‘ਮਾੜੇ ਪ੍ਰਬੰਧਾਂ ਕਾਰਨ ਮਹਾਕੁੰਭ ’ਚ ਭਗਦੜ ਮਚੀ’
ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਜਨਵਰੀ
ਆਮ ਆਦਮੀ ਪਾਰਟੀ ਨੇ ਪ੍ਰਯਾਗਰਾਜ ਵਿੱਚ ਚੱਲ ਰਹੇ ਮਹਾਕੁੰਭ ਦੌਰਾਨ ਭਗਦੜ ਅਤੇ ਮਾਰੇ ਗਏ ਲੋਕਾਂ ਲਈ ਉੱਤਰ ਪ੍ਰਦੇਸ਼ ਸਰਕਾਰ ਅਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ‘ਆਪ’ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਦਾ ਕਹਿਣਾ ਹੈ ਕਿ ਮਹਾਂਕੁੰਭ ਵਿੱਚ ਵੀਆਈਪੀ ਮੂਵਮੈਂਟ ਕਾਰਨ ਸੜਕਾਂ ਦੇ ਬੰਦ ਹੋਣ ਅਤੇ ਵੱਡੇ ਪੱਧਰ ’ਤੇ ਗਲਤ ਪ੍ਰਬੰਧਾਂ ਕਾਰਨ ਇਹ ਭਗਦੜ ਮਚੀ ਹੈ। ਉਨ੍ਹਾਂ ਕਿਹਾ ਕਿ ਕਈ ਅਖਾੜਿਆਂ ਨੇ ਉਥੋਂ ਦੇ ਪ੍ਰਬੰਧਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਫੌਜ ਨੂੰ ਦੇਣ ਦੀ ਬੇਨਤੀ ਕੀਤੀ ਸੀ ਪਰ ਇਹ ਨਹੀਂ ਮੰਨੀ ਗਈ।
ਉਧਰ, ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਵੀ ਟਵਿੱਟਰ ’ਤੇ ਕਿਹਾ ਹੈ ਕਿ ਮਹਾਂਕੁੰਭ ‘ਚ ਭਗਦੜ ਦੀ ਘਟਨਾ ਬਹੁਤ ਦੁਖਦ ਹੈ। ਸਾਰੇ ਸ਼ਰਧਾਲੂਆਂ ਨੂੰ ਧੀਰਜ ਰੱਖਣਾ ਚਾਹੀਦਾ ਹੈ ਅਤੇ ਸੁਰੱਖਿਆ ਨਿਯਮਾਂ ਅਤੇ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸੰਜੈ ਸਿੰਘ ਨੇ ਕਿਹਾ ਕਿ ਭਗਦੜ ਦੌਰਾਨ ਔਰਤ ਆਪਣੇ ਇੱਕ ਰਿਸ਼ਤੇਦਾਰ ਨੂੰ ਓਰਲ ਆਕਸੀਜਨ ਦੇ ਕੇ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰ ਰਹੀ ਸੀ। ਕਈ ਅਜਿਹੇ ਵੀਡੀਓ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਇਸ ਭਗਦੜ ਦੌਰਾਨ ਮਾਰੇ ਗਏ ਲੋਕਾਂ ਨੂੰ ਸਟਰੈਚਰ ‘ਤੇ ਲਿਜਾਇਆ ਜਾ ਰਿਹਾ ਹੈ।
‘ਆਪ’ ਦੇ ਸੀਨੀਅਰ ਆਗੂ ਤੇ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਸਭ ਤੋਂ ਪਹਿਲਾਂ ਸਾਰੇ ਦੇਸ਼ ਵਾਸੀਆਂ ਨੂੰ ਮਹਾਂਕੁੰਭ ਲਈ ਸੱਦਾ ਦਿੱਤਾ। ਮਗਰੋਂ ਰਾਜ ਦਾ ਮੁੱਖ ਮੰਤਰੀ, ਜਿਸ ਨੂੰ ਪ੍ਰਸ਼ਾਸਨ ਵੱਲ ਧਿਆਨ ਦੇਣਾ ਚਾਹੀਦਾ ਸੀ, ਉਹ ਉੱਤਰ ਪ੍ਰਦੇਸ਼ ਛੱਡ ਕੇ ਦਿੱਲੀ ਵਿੱਚ ਸਿਆਸੀ ਰੈਲੀਆਂ ਕਰ ਰਿਹਾ ਹੈ। ਸੌਰਭ ਭਾਰਦਵਾਜ ਨੇ ਦੱਸਿਆ ਕਿ ਮੇਰੀ ਪਤਨੀ ਕੋਲ ਵੀ ਮੰਗਲਵਾਰ ਸਵੇਰੇ ਪ੍ਰਯਾਗਰਾਜ ਜਾਣ ਦੀ ਟਿਕਟ ਸੀ ਅਤੇ ਉਸ ਨੇ ਰਾਤ 10 ਵਜੇ ਉੱਥੇ ਪਹੁੰਚਣਾ ਸੀ।