For the best experience, open
https://m.punjabitribuneonline.com
on your mobile browser.
Advertisement

ਪੰਜਾਬ ਤੇ ਚੰਡੀਗੜ੍ਹ ’ਚ ਮਤਦਾਨ ਅੱਜ

07:09 AM Jun 01, 2024 IST
ਪੰਜਾਬ ਤੇ ਚੰਡੀਗੜ੍ਹ ’ਚ ਮਤਦਾਨ ਅੱਜ
ਬਠਿੰਡਾ ’ਚ ਸ਼ੁੱਕਰਵਾਰ ਨੂੰ ਚੋਣ ਸਮੱਗਰੀ ਲਿਜਾਂਦਾ ਹੋਇਆ ਚੋਣ ਅਮਲਾ। -ਫੋਟੋ: ਪਵਨ ਸ਼ਰਮਾ
Advertisement

* ਪੰਜਾਬ ਦੀਆਂ 13 ਸੀਟਾਂ ’ਤੇ 2.14 ਕਰੋੜ ਵੋਟਰ 328 ਉਮੀਦਵਾਰਾਂ ਦੀ ਕਿਸਮਤ ਦਾ ਕਰਨਗੇ ਫ਼ੈਸਲਾ
* ਸੁਰੱਖਿਆ ਲਈ 81 ਹਜ਼ਾਰ ਪੁਲੀਸ ਮੁਲਾਜ਼ਮ ਤਾਇਨਾਤ

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 31 ਮਈ
ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ’ਚ ਪੰਜਾਬ ਦੀਆਂ 13 ਸੀਟਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਇਕ ਸੀਟ ਲਈ ਸ਼ਨਿੱਚਰਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮਤਦਾਨ ਹੋਵੇਗਾ। ਚੋਣ ਕਮਿਸ਼ਨ ਨੇ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣ ਅਮਲ ਨੇਪਰੇ ਚਾੜ੍ਹਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਚੋਣਾਂ ਲਈ ਸੁਰੱਖਿਅਤ ਅਤੇ ਸ਼ਾਂਤੀਪੂਰਨ ਮਾਹੌਲ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਪੰਜਾਬ ਦੇ 2.14 ਕਰੋੜ ਵੋਟਰ ਭਲਕੇ ਚੋਣ ਮੈਦਾਨ ਵਿਚ ਉੱਤਰੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਅਤਿ ਦੀ ਗਰਮੀ ਕਰਕੇ ਚੋਣ ਕਮਿਸ਼ਨ ਲਈ ਐਤਕੀਂ ਪੋਲਿੰਗ ਦਰ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੋਵੇਗੀ।

ਪਟਿਆਲਾ ਦੇ ਪੋਲੋ ਗਰਾਊਂਡ ਵਿਚ ਈਵੀਐੱਮਜ਼ ਤੇ ਹੋਰ ਚੋਣ ਸਮੱਗਰੀ ਲੈਣ ਲਈ ਪੁੱਜੇ ਪੋਲਿੰਗ ਸਟਾਫ਼ ਦੀ ਸੁਰੱਖਿਆ ਵਿਚ ਤਾਇਨਾਤ ਪੁਲੀਸ ਮੁਲਾਜ਼ਮ। -ਫੋਟੋ: ਰਾਜੇਸ਼ ਸੱਚਰ

