ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਰਨਾਟਕ ਵਿੱਚ ਧਰਮ ਦੁਆਲੇ ਘੁੰਮਦੀ ਸਿਆਸਤ

08:09 AM Feb 11, 2024 IST

ਰਾਮਚੰਦਰ ਗੁਹਾ

ਕਰਨਾਟਕ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ ਮਈ 2023 ’ਚ ਹੋਈਆਂ ਸਨ। ਇਨ੍ਹਾਂ ਤੋਂ ਕਈ ਮਹੀਨੇ ਪਹਿਲਾਂ ਮੁਕਾਮੀ ਅਖ਼ਬਾਰਾਂ ਦੀਆਂ ਸੁਰਖੀਆਂ ਚਾਰ ਮੁੱਖ ਮੁੱਦਿਆਂ ’ਤੇ ਕੇਂਦਰਿਤ ਹੁੰਦੀਆਂ ਸਨ। ਪਹਿਲਾ, ਸਕੂਲਾਂ ਤੇ ਕਾਲਜਾਂ ਵਿੱਚ ਪੜ੍ਹਨ ਜਾਂਦੀਆਂ ਮੁਸਲਿਮ ਮੁਟਿਆਰਾਂ ਵੱਲੋਂ ਸਿਰ ’ਤੇ ਹਿਜਾਬ ਪਾਉਣ ਦਾ ਮੁੱਦਾ ਸੀ। ਦੂਜਾ, ਕਈ ਮੁਸਲਮਾਨਾਂ ਵੱਲੋਂ ਹਲਾਲ ਮੀਟ ਖਾਣ ਦਾ ਸੀ। ਤੀਜਾ ਮੁੱਦਾ ਕਿਸੇ ਮੁਸਲਿਮ ਨੌਜਵਾਨ ਅਤੇ ਹਿੰਦੂ ਮੁਟਿਆਰ ਵਿਚਕਾਰ ਪਿਆਰ ਅਤੇ ਵਿਆਹ ਕਰਾਉਣ ਦੀ ਚਾਹਤ ਨਾਲ ਜੁੜਿਆ ਹੁੰਦਾ ਸੀ। ਚੌਥਾ ਮੁੱਦਾ ਮੌਜੂਦਾ ਸਮਿਆਂ ਦੇ ਕਰਨਾਟਕ ਦੇ ਖੇਤਰ ਵਿੱਚ ਕਿਸੇ ਵੇਲੇ ਰਾਜ ਕਰਨ ਵਾਲੇ ਅਤੇ ਤਕਰੀਬਨ ਦੋ ਸੌ ਸਾਲ ਪਹਿਲਾਂ ਅੰਗਰੇਜ਼ਾਂ ਨਾਲ ਲੜਾਈ ਵਿੱਚ ਮਾਰੇ ਗਏ ਰਾਜੇ ਦੇ ਇਤਿਹਾਸ ਵਿੱਚ ਸਥਾਨ ਨਾਲ ਜੁੜਿਆ ਹੁੰਦਾ ਸੀ।
ਕਰਨਾਟਕ ਦੇ ਵੋਟਰਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਲਈ ਇਨ੍ਹਾਂ ਚਾਰੋਂ ਮੁੱਦਿਆਂ ਹਿਜਾਬ, ਹਲਾਲ, ਲਵ ਜਹਾਦ ਅਤੇ ਟੀਪੂ ਸੁਲਤਾਨ ਦਾ ਰੱਜ ਕੇ ਇਸਤੇਮਾਲ ਕੀਤਾ ਗਿਆ। ਚੇਤੇ ਰਹੇ ਕਿ ਉਸ ਸੂਬੇ (ਜਿੱਥੇ ਮੈਂ ਖ਼ੁਦ ਵੀ ਵਸਦਾ ਹਾਂ) ਦੇ ਰੁਜ਼ਗਾਰ, ਮਹਿੰਗਾਈ, ਸਕੂਲਾਂ, ਹਸਪਤਾਲਾਂ ਤੇ ਸੜਕਾਂ ਦੀ ਹਾਲਤ, ਹਵਾ ਤੇ ਪਾਣੀ ਦੀ ਦਸ਼ਾ ਜਾਂ ਇਸ ਤਰ੍ਹਾਂ ਦੇ ਹੋਰ ਮੁੱਦਿਆਂ ਦੀ ਕੋਈ ਚਰਚਾ ਹੀ ਨਹੀਂ ਸੀ ਜੋ ਉਸ ਸੂਬੇ ਦੇ ਛੇ ਕਰੋੜ ਲੋਕਾਂ ਲਈ ਅਹਿਮੀਅਤ ਰੱਖਦੇ ਹਨ। ਇਸ ਦਾ ਨਿਰੋਲ ਕਾਰਨ ਸਿਆਸੀ ਸੀ। ਭਾਜਪਾ ਉਦੋਂ ਸੱਤਾ ਵਿੱਚ ਸੀ ਜਿਸ ਦੀ ਲੋਕਪ੍ਰਿਅਤਾ ਘਟ ਰਹੀ ਸੀ; ਅਤੇ ਖ਼ਾਸਕਰ ਉਸ ਦਾ ਮੁੱਖ ਮੰਤਰੀ ਬਿਲਕੁਲ ਵੀ ਕਾਰਗਰ ਭੂਮਿਕਾ ਨਹੀਂ ਨਿਭਾ ਰਿਹਾ ਸੀ। ਲੋਕਾਂ ਅੰਦਰ ਸੱਤਾ ਵਿਰੋਧੀ ਭਾਵਨਾਵਾਂ ਨੂੰ ਭਾਂਪ ਕੇ ਦਿੱਲੀ ਵਿੱਚ ਬੈਠੇ ਪਾਰਟੀ ਦੇ ਆਕਾਵਾਂ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਨੂੰ ਪੂਰੀ ਤਰ੍ਹਾਂ ਹਿੰਦੂ ਬਨਾਮ ਮੁਸਲਮਾਨ ਮੁੱਦੇ ਦੁਆਲੇ ਲੜਨ ਦਾ ਫ਼ੈਸਲਾ ਕੀਤਾ। ਭਾਜਪਾ ਨੇ ਹਿਜਾਬ, ਹਲਾਲ ਅਤੇ ਅੰਤਰ-ਧਰਮ ਵਿਆਹਾਂ ਨੂੰ ਮੁੱਦਾ ਬਣਾ ਕੇ ਭਾਰਤੀ ਮੁਸਲਮਾਨਾਂ ਨੂੰ ਗ਼ੈਰ ਅਤੇ ਬੇਇਤਬਾਰੇ ਦਿਖਾਉਣ ਦੀ ਕੋਸ਼ਿਸ਼ ਕਰਦਿਆਂ ਇਹ ਆਸ ਲਾਈ ਕਿ ਇਸ ਤਰ੍ਹਾਂ ਹਿੰਦੂ ਬਹੁਗਿਣਤੀ ਆਬਾਦੀ ਉਸ ਦੇ ਹੱਕ ਵਿੱਚ ਲਾਮਬੰਦ ਹੋ ਜਾਵੇਗੀ। ਸੜਿਆਂਦ ਮਾਰਦੇ ਇਸ ਏਜੰਡੇ ਨੂੰ ਅਗਾਂਹ ਚਲਾਉਣ ਲਈ ਸੱਤਾਧਾਰੀ ਪਾਰਟੀ ਦੀ ਵੱਟਸਐਪ ਫੈਕਟਰੀ ਨੇ ਕੁਝ ਬੱਜਰ ਝੂਠ ਘੜ ਲਏ ਜਿਨ੍ਹਾਂ ’ਚ ਇੱਕ ਇਹ ਦਾਅਵਾ ਵੀ ਸ਼ਾਮਲ ਸੀ ਕਿ ਟੀਪੂ ਸੁਲਤਾਨ ਨੂੰ ਮਾਰਨ ਵਾਲੇ ਈਸਟ ਇੰਡੀਆ ਕੰਪਨੀ ਦੇ ਫ਼ੌਜੀ ਨਹੀਂ ਸਗੋਂ ਵੋਕਾਲਿਗਾ ਲੜਾਕੇ ਸਨ।
ਇਹ ਸਾਰੇ ਪੈਂਤੜੇ ਨਿਹਫ਼ਲ ਸਿੱਧ ਹੋਏ। ਕਾਂਗਰਸ ਨੇ ਕਰਨਾਟਕ ਚੋਣਾਂ ਵਿੱਚ ਆਸਾਨੀ ਨਾਲ ਬਹੁਮੱਤ ਹਾਸਲ ਕਰ ਲਿਆ ਅਤੇ ਪਾਰਟੀ ਦੀ ਇਸ ਜਿੱਤ ਵਿੱਚ ਦੋ ਕਾਰਕਾਂ ਦਾ ਮੁੱਖ ਯੋਗਦਾਨ ਰਿਹਾ। ਪਹਿਲਾ, ਹਿੰਦੀ ਭਾਸ਼ੀ ਸੂਬਿਆਂ ਦੇ ਉਲਟ ਹਾਲੇ ਤੱਕ ਕਰਨਾਟਕ ਵਿੱਚ ਪਾਰਟੀ ਦਾ ਆਧਾਰ ਕਾਇਮ ਹੈ। ਦੂਜਾ ਇਹ ਕਿ ਪਾਰਟੀ ਦੀ ਸੂਬਾਈ ਇਕਾਈ ਦੇ ਮੋਹਰੀ ਆਗੂਆਂ ਖ਼ਾਸਕਰ ਸਿੱਧਾਰਮਈਆ ਅਤੇ ਡੀ.ਕੇ. ਸ਼ਿਵਕੁਮਾਰ ਨੇ ਕਾਫ਼ੀ ਹੱਦ ਤੱਕ ਮਿਲ ਜੁਲ ਕੇ ਕੰਮ ਕੀਤਾ (ਨਾ ਕਿ ਰਾਜਸਥਾਨ ਅਤੇ ਛੱਤੀਸਗੜ੍ਹ ਜਿਹੇ ਉੱਤਰੀ ਸੂਬਿਆਂ ਵਾਂਗ ਜਿੱਥੇ ਕਾਂਗਰਸ ਦੇ ਆਗੂਆਂ ਵਿਚਕਾਰ ਸਿਰੇ ਦੀ ਖਹਬਿਾਜ਼ੀ ਦੇਖਣ ਨੂੰ ਮਿਲ ਰਹੀ ਸੀ)।
ਮੁੱਖ ਮੰਤਰੀ ਸਿੱਧਾਰਮਈਆ ਅਤੇ ਉਪ ਮੁੱਖ ਮੰਤਰੀ ਸ਼ਿਵਕੁਮਾਰ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਨੇ ਲੰਘੇ ਨਵੰਬਰ ਵਿੱਚ ਛੇ ਮਹੀਨਿਆਂ ਦਾ ਕਾਰਜ ਕਾਲ ਪੂਰਾ ਕਰ ਲਿਆ ਸੀ। ਇਸ ਅਰਸੇ ਦੌਰਾਨ ਅਖ਼ਬਾਰਾਂ ਦੀਆਂ ਸੁਰਖੀਆਂ ’ਚੋਂ ਹਿਜਾਬ, ਹਲਾਲ ਅਤੇ ਟੀਪੂ ਸੁਲਤਾਨ ਜਿਹੇ ਮੁੱਦਿਆਂ ਦੀ ਥਾਂ ਕਮਜ਼ੋਰ ਮੌਨਸੂਨ ਦੇ ਖੇਤੀਬਾੜੀ ਉਪਰ ਅਸਰ, ਬੰਗਲੁਰੂ ਵਿੱਚ ਸੜਕਾਂ ਅਤੇ ਜਨਤਕ ਟਰਾਂਸਪੋਰਟ ਦੀ ਮਾੜੀ ਦਸ਼ਾ, ਮੰਤਰੀਆਂ ਵੱਲੋਂ ਅਫ਼ਸਰਾਂ ਦੇ ਤਬਾਦਲਿਆਂ ਵਿੱਚ ਕੁਨਬਾਪਰਵਰੀ ਅਤੇ ਭ੍ਰਿਸ਼ਟਾਚਾਰ ਜਿਹੇ ਮੁੱਦੇ ਆਉਣ ਲੱਗੇ। ਇਸ ਤਬਦੀਲੀ ਨਾਲ ਮੈਨੂੰ ਕਾਫ਼ੀ ਤਸੱਲੀ ਹੋਈ ਹੈ। ਸਾਫ਼ ਜ਼ਾਹਿਰ ਹੈ ਕਿ ਚੋਣਾਂ ਤੋਂ ਪਹਿਲਾਂ ਮੀਡੀਆ ਨੇ ਉਸ ਵੇਲੇ ਦੀ ਸੱਤਾਧਾਰੀ ਪਾਰਟੀ ਦੇ ਸਿੱਧੇ ਜਾਂ ਅਸਿੱਧੇ ਦਬਾਓ ਹੇਠ ਆ ਕੇ ਹੀ ਹਿੰਦੂ ਮੁਸਲਿਮ ਸਵਾਲ ਉਠਾਇਆ ਸੀ। ਸਾਲ 2023 ਦੇ ਆਖ਼ਰੀ ਹਫ਼ਤੇ ਵਿੱਚ ਮੈਂ ਆਪਣੇ ਕੁਝ ਦੋਸਤਾਂ ਨਾਲ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਬਦਲਾਅ ਦੀ ਗੱਲ ਕੀਤੀ ਸੀ ਜਿਨ੍ਹਾਂ ਨੇ ਇਸ ਦੀ ਤਸਦੀਕ ਵੀ ਕੀਤੀ ਸੀ।
