾ ਦੇ ਭਾਵ ਪੈਦਾ ਕਰਦੀ ਹੈ। ਅਲਬਰਟ ਆਇੰਸਟਾਈਨ ਦਾ ਕਹਿਣਾ ਹੈ ਕਿ ਤੁਹਾਡੇ ਲਈ ਸਭ ਤੋਂ ਜ਼ਰੂਰੀ ਉਸ ਜਗ੍ਹਾ ਦਾ ਗਿਆਨ ਹੋਣਾ ਹੈ ਜਿੱਥੇ ਲਾਇਬ੍ਰੇਰੀ ਸਥਿਤ ਹੈ। ਮੈਂ ਆਪਣੇ ਸ਼ਹਿਰ ਦੀ ਜ਼ਿਲ੍ਹਾ ਲਾਇਬ੍ਰੇਰੀ ਦੇ ਸਾਹਮਣਿਉਂ ਸੈਂਕੜੇ ਵਾਰ ਗੁਜ਼ਰਿਆ ਸਾਂ ਪਰ ਇਸ ਲਾਇਬ੍ਰੇਰੀ ਬਾਰੇ ਕਦੇ ਭਿਣਕ ਤੱਕ ਨਹੀਂ ਸੀ ਪਈ। ਸਾਡੇ ਇੱਕ ਦੋਸਤ ਦੀ ਕੋਈ ਸਾਹਿਤਕ ਲੋੜ ਉਸ ਨੂੰ ਇਸ ਲਾਇਬ੍ਰੇਰੀ ਤੱਕ ਲੈ ਗਈ। ਇਸ ਲਾਇਬ੍ਰੇਰੀ ਦੀ ਇੰਚਾਰਜ ਆਪਣੇ ਕੰਮ ਨੂੰ ਸਮਰਪਿਤ ਸੁਹਿਰਦ ਔਰਤ ਸੀ। ਉਸ ਦੀ ਪ੍ਰੇਰਨਾ ਸਦਕਾ ਸਾਡੀ ਸੰਸਥਾ ਦਾ ਇਸ ਕਾਮਰੇਡ ਸੋਹਣ ਸਿੰਘ ਜੋਸ਼ ਜ਼ਿਲ੍ਹਾ ਲਾਇਬ੍ਰੇਰੀ ਨਾਲ ਪੱਕਾ ਰਿਸ਼ਤਾ ਬਣ ਗਿਆ ਤੇ ਅਸੀਂ ਹਰ ਮਹੀਨੇ ਇੱਥੇ ਜੁੜਦੇ ਤੇ ਸਾਹਿਤਕ ਸਰਗਰਮੀਆਂ ਕਰਦੇ। ਸਾਥੋਂ ਪ੍ਰੇਰਤ ਹੋ ਕੇ ਸ਼ਹਿਰ ਦੀਆਂ ਹੋਰ ਸਾਹਿਤਕ ਸੰਸਥਾਵਾਂ ਨੇ ਵੀ ਇੱਥੇ ਸਮਾਗਮ ਕਰਨੇ ਸ਼ੁਰੂ ਕਰ ਦਿੱਤੇ। ਬਹੁਤ ਸਾਰੇ ਵਿਦਿਆਰਥੀ ਇੱਥੇ ਪੜ੍ਹਨ ਤੇ ਆਪਣੇ ਇਮਤਿਹਾਨਾਂ ਦੀ ਤਿਆਰੀ ਕਰਨ ਲਈ ਆਉਂਦੇ। ਇੰਝ ਇਸ ਅਣਗੌਲੀ ਪਈ ਲਾਇਬ੍ਰੇਰੀ ਵਿੱਚ ਜੀਵਨ ਧੜਕਣ ਲੱਗ ਪਿਆ। ਅਲਬਰਟ ਦੇ ਕਥਨ ਦੀ ਸਾਰਥਿਕਤਾ ਵੀ ਸਾਹਮਣੇ ਆਈ ਪਰ ਗੱਲ ਇਸ ਲਾਇਬ੍ਰੇਰੀ ਤੋਂ ਵੀ ਅਗਾਂਹ ਜਾਂਦੀ ਹੈ। ਉਹ ਗੱਲ ਇਹ ਹੈ ਕਿ ਲਾਇਬ੍ਰੇਰੀ ਕਿਸੇ ਵੀ ਵਲਗਣ ਤੋਂ ਪਾਰ ਇੱਕ ਸੁਤੰਤਰ ਸੋਚ ਹੈ ਜਿਸ ਦਾ ਵਿਚਾਰ ਸਾਡੇ ਅਹਿਸਾਸਾਂ ’ਚ ਡੂੰਘਾ ਲਹਿ ਚੁੱਕਾ ਹੈ। ਲਾਇਬ੍ਰੇਰੀ ਸੂਖ਼ਮ ਕਲਾਵਾਂ ਦਾ ਸੰਗ੍ਰਹਿ ਵੀ ਹੁੰਦੀ ਹੈ ਤੇ ਇਨ੍ਹਾਂ ਨੂੰ ਸਿੱਖਣ ਦੀ ਜਗ੍ਹਾ ਵੀ। ਸੰਗੀਤ, ਨ੍ਰਿਤ, ਪੇਂਟਿੰਗ ਸਮੇਤ ਹੋਰ ਕਲਾਵਾਂ ਦੀ ਪ੍ਰਦਰਸ਼ਨੀ ਅਤੇ ਇਨ੍ਹਾਂ ਦੀ ਪੜ੍ਹਾਈ ਸਿਖਲਾਈ ਵੀ ਲਾਇਬ੍ਰੇਰੀ ਦਾ ਹਿੱਸਾ ਹੁੰਦੀ ਹੈ ਜਾਂ ਹੋਣੀ ਚਾਹੀਦੀ ਹੈ। ਲਾਇਬ੍ਰੇਰੀ ਛੋਟੇ ਬੱਚਿਆਂ ਨੂੰ ਖੇਡ ਵਿਧੀ ਨਾਲ ਸਿਖਾਉਣ, ਪੜ੍ਹਾਉਣ ਤੇ ਮਨੋਰੰਜਨ ਕਰਨ ਦਾ ਸਥਾਨ ਵੀ ਹੁੰਦਾ ਹੈ। ਵਿਦਿਆਰਥੀਆਂ ਅਤੇ ਵੱਡੀ ਉਮਰ ਦੇ ਲੋਕਾਂ ਲਈ ਪੜ੍ਹਨ ਦੇ ਨਾਲ ਨਾਲ ਜੁੜ ਬੈਠਣ, ਵਿਚਾਰ ਚਰਚਾ ਕਰਨ, ਦੇਸ਼ ਦੀ ਰਾਜਨੀਤਕ ਦਸ਼ਾ, ਸਮਾਜਿਕ ਤੇ ਆਰਥਿਕ ਮਸਲਿਆਂ ਬਾਰੇ ਗੱਲਬਾਤ, ਆਪਣੀ ਸਿਹਤ ਤੇ ਘਰੇਲੂ ਸਮੱਸਿਆਵਾਂ ਨਾਲ ਸਬੰਧਿਤ ਚੁੰਝ ਚਰਚਾ, ਚੁਟਕਲੇ ਨੁਮਾ ਗੱਲਾਂ, ਹਾਸਾ-ਠੱਠਾ ਤੇ ਹੋਰ ਹਲਕੀਆਂ ਫੁਲਕੀਆਂ ਗੱਲਾਂ ਸਾਂਝੀਆਂ ਕਰਨੀਆਂ ਵੀ ਇਸ ਆਧੁਨਿਕ ਲਾਇਬ੍ਰੇਰੀ ਦੇ ਵਿਹਾਰ ਦਾ ਹਿੱਸਾ ਹੈ। ਅਖ਼ਬਾਰਾਂ ਪੜ੍ਹਨੀਆਂ, ਰੇਡੀਓ ਸੁਣਨਾ ਤੇ ਆਪੋ ਆਪਣੀ ਦ੍ਰਿਸ਼ਟੀ ਨਾਲ ਸਮੀਖਿਆ ਕਰਨੀ ਵੀ ਲਾਇਬ੍ਰੇਰੀ ਦੇ ਨਿੱਤ ਵਿਹਾਰ ਵਿੱਚ ਸ਼ਾਮਲ ਹੋ ਗਿਆ ਹੈ। ਲਾਇਬ੍ਰੇਰੀ ਵਿੱਚ ਬਹੁਤ ਸਾਰੇ ਹੱਥ-ਲਿਖਤ ਗ੍ਰੰਥ, ਗ੍ਰਾਮੋਫੋਨ ਰਿਕਾਰਡ, ਮਾਨਚਿੱਤਰ ਤੇ ਹੋਰ ਬਹੁਤ ਸਾਰੀ ਪੜ੍ਹਨ ਸਮੱਗਰੀ ਵੀ ਹੁੰਦੀ ਹੈ। ਲਾਇਬ੍ਰੇਰੀ ਉਹ ਥਾਂ ਹੈ ਜਿੱਥੇ ਨਵਾਂ ਸੰਸਾਰ ਸਿਰਜਤ ਹੁੰਦਾ ਹੈ, ਨਵੀਆਂ ਗੱਲਾਂ ਤੇ ਵਿਚਾਰ ਸਿੱਖਣ ਨੂੰ ਮਿਲਦੇ ਹਨ, ਨਵੇਂ ਲੋਕਾਂ ਨਾਲ ਮਿਲਣ ਦਾ ਮੌਕਾ ਬਣਦਾ ਹੈ। ਨਵੇਂ ਲੋਕਾਂ ਕੋਲ ਨਵੀਆਂ ਗੱਲਾਂ ਹੁੰਦੀਆਂ ਹਨ। ਨਵਾਂ ਤੇ ਵੱਖਰਾ ਦ੍ਰਿਸ਼ਟੀਕੋਣ ਹੁੰਦਾ ਹੈ। ਹਰ ਇੱਕ ਕੋਲ ਵਿਚਾਰਾਂ ਦੀ ਇੱਕ ਲਾਇਬ੍ਰੇਰੀ ਸਾਂਭੀ ਹੁੰਦੀ ਹੈ। ਇਹ ਵਿਚਾਰ ਸੰਚਾਰ ਕਰਦੇ ਹਨ। ਸੰਵਾਦ ਰਚਾਉਣਾ ਸਿੱਖਣ ਸਿਖਾਉਣ ਦੀ ਸਭ ਤੋਂ ਵਧੀਆ ਅਧਿਆਪਨ ਵਿਧੀ ਹੈ। ਕੁਝ ਸੁਣਨਾ, ਕੁਝ ਕਹਿਣਾ ਅਜਿਹੇ ਸਥਾਨ ’ਤੇ ਹੀ ਸੰਭਵ ਹੋ ਸਕਦਾ ਹੈ। ਲਾਇਬ੍ਰੇਰੀ ਵਿੱਚ ਬੈਠ ਅਸੀਂ ਦੁਨੀਆ ਦੀ ਯਾਤਰਾ ਕਰ ਸਕਦੇ ਹਾਂ, ਲੁਕੇ ਹੋਏ ਰਹੱਸ ਬੇਪਰਦ ਹੁੰਦੇ ਹਨ। ਕਹਿਣ ਤੋਂ ਭਾਵ ਇਹ ਹੈ ਕਿ ਲਾਇਬ੍ਰੇਰੀ ਆਪਣੇ ਅੰਦਰ ਬਹੁਤ ਸਾਰੀਆਂ ਸੰਭਾਵਨਾਵਾਂ ਸਮੋਈ ਬੈਠੀ ਸੰਸਥਾ ਹੈ। ਸਾਡਾ ਮਕਸਦ ਇਨ੍ਹਾਂ ਸੰਭਾਵਨਾਵਾਂ ਨੂੰ ਉਜਾਗਰ ਕਰਨਾ ਹੋਣਾ ਚਾਹੀਦਾ ਹੈ।
ਆਧੁਨਿਕ ਲਾਇਬ੍ਰੇਰੀ ਵਿੱਚ ਹੋਰਨਾਂ ਸਹੂਲਤਾਂ ਦੇ ਨਾਲ ਲੈਪਟੌਪ ਵੀ ਪਏ ਹੁੰਦੇ ਹਨ ਜਿੱਥੇ ਬੈਠ ਕੇ ਲੋਕ, ਖ਼ਾਸ ਕਰਕੇ ਵਿਦਿਆਰਥੀ ਆਪਣਾ ਕੰਮ ਕਰਦੇ ਹਨ। ਸੀ.ਡੀਜ਼, ਟੈਬ ਤੇ ਹੋਰ ਉਪਕਰਣ ਵੀ ਹੁੰਦੇ ਹਨ। ਕਿਤਾਬਾਂ ਵੱਲ ਨਿਗ੍ਹਾ ਮਾਰੀਏ ਤਾਂ ਭਾਸ਼ਾ ਦੇ ਆਧਾਰ ’ਤੇ, ਵਿਸ਼ੇ ਦੇ ਆਧਾਰ ’ਤੇ ਵੰਡ ਕੀਤੀ ਹੁੰਦੀ ਹੈ। ਬੱਚਿਆਂ ਦੀਆਂ ਕਿਤਾਬਾਂ ਲਈ ਵੱਖਰਾ ਕੋਨਾ ਰਾਖਵਾਂ ਹੁੰਦਾ ਹੈ ਜਿੱਥੋਂ ਬੱਚੇ ਆਪਣੀ ਮਰਜ਼ੀ ਦੀਆਂ ਕਿਤਾਬਾਂ ਦੀ ਚੋਣ ਕਰ ਸਕਦੇ ਹਨ। ਲਾਇਬ੍ਰੇਰੀ ਦਾ ਕਾਰਡ ਬਣਿਆ ਹੋਵੇ ਤਾਂ ਘਰ ਲਿਜਾਣ ਲਈ ਦਸ, ਵੀਹ ਜਾਂ ਇਸ ਤੋਂ ਵੀ ਵੱਧ ਕਿਤਾਬਾਂ ਤਿੰਨ ਹਫ਼ਤਿਆਂ ਲਈ ਇੱਕੋ ਵੇਲ਼ੇ ਜਾਰੀ ਕਰਵਾਉਣ ਦੀ ਸਹੂਲਤ ਵੀ ਹੁੰਦੀ ਹੈ। ਪੂਰੀ ਲਾਇਬ੍ਰੇਰੀ ਵਿੱਚ ਰੈਕਾਂ ਵਿੱਚ ਪਈਆਂ ਪੁਸਤਕਾਂ ਤੁਹਾਡੀ ਪਹੁੰਚ ਵਿੱਚ ਹੁੰਦੀਆਂ ਹਨ। ਤੁਸੀਂ ਕਿਸੇ ਵੀ ਕਿਤਾਬ ਨੂੰ ਰੈਕ ਵਿੱਚੋਂ ਕੱਢ ਕੇ ਵੇਖ ਸਕਦੇ ਹੋ। ਲਾਇਬ੍ਰੇਰੀ ਦੇ ਖੁੱਲ੍ਹੇ ਹਾਲ ਕਮਰਿਆਂ ਵਿੱਚ ਘੁੰਮਦਿਆਂ, ਕਿਤਾਬਾਂ ਵਾਚਦਿਆਂ ਤੁਹਾਨੂੰ ਕਿੰਨਾ ਚਿਰ ਹੋ ਗਿਆ ਹੈ, ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ। ਹਾਂ, ਤੁਸੀਂ ਕਾਊਂਟਰ ’ਤੇ ਮੌਜੂਦ ਸਟਾਫ਼ ਕੋਲੋਂ ਮਦਦ ਲੈ ਸਕਦੇ ਹੋ।
ਚੁੱਪ ਦੀਆਂ ਕਈ ਤਹਿਆਂ ਹਨ। ਲਾਇਬ੍ਰੇਰੀ ਤੁਹਾਨੂੰ ਚੁੱਪ ਰਹਿਣਾ ਵੀ ਸਿਖਾਉਂਦੀ ਹੈ ਤੇ ਆਪਣੇ ਅੰਦਰ ਝਾਕਣਾ ਤੇ ਸੰਵਾਦ ਰਚਾਉਣਾ ਵੀ। ਲਾਇਬ੍ਰੇਰੀ ਵਿੱਚ ਜਾ ਕੇ ਤੁਹਾਨੂੰ ਕਿਤਾਬਾਂ ਦੇ ਵਿਸ਼ਾਲ ਸੰਸਾਰ ਦੀ ਥਾਹ ਪੈਂਦੀ ਹੈ। ਇੱਕ ਚੰਗੀ ਲਾਇਬ੍ਰੇਰੀ ਵਿੱਚ ਦੁਨੀਆ ਦੀਆਂ ਬਿਹਤਰੀਨ ਕਿਤਾਬਾਂ ਪਈਆਂ ਹੁੰਦੀਆਂ ਹਨ। ਤੁਸੀਂ ਕਿਤਾਬ ਦੇ ਪੰਨੇ ਪਲਟ ਕੇ ਉਸ ਅੰਦਰ ਝਾਕ ਸਕਦੇ ਹੋ। ਪੰਨੇ ਪਲਟਦਿਆਂ ਕੋਈ ਸ਼ਬਦ, ਕੋਈ ਸਤਰ ਤੁਹਾਡੇ ਅੰਦਰ ਲਹਿ ਸਕਦੀ ਹੈ। ਤੁਹਾਡਾ ਉਸ ਕਿਤਾਬ ਨੂੰ ਪੜ੍ਹਨ ਦਾ ਮਨ ਬਣ ਸਕਦਾ ਹੈ। ਸੋਸ਼ਲ ਮੀਡੀਆ ਦੇ ਇਸ ਡਿਜੀਟਲ ਯੁੱਗ ਵਿੱਚ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਕਿਤਾਬਾਂ ਪੜ੍ਹਨ ਦਾ ਰੁਝਾਨ ਜੇ ਖ਼ਤਮ ਨਹੀਂ ਹੋਇਆ ਤਾਂ ਘਟ ਜ਼ਰੂਰ ਗਿਆ ਹੈ। ਇਹ ਉਨ੍ਹਾਂ ਦਾ ਵਹਿਮ ਹੈ। ਅਸਲ ਵਿੱਚ ਅੱਜ ਵੀ ਕਿਤਾਬਾਂ ਪੜ੍ਹਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਕੁਝ ਲੋਕ ਤਾਂ ਮਾਣ ਨਾਲ ਦੱਸਦੇ ਹਨ ਕਿ ਉਹ ਰੋਜ਼ਾਨਾ ਸੌ ਪੰਨੇ ਪੜ੍ਹਦੇ ਹਨ। ਕੁਝ ਇਸ ਤੋਂ ਵੀ ਜ਼ਿਆਦਾ। ਕੁਝ ਦੋਸਤਾਂ ਦੇ ਘਰਾਂ ਵਿੱਚ ਪਈਆਂ ਕਿਤਾਬਾਂ ਵੇਖ ਕੇ ਤਾਂ ਹੈਰਾਨ ਹੋ ਜਾਈਦਾ ਹੈ। ਇਹ ਪੁੱਛਣ ’ਤੇ ਕਿ ਤੁਸੀਂ ਏਨੀਆਂ ਸਾਰੀਆਂ ਕਿਤਾਬਾਂ ਕਿਵੇਂ ਪੜ੍ਹ ਲੈਂਦੇ ਹੋ, ਉਹ ਤੁਹਾਨੂੰ ਪੜ੍ਹਨ ਦੀ ਨਵੀਂ ਤਕਨੀਕ ਵੀ ਦੱਸਣਗੇ। ਇਹ ਤਕਨੀਕ ਉਨ੍ਹਾਂ ਨੇ ਖ਼ੁਦ ਈਜਾਦ ਕੀਤੀ ਹੁੰਦੀ ਹੈ। ਉਨ੍ਹਾਂ ਲਈ ਰੋਜ਼ਾਨਾ ਸੌਣ ਤੋਂ ਪਹਿਲਾਂ ਆਪਣੇ ਨਾਲ ਖੇਡੀ ਗਈ ਖੇਡ ਹੀ ਇਹ ਹੈ ਕਿ ਚਲੋ ਦੇਖਦੇ ਹਾਂ ਕਿ ਅੱਜ ਰਾਤ ਮੈਂ ਕਿੰਨੇ ਪੰਨੇ ਪੜ੍ਹ ਸਕਦਾ ਹਾਂ। ਇਹ ਖੇਡ ਭੁਲਾ ਦਿੰਦੀ ਹੈ ਕਿ ਰਾਤ ਕਿੰਨੀ ਬੀਤ ਗਈ ਹੈ। ਪੜ੍ਹਦਿਆਂ ਜਦ ਕੋਈ ਸਤਰ ਤੁਹਾਡੇ ਅੰਦਰ ਲਹਿ ਜਾਂਦੀ ਹੈ ਤਾਂ ਤੁਸੀਂ ਕਿਤਾਬ ਬੰਦ ਕਰਕੇ ਸਾਹਮਣੀ ਕੰਧ ’ਤੇ ਟਿਕਟਿਕੀ ਲਾ ਲੈਂਦੇ ਹੋ। ਇਹ ਪਲ ਤੁਹਾਨੂੰ ਵਿਸਮਾਦ ਦੀ ਸਥਿਤੀ ਵਿੱਚ ਲੈ ਜਾਂਦੇ ਹਨ। ਤੁਹਾਡਾ ਅੰਦਰ ਇੱਕ ਅਗਿਆਤ ਪ੍ਰਸੰਨਤਾ ਨਾਲ ਭਰ ਜਾਂਦਾ ਹੈ। ਸਾਲਮ-ਸਬੂਤੀ ਲਾਇਬ੍ਰੇਰੀ ਤੁਹਾਡੇ ਗਿਰਦ ਉੱਸਰ ਜਾਂਦੀ ਹੈ। ਡਿਜੀਟਲ ਯੁੱਗ ਅੰਦਰ ਈ ਬੁਕਸ ਨੇ ਤੁਹਾਡੀ ਪਹੁੰਚ ਦੁਨੀਆ ਭਰ ਦੀਆਂ ਕਿਤਾਬਾਂ ਤੱਕ ਵਿਸਥਾਰ ਦਿੱਤੀ ਹੈ। ਲਾਇਬ੍ਰੇਰੀ ਤੁਹਾਡੇ ਮੋਬਾਈਲ, ਕੰਪਿਊਟਰ ਅੰਦਰ ਸਥਾਪਤ ਹੋ ਜਾਂਦੀ ਹੈ। ਇਹ ਵਿਸਥਾਰ ਤੁਹਾਡੇ ਅੰਦਰ ਜਗਿਆਸਾ ਪੈਦਾ ਕਰਦਾ ਹੈ। ਇਹ ਜਗਿਆਸਾ ਤੁਹਾਨੂੰ ਪਹਿਲਾਂ ਕਿਤਾਬ ਤੇ ਫਿਰ ਲਾਇਬ੍ਰੇਰੀ ਤੱਕ ਲੈ ਕੇ ਜਾਂਦੀ ਹੈ।
ਲਾਇਬ੍ਰੇਰੀ ਬਾਰੇ ਹੋਰ ਗੱਲਾਂ ਕਰਨੀਆਂ ਹੋਣ ਤਾਂ ਇਹ ਕਿਸੇ ਇਮਾਰਤ ਵਿੱਚ ਪਈਆਂ ਕਿਤਾਬਾਂ ਹੀ ਨਹੀਂ ਹੁੰਦੀ। ਜਿਸ ਵਿਅਕਤੀ ਨੂੰ ਕਿਤਾਬਾਂ ਪੜ੍ਹਨ ਦੀ ਲਗਨ ਲੱਗ ਜਾਵੇ, ਉਸ ਦਾ ਘਰ ਵੀ ਲਾਇਬ੍ਰੇਰੀ ਹੁੰਦੀ ਹੈ ਅਤੇ ਉਸ ਦੇ ਅੰਦਰ ਵੀ। ਉਸ ਨੂੰ ਚੰਗੀਆਂ ਕਿਤਾਬਾਂ ਪਸੰਦ ਹੁੰਦੀਆਂ ਹਨ, ਕਿਤਾਬਾਂ ਪੜ੍ਹਨ ਦਾ ਸ਼ੌਕ ਰੱਖਦੇ ਲੋਕ ਪਸੰਦ ਹੁੰਦੇ ਹਨ। ਪੜ੍ਹਨ ਲਈ ਆਰਾਮ ਕੁਰਸੀ, ਕਿਤਾਬਾਂ ਖਰੀਦਣ ਲਈ ਪੈਸੇ, ਪੜ੍ਹਨ ਲਈ ਵਕਤ, ਕਿਤਾਬਾਂ ਨਾਲ ਭਰੇ ਸ਼ੈਲਫ ਤੇ ਪੀਣ ਲਈ ਗਰਮ ਚਾਹ ਦਾ ਪ੍ਰਬੰਧ ਹੋਣਾ ਉਸ ਦੀਆਂ ਲੋੜਾਂ ਹੁੰਦੀਆਂ ਹਨ। ਉਹ ਵਿਅਕਤੀ ਜਿਉਂਦੀ ਜਾਗਦੀ ਤੁਰੀ ਫਿਰਦੀ ਲਾਇਬ੍ਰੇਰੀ ਹੁੰਦਾ ਹੈ। ਉਹ ਇੱਕ ਕਿਤਾਬ ਖ਼ਤਮ ਕਰਦੇ ਹਨ ਤੇ ਨਾਲ ਹੀ ਦੂਜੀ ਕਿਤਾਬ ਪੜ੍ਹਨੀ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਅੰਦਰ ਜਾਗਦੀ ਲਾਇਬ੍ਰੇਰੀ ਦੇ ਬੰਦ ਹੋਣ ਦਾ ਕੋਈ ਸਮਾਂ ਨਹੀਂ ਹੁੰਦਾ। ਅਜਿਹਾ ਅਹਿਸਾਸ ਹੀ ਲਾਇਬ੍ਰੇਰੀ ਹੈ। ਜਿੱਥੇ ਕਿਤੇੇ ਇਹ ਅਹਿਸਾਸ ਹੈ, ਉੱਥੇ ਲਾਇਬ੍ਰੇਰੀ ਹੈ, ਦੀਵਾਰਾਂ, ਵਲਗਣਾਂ ਤੋਂ ਮੁਕਤ ਲਾਇਬ੍ਰੇਰੀ। ਜਿਸ ਹਿਰਦੇ ਅੰਦਰ ਇਹ ਅਹਿਸਾਸ ਭਰ ਜਾਵੇ, ਉਸ ਨੂੰ ਕਈ ਕਿਤਾਬਾਂ ਮੂੰਹ ਜ਼ਬਾਨੀ ਯਾਦ ਹੋ ਜਾਂਦੀਆਂ ਹਨ।
ਚੰਗੇ ਸਮਾਜ ਦੀ ਸਿਰਜਣਾ ਅਤੇ ਆਪਣੇ ਟੀਚੇ ਹਾਸਲ ਕਰਨ ਲਈ ਸਾਨੂੰ ਨਵੇਂ ਵਿਚਾਰ ਚਾਹੀਦੇ ਹਨ। ਨਵੇਂ ਵਿਚਾਰ ਕਿਤਾਬਾਂ ਵਿੱਚ ਹੁੰਦੇ ਹਨ। ਕਿਤਾਬਾਂ ਦੇ ਸਿਆਣੇ ਤੇ ਸੂਝਵਾਨ ਪਾਠਕਾਂ ਲਈ ਪਬਲਿਕ ਲਾਇਬ੍ਰੇਰੀਆਂ ਦੀ ਲੋੜ ਹੈ। ਰਾਜਨੀਤਕ, ਆਰਥਿਕ ਤੇ ਸਮਾਜਿਕ ਸੋਝੀ ਰੱਖਣ ਵਾਲੇ ਲੋਕ ਜਦ ਲਾਇਬ੍ਰੇਰੀ ਵਿੱਚ ਜਾ ਕੇ ਚੰਗੀਆਂ ਕਿਤਾਬਾਂ ਪੜ੍ਹਨਗੇ, ਬਹੁਤ ਸਾਰੇ ਨਵੇਂ ਖ਼ਿਆਲਾਂ ਤੇ ਵਿਚਾਰਾਂ ਨਾਲ ਲੈਸ ਹੋ ਕੇ ਉਹ ਸਮਾਜ ਦੀ ਅਗਵਾਈ ਕਰਨਗੇ। ਜਦ ਤੱਕ ਅਨਪੜ੍ਹ ਲੋਕ ਸਾਡੀ ਅਗਵਾਈ ਕਰਦੇ ਰਹਿਣਗੇ, ਸਦੀਆਂ ਪੁਰਾਣੇ ਸੰਸਕਾਰ ਸਾਡੇ ’ਤੇ ਥੋਪਦੇ ਰਹਿਣਗੇ, ਅਸੀਂ ਤਰੱਕੀ ਨਹੀਂ ਕਰ ਸਕਦੇ। ਸੜਕਾਂ ਬਣਨੀਆਂ, ਪੁਲਾਂ ਦਾ ਨਿਰਮਾਣ ਹੋਣਾ, ਨਵੇਂ ਤੇ ਵੱਡੇ ਏਅਰਪੋਰਟ ਬਣਨੇ ਤਰੱਕੀ ਨਹੀਂ ਹੁੰਦੀ। ਜਦ ਤੱਕ ਅਸੀਂ ਬੌਧਿਕ ਵਿਕਾਸ ਨਹੀਂ ਕਰਦੇ, ਚੰਗਾ ਸਾਹਿਤ ਨਹੀਂ ਪੜ੍ਹਦੇ, ਮਾਨਵੀ ਕਦਰਾਂ ਕੀਮਤਾਂ ਨਹੀਂ ਅਪਣਾਉਂਦੇ, ਇੱਕ ਸੁਲਝੇ ਹੋਏ ਸਮਾਜ ਦੀ ਸਿਰਜਣਾ ਨਹੀਂ ਕਰ ਸਕਾਂਗੇ। ਕੁਝ ਪਿੰਡਾਂ ਵਾਲਿਆਂ, ਖ਼ਾਸ ਕਰਕੇ ਮਾਲਵੇ ਦੇ ਪਿੰਡਾਂ ਨੇ ਵਿਦੇਸ਼ੀਂ ਵੱਸਦੇ ਦੋਸਤਾਂ ਦੀ ਮਦਦ ਨਾਲ ਲਾਇਬ੍ਰੇਰੀਆਂ ਖੋਲ੍ਹੀਆਂ ਹਨ। ਇਹ ਇੱਕ ਸਿਹਤਮੰਦ ਵਰਤਾਰਾ ਹੈ। ਸਕੂਲਾਂ ਵਿੱਚ ਲਾਇਬ੍ਰੇਰੀਆਂ ਨੂੰ ਵਿਕਸਤ ਕਰਨ ਲਈ ਹਰ ਸਕੂਲ ਨੂੰ ਇੱਕ ਲਾਇਬ੍ਰੇਰੀਅਨ ਦੀ ਸਥਾਈ ਪੋਸਟ ਦੇਣੀ ਜ਼ਰੂਰੀ ਹੋਣੀ ਚਾਹੀਦਾ ਹੈ। ਪਿੰਡ ਪਿੰਡ ਠੇਕੇ ਖੋਲ੍ਹਣ ਨਾਲੋਂ ਲਾਇਬ੍ਰੇਰੀਆਂ ਖੋਲ੍ਹਣ ਵੱਲ ਧਿਆਨ ਦੇਣਾ ਚਾਹੀਦਾ ਹੈ। ਜੋ ਚੀਜ਼ ਤੁਹਾਡੇ ਸਾਹਮਣੇ ਪਰੋਸੀ ਜਾਵੇਗੀ, ਤੁਸੀਂ ਉਸੇ ਦੇ ਆਦੀ ਹੋ ਜਾਵੋਗੇ। ਲੋਕਾਂ ਸਾਹਮਣੇ ਲਾਇਬ੍ਰੇਰੀਆਂ ਪਰੋਸ ਕੇ ਵੇਖੋ, ਸਾਡਾ ਸਮਾਜ ਇੱਕ ਸੁਧਰੇ ਹੋਏ ਨਕਸ਼ਾਂ ਵਾਲਾ ਸਮਾਜ ਬਣ ਜਾਵੇਗਾ। ਇਹ ਬਿਨਾਂ ਕਿਸੇ ਰੌਲ਼ੇ ਦੇ ਹੋਇਆ ਸਿਹਤਮੰਦ ਪਰਿਵਰਤਨ ਹੋਵੇਗਾ। ਲਾਇਬ੍ਰੇਰੀਆਂ ਦਾ ਹੋਣਾ ਅਤੇ ਸਾਡੇ ਅੰਦਰ ਇਸ ਦਾ ਅਹਿਸਾਸ ਹੋਣਾ ਬਹੁਤ ਜ਼ਰੂਰੀ ਹੈ। ਦਾਨ-ਪੁੰਨ ਕਰਨ ਵਾਲੇ ਲੋਕਾਂ ਨੂੰ ਵੀ ਲਾਇਬ੍ਰੇਰੀ ਕਲਚਰ ਪੈਦਾ ਕਰਨ ਲਈ ਦਸਵੰਧ ਕੱਢਣਾ ਚਾਹੀਦਾ ਹੈ। ਪਿੰਡ ਦੀ ਨੌਜਵਾਨ ਪੀੜ੍ਹੀ ਨੂੰ ਹੋਰ ਅਲਾਮਤਾਂ ਤੋਂ ਬਚਾਉਣ ਲਈ ਲਾਇਬ੍ਰੇਰੀ ਕਲਚਰ ਜ਼ਰੂਰ ਸਹਾਈ ਹੋਵੇਗਾ। ਅਖੀਰ ਵਿਚ ਕਿਸੇ ਅਗਿਆਤ ਦੀ ਨਸੀਹਤ ਕਿ ਮੀਟਿੰਗ ’ਤੇ ਜਾਣ ਵੇਲ਼ੇ, ਪਾਰਕ ਵਿੱਚ ਸੈਰ ਕਰਨ ਵੇਲ਼ੇ ਜਾਂ ਕਿਸੇ ਹੋਰ ਵੇਲ਼ੇ ਕਿਤਾਬ ਤੁਹਾਡੇ ਕੋਲ ਹੋਣੀ ਚਾਹੀਦੀ ਹੈ।
ਸੰਪਰਕ: 97795-91344 (ਵਟਸਐਪ)

Advertisement

Advertisement