ਦਿੱਲੀ ਤੇ ਨਾਲ ਲੱਗਦੇ ਖੇਤਰਾਂ ਵਿੱਚ ਪ੍ਰਦੂਸ਼ਣ ਮੁੜ ਵਧਿਆ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਨਵੰਬਰ
ਦਿੱਲੀ ਤੇ ਨਾਲ ਲੱਗਦੇ ਖੇਤਰਾਂ ਵਿੱਚ ਹਵਾ ਦੀ ਗੁਣਵੱਤਾ ਇੱਕ ਦਿਨ ਪਹਿਲਾਂ ਮਾਮੂਲੀ ਸੁਧਾਰ ਤੋਂ ਬਾਅਦ ਰਾਤੋ ਰਾਤ ਮੁੜ ਵਿਗੜ ਗਈ ਹੈ। ਨਿਗਰਾਨ ਏਜੰਸੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੱਡੀ ਰਾਹਤ ਦੀ ਸੰਭਾਵਨਾ ਨਹੀਂ ਹੈ। ਰਾਸ਼ਟਰੀ ਰਾਜਧਾਨੀ ’ਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਅੱਜ ਸਵੇਰੇ 8 ਵਜੇ 338 ਰਿਹਾ, ਜੋ ਐਤਵਾਰ ਸ਼ਾਮ 4 ਵਜੇ 301 ਦਰਜ ਸੀ। ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਸੋਮਵਾਰ ਸਵੇਰੇ 8 ਵਜੇ 338 ’ਤੇ ਰਿਹਾ ਜੋ ਕੱਲ੍ਹ ਸ਼ਾਮ 4 ਵਜੇ ਕੁਲ ਔਸਤ 301 ਸੀ। ਸ਼ਨਿਚਰਵਾਰ ਨੂੰ 319, ਸ਼ੁੱਕਰਵਾਰ ਨੂੰ 405 ਅਤੇ ਵੀਰਵਾਰ ਨੂੰ 419 ਸੀ। ਗੁਆਂਢੀ ਸੂਬੇ ਗਾਜ਼ੀਆਬਾਦ (306), ਗੁਰੂਗ੍ਰਾਮ (239), ਗ੍ਰੇਟਰ ਨੋਇਡਾ (288), ਨੋਇਡਾ (308) ਅਤੇ ਫਰੀਦਾਬਾਦ (320) ਵਿੱਚ ਵੀ ਹਵਾ ਦੀ ਗੁਣਵੱਤਾ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਕੇਂਦਰ ਨੇ ਅਨੁਕੂਲ ਹਵਾ ਦੀ ਗਤੀ ਅਤੇ ਦਿਸ਼ਾ ਦੇ ਕਾਰਨ ਹਵਾ ਪ੍ਰਦੂਸ਼ਣ ਦੇ ਪੱਧਰ ਵਿੱਚ ਗਿਰਾਵਟ ਦੇ ਮੱਦੇਨਜ਼ਰ ਜੀਆਰਏਪੀ ਦੇ ਚੌਥੇ ਪੜਾਅ ਤਹਿਤ ਲਾਈਆਂ ਪਾਬੰਦੀਆਂ ਹਟਾਈਆਂ ਸਨ। ਜੀਆਰਏਪੀ ਦੇ ਚੌਥੇ ਪੜਾਅ ਤਹਿਤ ਸਿਰਫ਼ ਜ਼ਰੂਰੀ ਸੇਵਾਵਾਂ ਨਾਲ ਸਬੰਧਤ ਵਾਹਨਾਂ ਨੂੰ ਦਿੱਲੀ ਵਿੱਚ ਆਉਣ ਦੀ ਆਗਿਆ ਦਿੱਤੀ ਗਈ, ਜਦੋਂ ਬਾਕੀ ਸਾਰੇ ਮਾਧਿਅਮ ਤੇ ਭਾਰੀ ਮਾਲ ਵਾਹਨਾਂ ’ਤੇ ਪਾਬੰਦੀਆਂ ਲਾ ਦਿੱਤੀਆਂ ਸਨ। ਦਿੱਲੀ ਸਰਕਾਰ ਅਤੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈਆਈਟੀ), ਕਾਨਪੁਰ ਦੇ ਸਾਂਝੇ ਪ੍ਰਾਜੈਕਟ ਦੇ ਤਾਜ਼ਾ ਅੰਕੜਿਆਂ ਤੋਂ ਪਤਾ ਚੱਲਦਾ ਹੈ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਲਗਭਗ 36-38 ਫੀਸਦੀ ਵਾਹਨਾਂ ਦਾ ਕਾਰਨ ਹੁੰਦਾ ਹੈ। ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕੱਲ੍ਹ ਕਿਹਾ ਸੀ ਕਿ ਲੋਕਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ ਅਤੇ ਪ੍ਰਦਸ਼ੂਣ ਘੱਟ ਕਰਨ ਲਈ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਮੀਂਹ ਅਤੇ ਅਨੁਕੂਲ ਮੌਸਲ ਸਬੰਧੀ ਸਥਿਤੀਆਂ ਕਾਰਨ ਹਵਾ ਗੁਣਵੱਤਾ ਵਿੱਚ ਜੋ ਸੁਧਾਰ ਹੋਇਆ ਸੀ, ਉਸ ’ਤੇ ਪਟਾਕੇ ਚਲਾਉਣ ਕਾਰਨ ਮੁੜ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਜੀਆਰਏਪੀ ਦੇ ਪਹਿਲੇ, ਦੂਜੇ ਅਤੇ ਤੀਜੇ ਪੜਾਅ ਤਹਿਤ ਰਾਜਧਾਨੀ ਵਿੱਚ ਪਾਬੰਦੀਆਂ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਬੀਐਸ-3 ਪੈਟਰੋਲ ਅਤੇ ਬੀਐਸ-4 ਡੀਜ਼ਲ ਵਾਹਨਾਂ ’ਤੇ ਪਾਬੰਦੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜੇਕਰ ਸਥਿਤੀ ਵਿੱਚ ਸੁਧਾਰ ਜਾਰੀ ਰਿਹਾ ਤਾਂ ਉਹ ਪਾਬੰਦੀਆਂ ’ਤੇ ਵਿਚਾਰ ਕਰਨਗੇ।