For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ ਦੇ ਤੀਜੇ ਗੇੜ ਲਈ ਪੋਲਿੰਗ ਅੱਜ

06:30 AM May 07, 2024 IST
ਲੋਕ ਸਭਾ ਚੋਣਾਂ ਦੇ ਤੀਜੇ ਗੇੜ ਲਈ ਪੋਲਿੰਗ ਅੱਜ
ਅਸਾਮ ਦੇ ਕਾਮਰੂਪ ਜ਼ਿਲ੍ਹੇ ਵਿਚ ਪੋਲਿੰਗ ਸਟਾਫ਼ ਦੇ ਮੈਂਬਰ ਈਵੀਐਮਜ਼ ਅਤੇ ਹੋਰ ਸਾਮਾਨ ਲੈ ਕੇ ਬਾਂਸ ਦੇ ਪੁਲ ਰਾਹੀਂ ਦਰਿਆ ਬ੍ਰਹਮਪੁੱਤਰ ਪਾਰ ਕਰ ਕੇ ਪੋਲਿੰਗ ਸਟੇਸ਼ਨਾਂ ਵੱਲ ਜਾਂਦੇ ਹੋਏ। -ਫੋਟੋ: ਪੀਟੀਆਈ
Advertisement

* ਪ੍ਰਧਾਨ ਮੰਤਰੀ ਮੋਦੀ ਤੇ ਸ਼ਾਹ ਅਹਿਮਦਾਬਾਦ ਸ਼ਹਿਰ ਵਿਚ ਪਾਉਣਗੇ ਵੋਟ
* ਸ਼ਾਹ, ਸਿੰਧੀਆ, ਚੌਹਾਨ, ਮਾਂਡਵੀਆ, ਜੋਸ਼ੀ ਸਣੇ ਕਈ ਸਿਆਸੀ ਆਗੂਆਂ ਦੀ ਕਿਸਮਤ ਦਾ ਹੋਵੇਗਾ ਫੈਸਲਾ

Advertisement

ਅਹਿਮਦਾਬਾਦ/ਬੰਗਲੂਰੂ, 6 ਮਈ
ਲੋਕ ਸਭਾ ਚੋਣਾਂ ਦੇ ਤੀਜੇ ਗੇੜ ਲਈ ਮੰਗਲਵਾਰ ਨੂੰ 11 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਪੈਂਦੀਆਂ 93 ਸੀਟਾਂ ਲਈ ਵੋਟਾਂ ਪੈਣਗੀਆਂ। ਇਸ ਗੇੜ ਲਈ 1300 ਤੋਂ ਵੱਧ ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਵਿਚ 120 ਮਹਿਲਾਵਾਂ ਵੀ ਸ਼ਾਮਲ ਹਨ। ਭਲਕੇ ਕਈ ਕੇਂਦਰੀ ਮੰਤਰੀਆਂ ਅਮਿਤ ਸ਼ਾਹ (ਗਾਂਧੀਨਗਰ), ਜਿਓਤਿਰਾਦਿੱਤਿਆ ਸਿੰਧੀਆ (ਗੁਨਾ), ਮਨਸੁਖ ਮਾਂਡਵੀਆ (ਪੋਰਬੰਦਰ), ਪਰਸ਼ੋਤਮ ਰੁਪਾਲਾ (ਰਾਜਕੋਟ), ਪ੍ਰਹਿਲਾਦ ਜੋਸ਼ੀ (ਧਾਰਵਾੜ), ਐੱਸ.ਪੀ.ਸਿੰਘ ਬਘੇਲ (ਆਗਰਾ) ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਸਿਆਸੀ ਕਿਸਮਤ ਈਵੀਐੱਮਜ਼ ਵਿਚ ਬੰਦ ਹੋ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਗੁਜਰਾਤ ਦੇ ਗਾਂਧੀਨਗਰ ਸੰਸਦੀ ਹਲਕੇ ਵਿਚ ਵੋਟ ਪਾਉਣਗੇ।

