ਪੁਣਛ ਹਮਲਾ: ਅਤਿਵਾਦੀਆਂ ਦੀ ਭਾਲ ਜਾਰੀ, ਮਾਰੇ ਗਏ ਨਾਗਰਿਕਾਂ ਦੇ ਵਾਰਿਸਾਂ ਲਈ ਮੁਆਵਜ਼ੇ ਦਾ ਐਲਾਨ
ਸਿਆਸੀ ਪਾਰਟੀਆਂ ਵੱਲੋਂ ਰੋਸ ਮੁਜ਼ਾਹਰੇ, ਨਾਗਰਿਕਾਂ ਦੀਆਂ ਮੌਤਾਂ ਦੀ ਜਾਂਚ ਮੰਗੀ
ਜੰਮੂ, 23 ਦਸੰਬਰ
ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਪੁਣਛ ਜ਼ਿਲ੍ਹੇ ’ਚ ਮ੍ਰਿਤਕ ਮਿਲੇ ਤਿੰਨ ਨਾਗਰਿਕਾਂ ਦੇ ਵਾਰਿਸਾਂ ਨੂੰ ਨੌਕਰੀ ਤੇ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਜਦਕਿ ਵੀਰਵਾਰ ਇਸ ਇਲਾਕੇ ’ਚ ਸੈਨਾ ਦੇ ਦੋ ਵਾਹਨਾਂ ਉਤੇ ਹੋਏ ਹਮਲੇ ’ਚ ਸ਼ਾਮਲ ਅਤਿਵਾਦੀਆਂ ਦੀ ਭਾਲ ਲਈ ਫ਼ੌਜ ਦੀ ਮੁਹਿੰਮ ਜਾਰੀ ਹੈ। ਘਾਤ ਲਾ ਕੇ ਕੀਤੇ ਇਸ ਹਮਲੇ ਵਿਚ ਪੰਜ ਸੈਨਿਕ ਸ਼ਹੀਦ ਹੋ ਗਏ ਹਨ। ਜ਼ਿਕਰਯੋਗ ਹੈ ਕਿ ਤਿੰਨ ਨਾਗਰਿਕ, ਜਿਨ੍ਹਾਂ ਦੀ ਉਮਰ 27-42 ਸਾਲ ਦੇ ਵਿਚਾਲੇ ਹੈ, ਸ਼ੁੱਕਰਵਾਰ ‘ਭੇਤਭਰੀ ਹਾਲਤ’ ਵਿਚ ਮ੍ਰਿਤਕ ਮਿਲੇ ਸਨ। ਇਨ੍ਹਾਂ ਦੇ ਰਿਸ਼ਤੇਦਾਰਾਂ ਤੇ ਸਿਆਸੀ ਪਾਰਟੀਆਂ ਨੇ ਦੋਸ਼ ਲਾਇਆ ਹੈ ਕਿ ਸ਼ੁੱਕਰਵਾਰ ਮ੍ਰਿਤਕ ਮਿਲੇ ਤਿੰਨ ਵਿਅਕਤੀਆਂ ਨੂੰ ਫੌਜ ਨੇ ਵੀਰਵਾਰ ਹੋਏ ਅਤਿਵਾਦੀ ਹਮਲੇ ਦੇ ਮਾਮਲੇ ਵਿਚ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਸੀ। ਉਨ੍ਹਾਂ ਕਿਹਾ ਕਿ 8 ਵਿਅਕਤੀਆਂ ਨੂੰ ਫੌਜ ਲੈ ਕੇ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਬਾਕੀ ਚਾਰ ਸਰਕਾਰੀ ਹਸਪਤਾਲ ਵਿਚ ਦਾਖਲ ਹਨ ਤੇ ਤਸ਼ੱਦਦ ਕਾਰਨ ਉਨ੍ਹਾਂ ਦੇ ‘ਸੱਟਾਂ ਲੱਗੀਆਂ ਹਨ।’ ਮ੍ਰਿਤਕਾਂ ਦੀਆਂ ਦੇਹਾਂ ਨੂੰ ਅੱਜ ਬੁਫਲਿਆਜ਼ ਵਿਚ ਦਫ਼ਨਾ ਦਿੱਤਾ ਗਿਆ। ਮ੍ਰਿਤਕਾਂ ਦੀ ਸ਼ਨਾਖ਼ਤ ਸਫੀਰ ਹੁਸੈਨ (43), ਮੁਹੰਮਦ ਸ਼ੌਕਤ (27) ਤੇ ਸ਼ਬੀਰ ਅਹਿਮਦ (32) ਵਜੋਂ ਹੋਈ ਹੈ ਜੋ ਕਿ ਤੋਪਾ ਪੀਰ ਪਿੰਡ ਦੇ ਰਹਿਣ ਵਾਲੇ ਸਨ। ਇਨ੍ਹਾਂ ਦੀਆਂ ਮ੍ਰਿਤਕ ਦੇਹਾਂ ਸ਼ਨਿਚਰਵਾਰ ਸਵੇਰੇ ਪੋਸਟਮਾਰਟਮ ਮਗਰੋਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ। ਇਕ ਮ੍ਰਿਤਕ ਦੇ ਰਿਸ਼ਤੇਦਾਰ ਮੁਹੰਮਦ ਸਾਦਿਕ ਨੇ ਕਿਹਾ, ‘ਸਾਰੇ ਬੇਕਸੂਰ ਨਾਗਰਿਕ ਸਨ, ਤੇ ਫੌਜ ਦੀ ਹਿਰਾਸਤ ਵਿਚ ਤਸ਼ੱਦਦ ਨਾਲ ਮਾਰੇ ਗਏ ਹਨ।’ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਭਰੋਸੇ ਮਗਰੋਂ ਅੰਤਿਮ ਰਸਮਾਂ ਕਰ ਦਿੱਤੀਆਂ ਗਈਆਂ ਹਨ। ਸੂਤਰਾਂ ਮੁਤਾਬਕ ਚਾਰ ਵਿਅਕਤੀ- ਮੁਹੰਮਦ ਜ਼ੁਲਫਕਾਰ, ਉਸ ਦਾ ਭਰਾ ਮੁਹੰਮਦ ਬੇਤਾਬ, ਫਜ਼ਲ ਹੁਸੈਨ ਤੇ ਮੁਹੰਮਦ ਫਾਰੂਕ ਰਾਜੌਰੀ ਦੇ ਹਸਪਤਾਲ ਵਿਚ ਜ਼ਖ਼ਮੀ ਹਾਲਤ ਵਿਚ ਦਾਖਲ ਹਨ। ਜੰਮੂ ਕਸ਼ਮੀਰ ਪ੍ਰਸ਼ਾਸਨ ਮੁਤਾਬਕ ਤਿੰਨ ਨਾਗਰਿਕਾਂ ਦੀ ਮੌਤ ਦੇ ਮਾਮਲੇ ਵਿਚ ਮੈਡੀਕਲ ਕਾਰਵਾਈ ਤੋਂ ਬਾਅਦ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਬਾਅਦ ਦੁਪਹਿਰ ਫੌਜੀ ਵਾਹਨਾਂ ਉਤੇ ਹੋਏ ਹਮਲੇ ਤੋਂ ਬਾਅਦ ਸੈਨਾ ਨੇ ਸੰਘਣੇ ਜੰਗਲੀ ਖੇਤਰ ਵਿਚ ਵੱਡਾ ਅਪਰੇਸ਼ਨ ਆਰੰਭਿਆ ਹੋਇਆ ਹੈ ਤੇ ਦਹਿਸ਼ਤਗਰਦਾਂ ਦੀ ਭਾਲ ਕੀਤੀ ਜਾ ਰਹੀ ਹੈ। ਅੱਜ ਢੇਰਾ ਕੀ ਗਲੀ ਇਲਾਕੇ ਵਿਚ ਜੰਗਲ ਵਿਚੋਂ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੱਤੀ ਪਰ ਸੁਰੱਖਿਆ ਏਜੰਸੀਆਂ ਨੇ ਮਗਰੋਂ ਪੁਸ਼ਟੀ ਕੀਤੀ ਕਿ ਸੁਰੱਖਿਆ ਬਲ ਇਕ ਕੁਦਰਤੀ ਗੁਫਾ ’ਚ ਅਤਿਵਾਦੀਆਂ ਦੇ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਫਾਇਰਿੰਗ ਕਰ ਰਹੇ ਸਨ। ਇਸੇ ਦੌਰਾਨ ਕਈ ਪਾਰਟੀਆਂ ਨੇ ਅੱਜ ਰੋਸ ਮੁਜ਼ਾਹਰਾ ਵੀ ਕੀਤਾ ਤੇ ਨਾਗਰਿਕਾਂ ਦੀ ਮੌਤ ਦੀ ਨਿਰਪੱਖ ਜਾਂਚ ਮੰਗੀ। ਪੀਡੀਪੀ ਪ੍ਰਧਾਨ ਮਹਬਿੂਬਾ ਮੁਫ਼ਤੀ ਨੇ ਦਾਅਵਾ ਕੀਤਾ ਹੈ ਕਿ ਫੌਜ 15 ਵਿਅਕਤੀਆਂ ਨੂੰ ਪੁੱਛਗਿੱਛ ਲਈ ਨਾਲ ਲੈ ਕੇ ਗਈ ਸੀ, ਜਿਨ੍ਹਾਂ ਵਿਚੋਂ ਤਿੰਨ ਦੀ ਮੌਤ ਹੋ ਗਈ ਹੈ। ਜਦਕਿ ਬਾਕੀ ਗੰਭੀਰ ਫੱਟੜ ਹਨ। ਮੁਫਤੀ ਨੇ ਕਿਹਾ ਕਿ ਤੋਪਾ ਪੀਰ ਪਿੰਡ ਵਿਚੋਂ 15 ਜਣਿਆਂ ਨੂੰ ਚੁੱਕਿਆ ਗਿਆ ਸੀ। ਇਨ੍ਹਾਂ ਵਿਚੋਂ ਤਿੰਨ ਜਣਿਆਂ ਦੀਆਂ ਦੇਹਾਂ ਮੁਕਾਬਲੇ ਵਾਲੀ ਥਾਂ ਨੇੜਿਓਂ ਮਿਲੀਆਂ ਹਨ। ਇਨ੍ਹਾਂ ਦੇ ਸੱਟਾਂ ਲੱਗੀਆਂ ਹੋਈਆਂ ਸਨ। ਉਨ੍ਹਾਂ ਅੱਜ ਇਕ ਮੀਡੀਆ ਕਾਨਫਰੰਸ ਵਿਚ ਕਿਹਾ ਕਿ ਬਾਕੀ ਗੰਭੀਰ ਹਾਲਤ ਵਿਚ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਹਨ। ਇਸੇ ਦੌਰਾਨ ‘ਅਪਨੀ ਪਾਰਟੀ’ ਦੇ ਕਾਰਕੁਨਾਂ ਨੇ ਵੀ ਸੂਬਾ ਪ੍ਰਧਾਨ ਅਸ਼ਰਫ ਮੀਰ ਦੀ ਅਗਵਾਈ ਵਿਚ ਸ੍ਰੀਨਗਰ ਵਿਚ ਰੋਸ ਮੁਜ਼ਾਹਰਾ ਕੀਤਾ। ਨੈਸ਼ਨਲ ਕਾਨਫਰੰਸ ਨੇ ਵੀ ਇਸ ਮੁੱਦੇ ਉਤੇ ਰੋਸ ਪ੍ਰਦਰਸ਼ਨ ਕੀਤਾ ਹੈ ਤੇ ਨਾਗਰਿਕਾਂ ਦੀ ਮੌਤ ਦੀ ਜਾਂਚ ਮੰਗੀ। ਸੀਪੀਐਮ ਦੇ ਸੀਨੀਅਰ ਆਗੂ ਮੁਹੰਮਦ ਯੂਸੁਫ ਤਰੀਗਾਮੀ ਨੇ ਵੀ ਤਿੰਨ ਵਿਅਕਤੀਆਂ ਦੀ ਭੇਤਭਰੀ ਮੌਤ ਦੀ ਤੁਰੰਤ ਤੇ ਨਿਰਪੱਖ ਜਾਂਚ ਦੀ ਮੰਗ ਕੀਤੀ। ਫੌਜ ਨੇ ਅੱਜ ਕਿਹਾ ਕਿ ਉਹ ਪੁਣਛ ਵਿਚ ਤਿੰਨ ਨਾਗਰਿਕਾਂ ਦੀ ਭੇਤਭਰੀ ਹਾਲਤ ’ਚ ਹੋਈ ਮੌਤ ਦੀ ਜਾਂਚ ਵਿਚ ਪੂਰਾ ਸਹਿਯੋਗ ਕਰੇਗੀ।
