ਹਰ ਘਟਨਾ ’ਤੇ ਰਾਜਨੀਤੀ ਮੰਦਭਾਗੀ
ਡਾ. ਗੁਰਤੇਜ ਸਿੰਘ
ਸੋਸ਼ਲ ਮੀਡੀਆ ’ਤੇ ਨੈਪੋਲੀਅਨ ਦਾ ਇਹ ਵਿਚਾਰ ਖੂਬ ਘੁੰਮਿਆ: ‘ਜਦੋਂ ਲੋਕ ਆਪਣੇ ਹੱਕਾਂ ਲਈ ਆਵਾਜ਼ ਚੁੱਕਣ ਤਾਂ ਉਨ੍ਹਾਂ ਨੂੰ ਧਾਰਮਿਕ ਮਾਮਲੇ ਵਿੱਚ ਉਲਝਾ ਦਿਉ, ਉਹ ਮੁੱਦੇ ਤੋਂ ਭਟਕ ਜਾਣਗੇ ਅਤੇ ਭਾਵਨਾਵਾਂ ਵਿੱਚ ਗੁਆਚ ਕੇ ਆਪਣੀ ਕੌਮ ਅੰਦਰ ਮਾਰ ਘਾਤ ਕਰਨਗੇ।’ ਦੇਸ਼ ਅੰਦਰ ਹੋਈਆਂ ਫਿ਼ਰਕੂ ਘਟਨਾਵਾਂ ਦੇ ਪ੍ਰਸੰਗ ਵਿੱਚ ਹਾਲ ਹੀ ਵਿੱਚ ਫਿਲਮੀ ਅਦਾਕਾਰ ਕੰਗਨਾ ਰਣੌਤ ਚਰਚਾ ਵਿੱਚ ਰਹੀ। ਮਸਲਾ ਚੰਡੀਗੜ੍ਹ ਹਵਾਈ ਅੱਡੇ ਉਤੇ ਸੁਰੱਖਿਆ ਕਰਮਚਾਰੀ ਨਾਲ ਹੋਈ ਤਕਰਾਰ ਸੀ। ਇਸ ਅਦਾਕਾਰਾ ਨੇ ਕਿਸਾਨੀ ਅੰਦੋਲਨ ਸਮੇਂ ਵੀ ਕਿਸਾਨਾਂ ਦੇ ਖਿਲਾਫ ਮਾੜੀ ਸ਼ਬਦਾਵਲੀ ਵਰਤੀ ਸੀ। ਇਨਸਾਫ ਪਸੰਦ ਲੋਕਾਂ ਨੂੰ ਉਸ ਦੇ ਉਹ ਬੋਲ ਬਹੁਤ ਚੁਭੇ ਸਨ। ਚੰਡੀਗੜ੍ਹ ਵਾਲੀ ਘਟਨਾ ਦਾ ਰੱਜ ਕੇ ਰਾਜਨੀਤੀਕਰਨ ਕੀਤਾ ਗਿਆ ਜੋ ਪੰਜਾਬ ਦੇ ਹਿਤ ਵਿੱਚ ਨਹੀਂ।
ਉੱਧਰ, ਹਿਮਾਚਲ ਪ੍ਰਦੇਸ਼ ਘੁੰਮਣ ਗਏ ਲੋਕਾਂ ਨਾਲ ਸਥਾਨਕ ਲੋਕਾਂ ਵੱਲੋਂ ਕੀਤੀ ਬਦਤਮੀਜ਼ੀ ਵਾਲੀਆਂ ਖਬਰਾਂ ਵਧਾ ਚੜ੍ਹਾ ਕੇ ਪੇਸ਼ ਕੀਤੀਆਂ ਗਈਆਂ। ਤਾੜੀ ਕਦੇ ਵੀ ਇੱਕ ਹੱਥ ਨਾਲ ਨਹੀਂ ਵੱਜਦੀ; ਵੱਧ ਜਾਂ ਘੱਟ, ਕਸੂਰ ਦੋਵਾਂ ਧਿਰਾਂ ਦਾ ਹੁੰਦਾ ਹੈ। ਦੋਵਾਂ ਸੂਬਿਆਂ ਦੇ ਬੁੱਧੀਜੀਵੀ ਫਿਕਰਮੰਦ ਹਨ ਪਰ ਭੜਕਾਊ ਮੀਡੀਆ ਅੱਗ ਲਗਾਉਣ ਤੋਂ ਬਾਜ ਨਹੀਂ ਆ ਰਿਹਾ। ਦਰਬਾਰੀ/ਗੋਦੀ ਮੀਡੀਆ ਪੰਜਾਬੀਆਂ ਖਾਸ ਕਰ ਕੇ ਸਿੱਖਾਂ ਨੂੰ ਨਫ਼ਰਤ ਦੀ ਨਿਗ੍ਹਾ ਨਾਲ ਦੇਖਦਾ, ਘੋਖਦਾ ਤੇ ਖਲਨਾਇਕ ਬਣਾ ਕੇ ਪੇਸ਼ ਕਰਦਾ ਹੈ।
ਝੋਨੇ ਦੇ ਸੀਜ਼ਨ ਕਾਰਨ ਪਰਵਾਸੀ ਮਜ਼ਦੂਰਾਂ ਦੀ ਆਮਦ ਸੁਭਾਵਿਕ ਹੈ, ਕਿਸਾਨ ਉਨ੍ਹਾਂ ਦੀਆਂ ਸੁੱਖ ਸਹੂਲਤਾਂ ਦਾ ਖਿਆਲ ਰੱਖਦੇ ਹਨ ਪਰ ਬਹੁਤੀ ਜਗ੍ਹਾ ਇਹ ਪਰਵਾਸੀ ਲੋਕ ਵੀ ਬਦਤਮੀਜ਼ੀ ਦੀਆਂ ਹੱਦਾਂ ਪਾਰ ਕਰ ਜਾਂਦੇ ਹਨ ਤਾਂ ਰੋਸ ਵਧਣਾ ਲਾਜ਼ਮੀ ਹੈ। ਕਿਸਾਨਾਂ ਦਾ ਮਦਦਗਾਰ ਹੋਣ ਦੀ ਗਵਾਹੀ ਮੀਡੀਆ ਕਦੇ ਨਹੀਂ ਭਰਦਾ ਪਰ ਕਿਸੇ ਪਰਵਾਸੀ ਮਜ਼ਦੂਰ ਨਾਲ ਹੋਈ ਤਕਰਾਰ ਨੂੰ ਵਧਾ-ਚੜ੍ਹਾਅ ਕੇ ਪੇਸ਼ ਕਰਦਾ ਹੈ ਤੇ ਸਿੱਖਾਂ ਨੂੰ ਖਾਲਿਸਤਾਨੀ, ਵੱਖਵਾਦੀ ਜਿਹੇ ਤਗਮਿਆਂ ਨਾਲ ਨਵਾਜਦਾ ਜੋ ਸਰਾਸਰ ਗਲਤ ਹੈ।
ਅਕਤੂਬਰ 2015 ਵਿੱਚ ਫ਼ਰੀਦਕੋਟ ਜ਼ਿਲ੍ਹੇ ਦੇ ਬਰਗਾੜੀ ਪਿੰਡ ਵਿੱਚ ਸ੍ਰੀ ਗੁਰੂੁ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਸਿੱਖਾਂ ਅਤੇ ਪੁਲੀਸ ਵਿਚਕਾਰ ਹੋਈ ਝੜਪ ਵਿੱਚ ਦੋ ਜਣਿਆਂ ਦੀ ਮੌਤ ਅਤੇ ਪੁਲੀਸ ਜਵਾਨਾਂ ਸਮੇਤ ਪੰਜਾਹ ਤੋਂ ਜਿ਼ਆਦਾ ਲੋਕ ਜ਼ਖਮੀ ਹੋਏ ਸਨ। ਦਰਅਸਲ ਜੂਨ ਵਿੱਚ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਤੋਂ ਸ੍ਰੀ ਗਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਸ਼ਰਾਰਤੀ ਅਨਸਰਾਂ ਨੇ ਚੋਰੀ ਕਰ ਲਈ ਸੀ। ਉਸ ਸਮੇਂ ਸਿੱਖ ਸੰਗਤ ਨੇ ਇਸ ਦੇ ਖਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚ ਕੀਤੀ ਅਤੇ ਰੋਸ ਮੁਜ਼ਾਹਰੇ ਵੀ ਕੀਤੇ ਪਰ ਉਨ੍ਹਾਂ ਦੇ ਕੰਨ ’ਤੇ ਜੂੰਅ ਨਹੀਂ ਸਰਕੀ। ਸ਼ਰਾਰਤੀ ਅਨਸਰਾਂ ਨੇ ਪਿੰਡ ਦੇ ਗੁਰਦੁਆਰੇ ਦੇ ਗੇਟ ’ਤੇ ਧਮਕੀ ਭਰਿਆ ਪੋਸਟਰ ਚਿਪਕਾ ਦਿੱਤਾ ਕਿ ਜੋ ਆਗੂ ਇਸ ਮਾਮਲੇ ਦੀ ਪੈਰਵੀ ਕਰ ਰਹੇ ਹਨ, ਉਨ੍ਹਾਂ ਨੂੰ ਅੰਜਾਮ ਭੁਗਤਣਾ ਪੈ ਸਕਦਾ ਹੈ। ਬਾਅਦ ਵਿੱਚ ਬਰਗਾੜੀ ਪਿੰਡ ਵਿੱਚ ਸ੍ਰੀ ਗੁਰੂੁ ਗ੍ਰੰਥ ਸਾਹਿਬ ਦੇ 125 ਅੰਗ ਖਿੱਲਰੇ ਮਿਲੇ ਜਿਸ ਨੇ ਲੋਕਾਂ ਦਾ ਰੋਹ ਭੜਕਾ ਦਿੱਤਾ। ਲੋਕਾਂ ਦੇ ਸ਼ਾਂਤਮਈ ਰੋਸ ਪ੍ਰਦਰਸ਼ਨ ਉੱਤੇ ਪੁਲੀਸ ਦੁਆਰਾ ਚਲਾਈ ਗੋਲੀ ਨੇ ਪ੍ਰਸ਼ਾਸਨ ਅਤੇ ਪੁਲੀਸ ਕਾਰਗੁਜ਼ਾਰੀ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ।
ਸੋਚਣ ਵਾਲੀ ਗੱਲ ਇਹ ਹੈ ਕਿ ਪੁਲੀਸ ਬਹੁਤ ਬਾਅਦ ਵਿੱਚ ਹਰਕਤ ਵਿੱਚ ਆਈ। ਜੇ ਪੁਲੀਸ ਨੇ ਤਿੰਨ ਮਹੀਨੇ ਪਹਿਲਾਂ ਚੁਸਤੀ ਦਿਖਾਈ ਹੁੰਦੀ ਤਾਂ ਹਾਲਾਤ ਟਾਲੇ ਜਾ ਸਕਦੇ ਸਨ। ਇਤਿਹਾਸ ਗਵਾਹ ਹੈ ਕਿ ਦੇਸ਼ ਅਤੇ ਸੂਬਾ ਸਰਕਾਰਾਂ ਨੇ ਜਦੋਂ ਵੀ ਕਿਸੇ ਮੁੱਦੇ ’ਤੇ ਦਰੁਸਤ ਫ਼ੈਸਲਾ ਲੈਣ ਵਿੱਚ ਕੁਤਾਹੀ ਕੀਤੀ ਹੈ, ਇਸ ਦੇ ਗ਼ੰਭੀਰ ਨਤੀਜਿਆਂ ਦਾ ਸੰਤਾਪ ਲੋਕਾਂ ਨੇ ਭੁਗਤਿਆ। ਅਸਲ ਵਿਚ, ਦੇਸ਼ ਅੰਦਰ ਹੁੰਦੀਆਂ ਫਿ਼ਰਕੂ ਤੇ ਹੋਰ ਘਟਨਾਵਾਂ ਨੂੰ ਹਮੇਸ਼ਾ ਰਾਜਨੀਤੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਸਿਆਸੀ ਪਾਰਟੀਆਂ ਹਰ ਘਟਨਾ ’ਤੇ ਆਪਣੀਆਂ ਸਿਆਸੀ ਰੋਟੀਆਂ ਸੇਕਦੀਆਂ ਹਨ। ਧਰਮ ਤੇ ਜਾਤ ਦੀ ਰਾਜਨੀਤੀ ਭਾਰੂ ਹੈ। 2015 ਵਿਚ ਦਾਦਰੀ ਕਾਂਡ ਵਿੱਚ ਅਖਲਾਕ ਨੂੰ ਗਊ ਹੱਤਿਆ ਦੇ ਕਥਿਤ ਦੋਸ਼ ਲਾ ਕੇ ਮਾਰ ਦਿੱਤਾ ਗਿਆ। ਇਸ ਪੂਰੇ ਘਟਨਾਕ੍ਰਮ ਬਾਰੇ ਸੋਸ਼ਲ ਮੀਡੀਆ ’ਤੇ ਚਰਚਾ ਬੜੀ ਨਾਕਾਰਾਤਕ ਸੀ। ਸੋਸ਼ਲ ਮੀਡੀਆ ਦੀ ਅਫ਼ਵਾਹ ਨੇ ਇਸ ਝੂਠ ਨੂੰੰ ਸੱਚ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਹੱਸਦੇ-ਵਸਦੇ ਪਰਿਵਾਰ ਦਾ ਬੇਕਸੂਰ ਜੀਅ ਕੱਟੜਪੰਥੀਆਂ ਦੀ ਨਫ਼ਰਤ ਦਾ ਸ਼ਿਕਾਰ ਹੋ ਗਿਆ।
ਅਜਿਹੇ ਮਸਲੇ ਕੋਈ ਨਵੇਂ ਨਹੀਂ ਤੇ ਵੱਖ-ਵੱਖ ਸਰਕਾਰਾਂ ਦੇ ਕਾਰਜਕਾਲ ਸਮੇਂ ਇਹ ਵਾਪਰਦੇ ਹਨ ਪਰ&ਨਬਸਪ; ਹੈਰਾਨੀ ਦੀ ਗੱਲ ਹੈ ਕਿ ਸਰਕਾਰਾਂ ਦੀ ਪਹੁੰਚ ਉਹੀ ਰਹਿੰਦੀ ਹੈ ਅਤੇ ਇਨ੍ਹਾਂ ਉੱਪਰ ਸੌੜੀ ਰਾਜਨੀਤੀ ਕੀਤੀ ਜਾਂਦੀ ਹੈ। ਛੋਟੇ ਤੋਂ ਛੋਟੇ ਮਸਲੇ ਨੂੰ ਫ਼ਿਰਕੂ ਰੰਗਤ ਦੇ ਕੇ ਦੇਸ਼, ਸਮਾਜ ਤੇ ਭਾਈਚਾਰੇ ਦੇ ਮਾਹੌਲ ਨੂੰ ਢਾਹ ਲਾਈ ਜਾਂਦੀ ਹੈ। ਇਸ ਕਰ ਕੇ ਲੋਕਾਂ ਨੂੰ ਇਹ ਸਮਝਣਾ ਪਵੇਗਾ ਕਿ ਨੇਤਾ ਮਖੌਟੇ ਬਦਲ-ਬਦਲ ਕੇ ਕੁਰਸੀਆਂ ’ਤੇ ਕਾਬਜ਼ ਹੁੰਦੇ ਰਹਿੰਦੇ ਹਨ ਤੇ ਅੰਦਰਖਾਤੇ ਸਭ ਇੱਕੋ ਜਿਹੇ ਹਨ।
