ਪ੍ਰਦੂਸ਼ਣ ਦੀ ਮਾਰ: ਰਾਜਧਾਨੀ ਧੁਆਂਖੀ ਧੁੰਦ ਵਿੱਚ ਘਿਰੀ
ਨਵੀਂ ਦਿੱਲੀ, 4 ਨਵੰਬਰ
ਕੌਮੀ ਰਾਜਧਾਨੀ ਦਿੱਲੀ ਅੱਜ ਧੁਆਂਖੀ ਧੁੰਦ ਦੀ ਪਰਤ ਨਾਲ ਘਿਰ ਗਈ ਤੇ ਇਸ ਦੌਰਾਨ ਹਵਾ ਦੀ ਗੁਣਵੱਤਾ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਅਨੁਸਾਰ ਸਵੇਰੇ ਨੌਂ ਵਜੇ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ਦਾ ਸੂਚਕਅੰਕ (ਏਕਿਊਆਈ) 373 ਦਰਜ ਕੀਤਾ ਗਿਆ, ਜੋ ਕਿ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ। ਅੰਕੜਿਆਂ ਅਨੁਸਾਰ ਸ਼ਹਿਰ ਵਿੱਚ ਹਵਾ ਦੀ ਗੁਣਵੱਤਾ ਦੀ ਨਿਗਰਾਨੀ ਕਰਨ ਵਾਲੇ 39 ਸਟੇਸ਼ਨਾਂ ’ਚੋਂ 11 ਨੇ 400 ਤੋਂ ਵੱਧ ਏਕਿਊਆਈ ਨਾਲ ਪ੍ਰਦੂਸ਼ਣ ਦਾ ਪੱਧਰ ‘ਗੰਭੀਰ ਸ਼੍ਰੇਣੀ’ ਵਿੱਚ ਦਰਜ ਕੀਤਾ ਹੈ।
ਵਿਭਾਗ ਅਨੁਸਾਰ ਜਿਨ੍ਹਾਂ ਖੇਤਰਾਂ ਵਿੱਚ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿੱਚ ਰਹੀ। ਉਨ੍ਹਾਂ ਵਿੱਚ ਆਨੰਦ ਵਿਹਾਰ, ਅਸ਼ੋਕ ਵਿਹਾਰ, ਬਵਾਨਾ, ਜਹਾਂਗੀਰਪੁਰੀ, ਨਿਊ ਮੋਤੀ ਬਾਗ, ਐੱਨਐੱਸਆਈਟੀ ਦਵਾਰਕਾ, ਪੜਪੜਗੰਜ, ਪੰਜਾਬੀ ਬਾਗ, ਰੋਹਿਣੀ, ਵਜ਼ੀਰਪੁਰ ਅਤੇ ਵਿਵੇਕ ਵਿਹਾਰ ਸ਼ਾਮਲ ਹਨ। ਭਾਰਤ ਮੌਸਮ ਵਿਗਿਆਨ ਵਿਭਾਗ ਅਨੁਸਾਰ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 16.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਇੱਕ ਡਿਗਰੀ ਸੈਲਸੀਅਸ ਵੱਧ ਹੈ। ਸਵੇਰੇ 8.30 ਵਜੇ ਵਿੱਚ ਨਮੀ ਦਾ ਪੱਧਰ 83 ਫੀਸਦੀ ਦਰਜ ਕੀਤਾ ਗਿਆ।
ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਹਵਾ ਦੀ ਘੱਟ ਰਫ਼ਤਾਰ ਕਾਰਨ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਵਧ ਰਿਹਾ ਹੈ। ਰਾਏ ਨੇ ਕਿਹਾ ਕਿ ਮੌਸਮ ਮਾਹਿਰਾਂ ਅਨੁਸਾਰ ਤਾਪਮਾਨ ਵਿੱਚ ਗਿਰਾਵਟ ਦੇ ਨਾਲ ਹੀ ਸ਼ਹਿਰ ਵਿੱਚ ਹਵਾ ਦਾ ਦਬਾਅ ਘੱਟ ਹੈ, ਜਿਸ ਕਾਰਨ ਪ੍ਰਦੂਸ਼ਣ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪ੍ਰਦੂਸ਼ਣ ਘਟਾਉਣ ਲਈ ਜੰਗੀ ਪੱਧਰ ’ਤੇ ਕੰਮ ਕਰ ਰਹੀ ਹੈ। ਇਸ ਦੌਰਾਨ ਵਾਤਾਵਰਨ ਮੰਤਰੀ ਨੇ ਦੱਸਿਆ ਕਿ ਉਹ ਮੰਗਲਵਾਰ ਨੂੰ ਸਰਦੀਆਂ ਦੀ ਕਾਰਜ ਯੋਜਨਾ ਤਹਿਤ ਵੱਖ-ਵੱਖ ਵਿਭਾਗਾਂ ਅਤੇ ਏਜੰਸੀਆਂ ਦੁਆਰਾ ਕੀਤੇ ਕੰਮਾਂ ਦੀ ਸਮੀਖਿਆ ਕਰਨਗੇ। ਵਾਤਾਵਰਨ ਮੰਤਰੀ ਨੇ ਇਹ ਵੀ ਆਸ ਪ੍ਰਗਟਾਈ ਕਿ ਕੇਂਦਰ ਸਰਕਾਰ ਪ੍ਰਦੂਸ਼ਣ ਦੀ ਸਮੱਸਿਆ ਨੂੰ ਘੱਟ ਕਰਨ ਲਈ ਨਕਲੀ ਵਰਖਾ ਬਾਰੇ ਮੀਟਿੰਗ ਕਰੇਗੀ। ਰਾਏ ਨੇ ਇਸ ਮਾਮਲੇ ’ਤੇ 23 ਅਕਤੂਬਰ ਨੂੰ ਕੇਂਦਰ ਨੂੰ ਪੱਤਰ ਕਿਹਾ ਸੀ ਕਿ ਜੇਕਰ ਮੀਟਿੰਗ ਨਾ ਬੁਲਾਈ ਗਈ ਤਾਂ ਉਹ ਦੁਬਾਰਾ ਸੰਪਰਕ ਕਰਨਗੇ। -ਪੀਟੀਆਈ