ਪੰਜਾਬ ਵਿਚ ਕੁੱਲ 328 ਉਮੀਦਵਾਰ ਚੋਣ ਮੈਦਾਨ ਵਿਚ ਹਨ ਜਿਨ੍ਹਾਂ ਵਿਚ ਪੰਜ ਕੈਬਨਿਟ ਮੰਤਰੀ, ਸੱਤ ਵਿਧਾਇਕਾਂ ਤੋਂ ਇਲਾਵਾ ਅੱਠ ਮੌਜੂਦਾ ਸੰਸਦ ਮੈਂਬਰ ਵੀ ਸ਼ਾਮਲ ਹਨ। ਇਵੇਂ ਹੀ 21 ਸਾਬਕਾ ਵਿਧਾਇਕਾਂ/ਸਾਬਕਾ ਵਜ਼ੀਰਾਂ ਤੇ ਸਾਬਕਾ ਸੰਸਦ ਮੈਂਬਰਾਂ ਦੀ ਕਿਸਮਤ ਭਲਕੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ਵਿਚ ਬੰਦ ਹੋ ਜਾਵੇਗੀ। ਭਲਕੇ ਵੋਟਾਂ ਪੈਣ ਦਾ ਅਮਲ ਸਵੇਰੇ 7 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮੀਂ ਛੇ ਵਜੇ ਤੱਕ ਵੋਟਾਂ ਪੈਣਗੀਆਂ। ਚੋਣ ਪਿੜ ਵਿਚ ਉੱਤਰੀਆਂ 26 ਮਹਿਲਾ ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਵੀ ਭਲਕੇ ਫੈਸਲਾ ਹੋਵੇਗਾ। ਚੰਡੀਗੜ੍ਹ ਸੰਸਦੀ ਸੀਟ ਲਈ ਮੁੱਖ ਮੁਕਾਬਲਾ ਕਾਂਗਰਸ ਤੇੇ ‘ਆਪ’ ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਅਤੇ ਭਾਜਪਾ ਦੇ ਸੰਜੈ ਟੰਡਨ ਦਰਮਿਆਨ ਹੈ, ਪਰ ਬਸਪਾ ਉਮੀਦਵਾਰ ਡਾ.ਰਿਤੂ ਸਿੰਘ ਉਨ੍ਹਾਂ ਦਾ ਗਣਿਤ ਵਿਗਾੜ ਸਕਦੀ ਹੈ।
ਪੰਜਾਬ ਭਰ ਵਿਚ 24,451 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਜਿਨ੍ਹਾਂ ’ਤੇ ਸ਼ੁੱਕਰਵਾਰ ਸ਼ਾਮ ਤੱਕ ਪੋਲਿੰਗ ਅਮਲਾ ਪੁੱਜ ਗਿਆ ਹੈ। ਪੋਲਿੰਗ ਅਮਲ ਨੇਪਰੇ ਚਾੜ੍ਹਨ ਲਈ 1.20 ਲੱਖ ਮੈਂਬਰ ਤਾਇਨਾਤ ਕੀਤੇ ਗਏ ਹਨ ਜਦੋਂ ਕਿ ਕੇਂਦਰੀ ਹਥਿਆਰਬੰਦ ਪੁਲੀਸ ਬਲ, ਪੰਜਾਬ ਪੁਲੀਸ ਅਤੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਹੋਮ ਗਾਰਡ ਜਵਾਨਾਂ ਸਮੇਤ ਕੁੱਲ 81,079 ਜਵਾਨਾਂ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸੁਰੱਖਿਆ ਡਿਊਟੀ ’ਤੇ ਤਾਇਨਾਤ ਕੀਤਾ ਗਿਆ ਹੈ। ਸੂਬੇ ਭਰ ਵਿਚ ਅੱਜ 205 ਅੰਤਰਰਾਜੀ ਨਾਕੇ ਲਗਾਏ ਗਏ ਹਨ ਅਤੇ ਗਸ਼ਤ ਵਧਾ ਦਿੱਤੀ ਗਈ ਹੈ। ਵਾਹਨਾਂ ਦੀ ਚੈਕਿੰਗ ਦਾ ਸਿਲਸਿਲਾ ਵੀ ਤੇਜ਼ ਕੀਤਾ ਗਿਆ ਹੈ। ਚੋਣ ਅਬਜ਼ਰਵਰਾਂ ਨੇ ਨੇੜਿਓਂ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ।
