ਪ੍ਰਦੂਸ਼ਣ: ਕੌਮੀ ਰਾਜਧਾਨੀ ਵਿੱਚ ਧੂੰਏਂ ਦਾ ਗੁਬਾਰ ਬਰਕਰਾਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਨਵੰਬਰ
ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦਾ ਸੂਚਕਅੰਕ (ਏਕਿਊਆਈ) ਅੱਜ 359 ’ਤੇ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਰਿਹਾ, ਜਿਸ ’ਚ ਕੱਲ੍ਹ ਦੇ ਮੁਕਾਬਲੇ ਅੱਜ ਥੋੜ੍ਹਾ ਸੁਧਾਰ ਹੈ। ਜਾਣਕਾਰੀ ਅਨੁਸਾਰ ਸ਼ਨਿਚਰਵਾਰ ਨੂੰ ਅਕਸ਼ਰਧਾਮ, ਆਨੰਦ ਵਿਹਾਰ, ਆਈਟੀਓ ਅਤੇ ਸ਼ਹਿਰ ਦੇ ਹੋਰ ਹਿੱਸਿਆਂ ਵਿੱਚ ਧੂੰਏਂ ਦੀ ਇੱਕ ਮੋਟੀ ਪਰਤ ਛਾਈ ਰਹੀ।
ਇਸ ਦੌਰਾਨ ਦਿੱਲੀ ਵਿੱਚ ਪਿਛਲੇ 24 ਘੰਟਿਆਂ ਦਾ ਔਸਤ ਏਕਿਊਆਈ 380 ਰਿਹਾ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਬਵਾਨਾ, ਆਨੰਦ ਵਿਹਾਰ, ਦਵਾਰਕਾ ਦਿੱਲੀ ਦੇ ਕੁਝ ਸਭ ਤੋਂ ਪ੍ਰਭਾਵਤ ਖੇਤਰ ਸਨ, ਜਿਨ੍ਹਾਂ ਦਾ ਏਕਿਊਆਈ 400 ਦੇ ਨੇੜੇ ਖਤਰਨਾਕ ‘ਗੰਭੀਰ’ ਸ਼੍ਰੇਣੀ ਵਿੱਚ ਸੀ। ਦਿੱਲੀ ਦੇ ਹੋਰ ਇਲਾਕਿਆਂ ਜਿਵੇਂ ਆਨੰਦ ਵਿਹਾਰ ਵਿੱਚ 392, ਰੋਹਿਣੀ: 400, ਸ਼ਾਦੀਪੁਰ: 370, ਸੋਨੀਆ ਵਿਹਾਰ 391, ਵਿਵੇਕ ਵਿਹਾਰ 397, ਵਜ਼ੀਰਪੁਰ 395,ਅਲੀਪੁਰ 385, ਅਸ਼ੋਕ ਵਿਹਾਰ 380, ਬਵਾਨਾ 409 ਅਤੇ ਆਈਜੀਆਈ ਹਵਾਈ ’ਤੇ 345 ਸੀ। ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸੰਕਟ ਨਾਲ ਨਜਿੱਠਣ ਲਈ 200 ਐਂਟੀ-ਸਮੋਗ ਗਨ, ਮਿਸਟ ਡਰੋਨ ਆਦਿ ਦੀ ਤਾਇਨਾਤੀ ਵਰਗੇ ਪ੍ਰਦੂਸ਼ਣ ਵਿਰੋਧੀ ਉਪਾਅ ਕੀਤੇ ਹਨ।