ਉਂਝ, ਮੇਰਾ ਇਹ ਧਰਵਾਸ ਬਹੁਤੀ ਦੇਰ ਕਾਇਮ ਨਹੀਂ ਰਿਹਾ ਕਿਉਂਕਿ ਧਰਮਾਂ ਨਾਲ ਜੁੜੇ ਸਵਾਲ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਾਵੀ ਹੋਣ ਲੱਗ ਪਏ ਹਨ। ਕੁਝ ਮਹੀਨਿਆਂ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ ਅਤੇ ਕਰਨਾਟਕ ਦੀਆਂ 28 ਸੀਟਾਂ ਕੋਈ ਘੱਟ ਵੁੱਕਤ ਨਹੀਂ ਰੱਖਦੀਆਂ। ਇਸ ਲਈ ਭਾਜਪਾ ਦੀ ਸੂਬਾਈ ਇਕਾਈ ਨੇ ਨਵੇਂ ਸਿਰਿਓਂ ਹਿੰਦੂ ਵੋਟ ਬੈਂਕ ਦੀ ਗੋਲਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ। ਅਯੁੱਧਿਆ ਵਿੱਚ ਰਾਮ ਮੰਦਰ ਦੇ ਉਦਘਾਟਨ ਜਿਸ ਰਾਹੀਂ ਉਨ੍ਹਾਂ ਨੂੰ ਬਹੁਗਿਣਤੀਵਾਦੀ ਲਹਿਰ ਪੈਦਾ ਹੋਣ ਦੀ ਆਸ ਹੈ, ਨਾਲ ਵੀ ਉਨ੍ਹਾਂ ਦਾ ਮਨੋਬਲ ਵਧਿਆ ਹੈ।
ਇਸੇ ਪ੍ਰੋਗਰਾਮ ਤਹਿਤ ਕਰਨਾਟਕ ਭਾਜਪਾ ਨੇ ਮਾਂਡਿਆ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਪੋਲ ਅਤੇ ਝੰਡੇ ਨੂੰ ਲੈ ਕੇ ਰੇੜਕਾ ਪੈਦਾ ਕਰ ਦਿੱਤਾ ਹੈ। ਹਿੰਦੂਤਵੀ ਕਾਰਕੁਨ ਜ਼ੋਰ ਦੇ ਰਹੇ ਹਨ ਕਿ ਇਹ ਜਗ੍ਹਾ ਇੱਕ ਪੁਰਾਣੇ ਹਨੂੰਮਾਨ ਮੰਦਰ ਨਾਲ ਜੁੜੀ ਹੋਣ ਕਰਕੇ ਇੱਥੇ ਭਗਵਾਂ ਝੰਡਾ ਲਹਿਰਾਇਆ ਜਾਣਾ ਚਾਹੀਦਾ ਹੈ। ਸੂਬਾਈ ਪ੍ਰਸ਼ਾਸਨ ਦਾ ਵਿਚਾਰ ਹੈ ਕਿ ਇਹ ਖੰਭਾ ਸਰਕਾਰੀ ਜ਼ਮੀਨ ’ਤੇ ਗੱਡਿਆ ਹੋਇਆ ਹੈ ਜਿਸ ਕਰਕੇ ਇੱਥੇ ਰਾਸ਼ਟਰੀ ਝੰਡਾ ਹੀ ਲਹਿਰਾਇਆ ਜਾ ਸਕਦਾ ਹੈ, ਜਾਂ ਫਿਰ ਇਸ ਦੇ ਨਾਲ ਲਾਲ ਅਤੇ ਪੀਲੇ ਰੰਗ ਦਾ ਕਰਨਾਟਕ ਦਾ ਝੰਡਾ ਲਹਿਰਾਇਆ ਜਾ ਸਕਦਾ ਹੈ। ਇੰਝ ਇੱਕ ਮਾਮੂਲੀ ਜਿਹੇ ਮੁਕਾਮੀ ਮੁੱਦੇ ਨੂੰ ਭਾਜਪਾ ਵੱਲੋਂ ਤੂਲ ਦਿੱਤੀ ਜਾ ਰਹੀ ਹੈ। ਕਰਨਾਟਕ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਆਰ. ਅਸ਼ੋਕ ਨੇ ਪਿੰਡ ਪਹੁੰਚ ਕੇ ਦੋਸ਼ ਲਗਾਇਆ ਕਿ ਕਾਂਗਰਸ ਸਰਕਾਰ ਨੇ ਇੱਕ ਜਨਤਕ ਖੰਭੇ ’ਤੇ ਭਗਵਾਂ ਝੰਡਾ ਲਹਿਰਾਉਣ ਦੀ ਆਗਿਆ ਨਾ ਦੇ ਕੇ ਹਿੰਦੂ ਭਾਈਚਾਰੇ ਦਾ ਅਪਮਾਨ ਕੀਤਾ ਹੈ। ਇਸ ਮੌਕੇ ਵੱਡੀ ਰੈਲੀ ਕੱਢੀ ਗਈ ਜਿਸ ਵਿੱਚ ਭਾਜਪਾ ਆਗੂ ਜਨਤਾ ਦਲ (ਐੱਸ) ਦੇ ਆਗੂ ਐਚ.ਡੀ. ਕੁਮਾਰਾਸਵਾਮੀ ਨਾਲ ਖੜ੍ਹੇ ਦਿਖਾਈ ਦੇ ਰਹੇ ਸਨ ਜੋ ਨਿੱਜੀ ਫ਼ਾਇਦਿਆਂ ਲਈ ਖੇਮੇ ਬਦਲਣ ਵਿੱਚ ਨਿਤੀਸ਼ ਕੁਮਾਰ ਜਿੱਡੇ ਹੀ ਉਸਤਾਦ ਸਮਝੇ ਜਾਂਦੇ ਹਨ। ਮੌਕਾਪ੍ਰਸਤੀ ਦਾ ਖੁੱਲ੍ਹ ਕੇ ਮੁਜ਼ਾਹਰਾ ਕਰਦੇ ਹੋਏ ਉਨ੍ਹਾਂ ਭਗਵਾਂ ਸ਼ਾਲ ਪਹਿਨਿਆ ਹੋਇਆ ਸੀ, ਭਾਵੇਂ ਉਨ੍ਹਾਂ ਦੀ ਪਾਰਟੀ ਦੇ ਨਾਂ ਵਿੱਚ ਅੰਗਰੇਜ਼ੀ ਦੇ ਅੱਖਰ ‘ਐੱਸ’ ਦਾ ਮਤਲਬ ਸੈਕੁਲਰਿਜ਼ਮ ਭਾਵ ਧਰਮ ਨਿਰਪੱਖਤਾ ਹੁੰਦਾ ਹੈ।
ਮਾਂਡਿਆ ਵਿੱਚ ਝੰਡੇ ਦਾ ਮੁੱਦਾ ਜਨਵਰੀ ਦੇ ਆਖ਼ਰੀ ਹਫ਼ਤੇ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਛਾਇਆ ਰਿਹਾ ਸੀ। ਸੂਬੇ ਵਿੱਚ ਕੁਝ ਹੋਰ ਜਨਤਕ ਥਾਵਾਂ ’ਤੇ ਵੀ ਭਗਵੇਂ ਝੰਡੇ ਲਾਉਣ ਦੀ ਯੋਜਨਾ ਬਣਾਈ ਗਈ ਜਿਨ੍ਹਾਂ ਵਿੱਚ ਸੰਵੇਦਨਸ਼ੀਲ ਤੱਟੀ ਖੇਤਰ ਵੀ ਸ਼ਾਮਲ ਹਨ। ਇਸ ਦੌਰਾਨ, ਕੁਝ ਹੋਰ ਤਰੀਕਿਆਂ ਰਾਹੀਂ ਵੀ ਧਰੁਵੀਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੋ ਫਰਵਰੀ ਨੂੰ ‘ਡੈਕਨ ਹੈਰਲਡ’ ਅਖ਼ਬਾਰ ਨੇ ਇੱਕ ਰਿਪੋਰਟ ਛਾਪੀ ਹੈ ਜਿਸ ਵਿੱਚ ਭਾਜਪਾ ਦੇ ਸੀਨੀਅਰ ਆਗੂ ਸੀ.