ਚੋਣ ਕਮਿਸ਼ਨ ਨੇ ਬਠਿੰਡਾ ਤੇ ਲੁਧਿਆਣਾ ਹਲਕੇ ਨੂੰ ਖ਼ਰਚੇ ਪੱਖੋਂ ਸੰਵੇਦਨਸ਼ੀਲ ਐਲਾਨਿਆ ਹੈ ਅਤੇ ਪਿਛਲੇ ਰਿਕਾਰਡ ਦੇ ਅਧਾਰ ’ਤੇ ਚੋਣ ਕਮਿਸ਼ਨ ਨੂੰ ਖ਼ਦਸ਼ਾ ਹੈ ਕਿ ਇਨ੍ਹਾਂ ਹਲਕਿਆਂ ਵਿਚ ਵੋਟਰਾਂ ਦੀ ਖ਼ਰੀਦੋ ਫ਼ਰੋਖ਼ਤ ਹੋ ਸਕਦੀ ਹੈ। ਐਤਕੀਂ 1996 ਤੋਂ ਬਾਅਦ ਪਹਿਲੀ ਦਫ਼ਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਖੋ-ਵੱਖਰੇ ਚੋਣਾਂ ਲੜ ਰਹੇ ਹਨ ਜਦੋਂ ਕਿ ‘ਇੰਡੀਆ ਗੱਠਜੋੜ’ ਦੇ ਦੋ ਅਹਿਮ ਹਿੱਸੇਦਾਰ ਕਾਂਗਰਸ ਅਤੇ ‘ਆਪ’ ਵੀ ਅੱਡੋ-ਅੱਡ ਚੋਣ ਲੜ ਰਹੇ ਹਨ। ਚੋਣ ਪਿੜ ਵਿਚ ਪਹਿਲੀ ਵਾਰ ਦਲ ਬਦਲੂ ਉਮੀਦਵਾਰਾਂ ਦੀ ਗਿਣਤੀ ਕਾਫ਼ੀ ਹੈ ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਭਲਕੇ ਹੋਵੇਗਾ। ਚਾਰ ਵਾਰ ਦੀ ਸੰਸਦ ਮੈਂਬਰ ਪ੍ਰਨੀਤ ਕੌਰ ਅਤੇ ਤਿੰਨ ਵਾਰ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਹੁਣ ‘ਕਮਲ’ ਚੋਣ ਨਿਸ਼ਾਨ ’ਤੇ ਚੋਣ ਲੜ ਰਹੇ ਹਨ ਜਦੋਂ ਕਿ ਬਠਿੰਡਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਦਾ ਸਿਆਸੀ ਭਵਿੱਖ ਵੀ ਐਤਕੀਂ ਦਾਅ ’ਤੇ ਹੈ।
ਜਿਨ੍ਹਾਂ ਪ੍ਰਮੁੱਖ ਉਮੀਦਵਾਰਾਂ ਦੀ ਕਿਸਮਤ ਈਵੀਐੱਮਜ਼ ਵਿਚ ਬੰਦ ਹੋਣੀ ਹੈ, ਉਨ੍ਹਾਂ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਹਰਸਿਮਰਤ ਕੌਰ ਬਾਦਲ, ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ, ਸਿਮਰਨਜੀਤ ਸਿੰਘ ਮਾਨ, ਅਮਰਿੰਦਰ ਸਿੰਘ ਰਾਜਾ ਵੜਿੰਗ, ਰਵਨੀਤ ਬਿੱਟੂ, ਗੁਰਮੀਤ ਸਿੰਘ ਖੁੱਡੀਆਂ, ਸੁਖਪਾਲ ਸਿੰਘ ਖਹਿਰਾ, ਸੁਖਜਿੰਦਰ ਸਿੰਘ ਰੰਧਾਵਾ, ਭਾਜਪਾ ਉਮੀਦਵਾਰ ਪ੍ਰਨੀਤ ਕੌਰ ਆਦਿ ਸ਼ਾਮਲ ਹਨ। ਬਠਿੰਡਾ, ਸੰਗਰੂਰ, ਲੁਧਿਆਣਾ ਅਤੇ ਖਡੂਰ ਸਾਹਿਬ ਹਲਕੇ ਇਸ ਵਾਰ ਵੱਕਾਰੀ ਹਨ। ਪੰਜ ਕੈਬਨਿਟ ਵਜ਼ੀਰਾਂ ਦੀ ਕਿਸਮਤ ਵੀ ਭਲਕੇ ਈਵੀਐੱਮਜ਼ ਵਿਚ ਬੰਦ ਹੋਵੇਗੀ ਜਿਨ੍ਹਾਂ ਵਿਚ ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ, ਡਾ. ਬਲਵੀਰ ਸਿੰਘ, ਗੁਰਮੀਤ ਸਿੰਘ ਮੀਤ ਹੇਅਰ ਅਤੇ ਬਠਿੰਡਾ ਹਲਕੇ ਤੋਂ ਗੁਰਮੀਤ ਸਿੰਘ ਖੁੱਡੀਆਂ ਸ਼ਾਮਲ ਹਨ। ਅਸਾਮ ਦੀ ਡਿਬਰੂਗੜ ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਵਜੋਂ ਹਲਕਾ ਖਡੂਰ ਸਾਹਿਬ ਤੋਂ ਚੋਣ ਮੈਦਾਨ ਵਿਚ ਹੈ।
ਸੰਯੁਕਤ ਕਿਸਾਨ ਮੋਰਚਾ ਨੇ ਭਾਜਪਾ ਉਮੀਦਵਾਰਾਂ ਦੇ ਵਿਰੋਧ ਦਾ ਸੱਦਾ ਦਿੱਤਾ ਹੋਇਆ ਹੈ। ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਇਸ ਵਾਰ ਪੋਲਿੰਗ ਦਰ 70 ਫ਼ੀਸਦੀ ਤੋਂ ਪਾਰ ਕਰਨ ਦਾ ਟੀਚਾ ਮਿਥਿਆ ਹੈ। ਉਨ੍ਹਾਂ ਦੱਸਿਆ ਕਿ ਪੋਲਿੰਗ ਸਟੇਸ਼ਨਾਂ ਦੀ ਨਿਗਰਾਨੀ ਸੀਸੀਟੀਵੀ ਕੈਮਰਿਆਂ ਜ਼ਰੀਏ ਕਰਨ ਤੋਂ ਇਲਾਵਾ ਚੋਣ ਅਧਿਕਾਰੀਆਂ ਅਤੇ ਅਬਜ਼ਰਵਰਾਂ ਦੁਆਰਾ ਰੀਅਲ-ਟਾਈਮ ਮਾਨੀਟਰਿੰਗ ਲਈ ਪੋਲਿੰਗ ਸਟੇਸ਼ਨਾਂ ਦੀ 100 ਫੀਸਦ ਲਾਈਵ ਵੈੱਬਕਾਸਟਿੰਗ ਯਕੀਨੀ ਬਣਾਈ ਜਾਵੇਗੀ। ਵੋਟਾਂ ਦੀ ਗਿਣਤੀ 24 ਵੱਖ-ਵੱਖ ਥਾਵਾਂ ’ਤੇ ਬਣਾਏ ਗਏ 117 ਕਾਊਂਟਿੰਗ ਸੈਟਰਾਂ ’ਤੇ ਹੋਵੇਗੀ। ਸੂਬੇ ਵਿੱਚ 5694 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ ਐਲਾਨੇ ਗਏ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ 47,284 ਕਰਮਚਾਰੀਆਂ ਨੂੰ 24,451 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਕੀਤਾ ਗਿਆ ਹੈ।

