ਪਿੰਡਾਂ ਲਈ ਰਵਾਨਾ ਹੋਈਆਂ ਪੋਲਿੰਗ ਪਾਰਟੀਆਂ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 14 ਅਕਤੂਬਰ
ਪੰਚਾਇਤੀ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਭਲਕੇ ਹੋਵੇਗਾ ਜਿਸ ਲਈ ਪੋਲਿੰਗ ਟੀਮਾਂ ਲਾਜਪਤ ਰਾਏ ਡੀਏਵੀ ਕਾਲਜ ਤੋਂ ਵੱਖ-ਵੱਖ ਪਿੰਡਾਂ ਲਈ ਰਵਾਨਾ ਹੋਈਆਂ। ਚੋਣ ਪ੍ਰਚਾਰ ਦੀ ਸਮਾਪਤੀ ’ਤੇ ਹਲਕੇ ਦੇ ਕੁਝ ਵੱਡੇ ਪਿੰਡਾਂ ’ਚ ਰੋਡ ਸ਼ੋਅ ਅਤੇ ਵੱਡੇ ਇਕੱਠ ਕਰ ਕੇ ਵੱਡੇ-ਵੱਡੇ ਵਾਅਦੇ ਕੀਤੇ ਗਏ। ਜ਼ਿਲ੍ਹੇ ਲੁਧਿਆਣਾ ਦੇ ਸਭ ਤੋਂ ਵੱਡੇ ਪਿੰਡ ਕਾਉਂਕੇ ਕਲਾਂ ’ਚ ਬੀਤੀ ਸ਼ਾਮ ਸਰਪੰਚ ਲਈ ਉਮੀਦਵਾਰ ਚਰਨਜੀਤ ਕੌਰ ਦੇ ਹੱਕ ਵਿੱਚ ਵਿਸ਼ਾਲ ਰੋਡ ਸ਼ੋਅ ਕੀਤਾ ਗਿਆ ਜਿਸ ’ਚ ਟਰੈਕਟਰ ਹੀ ਟਰੈਕਟਰ ਨਜ਼ਰ ਆਏ। ਰੋਡ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਪਿੰਡ ਵਿੱਚ ਇੱਕ ਇਕੱਠ ਕਰ ਕੇ ਪਿੰਡ ਵਾਸੀਆਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ। ਇਸੇ ਤਰ੍ਹਾਂ ਨੇੜਲੇ ਇੱਕ ਹੋਰ ਵੱਡੇ ਪਿੰਡ ਡੱਲਾ ’ਚ ਮੁਕਾਬਲਾ ਦਿਲਚਸਪ ਬਣਿਆ ਹੋਇਆ ਹੈ। ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪਹਿਲਾਂ ਪਿੰਡ ਦੇ ਸਰਪੰਚ ਤੇ ਮਾਰਕੀਟ ਕਮੇਟੀ ਹਠੂਰ ਦੇ ਚੇਅਰਮੈਨ ਰਹਿ ਚੁੱਕੇ ਚੰਦ ਸਿੰਘ ਡੱਲਾ ਮੈਦਾਨ ’ਚ ਹਨ। ਦੂਜੇ ਪਾਸੇ, ਆਮ ਆਦਮੀ ਪਾਰਟੀ ਨਾਲ ਸਬੰਧਤ ਨੌਜਵਾਨ ਆਗੂ ਗੋਪਾਲ ਸਿੰਘ ਪਾਲੀ ਡੱਲਾ ਹਨ। ਦੋਵਾਂ ’ਚ ਫਸਵਾਂ ਮੁਕਾਬਲਾ ਮੰਨਿਆ ਜਾ ਰਿਹਾ ਹੈ। ਪਿੰਡ ਦੀ ਇੱਕ ਧਿਰ ਤੇ ਪਹਿਲੀ ਪੰਚਾਇਤ ਪਾਲੀ ਡੱਲਾ ਦੇ ਹੱਕ ਵਿੱਚ ਡਟੀ ਹੈ। ਉੱਧਰ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਐੱਸਆਰ ਕਲੇਰ, ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ, ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ ਸਮੇਤ ਹੋਰ ਅਕਾਲੀ ਆਗੂ ਚੰਦ ਸਿੰਘ ਦੇ ਹੱਕ ’ਚ ਜ਼ੋਰ ਲਾ ਰਹੇ ਹਨ। ਪਿੰਡ ’ਚ ਕੀਤੇ ਇੱਕ ਵੱਡੇ ਚੋਣ ਜਲਸੇ ਦੌਰਾਨ ਸਰਪੰਚ ਲਈ ਉਮੀਦਵਾਰ ਚੰਦ ਸਿੰਘ ਡੱਲਾ ਚਿੱਟੇ ਸਮੇਤ ਹੋਰ ਨਸ਼ੇ ਪਿੰਡ ’ਚੋਂ ਪੂਰੀ ਤਰ੍ਹਾਂ ਖ਼ਤਮ ਕਰਨ ਦਾ ਵਾਅਦਾ ਕਰਦੇ ਨਜ਼ਰ ਆਏ। ਹਲਕੇ ਦੀ ਕੰਨੀ ’ਤੇ ਹੋਰਨਾਂ ਜ਼ਿਲ੍ਹਿਆਂ ਨਾਲ ਲੱਗਦਾ ਇੱਕ ਹੋਰ ਵੱਡਾ ਪਿੰਡ ਚਕਰ ਹੈ। ਇੱਥੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ ਮੈਦਾਨ ’ਚ ਹਨ। ਇਸ ਤਰ੍ਹਾਂ ਟਰੱਕ ਯੂਨੀਅਨ ਦੇ ਪ੍ਰਧਾਨ ਰਹੇ ਬਿੰਦਰ ਮਨੀਲਾ ਸੰਗਤਪੁਰਾ ਪਿੰਡ ਤੋਂ ਸਰਪੰਚ ਬਣਨ ਲਈ ਮੈਦਾਨ ’ਚ ਹਨ। ਸ਼ਹਿਰ ਨਾਲ ਲੱਗਦੇ ਪਿੰਡ ਕੋਠੇ ਪੋਨਾ ਸਮੇਤ ਹੋਰਨਾਂ ਪਿੰਡਾਂ ’ਚ ਟੈਂਟ ਲਾ ਕੇ ਹਲਵਾਈ ਲੱਗਣੇ ਰਹੇ ਤੇ ਕੜਾਹੀਆਂ ਚੜ੍ਹੀਆਂ ਰਹੀਆਂ। ਦੱਸਣਯੋਗ ਹੈ ਕਿ ਕੁਝ ਪਿੰਡਾਂ ’ਚ ਇਨ੍ਹਾਂ ਚੋਣਾਂ ਕਰਕੇ ਵਿਸ਼ੇਸ਼ ਤੌਰ ਪਰਵਾਸੀ ਪੰਜਾਬੀ ਵੱਖ-ਵੱਖ ਮੁਲਕਾਂ ਤੋਂ ਆਏ ਹਨ।