For the best experience, open
https://m.punjabitribuneonline.com
on your mobile browser.
Advertisement

ਕਦੇ ਪਿੰਡਾਂ ਦਾ ਸ਼ਿੰਗਾਰ ਹੁੰਦੇ ਸਨ ਟੋਭੇ

10:49 AM Dec 30, 2023 IST
ਕਦੇ ਪਿੰਡਾਂ ਦਾ ਸ਼ਿੰਗਾਰ ਹੁੰਦੇ ਸਨ ਟੋਭੇ
Advertisement

ਬਰਜਿੰਦਰ ਕੌਰ ਬਿਸਰਾਓ
ਟੋਭੇ ਸਾਡੇ ਪੰਜਾਬੀ ਸੱਭਿਆਚਾਰ ਦਾ ਅਹਿਮ ਹਿੱਸਾ ਹਨ, ਸਾਡਾ ਵਿਰਾਸਤੀ ਚਿੰਨ੍ਹ ਹਨ ਕਿਉਂਕਿ ਸ਼ੁਰੂ ਤੋਂ ਹੀ ਹਰ ਪਿੰਡ ਦਾ ਸ਼ਿੰਗਾਰ ਟੋਭੇ ਮੰਨੇ ਜਾਂਦੇ ਰਹੇ ਹਨ। ਸਾਡੇ ਲੋਕ ਗੀਤਾਂ ਵਿੱਚ ਟੋਭਿਆਂ ਦਾ ਆਮ ਹੀ ਜ਼ਿਕਰ ਕੀਤਾ ਜਾਂਦਾ ਹੈ:
ਵਿੱਚ ਤ੍ਰਿੰਝਣਾਂ ਮੈਂ ਚਰਖ਼ਾ ਕੱਤਦੀ
ਕੱਤਦੀ ਨੀਝਾਂ ਲਾ ਕੇ
ਵੇ ਮਿਲ ਜਾ ਹਾਣਦਿਆ
ਪਾਰ ਟੋਭੇ ਦੇ ਆ ਕੇ
ਪੁਰਾਤਨ ਜ਼ਮਾਨੇ ਵਿੱਚ ਜਿਵੇਂ ਜਿਵੇਂ ਪਿੰਡ ਹੋਂਦ ਵਿੱਚ ਆਉਂਦੇ ਸਨ ਤਾਂ ਪਿੰਡ ਦੇ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਪਿੰਡ ਦੇ ਬਾਹਰਵਾਰ ਸੁੰਨੀ ਜਗ੍ਹਾ ’ਤੇ ਟੋਭੇ ਬਣਾਏ ਜਾਂਦੇ ਸਨ ਤੇ ਟੋਭਿਆਂ ਵਿੱਚ ਸਾਰੇ ਪਿੰਡ ਦਾ ਬਰਸਾਤੀ ਪਾਣੀ ਇਕੱਠਾ ਹੁੰਦਾ ਸੀ। ਜੋ ਪਾਣੀ ਦੇ ਸਦਉਪਯੋਗ ਦਾ ਉੱਤਮ ਤਰੀਕਾ ਹੁੰਦਾ ਸੀ। ਉਨ੍ਹਾਂ ਵੇਲਿਆਂ ਵਿੱਚ ਘਰੇਲੂ ਕੰਮਾਂ ਲਈ ਸੁਆਣੀਆਂ ਖੂਹਾਂ ਤੋਂ ਪਾਣੀ ਭਰ ਕੇ ਲਿਆਉਂਦੀਆਂ ਸਨ ਜਿਸ ਕਰਕੇ ਪਾਣੀ ਦੀ ਬਹੁਤ ਸੀਮਤ ਮਾਤਰਾ ਵਿੱਚ ਵਰਤੋਂ ਕੀਤੀ ਜਾਂਦੀ ਸੀ। ਜਿਸ ਕਰਕੇ ਘਰਾਂ ਵਿੱਚ ਲੋੜ ਦੇ ਹਿਸਾਬ ਨਾਲ ਵਰਤਿਆ ਗਿਆ ਪਾਣੀ ਕੱਚੇ ਵਿਹੜਿਆਂ ਵਿੱਚ ਹੀ ਸਮਾ ਕੇ ਖਪਤ ਹੋ ਜਾਂਦਾ ਸੀ। ਘਰ ਦੇ ਮਰਦਾਂ ਵੱਲੋਂ ਨਹਾਉਣ ਜਾਂ ਇਸਤਰੀਆਂ ਵੱਲੋਂ ਕੱਪੜੇ ਬਗੈਰਾ ਧੋਣ ਦਾ ਜ਼ਿਆਦਾ ਕੰਮ ਖੂਹਾਂ ਉੱਤੇ ਜਾ ਕੇ ਹੀ ਨਬਿੇੜ ਲਿਆ ਜਾਂਦਾ ਸੀ। ਉਨ੍ਹਾਂ ਵੱਲੋਂ ਵਰਤਿਆ ਗਿਆ ਪਾਣੀ ਉੱਥੇ ਆਲੇ ਦੁਆਲੇ ਕੱਚੀ ਥਾਂ ਵਿੱਚ ਆਸਾਨੀ ਨਾਲ ਸਮਾ ਜਾਂਦਾ ਸੀ। ਜਿਸ ਕਰਕੇ ਟੋਭੇ ਵਿੱਚ ਭਾਰੀ ਮਾਤਰਾ ਵਿੱਚ ਇਕੱਠਾ ਹੋਇਆ ਬਰਸਾਤੀ ਪਾਣੀ ਬਿਲਕੁਲ ਸਾਫ਼ ਸੁਥਰਾ ਹੁੰਦਾ ਸੀ ਜੋ ਪਿੰਡ ਦੇ ਪਸ਼ੂਆਂ ਨੂੰ ਪਿਆਉਣ ਲਈ ਅਤੇ ਉਨ੍ਹਾਂ ਨੂੰ ਨਹਾਉਣ ਲਈ ਕੰਮ ਆ ਜਾਂਦਾ ਸੀ। ਕੱਚੇ ਟੋਭੇ ਵਿੱਚ ਇਕੱਠਾ ਪਾਣੀ ਹੌਲੀ ਹੌਲੀ ਧਰਤੀ ਅੰਦਰ ਜਾ ਕੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਵੀ ਨੀਵਾਂ ਨਹੀਂ ਹੋਣ ਦਿੰਦਾ ਸੀ। ਉੱਪਰਲੀ ਸਤਹ ਦਾ ਪਾਣੀ ਫਿਲਟਰ ਹੋ ਕੇ ਸਾਫ਼ ਸੁਥਰਾ ਰਹਿੰਦਾ ਸੀ। ਗਰਮੀਆਂ ਵਿੱਚ ਬਾਲਾਂ ਵੱਲੋਂ ਟੋਭੇ ਵਿੱਚ ਤਾਰੀਆਂ ਲਾ ਕੇ ਗਰਮੀ ਦੂਰ ਭਜਾਉਣ ਦਾ ਉੱਤਮ ਸਾਧਨ ਹੁੰਦਾ ਸੀ। ਟੋਭੇ ਦਾ ਪਾਣੀ ਪਿੰਡ ਦਾ ਤਾਪਮਾਨ ਠੰਢਾ ਰੱਖਣ ਦਾ ਕੰਮ ਵੀ ਕਰਦਾ ਸੀ।
ਸ਼ਾਮ ਨੂੰ ਪਿੰਡ ਦੇ ਬੱਚਿਆਂ, ਬਜ਼ੁਰਗਾਂ ਤੇ ਨੌਜਵਾਨਾਂ ਵੱਲੋਂ ਉੱਥੇ ਇਕੱਠੇ ਹੋ ਕੇ ਦਿਲ ਦੀਆਂ ਗੱਲਾਂ ਦੀਆਂ ਸਾਂਝਾਂ ਪਾਈਆਂ ਜਾਂਦੀਆਂ ਸਨ, ਜਿਸ ਨਾਲ ਆਪਸ ਵਿੱਚ ਰਲ ਮਿਲ ਕੇ ਬੈਠਣ ਅਤੇ ਆਪਸੀ ਭਾਈਚਾਰਕ ਸਾਂਝ ਪੈਦਾ ਹੁੰਦੀ ਸੀ। ਪਿੰਡਾਂ ਦੇ ਟੋਭੇ ਰੱਸਾ ਵੱਟਣ ਦੇ ਛੋਟੇ ਉਤਪਾਦ ਵਿੱਚ ਵੀ ਸਹਾਈ ਹੁੰਦੇ ਸਨ। ਸਣ ਨੂੰ ਦੋ ਤਿੰਨ ਦਿਨ ਖੁੱਲ੍ਹੇ ਪਾਣੀ ਵਿੱਚ ਭਿਉਂ ਕੇ ਰੱਸਾ ਵੱਟਣ ਲਈ ਤਿਆਰ ਕਰਨਾ ਪੈਂਦਾ ਸੀ ਜਿਸ ਕਰਕੇ ਲੋਕ ਪਿੰਡਾਂ ਦੇ ਟੋਭਿਆਂ ਦੀ ਵਰਤੋਂ ਇਸ ਕੰਮ ਲਈ ਵੀ ਬਾਖੂਬੀ ਕਰਦੇ ਸਨ। ਸਮੇਂ ਦੇ ਬਦਲਾਅ ਦੇ ਨਾਲ ਨਾਲ ਟੋਭਿਆਂ ਦੇ ਰੰਗ ਰੂਪ ਅਤੇ ਉਸ ਵਰਤੋਂ ਵਿੱਚ ਵੀ ਭਾਰੀ ਬਦਲਾਅ ਆਇਆ ਹੈ। ਜਿਵੇਂ ਜਿਵੇਂ ਘਰਾਂ ਵਿੱਚ ਪਾਣੀ ਦੀ ਲੋੜ ਦੀ ਪੂਰਤੀ ਲਈ ਨਲਕੇ ਜਾਂ ਟੂਟੀਆਂ ਦੀ ਵਰਤੋਂ ਵਧੀ, ਘਰ ਪੱਕੇ ਹੋਣ ਲੱਗੇ, ਕੱਚੀਆਂ ਨਾਲੀਆਂ ਪੱਕੀਆਂ ਹੋਣ ਲੱਗੀਆਂ ਤਾਂ ਪਿੰਡ ਦੇ ਲੋਕਾਂ ਵੱਲੋਂ ਘਰਾਂ ਵਿੱਚ ਵਰਤੇ ਜਾਂਦੇ ਗੰਦੇ ਪਾਣੀ ਦੀ ਨਿਕਾਸੀ ਟੋਭਿਆਂ ਵਿੱਚ ਕੀਤੀ ਜਾਣ ਲੱਗੀ, ਇਨ੍ਹਾਂ ਵਿੱਚ ਘਰਾਂ ਦੇ ਸੈਪਟਿਕ ਟੈਂਕਾਂ ਦਾ ਲੈਟਰੀਨ ਵਾਲਾ ਪਾਣੀ ਵੀ ਪੈ ਰਿਹਾ ਹੈ। ਪਿੰਡਾਂ ਵਿੱਚ ਦੁੱਧ ਇਕੱਠਾ ਕਰਨ ਵਾਲੇ ਮਿਲਕ ਸੈਂਟਰਾਂ ਦਾ ਕੈਮੀਕਲ ਵਾਲਾ ਗੰਦਾ ਪਾਣੀ ਇਨ੍ਹਾਂ ਨੂੰ ਦੂਸ਼ਿਤ ਕਰ ਰਿਹਾ ਹੈ। ਉਹ ਪਾਣੀ ਪਸ਼ੂਆਂ ਦੇ ਪੀਣ ਯੋਗ ਹੀ ਨਹੀਂ ਰਿਹਾ, ਸਗੋਂ ਉਹ ਨਿਰਾ ਬਿਮਾਰੀਆਂ ਦਾ ਘਰ ਬਣਨ ਲੱਗਿਆ। ਕਦੇ ਜਿਹੜੇ ਟੋਭਿਆਂ ਵਿੱਚ ਡੱਡੂਆਂ ਦੀ ਟੈਂ ਟੈਂ ਮੀਂਹ ਆਉਣ ਦਾ ਸੰਕੇਤ ਦਿੰਦੀ ਸੀ, ਉਹ ਹੁਣ ਮੱਛਰਾਂ ਤੇ ਮੱਖੀਆਂ ਦੇ ਪੈਦਾ ਹੋਣ ਨਾਲ ਮਲੇਰੀਆ, ਡੇਂਗੂ ਅਤੇ ਹੈਜ਼ਾ ਵਰਗੀਆਂ ਬਿਮਾਰੀਆਂ ਨੂੰ ਸੱਦਾ ਦੇਣ ਲੱਗੇ ਹਨ। ਚਾਹੇ ਅੱਜ ਬਹੁਤੇ ਪਿੰਡਾਂ ਵਿੱਚ ਟੋਭੇ ਪੱਕੇ ਕੀਤੇ ਜਾਣ ਲੱਗੇ ਹਨ। ਉਨ੍ਹਾਂ ਦੇ ਆਲੇ ਦੁਆਲੇ ਰੰਗਦਾਰ ਜਾਲੀਆਂ ਦੀ ਵਾੜ ਅਤੇ ਫੁੱਲ ਬੂਟੇ ਲਾਏ ਜਾ ਰਹੇ ਹਨ, ਮੌਸਮ ਦੇ ਹਿਸਾਬ ਨਾਲ ਉੱਥੇ ਮੱਖੀਆਂ ਤੇ ਮੱਛਰ ਪੈਦਾ ਹੋਣ ਤੋਂ ਪੰਚਾਇਤਾਂ ਵੱਲੋਂ ਕੀੜੇਮਾਰ ਦਵਾਈਆਂ ਦਾ ਛਿੜਕਾਅ ਕੀਤਾ ਜਾਣ ਲੱਗਿਆ ਹੈ। ਇਹ ਜਿੱਥੇ ਟੋਭਿਆਂ ਦੇ ਨਵੀਨੀਕਰਨ ਦਾ ਸੰਕੇਤ ਦਿੰਦੇ ਹਨ ਅਤੇ ਪਿੰਡ ਦੀ ਦਿੱਖ ਨੂੰ ਵੀ ਖੂਬਸੂਰਤ ਬਣਾਉਂਦੇ ਹਨ, ਪਰ ਜਿਸ ਮਕਸਦ ਨਾਲ ਸਾਡੇ ਪੁਰਖਿਆਂ ਵੱਲੋਂ ਟੋਭਿਆਂ ਦੀ ਇਜਾਦ ਕੀਤੀ ਗਈ ਸੀ ਉਹ ਮਕਸਦ ਜ਼ਰੂਰ ਅਲੋਪ ਹੋ ਰਿਹਾ ਹੈ।
ਸੰਪਰਕ: 99889-01324

Advertisement

Advertisement
Advertisement
Author Image

Advertisement