For the best experience, open
https://m.punjabitribuneonline.com
on your mobile browser.
Advertisement

ਹਵਾ ਦੀ ਮਾੜੀ ਗੁਣਵੱਤਾ

06:12 AM Mar 21, 2024 IST
ਹਵਾ ਦੀ ਮਾੜੀ ਗੁਣਵੱਤਾ
Advertisement

ਹਵਾ ਦੀ ਗੁਣਵੱਤਾ ਬਾਰੇ ਜਾਰੀ ਕੀਤੀ ਤਾਜ਼ਾ ਆਲਮੀ ਰਿਪੋਰਟ ਨੇ ਕਾਰਗੁਜ਼ਾਰੀ ਦੇ ਪੱਖ ਤੋਂ ਭਾਰਤ ਦੀ ਧੁੰਦਲੀ ਤਸਵੀਰ ਪੇਸ਼ ਕੀਤੀ ਹੈ। ਹਵਾ ਦੇ ਸਭ ਤੋਂ ਮਾੜੇ ਮਿਆਰ ਵਾਲੇ ਮੁਲਕਾਂ ’ਚ ਪੂਰੀ ਦੁਨੀਆ ’ਚੋਂ ਭਾਰਤ ਦਾ ਤੀਜਾ ਨੰਬਰ ਹੋਣਾ ਜ਼ਲਾਲਤ ਸਹਿਣ ਵਰਗਾ ਹੈ, ਜਿੱਥੇ ਨਾਲ ਹੀ ਦਿੱਲੀ ਨੂੰ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਵੀ ਐਲਾਨਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਦਿੱਲੀ ਦੁਨੀਆ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਰਾਜਧਾਨੀ ਵਜੋਂ ਨਾਂ ਦਰਜ ਕਰਵਾ ਚੁੱਕੀ ਹੈ। ਬਿਹਾਰ ਦੇ ਬੇਗੂਸਰਾਏ ਦਾ ਨਾਂ ਧਰਤੀ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰੀ ਖੇਤਰ ਵਜੋਂ ਉੱਭਰਨ ਨਾਲ ਪ੍ਰੇਸ਼ਾਨੀ ਹੋਰ ਵਧੀ ਹੈ। ਸਾਲ 2023 ਵਿਚ ਦਿੱਲੀ ਦਾ ਪੀਐੱਮ 2.5 ਪੱਧਰ ਵਧ ਕੇ 92.7 ਮਾਈਕ੍ਰੋਗਰਾਮ ਪ੍ਰਤੀ ਕਿਊਬਿਕ ਮੀਟਰ ਹੋ ਗਿਆ ਸੀ ਜਿਸ ਨੇ ਫੌਰੀ ਦਖ਼ਲ ਦੀ ਲੋੜ ਵੱਲ ਸੰਕੇਤ ਕੀਤਾ ਸੀ।
ਪ੍ਰਦੂਸ਼ਣ ਦਾ ਇਹ ਸੰਕਟ ਵਿਆਪਕ ਪੱਧਰ ਉੱਤੇ ਫੈਲ ਚੁੱਕਾ ਹੈ ਕਿਉਂਕਿ 96 ਪ੍ਰਤੀਸ਼ਤ ਭਾਰਤੀ ਜਿਹੜੀ ਹਵਾ ਵਿਚ ਸਾਹ ਲੈ ਰਹੇ ਹਨ, ਉਹ ਸੰਸਾਰ ਸਿਹਤ ਸੰਗਠਨ (ਡਬਲਿਊਐੱਚਓ) ਦੇ ਸੁਰੱਖਿਅਤ ਮਿਆਰਾਂ ਤੋਂ ਮਾੜੀ ਹੈ। ਪੁਰਾਣੇ ਵਾਹਨਾਂ ’ਤੇ ਪਾਬੰਦੀ ਜਿਹੇ ਕੁਝ ਕਦਮਾਂ ਨਾਲ ਭਾਵੇਂ ਸਫ਼ਲਤਾ ਮਿਲੀ ਹੈ ਪਰ ਫ਼ਸਲਾਂ ਦੀ ਸਾੜ-ਫੂਕ ਤੇ ਉਦਯੋਗਾਂ ਅਤੇ ਵਾਹਨਾਂ ਤੋਂ ਹੁੰਦੀ ਨਿਕਾਸੀ ਨਾਲ ਨਜਿੱਠਣ ਲਈ ਹੋਰ ਠੋਸ ਯਤਨਾਂ ਦੀ ਲੋੜ ਹੈ। ਹਵਾ ਪ੍ਰਦੂਸ਼ਣ ਮਹਿਜ਼ ਵਾਤਾਵਰਨ ਨਾਲ ਜੁੜੀ ਚਿੰਤਾ ਨਹੀਂ ਹੈ, ਇਹ ਜਨਤਕ ਸਿਹਤ ਦਾ ਸੰਕਟ ਵੀ ਹੈ। ਪੀਐੱਮ 2.5 ਦਾ ਪੱਧਰ ਤੇ ਹੋਰ ਪ੍ਰਦੂਸ਼ਕ ਸਾਹ ਨਾਲ ਜੁੜੀਆਂ ਬਿਮਾਰੀਆਂ, ਦਿਲ ਦੇ ਰੋਗਾਂ ਤੇ ਇੱਥੋਂ ਤੱਕ ਕਿ ਸਮੇਂ ਤੋਂ ਪਹਿਲਾਂ ਮੌਤ ਦਾ ਕਾਰਨ ਬਣਦੇ ਹਨ। ਇਸ ਤੋਂ ਇਲਾਵਾ, ਹਵਾ ਪ੍ਰਦੂਸ਼ਣ ਦੇ ਵਿੱਤੀ ਅਸਰ ਵੀ ਚਿੰਤਤ ਕਰਨ ਵਾਲੇ ਹਨ, ਸਿਹਤ ਸੰਭਾਲ ਦਾ ਖਰਚਾ ਵਧਦਾ ਹੈ ਤੇ ਉਤਪਾਦਕਤਾ ਡਿੱਗਦੀ ਹੈ। ਭਾਜਪਾ ਵੱਲੋਂ ਇਨ੍ਹਾਂ ਅੰਕਡਿ਼ਆਂ ਨੂੰ ‘ਆਪ’ ਵਿਰੁੱਧ ਸਿਆਸੀ ਹੱਥਕੰਡੇ ਵਜੋਂ ਵਰਤਣਾ ਨਾ ਕੇਵਲ ਬੇਮਤਲਬ ਹੈ ਬਲਕਿ ਅਜਿਹਾ ਕਰਨ ਨਾਲ ਇਸ ਜਨਤਕ ਸਿਹਤ ਸੰਕਟ ਦੇ ਹੱਲ ਦੀ ਫੌਰੀ ਲੋੜ ਤੋਂ ਧਿਆਨ ਵੀ ਭਟਕਦਾ ਹੈ। ਇਸ ਬਹੁਮੁਖੀ ਚੁਣੌਤੀ ਦੇ ਹੱਲ ਲਈ ਕੇਂਦਰ ਤੇ ਰਾਜ ਸਰਕਾਰਾਂ ਨੂੰ ਨਿਕਾਸੀ ਘਟਾਉਣ ਦੀਆਂ ਵਿਆਪਕ ਨੀਤੀਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸ ਖੁਲਾਸੇ ਤੋਂ ਪ੍ਰਦੂਸ਼ਣ ਰਹਿਤ ਤਕਨੀਕਾਂ, ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਤੇ ਲੋਕ ਜਾਗਰੂਕਤਾ ਮੁਹਿੰਮਾਂ ਦੀ ਲੋੜ ਉੱਭਰਦੀ ਹੈ।
ਹਵਾ ਪ੍ਰਦੂਸ਼ਣ ਦੀ ਸਮੱਸਿਆ ਨਾਲ ਜੂਝ ਰਹੇ ਵਿਕਾਸਸ਼ੀਲ ਦੇਸ਼ਾਂ ਨੂੰ ਸਾਂਝੀਆਂ ਕੋਸ਼ਿਸ਼ਾਂ ਤਹਿਤ ਬਿਹਤਰ ਹੱਲ, ਤਕਨੀਕ ਅਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਸਕਦੀ ਹੈ। ਪੈਰਿਸ ਸਮਝੌਤਾ ਜਲਵਾਯੂ ਤਬਦੀਲੀ ’ਤੇ ਆਲਮੀ ਕਾਰਵਾਈ ਦੀ ਗੱਲ ਕਰਦਾ ਹੈ ਜੋ ਹਵਾ ਦੀ ਗੁਣਵੱਤਾ ਨਾਲ ਵੀ ਸਬੰਧਿਤ ਹੈ। ਨਿੱਜੀ ਤੌਰ ’ਤੇ ਵੀ ਕੋਸ਼ਿਸ਼ਾਂ ’ਚ ਹਿੱਸਾ ਪਾਇਆ ਜਾ ਸਕਦਾ ਹੈ ਜਿਸ ਵਿੱਚ ਸਰਕਾਰੀ ਟਰਾਂਸਪੋਰਟ ਦੀ ਵਰਤੋਂ ਕਰਨਾ, ਈਂਧਨ ਦੀ ਖ਼ਪਤ ਘਟਾਉਣਾ ਤੇ ਸਾਫ਼-ਸੁਥਰੀ ਊਰਜਾ ਨੀਤੀਆਂ ਦੀ ਵਕਾਲਤ ਕਰਨਾ ਸ਼ਾਮਿਲ ਹੈ। ਹਵਾ ਪ੍ਰਦੂਸ਼ਣ ਦੇ ਨੁਕਸਾਨਦੇਹ ਅਸਰਾਂ ਨੂੰ ਲਾਜ਼ਮੀ ਤੌਰ ’ਤੇ ਘਟਾਇਆ ਜਾਣਾ ਚਾਹੀਦਾ ਹੈ ਤੇ ਸਿਹਤਮੰਦ ਅਤੇ ਵੱਧ ਟਿਕਾਊ ਭਵਿੱਖ ਲਈ ਰਾਹ ਪੱਕਾ ਕਰਨਾ ਚਾਹੀਦਾ ਹੈ।

Advertisement

Advertisement
Author Image

joginder kumar

View all posts

Advertisement
Advertisement
×