For the best experience, open
https://m.punjabitribuneonline.com
on your mobile browser.
Advertisement

ਦਿੱਲੀ ਵਿੱਚ ਦੂਜੇ ਸੂਬਿਆਂ ਤੋਂ ਬੱਸਾਂ ਆਉਣ ਕਾਰਨ ਪ੍ਰਦੂਸ਼ਣ ਵਧਿਆ: ਆਤਿਸ਼ੀ

08:30 AM Oct 21, 2024 IST
ਦਿੱਲੀ ਵਿੱਚ ਦੂਜੇ ਸੂਬਿਆਂ ਤੋਂ ਬੱਸਾਂ ਆਉਣ ਕਾਰਨ ਪ੍ਰਦੂਸ਼ਣ ਵਧਿਆ  ਆਤਿਸ਼ੀ
ਪ੍ਰਦੂਸ਼ਣ ਘਟਾਉਣ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਮੁੱਖ ਮੰਤਰੀ ਆਤਿਸ਼ੀ ਤੇ ਹੋਰ। -ਫੋਟੋ: ਪੀਟੀਆਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਅਕਤੂਬਰ
ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਅੱਜ ਵਾਤਾਵਰਨ ਮੰਤਰੀ ਗੋਪਾਲ ਰਾਏ ਨਾਲ ਆਨੰਦ ਵਿਹਾਰ ਬੱਸ ਡਿੱਪੂ ਵਿੱਚ ਪ੍ਰਦੂਸ਼ਣ ਘਟਾਉਣ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਭਾਜਪਾ ਦੀ ‘ਗੰਦੀ ਰਾਜਨੀਤੀ’ ਦਿੱਲੀ ਵਿੱਚ ਵਧ ਰਹੇ ਹਵਾ ਅਤੇ ਪਾਣੀ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੈ। ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਕੌਮੀ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ਵਿਗੜਨੀ ਸ਼ੁਰੂ ਹੋ ਗਈ ਹੈ। ਜਦੋਂ ਕਿ ਵੱਖ-ਵੱਖ ਸਥਾਨਾਂ ਖਾਸ ਤੌਰ ’ਤੇ ਕਾਲਿੰਦੀਕੁੰਜ ਖੇਤਰ ਵਿੱਚ ਯਮੁਨਾ ਨਦੀ ’ਚ ਜ਼ਹਿਰੀਲੀ ਝੱਗ ਦੀਆਂ ਮੋਟੀਆਂ ਪਰਤਾਂ ਬਣੀਆਂ ਹੋਈਆਂ ਹਨ। ਆਮ ਆਦਮੀ ਪਾਰਟੀ (ਆਪ) ਦੇ ਸ਼ਾਸਨ ਵਾਲੇ ਪੰਜਾਬ ਨੂੰ ਕਲੀਨ ਚਿੱਟ ਦਿੰਦੇ ਹੋਏ ਆਤਿਸ਼ੀ ਨੇ ਦਿੱਲੀ ਵਿੱਚ ਖਰਾਬ ਹਵਾ ਦੀ ਗੁਣਵੱਤਾ ਲਈ ਭਾਜਪਾ ਸ਼ਾਸਿਤ ਹਰਿਆਣਾ ਵਿੱਚ ਪਰਾਲੀ ਸਾੜਨ, ਡੀਜ਼ਲ ਬੱਸਾਂ ਅਤੇ ਇੱਟਾਂ ਦੇ ਭੱਠਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਉੱਤਰ ਪ੍ਰਦੇਸ਼ ਤੋਂ ਗਾਜ਼ੀਆਬਾਦ ਸਰਹੱਦ ’ਤੇ ਕੌਸ਼ਾਂਬੀ ਬੱਸ ਡਿਪੂ ਤੱਕ ਚੱਲਣ ਵਾਲੀਆਂ ਹਜ਼ਾਰਾਂ ਡੀਜ਼ਲ ਬੱਸਾਂ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਵਿੱਚ ਇੱਟਾਂ ਦੇ ਭੱਠੇ ਅਤੇ ਥਰਮਲ ਪਲਾਂਟ ਵੀ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ।
ਭਾਜਪਾ ਦੀ ਆਲੋਚਨਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਉਦਯੋਗਿਕ ਇਕਾਈਆਂ ਦੇ ਅਣਸੋਧੇ ਪਾਣੀ ਕਾਰਨ ਯਮੁਨਾ ’ਚ ਝੱਗ ਆਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਾਲ ਵੀ ਭਾਰਤੀ ਖੇਤੀ ਖੋਜ ਸੰਸਥਾ ਦੇ ਅੰਕੜੇ ਦਰਸਾਉਂਦੇ ਹਨ ਕਿ ਪੰਜਾਬ ਵਿੱਚ 1 ਤੋਂ 15 ਅਕਤੂਬਰ ਤੱਕ ਪਰਾਲੀ ਸਾੜਨ ਵਿੱਚ 27 ਫ਼ੀਸਦ ਕਮੀ ਆਈ ਹੈ, ਜੋ ਕਿ 2023 ਵਿੱਚ 1105 ਤੋਂ 811 ਹੋ ਗਈ ਹੈ। ਇਸ ਦੌਰਾਨ ਇਸ ਸਾਲ ਹਰਿਆਣਾ ਵਿੱਚ ਖੇਤਾਂ ਨੂੰ ਅੱਗ ਲੱਗਣ ਦੀ ਗਿਣਤੀ 341 ਤੋਂ ਵੱਧ ਕੇ 417 ਹੋ ਗਈ, ਜਦੋਂ ਕਿ ਯੂਪੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ 1 ਅਕਤੂਬਰ ਤੋਂ 15 ਅਕਤੂਬਰ ਤੱਕ ਇਹ ਗਿਣਤੀ 244 ਤੋਂ ਵੱਧ ਕੇ 417 ਹੋ ਗਈ। ਆਤਿਸ਼ੀ ਨੇ ‘ਆਪ’ ਸ਼ਾਸਿਤ ਪੰਜਾਬ ਨੂੰ ਕਲੀਨ ਚਿੱਟ ਦਿੱਤੀ ਅਤੇ ਦਿੱਲੀ ’ਚ ਖਰਾਬ ਹਵਾ ਦੀ ਗੁਣਵੱਤਾ ਲਈ ਝੋਨੇ ਦੀ ਪਰਾਲੀ ਸਾੜਨ, ਡੀਜ਼ਲ ਬੱਸਾਂ ਅਤੇ ਭਾਜਪਾ ਸ਼ਾਸਿਤ ਹਰਿਆਣਾ ‘ਚ ਇੱਟਾਂ ਦੇ ਭੱਠਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਇਹ ਭਾਜਪਾ ਦੀ ਗੰਦੀ ਰਾਜਨੀਤੀ ਨੂੰ ਸਪੱਸ਼ਟ ਤੌਰ ’ਤੇ ਦਰਸਾਉਂਦਾ ਹੈ। ਜੇਕਰ ਪੰਜਾਬ ਸਰਕਾਰ ਪਰਾਲੀ ਸਾੜਨ ਨੂੰ ਘੱਟ ਕਰ ਸਕਦੀ ਹੈ ਤਾਂ ਹਰਿਆਣਾ ਅਤੇ ਯੂਪੀ ਦੀਆਂ ਭਾਜਪਾ ਸਰਕਾਰਾਂ ਅਜਿਹਾ ਕਿਉਂ ਨਹੀਂ ਕਰ ਸਕਦੀਆਂ। ਆਤਿਸ਼ੀ ਨੇ ਕਿਹਾ ਕਿ ਯਮੁਨਾ ’ਚ ਝੱਗ ਦੀ ਪਰਤ ਨੂੰ ਘੱਟ ਕਰਨ ਲਈ ਅੱਜ ਤੋਂ ਸਿਲੀਕੋਨ ਆਧਾਰਿਤ ਡੀਫੋਮਰ ਦੀ ਵਰਤੋਂ ਸ਼ੁਰੂ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਹਰਿਆਣਾ 165 ਮਿਲੀਅਨ ਗੈਲਨ ਪ੍ਰਤੀ ਦਿਨ (ਐਮਜੀਡੀ) ਉਦਯੋਗਿਕ ਅਣਸੋਧਿਆ ਗੰਦਾ ਪਾਣੀ ਬਾਦਸ਼ਾਹਪੁਰ, ਮੁੰਗੇਸ਼ਪੁਰ ਅਤੇ ਹੋਰ ਡਰੇਨਾਂ ਰਾਹੀਂ ਯਮੁਨਾ ਵਿੱਚ ਛੱਡਦਾ ਹੈ, ਜਦੋਂ ਕਿ 65 ਐਮਜੀਡੀ ਅਜਿਹਾ ਪ੍ਰਦੂਸ਼ਿਤ ਪਾਣੀ ਯੂਪੀ ਵੱਲੋਂ ਵੱਖ-ਵੱਖ ਡਰੇਨਾਂ ਰਾਹੀਂ ਦਰਿਆ ਵਿੱਚ ਛੱਡਿਆ ਜਾਂਦਾ ਹੈ।
ਲੋਕਲ ਸਰਕਲਸ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਦਿੱਲੀ-ਐਨਸੀਆਰ ਵਿੱਚ 36 ਫ਼ੀਸਦ ਪਰਿਵਾਰਾਂ ਦੇ ਮੈਂਬਰ ਗਲੇ ਵਿੱਚ ਖਰਾਸ਼, ਖੰਘ ਅਤੇ ਸਾਹ ਲੈਣ ਵਿੱਚ ਮੁਸ਼ਕਲ ਵਰਗੀਆਂ ਪ੍ਰਦੂਸ਼ਣ ਨਾਲ ਸਬੰਧਤ ਸਿਹਤ ਸਮੱਸਿਆਵਾਂ ਤੋਂ ਪੀੜਤ ਹਨ। ਇਸ ਸਰਵੇਖਣ ਰਾਹੀਂ ਖੇਤਰ ਦੇ ਨਿਵਾਸੀਆਂ ’ਤੇ ਹਵਾ ਪ੍ਰਦੂਸ਼ਣ ਦੇ ਮਹੱਤਵਪੂਰਨ ਪ੍ਰਭਾਵ ਨੂੰ ਉਜਾਗਰ ਕਰਦੇ ਹੋਏ 21,000 ਤੋਂ ਵੱਧ ਜਵਾਬ ਇਕੱਠੇ ਕੀਤੇ। ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਬਦਲਦੇ ਮੌਸਮ ਦੇ ਕਾਰਨ ਰਾਸ਼ਟਰੀ ਰਾਜਧਾਨੀ ਦੀ ਹਵਾ ਦੀ ਗੁਣਵੱਤਾ ‘ਖਰਾਬ’ ਸ਼੍ਰੇਣੀ ਵਿੱਚ ਆ ਗਈ ਹੈ ਅਤੇ ਤਾਪਮਾਨ ਵਿੱਚ ਹੋਰ ਗਿਰਾਵਟ ਨਾਲ ਸਥਿਤੀ ਹੋਰ ਬਦਤਰ ਹੋ ਸਕਦੀ ਹੈ।

Advertisement

ਹਵਾ ਦੀ ਗੁਣਵੱਤਾ ਦਾ ਪੱਧਰ ਖਰਾਬ ਸ਼੍ਰੇਣੀ ਵਿੱਚ ਦਰਜ

ਕੌਮੀ ਰਾਜਧਾਨੀ ਦਿੱਲੀ ਵਿੱਚ ਅੱਜ ਹਵਾ ਦੀ ਗੁਣਵੱਤਾ ਦਾ ਪੱਧਰ ਖਰਾਬ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਅਨੁਸਾਰ ਦਿੱਲੀ ਵਿੱਚ ਸਵੇਰੇ 9 ਵਜੇ ਔਸਤ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 265 ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਹਿਰੂ ਪਾਰਕ ਅਤੇ ਨੇੜਲੇ ਖੇਤਰਾਂ ਵਿੱਚ 254 ਦਾ ਏਕਿਊਆਈ ਦਰਜ ਕੀਤਾ ਗਿਆ, ਜੋ ‘ਮਾੜੀ ਸ਼੍ਰੇਣੀ’ ਵਿੱਚ ਹੈ। ਭਾਰਤੀ ਮੌਸਮ ਵਿਭਾਗ ਨੇ ਐਤਵਾਰ ਨੂੰ ਦਿੱਲੀ ਲਈ ਆਸਮਾਨ ਸਾਫ ਰਹਿਣ ਦੀ ਭਵਿੱਖਬਾਣੀ ਕੀਤੀ ਸੀ। ਘੱਟੋ-ਘੱਟ ਤਾਪਮਾਨ 20.0 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 36.0 ਡਿਗਰੀ ਸੈਲਸੀਅਸ ਸੀ ।

Advertisement

Advertisement
Author Image

sukhwinder singh

View all posts

Advertisement