ਭੋਪਾਲ ’ਚ ਚੋਣ ਸਮੱਗਰੀ ਨਾਲ ਪੋਲਿੰਗ ਬੂਥ ’ਤੇ ਰਵਾਨਾ ਹੁੰਦੇ ਹੋਏ ਅਧਿਕਾਰੀ। -ਫੋਟੋ: ਪੀਟੀਆਈ

ਮੰਗਲਵਾਰ ਨੂੰ ਤੀਜੇ ਗੇੜ ਦੀ ਪੋਲਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿੱਤਰੀ ਰਾਜ ਗੁਜਰਾਤ ਦੀਆਂ 25 ਸੀਟਾਂ (ਸੂਰਤ ਦੀ ਸੀਟ ਪਹਿਲਾਂ ਹੀ ਨਿਰਵਿਰੋਧ ਭਾਜਪਾ ਦੀ ਝੋਲੀ ਪੈ ਚੁੱਕੀ ਹੈ), ਮਹਾਰਾਸ਼ਟਰ ਦੀਆਂ 11, ਯੂਪੀ 10, ਕਰਨਾਟਕ ਦੀਆਂ ਬਾਕੀ ਬਚਦੀਆਂ 14 ਸੀਟਾਂ, ਛੱਤੀਸਗੜ੍ਹ 7, ਬਿਹਾਰ 5, ਅਸਾਮ ਤੇ ਪੱਛਮੀ ਬੰਗਾਲ 4-4 ਅਤੇ ਗੋਆਂ ਦੀਆਂ ਦੋ ਸੀਟਾਂ ਲਈ ਵੋਟਾਂ ਪੈਣਗੀਆਂ। ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦਿਊ (2 ਸੀਟਾਂ) ਅਤੇ ਬੇਤੁਲ ਸਣੇ ਮੱਧ ਪ੍ਰਦੇਸ਼ ਦੀਆਂ 9 ਸੀਟਾਂ ਲਈ ਵੀ ਭਲਕੇ ਪੋਲਿੰਗ ਹੋਵੇਗੀ। ਇਸ ਗੇੜ ਵਿਚ 11 ਕਰੋੜ ਤੋਂ ਵੱਧ ਲੋਕ ਵੋਟ ਪਾਉਣ ਦੇ ਯੋਗ ਹਨ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ (ਵਿਦੀਸ਼ਾ) ਤੇ ਦਿਗਵਿਜੈ ਸਿੰਘ (ਰਾਜਗੜ੍ਹ) ਦੀ ਸਿਆਸੀ ਕਿਸਮਤ ਵੀ ਭਲਕੇ ਵੋਟਿੰਗ ਮਸ਼ੀਨਾਂ ਵਿਚ ਬੰਦ ਹੋ ਜਾਵੇਗੀ। ਮਹਾਰਾਸ਼ਟਰ ਦੇ ਬਾਰਾਮਤੀ ਵਿਚ ਸ਼ਰਦ ਪਵਾਰ ਦੀ ਧੀ ਸੁਪ੍ਰਿਆ ਸੂਲੇ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਵਿਚਾਲੇ ਮੁਕਾਬਲਾ ਹੈ। ਯੂਪੀ ਵਿਚ ਤੀਜੇ ਗੇੜ ਦੀਆਂ ਚੋਣਾਂ ਮੁਲਾਇਮ ਸਿੰਘ ਯਾਦਵ ਪਰਿਵਾਰ ਲਈ ਬਹੁਤ ਅਹਿਮ ਹਨ। ਸਮਾਜਵਾਦੀ ਪਾਰਟੀ ਆਗੂ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਮੈਨਪੁਰੀ ਲੋਕ ਸਭਾ ਸੀਟ ’ਤੇ ਆਪਣਾ ਕਬਜ਼ਾ ਬਰਕਰਾਰ ਰੱਖਣ ਲਈ ਚੋਣ ਮੈਦਾਨ ਵਿਚ ਹੈ। ਡਿੰਪਲ ਯਾਦਵ ਨੇ ਆਪਣੇੇ ਸਹੁਰੇ ਮੁਲਾਇਮ ਸਿੰਘ ਯਾਦਵ ਦੇ ਅਕਾਲ ਚਲਾਣੇ ਮਗਰੋਂ ਜ਼ਿਮਨੀ ਚੋਣ ਦੌਰਾਨ ਇਹ ਸੀਟ ਜਿੱਤੀ ਸੀ। ‘ਸਪਾ’ ਆਗੂ ਰਾਮ ਗੋਪਾਲ ਯਾਦਵ ਦਾ ਪੁੱਤਰ ਅਕਸ਼ੈ ਯਾਦਵ ਫਿਰੋਜ਼ਾਬਾਦ ਸੀਟ ਤੋਂ ਮੁੜ ਮੈਦਾਨ ਵਿਚ ਹੈ। ਪਾਰਟੀ ਦੇ ਕੌਮੀ ਜਨਰਲ ਸਕੱਤਰ ਸ਼ਿਵਪਾਲ ਯਾਦਵ ਦਾ ਪੁੱਤਰ ਆਦਿੱਤਿਆ ਯਾਦਵ ਬਦਾਯੂੰ ਤੋਂ ਚੋਣ ਪਿੜ ਵਿਚ ਹੈ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬਸਵਰਾਜ ਬੋਮਈ (ਹਾਵੇਰੀ) ਤੇ ਏਆਈਯੂਡੀਐੱਫ ਦੇ ਬਦਰੂਦੀਨ ਅਜਮਲ (ਧੁਬਰੀ) ਦੀ ਸਿਆਸੀ ਕਿਸਮਤ ਦਾ ਫੈਸਲਾ ਵੀ 7 ਮਈ ਨੂੰ ਹੋਣਾ ਹੈ। ਪੱਛਮੀ ਬੰਗਾਲ ਦੀਆਂ ਜਿਨ੍ਹਾਂ ਚਾਰ ਸੀਟਾਂ ਲਈ ਭਲਕੇ ਵੋਟਾਂ ਪੈਣੀਆਂ ਹਨ, ਉਹ ਮੁਸਲਿਮ ਬਹੁਗਿਣਤੀ ਵਾਲੀਆਂ ਹਨ। ਭਲਕੇ ਤੀਜੇ ਗੇੜ ਦੀ ਪੋਲਿੰਗ ਮਗਰੋਂ ਲੋਕ ਸਭਾ ਦੀਆਂ ਕੁੱਲ 543 ਸੀਟਾਂ ਵਿਚੋਂ 283 ਲਈ ਵੋਟਿੰਗ ਦਾ ਅਮਲ ਮੁਕੰਮਲ ਹੋ ਜਾਵੇਗਾ। ਅਗਲੇ ਚਾਰ ਗੇੜਾਂ ਲਈ 13 ਮਈ, 20 ਮਈ, 25 ਮਈ ਤੇ 1 ਜੂਨ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। -ਪੀਟੀਆਈ