ਉਧਰ ਪੁਣਛ ਤੇ ਰਾਜੌਰੀ ਜ਼ਿਲ੍ਹਿਆਂ ਵਿਚ ਜਾਰੀ ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ ਦੇ ਮੱਦੇਨਜ਼ਰ ਸ਼ਨਿਚਰਵਾਰ ਤੜਕੇ ਮੋਬਾਈਲ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। -ਪੀਟੀਆਈ
ਜੰਮੂ ਵਿੱਚ ਘੁਸਪੈਠ ਦੀ ਵੱਡੀ ਕੋਸ਼ਿਸ਼ ਨਾਕਾਮ
ਜੰਮੂ: ਜੰਮੂ ’ਚ ਕੌਮਾਂਤਰੀ ਸਰਹੱਦ (ਆਈਬੀ) ’ਤੇ ਘੁਸਪੈਠ ਦੀ ਇਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕੀਤਾ ਗਿਆ ਹੈ। ਇਸ ਦੌਰਾਨ ਸੁਰੱਖਿਆ ਬਲਾਂ ਨੇ ਇਕ ਅਤਿਵਾਦੀ ਨੂੰ ਹਲਾਕ ਕੀਤਾ ਹੈ। ਅਧਿਕਾਰੀਆਂ ਮੁਤਾਬਕ ਜੰਮੂ ’ਚ ਅਖਨੂਰ ਦੇ ਖੌਰ ਸੈਕਟਰ ਵਿਚ ਕੌਮਾਂਤਰੀ ਸਰਹੱਦ ਦੇ ਕੋਲ ਸ਼ਨਿਚਰਵਾਰ ਤੜਕੇ ਭਾਰੇ ਹਥਿਆਰਾਂ ਨਾਲ ਲੈਸ ਚਾਰ ਅਤਿਵਾਦੀਆਂ ਦੇ ਇਕ ਸਮੂਹ ਨੂੰ ਸੁਰੱਖਿਆ ਬਲਾਂ ਨੇ ਭਾਰਤੀ ਖੇਤਰ ਵੱਲ ਘੁਸਪੈਠ ਕਰਦਿਆਂ ਦੇਖਿਆ। ਸੁਰੱਖਿਆ ਬਲਾਂ ਨੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਅਤਿਵਾਦੀਆਂ ਉਤੇ ਗੋਲੀਬਾਰੀ ਕੀਤੀ ਤੇ ਇਕ ਦਹਿਸ਼ਤਗਰਦ ਨੂੰ ਹਲਾਕ ਕਰ ਦਿੱਤਾ। ਸੈਨਾ ਦੀ ਜੰਮੂ ਸਥਿਤ ‘ਵਾਈਟ ਨਾਈਟ ਕੋਰ’ ਨੇ ਕਿਹਾ ਕਿ 22 ਤੇ 23 ਦਸੰਬਰ ਦੀ ਦਰਮਿਆਨੀ ਰਾਤ ਨਿਗਰਾਨੀ ਉਪਕਰਨਾਂ ਜ਼ਰੀਏ ਅਤਿਵਾਦੀਆਂ ਦੀ ਸ਼ੱਕੀ ਗਤੀਵਿਧੀ ਨੂੰ ਦੇਖਿਆ ਗਿਆ ਸੀ। ਉਨ੍ਹਾਂ ਕਿਹਾ, ‘ਘੁਸਪੈਠ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕੀਤਾ ਗਿਆ। ਅਤਿਵਾਦੀਆਂ ਨੂੰ ਉਨ੍ਹਾਂ ਦੇ ਇਕ ਸਾਥੀ ਦੀ ਲਾਸ਼ ਨੂੰ ਕੌਮਾਂਤਰੀ ਸਰਹੱਦ ਦੇ ਦੂਜੇ ਪਾਸੇ ਘੜੀਸਦੇ ਹੋਏ ਦੇਖਿਆ ਗਿਆ।’ -ਪੀਟੀਆਈ