For the best experience, open
https://m.punjabitribuneonline.com
on your mobile browser.
Advertisement

ਵਿਗੜੀਆਂ ਖਾਣ-ਪੀਣ ਦੀਆਂ ਆਦਤਾਂ

07:43 AM Jan 15, 2025 IST
ਵਿਗੜੀਆਂ ਖਾਣ ਪੀਣ ਦੀਆਂ ਆਦਤਾਂ
Advertisement

ਪ੍ਰਿੰਸੀਪਲ ਵਿਜੈ ਕੁਮਾਰ

Advertisement

ਜਦੋਂ ਤੱਕ ਕੋਈ ਪਰਵਾਸੀ ਵਿਅਕਤੀ ਕੈਨੇਡਾ ਦੀ ਧਰਤੀ ਉੱਤੇ ਨਹੀਂ ਪਹੁੰਚ ਜਾਂਦਾ, ਉਦੋਂ ਤੱਕ ਉਸ ਨੂੰ ਇੰਜ ਲੱਗਦਾ ਹੈ ਕਿ ਇਸ ਦੇਸ਼ ਵਿੱਚ ਸਹੂਲਤਾਂ ਹੀ ਸਹੂਲਤਾਂ ਹਨ, ਸਮੱਸਿਆ ਨਾ ਦੀ ਤਾਂ ਇਸ ਮੁਲਕ ਵਿੱਚ ਕੋਈ ਚੀਜ਼ ਹੀ ਨਹੀਂ ਹੈ। ਫਿਰ ਜਿਵੇਂ ਹੀ ਇਸ ਮੁਲਕ ਦੀ ਧਰਤੀ ਉੱਤੇ ਆ ਕੇ ਵਸਣ ਵਾਲੇ ਪਰਵਾਸੀ ਲੋਕਾਂ ਦੀ ਜ਼ਿੰਦਗੀ ਆਪਣੀ ਚਾਲ ਚੱਲਣੀ ਸ਼ੁਰੂ ਕਰਦੀ ਹੈ ਤੇ ਹੌਲੀ ਹੌਲੀ ਜਦੋਂ ਉਨ੍ਹਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਸ ਮੁਲਕ ਦੀ ਜ਼ਿੰਦਗੀ ਦਾ ਅੰਦਰਲਾ ਸੱਚ ਉਨ੍ਹਾਂ ਦੇ ਸਾਹਮਣੇ ਆਉਂਦਾ ਹੈ। ਉਨ੍ਹਾਂ ਸਮੱਸਿਆਵਾਂ ਵਿੱਚ ਗੁਜ਼ਰਦਿਆਂ ਉਨ੍ਹਾਂ ਦੇ ਮਨਾਂ ਵਿੱਚ ਇੱਕ ਵਾਰ ਇਹ ਖ਼ਿਆਲ ਜ਼ਰੂਰ ਆਉਂਦਾ ਹੈ ਕਿ ਉਨ੍ਹਾਂ ਦਾ ਇਸ ਮੁਲਕ ਵਿੱਚ ਆ ਕੇ ਵਸਣ ਦਾ ਫ਼ੈਸਲਾ ਕੋਈ ਬਹੁਤ ਚੰਗਾ ਨਹੀਂ ਸੀ, ਪਰ ਉਹ ਆਪਣੇ ਦੇਸ਼ ਨੂੰ ਮੁੜਨ ਜੋਗੇ ਵੀ ਨਹੀਂ ਰਹਿੰਦੇ।
ਡਾਲਰਾਂ ਵਿੱਚ ਕਮਾਈ, ਬੱਚਿਆਂ ਦੀ ਮੁਫ਼ਤ ਪੜ੍ਹਾਈ, ਬਜ਼ੁਰਗਾਂ ਨੂੰ ਪੈਨਸ਼ਨ ਅਤੇ ਬੱਚਿਆਂ ਨੂੰ ਸਰਕਾਰ ਵੱਲੋਂ ਮਿਲਣ ਵਾਲੀ ਆਰਥਿਕ ਸਹਾਇਤਾ ਉਨ੍ਹਾਂ ਨੂੰ ਇਨ੍ਹਾਂ ਸਮੱਸਿਆਵਾਂ ਨਾਲ ਸਮਝੌਤਾ ਕਰਨ ਦੀ ਆਦਤ ਪਾ ਦਿੰਦੀ ਹੈ। ਉਨ੍ਹਾਂ ਸਮੱਸਿਆਵਾਂ ਵਿੱਚੋਂ ਇੱਕ ਸਮੱਸਿਆ ਹੈ ਕੈਨੇਡਾ ਵਿੱਚ ਵਸਦੇ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਅਤੇ ਸਿਹਤ ਸਮੱਸਿਆਵਾਂ। ਇਸ ਮੁਲਕ ਦੀ ਸਭ ਤੋਂ ਵੱਡੀ ਸਮੱਸਿਆ ਫਰਿੱਜਾਂ ਵਿੱਚ ਲੱਗੀਆਂ ਹੋਈਆਂ ਚੀਜ਼ਾਂ ਖਾਣ ਦੀ ਹੈ। ਫਰਿੱਜਾਂ ਵਿੱਚ ਲੱਗੇ ਹੋਏ ਮੀਟ, ਮੱਛੀ, ਬਣੀਆਂ ਹੋਈਆਂ ਸਬਜ਼ੀਆਂ, ਰੋਟੀਆਂ, ਨਾਨ, ਕੇਕ, ਕੁਲਚੇ, ਤਲਣ ਵਾਲੀਆਂ ਚੀਜ਼ਾਂ, ਫਾਸਟ ਫੂਡ, ਚਾਕਲੇਟ ਅਤੇ ਬੇਕਰੀ ਦੀਆਂ ਕਈ ਚੀਜ਼ਾਂ ਖਾਣਾ ਇਸ ਮੁਲਕ ਦੇ ਲੋਕਾਂ ਦੀ ਮਜਬੂਰੀ ਹੈ ਕਿਉਂਕਿ ਡਾਲਰ ਕਮਾਉਣ ਦੀ ਦੌੜ ਵਿੱਚ ਲੋਕਾਂ ਕੋਲ ਸਮਾਂ ਹੀ ਨਹੀਂ ਹੁੰਦਾ ਕਿ ਉਹ ਖ਼ੁਦ ਆਪਣੀ ਮਨਪਸੰਦ ਦਾ ਭੋਜਨ ਬਣਾ ਕੇ ਖਾ ਸਕਣ। ਜੇਕਰ ਘਰ ਚਾਰ ਪ੍ਰਾਹੁਣੇ ਆ ਜਾਣ ਤਾਂ ਉਨ੍ਹਾਂ ਅੱਗੇ ਇਹ ਫਰਿੱਜਾਂ ਵਿੱਚ ਲੱਗਿਆ ਹੋਇਆ ਭੋਜਨ ਜਾਂ ਫਾਸਟ ਫੂਡ ਹੀ ਪਰੋਸਿਆ ਜਾਂਦਾ ਹੈ।
ਸਾਡੇ ਮੁਲਕ ਵਿੱਚ ਲੋਕਾਂ ਨੂੰ ਆਪਣੀ ਇੱਛਾ ਨਾਲ ਤਾਜ਼ਾ ਭੋਜਨ ਬਣਾ ਕੇ ਖਾਣ ਦੀ ਆਦਤ ਹੈ, ਪਰ ਫਰਿੱਜਾਂ ਵਿੱਚ ਲੱਗਿਆ ਹੋਇਆ ਖਾਣਾ, ਖਾਣਾ ਲੋਕਾਂ ਦੀ ਮਜਬੂਰੀ ਬਣ ਚੁੱਕੀ ਹੈ। ਇਸ ਮੁਲਕ ਵਿੱਚ ਜ਼ਿਆਦਾਤਰ ਸਬਜ਼ੀਆਂ, ਫਲ, ਮੀਟ ਅਤੇ ਹੋਰ ਕਈ ਚੀਜ਼ਾਂ ਦੂਜੇ ਮੁਲਕਾਂ ਤੋਂ ਆਉਂਦੀਆਂ ਹਨ। ਉਹ ਚੀਜ਼ਾਂ ਕਈ ਕਈ ਦਿਨ ਟਰੱਕਾਂ ਵਿੱਚ ਲੱਗੇ ਵੱਡੇ ਫਰਿੱਜਾਂ ਅਤੇ ਕੋਲਡ ਸਟੋਰਾਂ ਵਿੱਚ ਪਈਆਂ ਰਹਿੰਦੀਆਂ ਹਨ। ਕਈ ਕਈ ਦਿਨਾਂ ਤੋਂ ਫਰਿੱਜਾਂ ਵਿੱਚ ਪਈਆਂ ਇਹ ਚੀਜ਼ਾਂ ਖਾਣ ਕਰਨ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਦੂਜੇ ਪਾਸੇ ਆਪਣੇ ਮੁਲਕਾਂ ਵਿੱਚ ਇਨ੍ਹਾਂ ਲੋਕਾਂ ਨੂੰ ਸਬਜ਼ੀਆਂ, ਫਲ, ਮੀਟ, ਮੱਛੀ ਅਤੇ ਹੋਰ ਚੀਜ਼ਾਂ ਤਾਜ਼ੀਆਂ ਖਾਣ ਦੀ ਆਦਤ ਹੁੰਦੀ ਹੈ। ਇਹ ਲੋਕ ਹਰ ਰੋਜ਼ ਫਰਿੱਜਾਂ ਵਿੱਚ ਲੱਗੀਆਂ ਚੀਜ਼ਾਂ ਖਾ ਕੇ ਆਪਣੇ ਮੁਲਕਾਂ ਦੀਆਂ ਤਾਜ਼ਾ ਚੀਜ਼ਾਂ ਖਾਣ ਦੀਆਂ ਗੱਲਾਂ ਕਰਦੇ ਰਹਿੰਦੇ ਹਨ।
ਭਾਵੇਂ ਸਾਡੇ ਮੁਲਕ ਵਿੱਚ ਵੀ ਲੋਕਾਂ ਨੂੰ ਸਾਧੇ ਭੋਜਨ ਦੇ ਨਾਲ ਫਾਸਟ ਫੂਡ, ਪੀਜ਼ਾ, ਨੂਡਲ, ਮੈਗੀ, ਬਰਗਰ, ਮੰਚੁਰੀਅਨ, ਹੌਟਡੌਗ, ਮੈਕਰੋਨੀ, ਪਾਓ ਭਾਜੀ, ਪਾਸਤਾ, ਮੋਮੋ, ਟਿੱਕੀਆਂ, ਸਮੋਸੇ ਆਦਿ ਖਾਣ ਦੀ ਆਦਤ ਪੈ ਚੁੱਕੀ ਹੈ, ਪਰ ਸਾਡੇ ਮੁਲਕ ਦੇ ਲੋਕ ਇਨ੍ਹਾਂ ਚੀਜ਼ਾਂ ਨੂੰ ਰੋਟੀ ਦੀ ਥਾਂ ਨਹੀਂ ਸਗੋਂ ਵਿਆਹ ਸ਼ਾਦੀਆਂ, ਜਨਮ ਦਿਨਾਂ ਅਤੇ ਹੋਰ ਸਮਾਗਮਾਂ ਉੱਤੇ ਹੀ ਖਾਂਦੇ ਹਨ। ਦੂਜੇ ਪਾਸੇ ਕੈਨੇਡਾ ਵਿੱਚ ਇਹ ਫਾਸਟ ਫੂਡ ਲੋਕਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਹਨ। ਸਵੇਰ, ਦੁਪਹਿਰ ਅਤੇ ਰਾਤ ਦੇ ਖਾਣੇ ਵੇਲੇ ਫਾਸਟ ਫੂਡ ਖਾਣਾ ਇੱਥੋਂ ਦੇ ਲੋਕਾਂ ਦੀ ਆਦਤ ਬਣ ਚੁੱਕੀ ਹੈ। ਘਰ ਆਏ ਮਹਿਮਾਨਾਂ ਅੱਗੇ ਵੀ ਫਾਸਟ ਫੂਡ ਪਰੋਸਿਆ ਜਾਂਦਾ ਹੈ ਕਿਉਂਕਿ ਹੱਥੀਂ ਭੋਜਨ ਬਣਾਉਣ ਨਾਲੋਂ ਘਰ ਬੈਠੇ ਆਰਡਰ ਦੇ ਕੇ ਇਹ ਫਾਸਟ ਫੂਡ ਮੰਗਾਉਣਾ ਲੋਕਾਂ ਨੂੰ ਸੌਖਾ ਲੱਗਦਾ ਹੈ। ਬਜ਼ੁਰਗਾਂ ਨੂੰ ਵੀ ਮਜਬੂਰੀ ਵਿੱਚ ਆਪਣੇ ਬੱਚਿਆਂ ਨਾਲ ਇਹ ਫਾਸਟ ਫੂਡ ਖਾਣਾ ਪੈਂਦਾ ਹੈ।
ਬੱਚਿਆਂ ਨੂੰ ਇਹ ਸਭ ਖਾਣ ਦੀ ਅਜਿਹੀ ਆਦਤ ਪੈ ਚੁੱਕੀ ਹੈ ਕਿ ਉਹ ਰੋਟੀ ਖਾਣਾ ਪਸੰਦ ਹੀ ਨਹੀਂ ਕਰਦੇ। ਜਿਹੜੇ ਲੋਕ ਰੋਟੀ ਵੀ ਖਾਂਦੇ ਹਨ, ਉਨ੍ਹਾਂ ਵਿੱਚ ਨੌਜਵਾਨ ਪੀੜ੍ਹੀ ਸਮੇਂ ਦੀ ਘਾਟ ਕਾਰਨ ਹੱਥੀਂ ਖਾਣਾ ਬਣਾਉਣ ਦੀ ਥਾਂ ਆਰਡਰ ’ਤੇ ਤੇਜ਼ ਮਸਾਲਿਆਂ ਵਾਲੀਆਂ ਸਬਜ਼ੀਆਂ, ਮੈਦੇ ਦੇ ਨਾਨ, ਛੋਲੇ ਭਟੂਰੇ, ਕੁਲਚੇ ਆਦਿ ਖਾਣ ਨੂੰ ਤਰਜੀਹ ਦਿੰਦੇ ਹਨ। ਇਸ ਦੇਸ਼ ਵਿੱਚ ਕਈ ਇਲਾਕੇ ਅਜਿਹੇ ਵੀ ਹਨ ਜਿਨ੍ਹਾਂ ਵਿੱਚ ਪੰਜਾਬੀ ਲੋਕਾਂ ਦੇ ਖਾਣ ਦੀਆਂ ਵਸਤਾਂ ਮਿਲਦੀਆਂ ਹੀ ਨਹੀਂ। ਇਸ ਮੁਲਕ ਦੇ ਆਟੇ, ਪਨੀਰ, ਦੁੱਧ ਅਤੇ ਦਹੀਂ ਦਾ ਸੁਆਦ ਸਾਡੇ ਮੁਲਕ ਨਾਲੋਂ ਅੱਡ ਹੁੰਦਾ ਹੈ। ਠੰਢਾ ਹੋਇਆ ਫੁਲਕਾ ਅਤੇ ਨਾਨ ਖਾਣ ਜੋਗੇ ਨਹੀਂ ਰਹਿੰਦੇ। ਟਿਮ ਹੌਰਟਨ ਦੀ ਕੌਫ਼ੀ, ਬਰਗਰ ਅਤੇ ਕਟਲਟਸ ਇਸ ਮੁਲਕ ਵਿੱਚ ਵਸਦੇ ਲੋਕਾਂ ਖ਼ਾਸ ਕਰਕੇ ਵਿਦਿਆਰਥੀ ਵਰਗ ਲਈ ਅਫੀਮ ਦੇ ਨਸ਼ੇ ਵਾਂਗ ਬਣ ਚੁੱਕੇ ਹਨ। ਸਮੇਂ ਦੀ ਘਾਟ ਕਾਰਨ ਵਿਦਿਆਰਥੀ ਵਰਗ ਟਿਮ ਹੌਰਟਨ ਦੀ ਕੌਫ਼ੀ ਅਤੇ ਬਰਗਰਾਂ ਨੂੰ ਨਾਸ਼ਤੇ ਵਿੱਚ ਵੀ ਖਾਂਦੇ ਹਨ। ਪਲਾਜ਼ਿਆਂ, ਪਾਰਕਾਂ, ਰੇਲ ਗੱਡੀਆਂ, ਬੱਸਾਂ, ਸਿੱਖਿਆ ਸੰਸਥਾਵਾਂ ਵਿੱਚ ਸੜਕਾਂ ਅਤੇ ਜਨਤਕ ਥਾਵਾਂ ’ਤੇ ਨੌਜਵਾਨ ਮੁੰਡੇ-ਕੁੜੀਆਂ ਅਤੇ ਲੋਕਾਂ ਦੇ ਹੱਥਾਂ ਵਿੱਚ ਇਹ ਕੌਫ਼ੀ ਦੇ ਕੱਪ ਆਮ ਹੀ ਵੇਖਣ ਨੂੰ ਮਿਲਣਗੇ। ਨੌਜਵਾਨ ਮੁੰਡੇ-ਕੁੜੀਆਂ ਅਤੇ ਬੱਚੇ ਫਾਸਟ ਫੂਡ ਨਾਲ ਜੂਸ ਅਤੇ ਕੋਲਡ ਡਰਿੰਕ ਪੀ ਕੇ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ।
ਇਸ ਮੁਲਕ ਵਿੱਚ ਪਰਿਵਾਰਾਂ ਦਾ ਗੁਜ਼ਾਰਾ ਕਰਨ ਲਈ ਅਤੇ ਕਰਜ਼ੇ ਦੀਆਂ ਕਿਸ਼ਤਾਂ ਉਤਾਰਨ ਲਈ ਪਤੀ-ਪਤਨੀ ਦੋਹਾਂ ਨੂੰ ਨੌਕਰੀ ਕਰਨੀ ਪੈਂਦੀ ਹੈ। ਸਮੇਂ ਦੀ ਘਾਟ ਕਾਰਨ ਉਹ ਬੱਚਿਆਂ ਨੂੰ ਆਪਣੇ ਹੱਥੀਂ ਬਣਾਇਆ ਭੋਜਨ ਖਿਲਾਉਣ ਦੀ ਬਜਾਏ ਮੈਗੀ, ਤੇਖੂ, ਫਰਾਇਡ ਪਨੀਰ, ਕੌਰਨਸ ਅਤੇ ਹੋਰ ਤਲੀਆਂ ਹੋਈਆਂ ਚੀਜ਼ਾਂ ਖਿਲਾਉਂਦੇ ਹਨ। ਬੱਚੇ ਜਿਵੇਂ ਜਿਵੇਂ ਵੱਡੇ ਹੁੰਦੇ ਜਾਂਦੇ ਹਨ, ਉਨ੍ਹਾਂ ਨੂੰ ਇਹ ਸਾਰੀਆਂ ਚੀਜ਼ਾਂ ਖਾਣ ਦੀ ਆਦਤ ਪੈ ਜਾਂਦੀ ਹੈ। ਚਾਕਲੇਟ, ਪੀਜ਼ਾ, ਨੂਡਲ, ਜੂਸ, ਕੇਕ, ਬਰਗਰ, ਹੌਟਡੌਗ, ਹੋਰ ਫਰਾਇਡ ਚੀਜ਼ਾਂ ਖਾਣਾ ਉਨ੍ਹਾਂ ਦੀ ਹਰ ਰੋਜ਼ ਦੀ ਆਦਤ ਬਣ ਜਾਂਦੀ ਹੈ। ਹਫ਼ਤੇ ਦੇ ਆਖ਼ਰੀ ਦਿਨਾਂ ਨੂੰ ਹੋਟਲਾਂ ਵਿੱਚ ਖਾਣਾ, ਖਾਣ ਜਾਣਾ ਲੋਕਾਂ ਦਾ ਸ਼ੌਕ ਵੀ ਹੈ ਤੇ ਮੌਜ ਮਸਤੀ ਦਾ ਸਾਧਨ ਵੀ। ਲੋਕਾਂ ਦੇ ਕਾਰਾਂ ਵਿੱਚ ਆਉਣ ਜਾਣ ਅਤੇ ਹੱਥੀਂ ਕੰਮ ਘੱਟ ਹੋਣ ਨਾਲ ਸਰੀਰਕ ਕਸਰਤ ਬਹੁਤ ਘੱਟ ਹੁੰਦੀ ਹੈ। ਖਾਣ ਪੀਣ ਦੀਆਂ ਇਹ ਆਦਤਾਂ ਠੰਢਾ ਮੁਲਕ ਹੋਣ ਕਾਰਨ ਅਤੇ ਪਸੀਨਾ ਨਾ ਆਉਣ ਕਾਰਨ ਤੇ ਸਰੀਰਕ ਕਸਰਤ ਘੱਟ ਹੋਣ ਕਾਰਨ ਹਾਰਟ ਅਟੈਕ, ਬਲੱਡ ਪ੍ਰੈੱਸ਼ਰ, ਸਰਵਾਈਕਲ, ਪੇਟ, ਸ਼ੂਗਰ, ਕਿਡਨੀ ਦੀਆਂ ਬਿਮਾਰੀਆਂ ਦਾ ਕਾਰਨ ਬਣ ਰਹੀਆਂ ਹਨ। ਅਜਿਹਾ ਖਾਣ ਪੀਣ ਹੋਣ ਕਾਰਨ ਇਸ ਮੁਲਕ ਵਿੱਚ ਨਵੇਂ ਜਨਮੇਂ ਬੱਚੇ ਦੇਰ ਨਾਲ ਬੋਲਣਾ ਅਤੇ ਚੱਲਣਾ ਸ਼ੁਰੂ ਕਰਦੇ ਹਨ। ਉਨ੍ਹਾਂ ਵਿੱਚ ਮੋਟਾਪਾ, ਲੱਤਾਂ ਦਾ ਵਿੰਗਾ-ਟੇਢਾ ਹੋਣਾ ਅਤੇ ਹੋਰ ਬਿਮਾਰੀਆਂ ਵੀ ਵੇਖਣ ਨੂੰ ਮਿਲਦੀਆਂ ਹਨ।
ਹਰ ਇੱਕ ਚੀਜ਼ ਪੈਸਾ ਨਹੀਂ ਹੈ। ਜੇਕਰ ਸਿਹਤ ਚੰਗੀ ਹੋਵੇਗੀ ਤਾਂ ਹੀ ਪੈਸੇ ਦਾ ਅਨੰਦ ਲਿਆ ਜਾ ਸਕੇਗਾ। ਪੈਸੇ ਲਈ ਸਿਹਤ ਨਾਲ ਸਮਝੌਤਾ ਕਰਨਾ ਸਮਝਦਾਰੀ ਨਹੀਂ ਹੈ। ਇਸ ਮੁਲਕ ਵਿੱਚ ਵੱਸਦਿਆਂ ਆਪਣੀਆਂ ਅਤੇ ਆਪਣੇ ਬੱਚਿਆਂ ਦੀਆਂ ਖਾਣ-ਪੀਣ ਦੀਆਂ ਆਦਤਾਂ ਵੱਲ ਬਣਦਾ ਧਿਆਨ ਜ਼ਰੂਰ ਦਿਓ ਤਾਂ ਕਿ ਭਵਿੱਖ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਇਕੱਲੇ ਰਹਿਣ ਵਾਲੇ ਨੌਜਵਾਨ ਮੁੰਡੇ-ਕੁੜੀਆਂ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੇਕਰ ਉਨ੍ਹਾਂ ਦੀ ਸਿਹਤ ਠੀਕ ਰਹੇਗੀ ਤਾਂ ਹੀ ਉਹ ਡਾਲਰ ਕਮਾ ਸਕਣਗੇ, ਨਹੀਂ ਤਾਂ ਬਿਮਾਰੀਆਂ ਨੂੰ ਹੀ ਸੱਦਾ ਦੇਣਗੇ।
ਸੰਪਰਕ: 98726-27136

Advertisement

Advertisement
Author Image

joginder kumar

View all posts

Advertisement