ਮੁੱਕਦੀ ਗੱਲ, ਸਭ ਤੋਂ ਪਹਿਲਾਂ ਦੇਸ਼ ਅੰਦਰ ਅਜਿਹੇ ਪ੍ਰਬੰਧਾਂ ਦੀ ਲੋੜ ਹੈ ਕਿ ਫਿ਼ਰਕੂ ਘਟਨਾਵਾਂ ਨਾ ਵਾਪਰਨ। ਮੀਡੀਆ ਇਨ੍ਹਾਂ ਨਾਜ਼ੁਕ ਮੁੱਦਿਆਂ ’ਤੇ ਸੰਜੀਦਗੀ ਨਾਲ ਤੱਥ ਪੇਸ਼ ਕਰੇ। ਅਫ਼ਵਾਹਾਂ ਦਾ ਹਰ ਹਾਲ ਖੰਡਨ ਹੋਵੇ। ਰਾਜਨੀਤਕ ਲੋਕ ਹਰ ਮੁੱਦੇ ’ਤੇ ਸਿਆਸੀ ਰੋਟੀਆਂ ਨਾ ਸੇਕਣ ਅਤੇ ਫੋਕੀ ਵਾਹ-ਵਾਹ ਲਈ ਭੜਕਾਊ ਭਾਸ਼ਣਾਂ ਤੋਂ ਪ੍ਰਹੇਜ ਕਰਨ। ਆਪਣੀ ਚੌਧਰ ਲਈ ਇਨਸਾਨੀ ਜਾਨਾਂ ਦਾਅ ’ਤੇ ਨਾਂ ਲਗਾਈਆਂ ਜਾਣ। ਸੋਸ਼ਲ ਮੀਡੀਆ ’ਤੇ ਨਜ਼ਰਸਾਨੀ ਜ਼ਰੂਰੀ ਹੈ। ਭੜਕਾਊ ਸਮੱਗਰੀ ਫੈਲਾਉਣ ਵਾਲਿਆਂ ਵਿਰੁੱਧ ਸਖ਼ਤੀ ਕੀਤੀ ਜਾਵੇ। ਧਰਮ ਅਤੇ ਹੋਰ ਸੰਵੇਦਨਸ਼ੀਲ ਮਸਲਿਆਂ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖਸ਼ਿਆ ਨਾ ਜਾਵੇ। ਸ਼ਰਾਰਤੀ ਅਨਸਰਾਂ ਨੂੰ ਸ਼ਹਿ ਦੇਣ ਵਾਲੇ ਰਾਜਨੀਤਕ, ਧਾਰਮਿਕ ਆਗੂਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਪੁਲੀਸ ਆਪਣਾ ਰਵੱਈਆ ਜ਼ਰੂਰ ਸਕਾਰਾਤਮਕ ਕਰੇ। ਲੋਕ ਵੀ ਅਜਿਹੀਆਂ ਘਟਨਾਵਾਂ ਸਮੇ ਸੰਜਮ ਰੱਖਣ, ਜਲਦਬਾਜ਼ੀ ਦੀ ਜਗ੍ਹਾ ਸੋਚ ਵਿਚਾਰ ਕੇ ਕਦਮ ਪੁੱਟਣ। ਸੋ ਇਨ੍ਹਾਂ ਵਰਤਾਰਿਆਂ ਬਾਰੇ ਜਾਗਰੂਕ ਹੋਣ ਦੀ ਲੋੜ ਹੈ।
ਸੰਪਰਕ: 95173-96001