ਪੀੜਾਂ ਦਾ ਪਰਾਗਾ
ਦਰਸ਼ਨ ਸਿੰਘ
ਭੱਠੀ ਵਾਲੀ ਮਲਕੀਤੋ ਮਾਸੀ ਨੂੰ ਮਿਲੇ ਹੋਏ ਅਤੇ ਦੇਖਿਆਂ ਬੜੇ ਵਰ੍ਹੇ ਬੀਤ ਗਏ ਸਨ। ਕਈ ਦਿਨ ਤੋਂ ਧਿਆਨ ਵਾਰ-ਵਾਰ ਉਸ ਵੱਲ ਜਾ ਰਿਹਾ ਸੀ। ਮਿਲਣ ਦਾ ਚਾਅ ਮਨ ’ਚ ਬਹੁਤ ਸੀ। ਆਥਣੇ ਉਹ ਭੱਠੀ ਮਘਾਉਂਦੀ। ਉਦੋਂ ਮੇਰੀ ਨਿਆਣੀ ਉਮਰ ਸੀ। ਦਾਣੇ ਭੁਨਾਉਣ ਜਾਂਦਾ ਹੁੰਦਾ ਸੀ। ਥੋੜ੍ਹੀ ਵਿਹਲ ਮਿਲੀ, ਮੈਂ ਉਸ ਕੋਲ ਜਾਣ ਦਾ ਮਨ ਬਣਾ ਲਿਆ। ਘਰ ਦੀਆਂ ਤੰਗੀਆਂ-ਤਰੁਸ਼ੀਆਂ ਨਾਲ ਉਹ ਸ਼ੁਰੂ ਤੋਂ ਹੀ ਜੂਝਦੀ ਤੇ ਦਿਨ ਟਪਾਈ ਹੀ ਕਰਦੀ ਰਹੀ। ਉਮਰੋਂ ਪਹਿਲਾਂ ਹੀ ਉਸ ਦੇ ਵਾਲ ਚਿੱਟੇ ਹੋਣੇ ਸ਼ੁਰੂ ਹੋ ਗਏ ਸਨ। ਸ਼ਹਿਰ ਵਿਚ ਮੇਰੇ ਵਸਣ ਤਕ ਉਸ ਦੇ ਕੀਤੇ ਸਾਰੇ ਯਤਨ ਵੀ ਇਨ੍ਹਾਂ ਤੰਗੀਆਂ ਦੀਆਂ ਡੂੰਘੀਆਂ ਖੁੱਡਾਂ ਭਰ ਨਾ ਸਕੇ।
ਉਨ੍ਹਾਂ ਵੇਲਿਆਂ ’ਚ ਦਾਣੇ ਭੁੰਨਣ ਵਾਲੀਆਂ ਭੱਠੀਆਂ ਬਹੁਤ ਅਹਿਮੀਅਤ ਰੱਖਦੀਆਂ ਸਨ। ‘ਲੈ ਜਾ ਛੱਲੀਆਂ ਭੁੰਨਾ ਲਈਂ ਦਾਣੇ...’, ਸ਼ਾਇਦ ਉਦੋਂ ਇਸੇ ਕਾਰਨ ਗਾਇਆ ਜਾਂਦਾ ਹੋਵੇ। ਚਾਰ ਪੰਜ ਭੱਠੀਆਂ ਤਾਂ ਸਾਡੇ ਛੋਟੇ ਜਿਹੇ ਕਸਬੇ ਵਿਚ ਹੀ ਸਨ। ਇਹ ਮਿੱਟੀ ਦੀਆਂ ਬਣੀਆਂ ਹੁੰਦੀਆਂ ਸਨ। ਪੋਟਲੀਆਂ ਵਿਚ ਦਾਣੇ ਲੈ ਕੇ ਮੁੰਡੇ ਕੁੜੀਆਂ ਭੱਠੀ ਦੇ ਆਲੇ-ਦੁਆਲੇ ਗੋਡਿਆਂ ਭਾਰ ਬੈਠ ਜਾਂਦੇ ਤੇ ਆਪਣੀ ਵਾਰੀ ਆਉਣ ਦੀ ਉਡੀਕ ਕਰਦੇ। ਦਾਣੇ ਨਾ ਵੀ ਭੁਨਾਉਣੇ ਹੁੰਦੇ ਤਾਂ ਵੀ ਅਸੀਂ ਭੱਠੀ ਵੱਲ ਗੇੜਾ ਜ਼ਰੂਰ ਮਾਰਦੇ। ਆਉਂਦੇ ਤੇ ਮਾਸੀ ਨੂੰ ਮਿਲ ਕੇ ਮੁੜਨ ਦੀ ਕਰਦੇ। ਮਲਕੀਤੋ ਮਾਸੀ ਨੂੰ ਪਤਾ ਹੁੰਦਾ ਕਿ ਕੌਣ ਪਹਿਲੋਂ ਆਇਆ ਸੀ, ਕੌਣ ਪਿੱਛੋਂ। ਕਦੀ-ਕਦੀ ਉਡੀਕ ਲੰਮੀ ਹੋ ਜਾਂਦੀ ਪਰ ਮਨ ਕਦੇ ਕਾਹਲਾ ਨਾ ਪੈਂਦਾ। ਭੱਠੀ ਦੀ ਤੱਤੀ ਰੇਤ ਵਿੱਚ ਭੁੱਜਦੇ ਦਾਣੇ ਹਵਾ ’ਚ ਭੁੜਕਦੇ ਤਾਂ ਇਉਂ ਜਾਪਦਾ ਜਿਵੇਂ ਕੋਈ ਸੁਰ ਤਾਲ ਕੰਨਾਂ ’ਚ ਰਸ ਘੋਲ ਰਹੀ ਹੋਵੇ। ਭੁੰਨੇ ਦਾਣੇ ਚੱਬਣ ਦਾ ਵੀ ਆਪਣਾ ਆਨੰਦ ਹੁੰਦਾ।
ਮਾਸੀ ਸਾਡੇ ਨਾਲ ਕਈ ਗੱਲਾਂ ਸਾਂਝੀਆਂ ਕਰ ਲੈਂਦੀ, ਹਾਸਾ-ਠੱਠਾ ਵੀ। “ਕੀ ਪੜ੍ਹ ਕੇ ਆਇਆਂ ਅੱਜ ਸਕੂਲੋਂ?” ਖ਼ਾਸ ਤੌਰ ’ਤੇ ਇਹ ਸਵਾਲ ਉਹ ਜ਼ਰੂਰ ਪੁੱਛਦੀ। ਕਿਸੇ ਗੱਲੋਂ ਉਹ ਸਾਨੂੰ ਘੂਰ ਵੀ ਦਿੰਦੀ ਅਤੇ ਉਸ ਦੀ ਘੂਰੀ ਨੂੰ ਸਾਡੀ ਨਿਗ੍ਹਾ ਉਸ ਦੀਆਂ ਅੱਖਾਂ ’ਚੋਂ ਪੜ੍ਹ ਵੀ ਲੈਂਦੀ। ਪਤਾ ਨਹੀਂ ਕਿਉਂ, ਉਹਨੂੰ ਸਾਡੀ ਪੜ੍ਹਾਈ ਦੀ ਚਿੰਤਾ ਸਾਡੇ ਮਾਪਿਆਂ ਵਾਂਗ ਹੀ ਹੁੰਦੀ। ਬਿਨ ਮੰਗੀਆਂ ਸਲਾਹਾਂ ਵੀ ਦਿੰਦੀ ਰਹਿੰਦੀ ਤੇ ਇਹ ਸਭ ਸਾਡੇ ਮਨ ਨੂੰ ਵੀ ਛੋਂਹਦਾ। ਉਦੋਂ ਹਰ ਰਿਸ਼ਤੇ ਦਾ ਅਰਥ ਹੁੰਦਾ ਸੀ। ਰਿਸ਼ਤੇ ਨਿਭਾਏ ਵੀ ਜਾਂਦੇ। ਸ਼ਾਇਦ ਮਾਸੀ ਵੀ ਇਹ ਗੱਲ ਚੰਗੀ ਤਰ੍ਹਾਂ ਸਮਝਦੀ ਸੀ। ਭਲੇ ਵੇਲੇ ਸਨ, ਭਲੇ ਲੋਕ। ਮਾਸੀ ਕੋਲ ਪੁੱਜਣ ਤੋਂ ਪਹਿਲਾਂ ਬਹੁਤ ਕੁਝ ਮੇਰੇ ਚੇਤਿਆਂ ’ਚੋਂ ਲੰਘਿਆ।
... ਯਾਦ ਆਇਆ, ਭੱਠੀ ਮਘਦੀ ਰੱਖਣ ਲਈ ਬਾਲਣ ਪਾਉਣਾ ਜਿਵੇਂ ਸਾਡੇ ਲਈ ਮਨਭਾਉਂਦੀ ਖੇਡ ਹੋਵੇ। ਦਾਣੇ ਭੁਨਾਉਣ ਲਈ ਕਈ ਵਾਰ ਤਾਂ ਅਸੀਂ ਕੁਝ ਪੈਸੇ ਦੇ ਦਿੰਦੇ ਅਤੇ ਕਈ ਵਾਰ ਦਾਣਿਆ ਦਾ ਕੁਝ ਹਿੱਸਾ ਜਿਸ ਨੂੰ ‘ਚੁੰਗ’ ਆਖਦੇ ਸਨ। ਸਮੇਂ ਨਾਲ ਬੜਾ ਕੁਝ ਬਦਲ ਜਾਂਦਾ ਹੈ। ਵਰ੍ਹਿਆਂ ਪਹਿਲੋਂ ਜੋ ਸੀ, ਹੁਣ ਨਹੀਂ ਹੈ। ਹੁਣ ਵਾਲਾ ਵੀ ਕੱਲ੍ਹ ਨੂੰ ਪੁਰਾਣਾ ਜਾਂ ਫਿਰ ਲੋਪ ਹੋ ਜਾਵੇਗਾ। ਸੋਚਾਂ, ਮਾਹੌਲ, ਕੰਮ-ਧੰਦੇ ਵਕਤ ਨਾਲ ਬਦਲਦੇ ਹੀ ਹਨ । ਦੇਖਦੇ-ਦੇਖਦੇ ਇਹ ਅਮੀਰ ਵਿਰਾਸਤ ਘਟਦੀ ਘਟਦੀ ਖ਼ਤਮ ਹੀ ਹੋ ਗਈ। ਹੁਣ ਦੀ ਨਵੀਂ ਪੀੜ੍ਹੀ ਇਨ੍ਹਾਂ ਭੱਠੀਆ ਤੋਂ ਅਣਜਾਣ ਹੈ। ਇਨ੍ਹਾਂ ਦੀ ਥਾਂ ਚਲਦੀਆਂ ਫਿਰਦੀਆਂ ਰੇਹੜੀਆਂ ਨੇ ਲੈ ਲਈ। ਭੱਠੀਆਂ ਦੇ ਆਸ-ਪਾਸ ਦਾ ਰੌਣਕ ਮੇਲਾ ਖਿੰਡ-ਪੁੰਡ ਗਿਆ। ਪੈਕਟਾਂ ’ਚ ਬੰਦ ਸਭ ਕੁਝ ਬਾਜ਼ਾਰਾਂ ’ਚੋਂ ਮਿਲਣ ਲੱਗਾ। ਕਦੀ ਪੌਪਕੌਨ ਦੇ ਨਾਂ ਨਾਲ, ਕਦੀ ਕਿਸੇ ਹੋਰ ਬ੍ਰਾਂਡ ਹੇਠ।
ਚਾਰ ਕੁ ਘੰਟੇ ਦੇ ਸਫ਼ਰ ਪਿੱਛੋਂ ਮਾਸੀ ਕੋਲ ਪੁੱਜਿਆ। ਉਹ ਮੰਜੇ ’ਤੇ ਲੇਟੀ ਹੋਈ ਸੀ। ਮੈਨੂੰ ਦੇਖਦਿਆਂ ਹੀ ਉੱਠ ਕੇ ਬੈਠ ਗਈ। ਛੇਤੀ ਹੀ ਮੈਨੂੰ ਸਿਆਣ ਲਿਆ ਤੇ ਆਪਣੀਆਂ ਦੋਵੇਂ ਬਾਹਾਂ ਮੇਰੀ ਗਿੱਚੀ ਦੁਆਲੇ ਵਲਦਿਆਂ ਮੈਨੂੰ ਆਪਣੇ ਸੀਨੇ ਲਾ ਲਿਆ। ਉਸ ਦਾ ਸਰੀਰ ਫ਼ਿਕਰਾਂ ਤੇ ਉਮਰ ਦੇ ਥਪੇੜਿਆਂ ਨੇ ਝੰਬ ਦਿੱਤਾ ਸੀ। ਉਹਨੇ ਘੜੇ ਦਾ ਪਾਣੀ ਪੀਣ ਲਈ ਦਿੱਤਾ। “ਦੇਖ ਲੈ ਪੁੱਤ, ਤੇਰੀ ਮਾਸੀ ਦਾ ਕੀ ਹਾਲ ਹੋ ਗਿਆ। ਹੁਣ ਤਾਂ ਵਾਗਰੂ ਚੁੱਕ ਹੀ ਲਵੇ ਤਾਂ ਸ਼ੁਕਰ ਕਰੂੰ ਉਹਦਾ।” “ਨਾ ਮਾਸੀ, ਇਉਂ ਨੀ ਆਖੀਦਾ। ਹੌਲੀ-ਹੌਲੀ ਸਭ ਠੀਕ ਹੋ ਜੂ।” “ਕੀ ਕਰਾਂ? ਨੂੰਹਾਂ-ਪੁੱਤ ਨਾ ਸੁਣਦੇ, ਨਾ ਪੁੱਛਦੇ। ਸਾਰੀ ਉਮਰ ਇਨ੍ਹਾਂ ਲਈ ਭੱਠੀ ਦਾ ਸੇਕ ਝਲਦੀ ਰਹੀ ਤਾਂ ਕਿ ਇਹ ਸੁਖੀ ਰਹਿਣ। ਆਹ ਕਦਰ ਪਾਈ ਇਨ੍ਹਾਂ ਮੇਰੀ।” ਤੇ ਫਿਰ ਆਪ ਹੀ ਕਹਿਣ ਲੱਗੀ, “ਚੱਲ ਛੱਡ, ਕਿਹੜੇ ਦੁੱਖ ਮੈਂ ਫਰੋਲ ਬੈਠੀ। ਅੰਦਰ ਬੈਠ, ਮੈਂ ਰੋਟੀ ਪਕਾ ਕੇ ਲਿਆਈ ਤੇਰੇ ਲਈ। ਪਤਾ ਨਹੀਂ ਕਿਹੜੇ ਵੇਲੇ ਦਾ ਘਰੋਂ ਤੁਰਿਆ ਹੋਵੇਂਗਾ ਆਪਣੀ ਮਾਸੀ ਨੂੰ ਮਿਲਣ।” ਸਿਰ ’ਚ ਸੋਚਾਂ ਦਾ ਬੋਝ ਚੁੱਕੀ ਫਿਰਦੀ ਮਾਸੀ ਲਈ ਮੇਰਾ ਮਨ ਪਸੀਜ ਗਿਆ। “ਚੱਲ ਮਾਸੀ, ਥੋੜ੍ਹੇ ਕੁ ਦਿਨਾਂ ਲਈ ਮੇਰੇ ਕੋਲ ਆਜਾ...।” ਮੇਰਾ ਦਿਲ ਰੱਖਣ ਲਈ ਉਹਨੇ ਹਾਂ ਤਾਂ ਕੀਤੀ ਪਰ ਆਈ ਨਾ।
ਉਸ ਦਾ ਧਿਆਨ ਹੋਰ ਪਾਸੇ ਲਾਉਣ ਲਈ ਮੈਂ ਬਚਪਨ ’ਚ ਭੱਠੀ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਨ ਲੱਗਾ। “ਉਹ ਵੀ ਦਿਨ ਸਨ ਪੁੱਤ ਤੇ ਆਹ ਵੀ।” ਮਾਸੀ ਨੂੰ ਦਿਲਾਸੇ ਤਸੱਲੀਆਂ ਬਹੁਤ ਦਿੱਤੇ ਪਰ ਉਸ ਦੀ ਜ਼ਿੰਦਗੀ ਸ਼ਾਇਦ ਭੱਠੀ ’ਚ ਭੁੱਜਦੇ ਦਾਣਿਆਂ ਵਰਗੀ ਹੋ ਗਈ ਸੀ। ਉਹ ਮੈਨੂੰ ਉਦਾਸ ਹੀ ਦਿਖਾਈ ਦਿੰਦੀ ਰਹੀ। ਸੋਚਦਾ ਸਾਂ ਕਿ ਪਤਾ ਨਹੀਂ ਕਿਉਂ ਕਿਸੇ ਦੀ ਸਾਰੀ ਉਮਰ ਇਉਂ ਹੀ ਲੰਘ ਜਾਂਦੀ ਹੈ! ਵਾਪਸੀ ਸਮੇਂ ਮੈਨੂੰ ਇਹੋ ਖ਼ਿਆਲ ਆਉਂਦਾ ਰਿਹਾ, ਸ਼ਿਵ ਨੇ ਕਿਹਾ ਸੀ- ‘ਭੱਠੀ ਵਾਲੀਏ... ਪੀੜਾਂ ਦਾ ਪਰਾਗਾ ਭੁੰਨ ਦੇ...’ ਪਰ ਭੱਠੀ ਵਾਲੀ ਮਲਕੀਤੋ ਮਾਸੀ ‘ਆਪਣਾ’ ਪੀੜਾਂ ਦਾ ਪਰਾਗਾ ਭੁੰਨਣ ਲਈ ਕਿਸ ਨੂੰ ਕਹੇ... ਆਪਣੇ ਵੀ ਜਦੋਂ ਆਪਣੇ ਨਾ ਰਹੇ, ਨਾ ਹੀ ਭੱਠੀਆਂ।
ਸੰਪਰਕ: 94667-37933