ਪੰਜਾਬ ਵਿੱਚ ਅੱਜ ਤੋਂ ਭਰੀਆਂ ਜਾਣਗੀਆਂ ਨਾਮਜ਼ਦਗੀਆਂ

ਚੰਡੀਗੜ੍ਹ (ਟਨਸ): ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਸੱਤ ਮਈ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ। ਸੂਬਾਈ ਚੋਣ ਕਮਿਸ਼ਨ ਨੇ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖਰੀ ਮਿਤੀ 14 ਮਈ ਹੈ, ਜਦੋਂਕਿ 15 ਮਈ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ 17 ਮਈ ਨੂੰ ਕਾਗਜ਼ ਵਾਪਸ ਲਏ ਜਾਣਗੇ। ਪਹਿਲੀ ਜੂਨ ਨੂੰ ਵੋਟਾਂ ਪੈਣਗੀਆਂ ਅਤੇ 4 ਜੂਨ ਨੂੰ ਗਿਣਤੀ ਹੋਵੇਗੀ। ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ 2.12 ਕਰੋੜ ਵੋਟਰ 13 ਲੋਕ ਸਭਾ ਸੀਟਾਂ ਦੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਭਾਰਤੀ ਚੋਣ ਕਮਿਸ਼ਨ ਨੇ ਇਸ ਸਬੰਧੀ ਜਨਰਲ ਤੇ ਪੁਲੀਸ ਆਬਜ਼ਰਵਰ ਨਿਯੁਕਤ ਕਰ ਦਿੱਤੇ ਹਨ। ਇਹ ਸਾਰੇ ਅਧਿਕਾਰੀ 14 ਮਈ ਤੋਂ ਆਪਣੀ ਡਿਊਟੀ ਸੰਭਾਲ ਲੈਣਗੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਿਹਾ ਕਿ ਵੱਖ-ਵੱਖ ਸੂਬਿਆਂ ਦੇ 13 ਆਈਏਐੱਸ ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰ ਤੇ 7 ਆਈਪੀਐੱਸ ਅਧਿਕਾਰੀਆਂ ਨੂੰ ਪੁਲੀਸ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਸਿਬਿਨ ਸੀ ਨੇ ਕਿਹਾ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਕੇ. ਮਹੇਸ਼, ਅੰਮ੍ਰਿਤਸਰ ਵਿੱਚ ਸਿਧਾਰਥ ਜੈਨ, ਖਡੂਰ ਸਾਹਿਬ ਵਿੱਚ ਅਭੀਮੰਨਿਊ ਕੁਮਾਰ, ਜਲੰਧਰ ਵਿੱਚ ਜੇ. ਮੇਘਾਨਾਥ ਰੈੱਡੀ, ਹੁਸ਼ਿਆਰਪੁਰ ਵਿੱਚ ਡਾ. ਆਰ ਆਨੰਦਕੁਮਾਰ, ਆਨੰਦਪੁਰ ਸਾਹਿਬ ਵਿੱਚ ਡਾ. ਹੀਰਾ ਲਾਲ, ਲੁਧਿਆਣਾ ਵਿੱਚ ਦਿਵਿਆ ਮਿੱਤਲ, ਫ਼ਤਹਿਗੜ੍ਹ ਸਾਹਿਬ ਵਿੱਚ ਰਾਕੇਸ਼ ਸ਼ੰਕਰ, ਫਰੀਦਕੋਟ ਵਿੱਚ ਰੂਹੀ ਖਾਨ, ਫਿਰੋਜ਼ਪੁਰ ਵਿੱਚ ਕਪਿਲ ਮੀਨਾ, ਬਠਿੰਡਾ ਵਿੱਚ ਡਾ. ਐਸ ਪ੍ਰਭਾਕਰ, ਸੰਗਰੂਰ ਵਿੱਚ ਸ਼ਨਾਵਸ ਐੱਸ ਅਤੇ ਪਟਿਆਲਾ ਵਿੱਚ ਓਮ ਪ੍ਰਕਾਸ਼ ਬਕੋਰੀਆ ਨੂੰ ਜਨਰਲ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਪੁਲੀਸ ਆਬਜ਼ਰਵਰਾਂ ਵਿੱਚ ਗੁਰਦਾਸਪੁਰ ਤੇ ਹੁਸ਼ਿਆਰਪੁਰ ਲੋਕ ਸਭਾ ਸੀਟਾਂ ਲਈ ਕੁਸ਼ਾਲ ਪਾਲ ਸਿੰਘ, ਅੰਮ੍ਰਿਤਸਰ ਤੇ ਖਡੂਰ ਸਾਹਿਬ ਲਈ ਸਵੇਤਾ ਸ੍ਰੀਮਾਲੀ, ਜਲੰਧਰ ਤੇ ਲੁਧਿਆਣਾ ਲਈ ਸਤੀਸ਼ ਕੁਮਾਰ ਗਜਭੀਏ, ਆਨੰਦਪੁਰ ਸਾਹਿਬ ਤੇ ਫ਼ਤਹਿਗੜ੍ਹ ਸਾਹਿਬ ਲਈ ਸੰਦੀਪ ਗਜਾਨਨ ਦੀਵਾਨ, ਬਠਿੰਡਾ ਤੇ ਫਰੀਦਕੋਟ ਲਈ ਬੀ. ਸ਼ੰਕਰ ਜੈਸਵਾਲ, ਫਿਰੋਜ਼ਪੁਰ ਲਈ ਏਆਰ ਦਾਮੋਦਰ ਅਤੇ ਸੰਗਰੂਰ ਤੇ ਪਟਿਆਲਾ ਲੋਕ ਸਭਾ ਸੀਟਾਂ ਲਈ ਅਮੀਰ ਜਾਵੇਦ ਨੂੰ ਨਿਯੁਕਤ ਕੀਤਾ ਗਿਆ ਹੈ।

Advertisement
Author Image

joginder kumar

View all posts

Advertisement
Advertisement
×