ਮਾੜੇ ਖਰੀਦ ਪ੍ਰਬੰਧ: ਝੋਨੇ ਦੀਆਂ ਭਰੀਆਂ ਟਰਾਲੀਆਂ ਨਾਲ ਜ਼ਿਲ੍ਹਾ ਸਕੱਤਰੇਤ ਘੇਰਿਆ
ਨਿੱਜੀ ਪੱਤਰ ਪ੍ਰੇਰਕ
ਮੋਗਾ, 21 ਨਵੰਬਰ
ਮੰਡੀਆਂ ਵਿੱਚ ਝੋਨੇ ਦੀ ਵੱਧ ਨਮੀ ਨਾਲ ਝੂਜਦੇ ਕਿਸਾਨਾਂ ਨੇ ਸੰਘਰਸ਼ ਦਾ ਰਾਹ ਅਖਤਿਆਰ ਕਰ ਲਿਆ ਹੈ। ਪਿੰਡ ਦੀ ਚੜਿੱਕ ਅਨਾਜ ਮੰਡੀ ’ਚ ਢਿੱਲੇ ਖਰੀਦ ਪ੍ਰਬੰਧਾਂ ਅਤੇ ਝੋਨੇ ਨਮੀ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਅਣਵਿਕੇ ਝੋਨੇ ਦੀਆਂ ਭਰੀਆਂ ਟਰਾਲੀਆਂ ਨਾਲ ਜ਼ਿਲ੍ਹਾ ਸਕੱਤਰੇਤ ਦਾ ਘਿਰਾਓ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਥੇ ਬੀਕੇਯੂ ਏਕਤਾ ਉਗਰਾਹਾਂ ਆਗੂ ਜਗਜੀਤ ਸਿੰਘ ਮੱਦੋਕੇ ਅਤੇ ਲਖਵੀਰ ਸਿੰਘ ਚੜਿੱਕ ਨੇ ਦੱਸਿਆ ਕਿ ਉਨ੍ਹਾਂ ਦਾ ਝੋਨਾ ਕਰੀਬ 5 ਦਿਨ ਤੋਂ ਚੜਿੱਕ ਮੰਡੀ ਵਿੱਚ ਰੁਲ ਰਿਹਾ ਹੈ ਪਰ ਕੋਈ ਅਧਿਕਾਰੀ ਬੋਲੀ ਲਗਾਉਣ ਲਈ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਸਿਰਫ਼ ਚੜਿੱਕ ਮੰਡੀ ਵਿਚ ਹੀ ਨਹੀਂ ਸਗੋਂ ਹੋਰ ਵੀ ਅਨਾਜ ਮੰਡੀਆਂ ਵਿੱਚ ਵੀ ਝੋਨਾ ਪਿਆ ਹੈ।
ਬੀਕੇਯੂ ਏਕਤਾ ਉਗਰਾਹਾਂ ਨੇ ਮੰਡੀਆਂ ਵਿੱਚ ਕਿਸਾਨਾਂ ਕੋਲੋਂ ਕੱਟ ਲਗਾ ਕੇ ਖਰੀਦ ਕੀਤੇ ਜਾ ਰਹੇ ਝੋਨੇ ਬਾਰੇ ਮੰਡੀਆਂ ਦੀ ਡੀਸੀ ਨੂੰ ਸੂਚੀ ਦਿੱਤੀ ਗਈ ਹੈ। ਮੰਡੀਆਂ ਵਿੱਚ ਝੋਨੇ ਵਿੱਚ ਵੱਧ ਨਮੀ ਬਹਾਨੇ 100 ਗੱਟੇ ਪਿੱਛੇ 5 ਤੋਂ 10 ਗੱਟੇ ਕੱਟ ਲਗਾ ਕੇ ਖਰੀਦ ਕੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸੂਬਾ ਸਕੱਤਰ ਸੁਖਦੇਵ ਸਿੰਘ ਕੋਕਰੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਸੀ ਜਿਸ ਤੋਂ ਬਾਅਣ ਉਨ੍ਹਾਂ ਡਿਵੀਜ਼ਨ ਮੋਗਾ, ਧਰਮਕੋਟ, ਨਿਹਾਲ ਸਿੰਘ ਵਾਲਾ ਅਤੇ ਬਾਘਾਪੁਰਾਣਾ ਐੱਸਡੀਐੱਮਜ਼ ਨੂੰ ਮੰਡੀਆਂ ਦਾ ਦੌਰਾ ਕਰਕੇ ਜਾਂਚ ਕਰਨ ਦੇ ਹੁਕਮ ਦਿੱਤੇ ਸਨ ਪਰ ਕੋਈ ਵੀ ਅਧਿਕਾਰੀ ਮੰਡੀਆਂ ਵਿੱਚ ਕਿਸਾਨਾਂ ਦੀ ਸਾਰ ਲੈਣ ਨਹੀਂ ਪੁੱਜਿਆ। ਕਿਸਾਨਾਂ ਦੀ ਮੰਗ ਹੈ ਕਿ ਮੌਸਮ ਵਿੱਚ ਬਦਲਾਅ ਕਾਰਨ ਝੋਨੇ ਦੀ ਨਮੀ 17 ਦੀ ਬਜਾਇ 23 ਫੀਸਦ ਕਰ ਕੇ ਮੰਡੀਆਂ ਵਿੱਚੋਂ ਬਗੈਰ ਸ਼ਰਤ ਮੰਡੀਆਂ ਚੁੱਕਿਆ ਜਾਵੇ। ਇਸ ਦੇ ਨਾਲ ਹੀ ਕਿਸਾਨਾਂ ’ਤੇ ਝੋਨੇ ਦੀ ਪਰਾਲੀ ਸਾੜਨ ਸਬੰਧੀ ਕੀਤੇ ਪਰਚੇ ਵਾਪਸ ਲੈ ਦੀ ਮੰਗ ਵੀ ਕੀਤੀ ਜਾ ਰਹੀ ਹੈ। ਕਿਸਾਨਾਂ ਦੀ ਇਹ ਵੀ ਮੰਗ ਹੈ ਕਿ ਸਾਉਣੀ ਦੇ ਅਗਲੇ ਸੀਜ਼ਨ ’ਚ ਕਿਸਾਨਾਂ ਨੂੰ ਪਹਿਲੀ ਜੂਨ ਤੋਂ ਝੋਨਾ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਨਮੀ ਦੀ ਵੱਧ ਮਾਤਰਾ ਕਾਰਨ ਕਿਸਾਨਾਂ ਦੀ ਮੰਡੀਆਂ ਵਿੱਚ ਖੱਜਲ ਖੁਆਰੀ ਨਾ ਹੋਵੇ।