ਭੁੱਕੀ ਤੇ ਨਸ਼ੀਲੀਆਂ ਗੋਲੀਆਂ ਬਰਾਮਦ
ਖੇਤਰੀ ਪ੍ਰਤੀਨਿਧ
ਪਟਿਆਲਾ, 12 ਨਵੰਬਰ
ਜ਼ਿਲ੍ਹਾ ਪੁਲੀਸ ਪਟਿਆਲਾ ਦੀਆਂ ਵੱਖ-ਵੱਖ ਟੀਮਾਂ ਨੇ ਤਿੰਨ ਕਾਰਵਾਈਆਂ ਦੌਰਾਨ 18 ਕਿੱਲੋ ਭੁੱਕੀ ਅਤੇ 170 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਥਾਣਾ ਭਾਦਸੋਂ ਦੇ ਸਹਾਇਕ ਥਾਣੇਦਾਰ ਪਰਮਿੰਦਰ ਸਿੰਘ ਤੇ ਟੀਮ ਨੇ ਗਸ਼ਤ ਦੌਰਾਨ ਇੱਕ ਟਰਾਲੇ ’ਚੋਂ ਅੱੱਠ ਕਿੱਲੋ ਭੁੱਕੀ ਬਰਾਮਦ ਕੀਤੀ ਹੈ। ਇਸ ਸਬੰਧੀ ਗੁਰਦਿੱਤ ਸਿੰਘ, ਅਵਤਾਰ ਸਿੰਘ ਅਤੇ ਕਸ਼ਮੀਰ ਸਿੰਘ ਵਾਸੀਆਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਭਾਦਸੋਂ ਥਾਣੇ ਦੇ ਹੀ ਸਹਾਇਕ ਥਾਣੇਦਾਰ ਅਮਰੀਕ ਸਿੰਘ ਤੇ ਟੀਮ ਨੇ ਗਸ਼ਤ ਦੌਰਾਨ ਤਿੰਨ ਜਣਿਆਂ ਨੂੰ ਚਿੱਟੇ ਪੀਂਦਿਆਂ ਕਾਬੂ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਵਿਚ ਬਲਜੀਤ ਸਿੰਘ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਸਲਿੰਦਰ ਸਿੰਘ ਜ਼ਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਥਾਣਾ ਸਿਟੀ ਰਾਜਪੁਰਾ ਦੀ ਪੁਲੀਸ ਨੇ ਥਾਣਾ ਮੁਖੀ ਬਲਵਿੰਦਰ ਸਿੰਘ ਦੀ ਅਗਵਾਈ ਹੇਠਾਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ’ਚੋਂ ਦਸ ਕਿੱਲੋ ਭੁੱਕੀ ਬਰਾਮਦ ਕੀਤੀ ਹੈ। ਮੁਲਜ਼ਮ ਦੀ ਪਛਾਣ ਅਜੈ ਕੁਮਾਰ ਵਾਸੀ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ ਜਿਸ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਥਾਣਾ ਅਨਾਜ ਮੰਡੀ ਪਟਿਆਲਾ ਦੇ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਤੇ ਟੀਮ ਨੇ ਇੱਕ ਮਹਿਲਾ ਦੇ ਕਬਜ਼ੇ ਵਿਚੋਂ 170 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਨਸ਼ਾ ਛੁਡਾਊ ਕੇਂਦਰ ਦੇ ਕੋਲੋਂ ਨਸ਼ੀਲੀਆਂ ਗੋਲੀਆਂ ਵੇਚਦੀ ਹੈ ਜਿਸ ਤਹਿਤ ਛਾਪਾ ਮਾਰ ਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ਵਿਚੋਂ ਇਹ ਬਰਾਮਦਗੀ ਹੋਈ। ਮੁਲਜ਼ਮ ਔਰਤ ਦੀ ਪਛਾਣ ਰਾਜੂ ਮਾਹੀ ਵਜੋਂ ਹੋਈ ਜਿਸ ਖਿਲਾਫ਼ ਥਾਣਾ ਅਨਾਜ ਮੰਡੀ ਪਟਿਆਲਾ ਵਿੱਚ ਕੇਸ ਦਰਜ ਕੀਤਾ ਗਿਆ ਹੈ।