For the best experience, open
https://m.punjabitribuneonline.com
on your mobile browser.
Advertisement

ਚਰਚਿਤ ਗੀਤਕਾਰ ਪਾਲ ਜੇਠੂਕਿਆਂ ਵਾਲਾ

08:40 AM Jul 20, 2024 IST
ਚਰਚਿਤ ਗੀਤਕਾਰ ਪਾਲ ਜੇਠੂਕਿਆਂ ਵਾਲਾ
Advertisement

ਸੁਰਜੀਤ ਜੱਸਲ

Advertisement

ਦੋਗਾਣਾ ਗਾਇਕੀ ਵਿੱਚ ਜਿੱਥੇ ਪਰਿਵਾਰਕ ਰਿਸ਼ਤਿਆਂ ਦੀ ਤਰਜਮਾਨੀ ਕਰਦੇ ਗੀਤਾਂ ਦਾ ਬੋਲਬਾਲਾ ਸੀ, ਉੱਥੇ ਅੱਲ੍ਹੜ ਦਿਲਾਂ ਦੀ ਬਾਤ ਪਾਉਂਦੇ ਚੁਲਬੁਲੇ ਗੀਤਾਂ ਦਾ ਬਾਜ਼ਾਰ ਵੀ ਗਰਮ ਰਿਹਾ ਹੈ। ਮੁਕਾਬਲੇ ਦੇ ਦੌਰ ਵਿੱਚ ਹਰ ਗੀਤਕਾਰ ਦੀ ਕੋਸ਼ਿਸ਼ ਰਹੀ ਕਿ ਵੱਧ ਤੋਂ ਵੱਧ ਲਿਖ ਕੇ ਰਿਕਾਰਡ ਹੋਇਆ ਜਾਵੇ। ਬਹੁਤੇ ਗੀਤਕਾਰਾਂ ਨੇ ਇਸ ਦੌੜ ’ਚ ਪਰਿਵਾਰਕ ਗੀਤਾਂ ਤੋਂ ਚੁਲਬੁਲੇ ਗੀਤਾਂ ਦੀ ਸਿਰਜਣਾ ਵੱਲ ਮੋੜ ਕੱਟਿਆ। ਅਜਿਹੇ ਗੀਤਕਾਰਾਂ ’ਚੋਂ ਇੱਕ ਨਾਂ ਹੈ ਮਾਸਟਰ ਗੁਰਪਾਲ ਸਿੰਘ ਉਰਫ਼ ‘ਪਾਲ ਜੇਠੂਕਿਆਂ ਵਾਲਾ’। ਉਸ ਦੇ ਗੀਤਾਂ ਨੂੰ ਆਪਣੇ ਵੇਲੇ ਦੀਆਂ ਅਨੇਕਾਂ ਨਾਮਵਰ ਗਾਇਕ ਜੋੜੀਆਂ ਨੇ ਰਿਕਾਰਡ ਕਰਵਾਇਆ ਪ੍ਰੰਤੂ ਉਸ ਨੂੰ ਵਧੇਰੇ ਪ੍ਰਸਿੱਧੀ ਕਰਤਾਰ ਰਮਲਾ ਦੀ ਆਵਾਜ਼ ’ਚ ਰਿਕਾਰਡ ਗੀਤਾਂ ਨਾਲ ਮਿਲੀ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਜੇਠੂਕੇ ਵਿਖੇ ਪੈਦਾ ਹੋਏ ਮਾਸਟਰ ਗੁਰਪਾਲ ਸਿੰਘ ਨੇ ਦੱਸਿਆ ਕਿ ਪਹਿਲੇ ਸਮਿਆਂ ਵਿੱਚ ਵਿਆਹਾਂ ਮੌਕੇ ਸਪੀਕਰ ਵਜਾਉਣ ਦਾ ਰਿਵਾਜ ਹੁੰਦਾ ਸੀ। ਵਿਆਹ ਵਾਲੇ ਘਰ ਦੋ-ਤਿੰਨ ਦਿਨ ਪਹਿਲਾਂ ਹੀ ਸਪੀਕਰ ਲੱਗ ਜਾਂਦਾ ਸੀ। ਉਸ ਨੂੰ ਨਿਆਣੀਂ ਉਮਰੇ ਹੀ ਸਪੀਕਰ ’ਤੇ ਵੱਜਦੇ ਗੀਤ ਸੁੁਣਨ ਦਾ ਭੁਸ ਪੈ ਗਿਆ ਜੋ ਉਸ ਦੇ ਗੀਤਕਾਰ ਬਣਨ ਦਾ ਸਬੱਬ ਬਣਿਆ। ਫਿਰ ਸਕੂਲ ਪੜ੍ਹਦਿਆਂ ਉਸ ਨੂੰ ਸਾਹਿਤ ਦੀ ਚੇਟਕ ਵੀ ਲੱਗੀ ਜਿਸ ਨੇ ਉਸ ਨੂੰ ਲੇਖਣੀ ਨਾਲ ਜੋੜਿਆ। ਉਸ ਦੀ ਲੇਖਣੀ ’ਤੇ ਜ਼ਿਆਦਾ ਪ੍ਰਭਾਵ ਦੀਦਾਰ ਸੰਧੂ, ਦੇਵ ਥਰੀਕਿਆਂ ਵਾਲੇ ਅਤੇ ਬਾਬੂ ਸਿੰਘ ਮਾਨ ਦਾ ਰਿਹੈ। ਇਨ੍ਹਾਂ ਦੇ ਗੀਤ ਸੁਣ ਸੁਣ ਕੇ ਹੀ ਉਹ ਲਿਖਣ ਲੱਗਿਆ। ਉਸ ਦਾ ਪਹਿਲਾ ਗੀਤ ਗੁਰਚਰਨ ਪੋਹਲੀ ਤੇ ਪ੍ਰੋਮਿਲਾ ਪੰਮੀ ਦੀ ਆਵਾਜ਼ ਵਿੱਚ ‘ਤੋਰ ਸਕੂਟਰ ਨੂੰ’ ਰਿਕਾਰਡ ਹੋਇਆ, ਉਦੋਂ ਉਹ ਦਸਵੀਂ ਜਮਾਤ ਵਿੱਚ ਪੜ੍ਹਦਾ ਸੀ। ਫਿਰ ਉਸ ਦਾ ਗੀਤ ‘ਦੋ ਦਿਨ ਜੀ ਪਰਚਾਅ ਕੇ ਤੁਰ ਗਿਆ ਕੈਨੇਡਾ ਨੂੰ’ ਨਰਿੰਦਰ ਬੀਬਾ ਤੇ ਰਣਬੀਰ ਰਾਣਾ ਦੀ ਆਵਾਜ਼ ਵਿੱਚ ਰਿਕਾਰਡ ਹੋਇਆ। ਇਨ੍ਹਾਂ ਗੀਤਾਂ ਨਾਲ ਹੀ ਉਸ ਦਾ ਹੌਸਲਾ ਵਧ ਗਿਆ ਤੇ ਉਹ ਗੀਤਕਾਰੀ ਵੱਲ ਸਰਗਰਮ ਹੋ ਗਿਆ।
ਭਾਵੇਂ ਮੁੱਢਲੇ ਗੀਤਾਂ ਨਾਲ ਪਾਲ ਗੀਤਕਾਰ ਬਣ ਚੁੱਕਾ ਸੀ ਪਰ ਉਸ ਨੂੰ ਪਛਾਣ ਦੇਣ ਵਾਲਾ ਗੀਤ ਰਿਕਾਰਡ ਹੋਣਾ ਅਜੇ ਬਾਕੀ ਸੀ। ਲੁਧਿਆਣਾ ਗਾਇਕ ਮੰਡੀ ਨੇ ਮੁਕਾਬਲੇ ਦੇ ਦੌਰ ਵਿੱਚ ਪਾਲ ਨੂੰ ਨਵੇਂ ਵਿਸ਼ਿਆਂ ’ਤੇ ਲਿਖਣ ਦਾ ਹੁਨਰ ਦਿੱਤਾ। ਜਦ ਐੱਚਐੱਮਵੀ ਨਾਈਟ ਵਿੱਚ ਗੁਰਚਰਨ ਪੋਹਲੀ ਤੇ ਪੰਮੀ ਦੇ ਰਿਕਾਰਡ ਗੀਤ ‘ਨੰਗੇ ਮੂੰਹ ਦਾ ਮੁੱਲ ਪੁੱਛਦਾ...’ ਦੀ ਚਰਚਾ ਛਿੜੀ ਤਾਂ ਪਾਲ ਸ਼ੁਹਰਤ ਦੇ ਅੰਬਰੀਂ ਉਡਾਰੀਆਂ ਮਾਰਨ ਲੱਗਾ ਤੇ ਉਸ ਦੇ ਗੀਤ ਧੜਾਧੜ ਰਿਕਾਰਡ ਹੋਣ ਲੱਗੇ। ਜਿੱਥੇ ਗੁਰਚਰਨ ਪੋਹਲੀ ਨੇ ਉਸ ਦੇ ਗੀਤ ‘ਤਿੰਨ ਜੋੜੇ ਲੱਡੂਆਂ ਦੇ’, ‘ਸਾਡੀ ਕੱਢ ਤੇਲ ‘ਚੋਂ ਕੌਡੀ’, ‘ਨੰਗੇ ਮੂੰਹ ਦਾ ਮੁੱਲ’, ‘ਤੋਰ ਸਕੂਟਰ ਨੂੰ’ ਤੇ ‘ਸੱਸੀ ਦੀ ਕਲੀ’ ਰਿਕਾਰਡ ਕਰਵਾਏ, ਉੱਥੇ ਉਸ ਵੇਲੇ ਦੇ ਸਰਗਰਮ ਦੋਗਾਣਾ ਗਾਇਕ ਗੁਰਦਿਆਲ ਨਿਰਮਾਣ ਧੂਰੀ ਨੇ ਪਾਲ ਦੇ ਲਿਖੇ ਗੀਤਾਂ ‘ਪਰ੍ਹੇ ਹੋ ਜਾ ਵੇ ਸ਼ੌਕੀਨਾਂ’, ‘ਮੱਕੀ ਦੀ ਰੋਟੀ ਉੱਤੇ ਮਿਰਚਾਂ ਭੁੱਕਾਂਗੇ...’, ‘ਸੋਹਣਾ ਲੱਗਦਾ ਏ ਮੁੰਡਿਆ ਬਾਰਾਤ ਵਿੱਚ ਤੂੰ’ ਅਤੇ ‘ਬਹਿਜਾ ਬਹਿਜਾ ਕਰ ਛੱਡੀਏ’ ਗੀਤਾਂ ਨਾਲ ਸੱਚਮੁੱਚ ਹੀ ਬਹਿਜਾ ਬਹਿਜਾ ਕਰਵਾ ਦਿੱਤੀ।
ਪਾਲ ਦੱਸਦਾ ਹੈ ਕਿ ਉਸ ਦੇ ਗੀਤ ਤਾਂ ਰਿਕਾਰਡ ਹੁੰਦੇ ਗਏ ਪਰ ਉਹ ਸਮਕਾਲੀਆਂ ਦੀ ਭੀੜ ’ਚ ਗੁਆਚਿਆ ਰਿਹਾ। ਫਿਰ ਜਦ ਕਰਤਾਰ ਰਮਲੇ ਨਾਲ ਮੇਲ ਹੋਇਆ ਤਾਂ ਉਸ ਨੇ ਕੁਝ ਹਟਵਾਂ ਲਿਖਣ ਲਈ ਪ੍ਰੇਰਿਆ। ਜਦ ਪਾਲ ਦੀ ਕਲਮ ਰਮਲੇ ਦੀ ਸੋਚ ਨਾਲ ਮਿਲੀ ਤਾਂ ਗੀਤਕਾਰੀ ਦੀ ਇੱਕ ਨਵੀਂ ਸਵੇਰ ਦਾ ਆਗਾਜ਼ ਹੋਇਆ। ਰਮਲੇ ਦੇ ਗਾਏ ‘ਜੇਠ ਨੂੰ ਚਾਅ ਚੜ੍ਹ ਗਿਆ, ਬਾਬਾ ਤੇਰੇ ਇੰਜਨ ’ਤੇ ਬੈਠ ਜਾ’ ਅਤੇ ‘ਕਾਹਦਾ ਸਾਕ ਕਰਾਇਆ ਭਾਬੀਏ’ ਆਦਿ ਗੀਤਾਂ ਨਾਲ ਪਾਲ ਜੇਠੂਕਿਆਂ ਵਾਲੇ ਦੀ ਤੂਤੀ ਬੋਲਣ ਲੱਗੀ। ਉਸ ਨੂੰ ਐੱਚਐੱਮਵੀ ਦੇ ਤਵਿਆਂ ਤੋਂ ਲੈ ਕੇ ਕੈਸੇਟ ਕਲਚਰ ਦੇ ਨਾਮੀਂ ਗਾਇਕਾਂ ਦੀ ਆਵਾਜ਼ ਵਿੱਚ ਰਿਕਾਰਡ ਹੋਣ ਦਾ ਮਾਣ ਪ੍ਰਾਪਤ ਹੈ। ਕਰਤਾਰ ਰਮਲਾ-ਸੁਖਵੰਤ ਸੁੱਖੀ, ਅਜੈਬ ਰਾਏ-ਮਨਜੀਤ ਕੌਰ, ਨਰਿੰਦਰ ਬੀਬਾ-ਰਣਬੀਰ ਰਾਣਾ, ਗੁਰਦਿਆਲ ਨਿਰਮਾਣ-ਕੁਮਾਰੀ ਲਾਜ-ਹਰਵਿੰਦਰ ਬੀਬਾ, ਗੁਰਚਰਨ ਪੋਹਲੀ-ਪੰਮੀ, ਜਸਵਿੰਦਰ ਬਰਾੜ, ਮੇਜਰ ਰਾਜਸਥਾਨੀ, ਅੰਮ੍ਰਿਤਾ ਵਿਰਕ, ਹਰਦੇਵ ਮਾਹੀਨੰਗਲ, ਗੋਰਾ ਚੱਕ ਵਾਲਾ, ਅਮਰਜੀਤ ਨਗੀਨਾ, ਕਿਰਨਜੋਤੀ, ਕੁਲਵਿੰਦਰ ਕਮਲ-ਸਪਨਾ ਕਮਲ, ਅਵਤਾਰ ਚਮਕ ਤੇ ਬਬਲੀ ਖੋਸਾ ਆਦਿ ਕਲਾਕਾਰਾਂ ਨੇ ਪਾਲ ਜੇਠੂਕਿਆਂ ਵਾਲੇ ਦੀ ਕਲਮ ਨੂੰ ਰਿਕਾਰਡ ਕਰਵਾਇਆ। ਗੀਤਾਂ ਦੇ ਵਿਸ਼ਿਆਂ ਬਾਰੇ ਉਸ ਦਾ ਕਹਿਣਾ ਹੈ ਕਿ ਉਸ ਨੇ ਗਾਇਕਾਂ ਦੀ ਮੰਗ ਅਤੇ ਸਰੋਤਿਆਂ ਦੀ ਪਸੰਦ ਨੂੰ ਵੇਖਦਿਆਂ ਸਮਾਜਿਕ ਦਾਇਰੇ ’ਚ ਰਹਿ ਕੇ ਹੀ ਲਿਖਿਆ ਹੈ। ਇਸੇ ਕਰਕੇ ਉਸ ਦੇ ਗੀਤ ਅੱਜ ਵੀ ਸੁਣੇ ਜਾਂਦੇ ਹਨ। ਗੀਤਾਂ ਦੀ ਪ੍ਰਸਿੱਧੀ ਸਦਕਾ ਹੀ ਉਸ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਲੱਖਾਂ ਸਰੋਤਿਆਂ ਦਾ ਪਿਆਰ ਮਿਲਿਆ ਹੈ। ਪਾਲ ਨੇ ਆਮ ਗੀਤਾਂ ਦੇ ਨਾਲ ਨਾਲ ਸਿੱਖ ਇਤਿਹਾਸ ਦੀ ਗੱਲ ਕਰਦੇ ‘ਸੇਵਕ ਕੀ ਅਰਦਾਸ, ਜਿਨ੍ਹਾਂ ਨੇਜਿਆਂ ’ਤੇ ਪੁੱਤ ਟੰਗਾਏ’ ਅਤੇ ‘ਤੋਰੋ ਹੱਸ ਕੇ ਪਿਤਾ ਜੀ ਮੈਨੂੰ ਜੰਗ ਨੂੰ’ ਧਾਰਮਿਕ ਗੀਤ ਵੀ ਲਿਖੇ ਹਨ।
ਗੀਤਾਂ ਦੇ ਨਾਲ ਨਾਲ ਟੈਲੀਫਿਲਮਾਂ ਦੇ ਦੌਰ ਵਿੱਚ ਪਾਲ ਨੇ ਸਮਾਜਿਕ ਮੁੱਦਿਆਂ ’ਤੇ ਆਧਾਰਿਤ ਕੁਝ ਫਿਲਮਾਂ ਵੀ ਲਿਖੀਆਂ ਹਨ। ਉਸ ਦੇ ਪਰਿਵਾਰ ਵਿੱਚ ਉਸ ਦਾ ਬੇਟਾ ਰਾਜਿੰਦਰ ਪੱਪੂ ਵੀ ਲਿਖਣ ਤੇ ਗਾਉਣ ਦਾ ਸ਼ੌਕ ਰੱਖਦਾ ਹੈ। ਅਧਿਆਪਨ ਕਿੱਤੇ ਤੋਂ ਸੇਵਾਮੁਕਤ ਹੋ ਕੇ ਪਾਲ ਜੇਠੂਕਿਆਂ ਵਾਲਾ ਮਨ ਦੇ ਵਲਵਲਿਆਂ ਨੂੰ ਅੱਜ ਵੀ ਲਿਖਦਾ ਹੈ।
ਸੰਪਰਕ: 98146-07737

Advertisement

Advertisement
Author Image

joginder kumar

View all posts

Advertisement