ਚੋਣ ਜ਼ਾਬਤੇ ਦੌਰਾਨ 801 ਕਰੋੋੜ ਦੀ ਬਰਾਮਦਗੀ

ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਮਗਰੋਂ 30 ਮਈ ਤੱਕ ਸੂਬੇ ਵਿੱਚ 801.47 ਕਰੋੜ ਰੁਪਏ ਦੀਆਂ ਬਰਾਮਦਗੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 26.89 ਕਰੋੜ ਰੁਪਏ ਦੀ ਨਗਦੀ, 26.75 ਕਰੋੜ ਰੁਪਏ ਦੀ ਸ਼ਰਾਬ, 716.78 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, 23.86 ਕਰੋੜ ਰੁਪਏ ਦੀਆਂ ਕੀਮਤੀ ਵਸਤਾਂ ਤੋਂ ਇਲਾਵਾ 7.17 ਕਰੋੜ ਰੁਪਏ ਦੀਆਂ ਹੋਰ ਵਸਤਾਂ ਸ਼ਾਮਲ ਹਨ। ਹੁਣ ਤੱਕ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਕੁੱਲ 14643 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ।

ਵੋਟਰਾਂ ਨੂੰ ਮਿਲੇਗਾ ਗੁਲਾਬ ਸ਼ਰਬਤ

ਪੰਜਾਬ ਭਰ ਦੇ ਸਾਰੇ 24,451 ਪੋਲਿੰਗ ਸਟੇਸ਼ਨਾਂ ’ਤੇ ਵੋਟਰਾਂ ਨੂੰ ਗਰਮੀ ਤੋਂ ਰਾਹਤ ਲਈ ਗੁਲਾਬ ਸ਼ਰਬਤ ਮਿਲੇਗਾ। ਮੁੱਖ ਚੋਣ ਅਫ਼ਸਰ, ਪੰਜਾਬ ਅਤੇ ਮਾਰਕਫੈੱਡ ਵੱਲੋਂ ਆਪਸੀ ਸਹਿਯੋਗ ਨਾਲ ਇਹ ਪ੍ਰਬੰਧ ਕੀਤਾ ਗਿਆ ਹੈ। ਗੁਲਾਬ ਸ਼ਰਬਤ ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਅਤੇ ਪੋਲਿੰਗ ਸਟੇਸ਼ਨਾਂ ’ਤੇ ਵਰਤਾਇਆ ਜਾਵੇਗਾ। ਆਸ਼ਾ ਵਰਕਰਾਂ ਨੂੰ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਕੀਤਾ ਗਿਆ ਹੈ। ਗਰਮੀ ਤੋਂ ਰਾਹਤ ਲਈ ਪੋਲਿੰਗ ਸਟੇਸ਼ਨਾਂ ’ਤੇ ’ਛਬੀਲ’ ਵੀ ਲਗਾਈ ਜਾਵੇਗੀ ਅਤੇ ਪੱਖਿਆਂ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ।

ਸੱਤਵੇਂ ਗੇੜ ਲਈ ਮੋਦੀ ਸਣੇ 904 ਉਮੀਦਵਾਰ ਚੋਣ ਮੈਦਾਨ ਵਿੱਚ

* ਉੜੀਸਾ ਦੇ 42 ਅਸੈਂਬਲੀ ਹਲਕਿਆਂ ਲਈ ਵੀ ਪੈਣਗੀਆਂ ਵੋਟਾਂ

ਨਵੀਂ ਦਿੱਲੀ, 31 ਮਈ
ਲੋਕ ਸਭਾ ਚੋਣਾਂ ਦੇ ਸੱਤਵੇਂ ਤੇ ਅੰਤਿਮ ਗੇੜ ਲਈ ਪਹਿਲੀ ਜੂਨ ਨੂੰ ਹੋਣ ਵਾਲੇ ਮਤਦਾਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਕੁੱਲ 904 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਹੋਵੇਗਾ। ਸ੍ਰੀ ਮੋਦੀ ਵਾਰਾਣਸੀ ਤੋਂ ਉਮੀਦਵਾਰ ਹਨ। ਸ਼ਨਿੱਚਰਵਾਰ ਨੂੰ ਸੱਤ ਰਾਜਾਂ- ਪੰਜਾਬ, ਬਿਹਾਰ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼, ਝਾਰਖੰਡ, ਉੜੀਸਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਪੈਂਦੀਆਂ ਕੁੱਲ 57 ਸੀਟਾਂ ਲਈ ਵੋਟਾਂ ਪੈਣਗੀਆਂ। ਉੜੀਸਾ ਦੇ ਬਾਕੀ ਬਚਦੇ 42 ਅਸੈਂਬਲੀ ਹਲਕਿਆਂ ਤੇ ਹਿਮਾਚਲ ਵਿਧਾਨ ਸਭਾ ਦੇ ਛੇ ਹਲਕਿਆਂ ਦੀ ਜ਼ਿਮਨੀ ਚੋਣ ਲਈ ਵੀ ਲੋਕ ਸਭਾ ਚੋਣਾਂ ਦੇ ਨਾਲ ਹੀ ਵੋਟਾਂ ਪੈਣਗੀਆਂ। ਸ਼ਨਿੱਚਰਵਾਰ ਦੇ ਗੇੜ ਨਾਲ 18ਵੀਂ ਲੋਕ ਸਭਾ ਲਈ ਚੋਣਾਂ ਦਾ ਅਮਲ ਨਿੱਬੜ ਜਾਵੇਗਾ, ਜੋ 19 ਅਪਰੈਲ ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ ਛੇ ਗੇੜਾਂ ਵਿਚ 28 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਪੈਂਦੀਆਂ 486 ਸੀਟਾਂ ਲਈ ਮਤਦਾਨ ਹੋ ਚੁੱਕਾ ਹੈ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਇਸ ਆਖਰੀ ਗੇੜ ਵਿਚ 10.06 ਕਰੋੜ ਨਾਗਰਿਕ ਵੋਟ ਪਾਉਣ ਦੇ ਯੋਗ ਹਨ। -ਪੀਟੀਆਈ

Advertisement
Author Image

joginder kumar

View all posts

Advertisement
Advertisement
×