ਪਾਣੀ ਪਲੀਤ ਹੋਣ ਲਈ ਪ੍ਰਦੂਸ਼ਣ ਬੋਰਡ ਜ਼ਿੰਮੇਵਾਰ ਕਰਾਰ
ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 27 ਅਕਤੂਬਰ
ਨਜ਼ਦੀਕੀ ਪਿੰਡ ਕੰਨੀਆਂ ਕਲਾਂ ਵਿਚ ਪਲਾਸਟਿਕ ਦੀਆਂ ਰੱਸੀਆਂ ਬਣਾਉਣ ਲਈ ਉਸਾਰੀ ਫੈਕਟਰੀ, ਜੋ ਬਿਲਕੁਲ ਬਣਕੇ ਤਿਆਰ ਹੋ ਚੁੱਕੀ ਹੈ ਨੂੰ ਬੰਦ ਕਰਵਾਉਣ ਲਈ ਅੱਧੀ ਦਰਜਨ ਪਿੰਡਾਂ ਦੇ ਵਸਨੀਕਾਂ ਦਾ ਫੈਕਟਰੀ ਅੱਗੇ ਧਰਨਾ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ ਤੇ ਬੁਲਾਰਿਆਂ ਨੇ ਪਾਣੀਆਂ ’ਚ ਜ਼ਹਿਰ ਘੋਲਣ ਲਈ ਪ੍ਰਦੂਸ਼ਣ ਬੋਰਡ ਜ਼ਿੰਮੇਵਾਰ ਕਰਾਰ ਦਿੱਤਾ।
ਜ਼ਿਕਰਯੋਗ ਹੈ ਕਿ ਫੈਕਟਰੀ ਵਾਲਿਆਂ ਵੱਲੋਂ ਫੈਕਟਰੀ ਦੇ ਗੰਦੇ ਕੈਮੀਕਲ (ਵੇਸਟੇਜ ਪਾਣੀ) ਨੂੰ ਸਿੱਧਾ ਧਰਤੀ ਵਿਚ ਪਾਉਣ ਲਈ ਫੈਕਟਰੀ ਅੰਦਰ ਬੋਰ ਕੀਤੇ ਹੋਏ ਹਨ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਫੈਕਟਰੀ ਵੱਲੋਂ ਅਜਿਹਾ ਕਰਨ ਨਾਲ ਇਲਾਕੇ ਦਾ ਪਾਣੀ ਜਾਂ ਖੇਤੀ ਦੀ ਸਿੰਜਾਈ ਯੋਗ ਨਹੀਂ ਰਹੇਗਾ, ਜਿਸ ਖਿਲਾਫ਼ ਲੋਕ ਧਰਨਾ ਦੇ ਰਹੇ ਹਨ। ਅੱਜ ਦੇ ਧਰਨੇ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਰਕਰਾਂ ਨੇ ਭਰਵੀਂ ਸਮੂਲੀਅਤ ਕੀਤੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਸਕੱਤਰ ਰਜਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਢੰਡੋਵਾਲ ਨੇ ਕਿਹਾ ਕਿ ਫੈਕਟਰੀ ਵੱਲੋਂ ਕੀਤੇ ਅਜਿਹੇ ਕੰਮ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਜ਼ਿੰਮੇਵਾਰ ਹਨ। ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਸ਼ਾਹਕੋਟ ਤੇ ਪ੍ਰਦੂਸਣ ਬੋਰਡ ਦੇ ਅਧਿਕਾਰੀ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਫੈਕਟਰੀ ਦਾ ਜਾਇਜ਼ਾ ਤਾਂ ਲੈ ਗਏ ਹਨ ਪਰ ਉਨ੍ਹਾਂ ਵੱਲੋਂ ਅਜੇ ਤੱਕ ਕੋਈ ਵੀ ਹੱਲ ਨਹੀ ਕੱਢਿਆ ਗਿਆ। ਇਸ ਮੌਕੇ ਆਗੂਆਂ ਨੇ ਪ੍ਰਸ਼ਾਸਨ ਨੂੰ ਤਾੜਨਾ ਕਰਦੇ ਕਿਹਾ ਕਿ ਉਹ ਪ੍ਰਦੂਸ਼ਣ ਫੈਲਾਉਣ ਵਾਲੀ ਇਸ ਫੈਕਟਰੀ ਨੂੰ ਤੁਰੰਤ ਬੰਦ ਕਰਵਾਇਆ ਜਾਵੇ ਨਹੀਂ ਤਾਂ ਲੋਕਾਂ ਦੇ ਤਿੱਖੇ ਰੋਹ ਦੇ ਸਾਹਮਣੇ ਲਈ ਤਿਆਰ ਰਹੇ।