ਟੀ. ਰਵੀ ਪਾਰਟੀ ਦੇ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਆਖ ਰਹੇ ਸਨ ਕਿ ਬਿਦਰ ਜ਼ਿਲ੍ਹੇ ਵਿੱਚ ਇੱਕ ਮੁਸਲਿਮ ਫ਼ਕੀਰ ਦੀ ਦਰਗਾਹ ਮੂਲ ਰੂਪ ਵਿੱਚ 12ਵੀਂ ਸਦੀ ਦੇ ਹਿੰਦੂ ਸੁਧਾਰਕ ਬਾਸਵੰਨਾ ਵੱਲੋਂ ਬਣਾਇਆ ਗਿਆ ਇੱਕ ‘ਮੰਤਪ’ ਸੀ। ਉਨ੍ਹਾਂ ਆਖਿਆ ਕਿ ਇਸ ਨੂੰ ਮੂਲ ਰੂਪ ਵਿੱਚ ਪੁਨਰ ਸਥਾਪਤ ਕਰਨ ਦੀ ਲੋੜ ਹੈ ਅਤੇ ਉਨ੍ਹਾਂ ਵਾਅਦਾ ਕੀਤਾ ਕਿ ਜੇ ਭਾਜਪਾ ਸੂਬੇ ਦੀ ਸੱਤਾ ਵਿੱਚ ਆਈ ਤਾਂ ਉਹ ਇਹ ਕਰੇਗੀ।
ਇਸ ਤੋਂ ਬਾਅਦ ਸ੍ਰੀ ਰਵੀ ਆਮ ਚੋਣਾਂ ਦੀ ਗੱਲ ਕਰਦਿਆਂ ਕੁਝ ਟਿੱਪਣੀਆਂ ਕਰਦੇ ਹਨ ਜਿਨ੍ਹਾਂ ਦਾ ਸਾਰ ਅਖ਼ਬਾਰ ਦੀ ਰਿਪੋਰਟ ਮੁਤਾਬਿਕ ਇਸ ਪ੍ਰਕਾਰ ਹੈ: ‘ਇਹ ਕਾਸ਼ੀ ਵਿਸ਼ਵਨਾਥ ਤੇ ਔਰੰਗਜ਼ੇਬ, ਸੋਮਨਾਥ ਤੇ ਗਜ਼ਨੀ, ਅਤੇ ਹਨੂੰਮਾਨ ਤੇ ਟੀਪੂ ਸੁਲਤਾਨ ਵਿਚਕਾਰ ਚੋਣ ਹੈ। ਕਾਸ਼ੀ ਅਤੇ ਮਥੁਰਾ ਵਿੱਚ ਵਿਸ਼ਾਲ ਮੰਦਰ ਉਸਾਰਨ ਲਈ ਸ੍ਰੀ ਮੋਦੀ ਨੂੰ ਦੁਬਾਰਾ ਸੱਤਾ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ।’ ਇੱਕੀਵੀਂ ਸਦੀ ਦੀ ਕੋਈ ਚੋਣ ਮੱਧਕਾਲ ਦੀ ਨਫ਼ਰਤ ਅਤੇ ਵੈਰ ਵਿਰੋਧ ਦੇ ਆਧਾਰ ’ਤੇ ਲੜੀ ਜਾ ਰਹੀ ਹੈ। ਕਰਨਾਟਕ ਵਿੱਚ ਭਾਜਪਾ ਦੇ ਆਗੂਆਂ ਦੀਆਂ ਇਹੋ ਜਿਹੀਆਂ ਤਕਰੀਰਾਂ ਕੋਈ ਹੈਰਤ ਦੀ ਗੱਲ ਨਹੀਂ ਹਨ ਪਰ ਗੌਰਤਲਬ ਅਤੇ ਨਾਲ ਹੀ ਮਾਯੂਸਕੁਨ ਗੱਲ ਇਹ ਹੈ ਕਿ ਸੂਬੇ ਵਿੱਚ ਕਾਂਗਰਸ ਆਗੂਆਂ ਵੱਲੋਂ ਵੀ ਹਿੰਦੂਆਂ ਨੂੰ ਖ਼ੁਸ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਸਿਆਸਤ ਅਤੇ ਸਰਕਾਰੀ ਢਾਂਚੇ ਨੂੰ ਬਹੁਗਿਣਤੀਵਾਦੀ ਮੁਹਾਵਰੇ ਵਿੱਚ ਹੀ ਚਲਾਇਆ ਜਾਣਾ ਚਾਹੀਦਾ ਹੈ। ਰਾਮਾਲਿੰਗਾ ਰੈਡੀ ਦਾ ਕੇਸ ਹੀ ਲੈ ਲਓ ਜੋ ਕਿ ਕਰਨਾਟਕ ਦੀ ਕੈਬਨਿਟ ਵਿੱਚ ਸੀਨੀਅਰ ਮੰਤਰੀ ਹਨ ਅਤੇ ਰਾਜ ਦੇ ਧਾਰਮਿਕ ਸਥਾਨਾਂ ਦੀ ਦੇਖ-ਰੇਖ ਵਾਲਾ ਵਿਭਾਗ ਸੰਭਾਲ ਰਹੇ ਹਨ। ਰੈਡੀ ਨੇ ਇੱਕ ਹੁਕਮ ਜਾਰੀ ਕੀਤਾ ਸੀ ਕਿ 22 ਜਨਵਰੀ ਜਿਸ ਦਿਨ ਭਾਜਪਾ ਵੱਲੋਂ ਅਯੁੱਧਿਆ ਵਿੱਚ ਮੰਦਰ ਦੇ ਉਦਘਾਟਨ ਮੁਤੱਲਕ ਸਮਾਗਮ ਕਰਵਾਏ ਜਾ ਰਹੇ ਸਨ, ਨੂੰ ਸਾਰੇ ਮੰਦਰਾਂ ਵਿੱਚ ਪੂਜਾ ਕੀਤੀ ਜਾਵੇ। ਜਦੋਂ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਤੋਂ ਉਨ੍ਹਾਂ ਦੇ ਕੇਰਲਾ ਦੌਰੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ, ‘‘ਦੇਖੋ, ਆਖ਼ਰ ਅਸੀਂ ਸਾਰੇ ਹਿੰਦੂ ਹੀ ਹਾਂ।’’ ਹਿੰਦੂ ਤੁਸ਼ਟੀਕਰਨ ਦੇ ਆਪਣੇ ਏਜੰਡੇ ਨੂੰ ਅਗਾਂਹ ਵਧਾਉਂਦਿਆਂ ਰਾਮਾਲਿੰਗਾ ਰੈਡੀ ਨੇ ਪ੍ਰੈਸ ਨੂੰ ਦੱਸਿਆ ਕਿ ਉਹ ਮੁੱਖ ਮੰਤਰੀ ਸਿੱਧਾਰਮਈਆ ਨੂੰ ਕਹਿਣਗੇ ਕਿ ਸੂਬੇ ਵਿੱਚ ਸੌ ਰਾਮ ਮੰਦਰਾਂ ਦੀ ਉਸਾਰੀ ਕਰਵਾਉਣ ਲਈ ਫੰਡ ਦਿੱਤੇ ਜਾਣ।
ਹਾਲੇ ਤੱਕ ਮੇਰੀ ਜਾਣਕਾਰੀ ਮੁਤਾਬਿਕ, ਮੁੱਖ ਮੰਤਰੀ ਨੇ ਆਪਣੇ ਮੰਤਰੀ ਦੀ ਬੇਨਤੀ ਉੱਪਰ ਕੋਈ ਪ੍ਰਤੀਕਿਰਿਆ ਜ਼ਾਹਿਰ ਨਹੀਂ ਕੀਤੀ। ਬੀਤੇ ਸਮਿਆਂ ਵਿੱਚ ਸਿੱਧਾਰਮਈਆ ਸਿਆਸਤ ਅਤੇ ਸਮਾਜ ਵਿੱਚ ਬਹੁਗਿਣਤੀਪ੍ਰਸਤੀ ਖਿਲਾਫ਼ ਖੁੱਲ੍ਹ ਕੇ ਸਟੈਂਡ ਲੈਂਦੇ ਰਹੇ ਹਨ। ਉਂਝ, ਉਨ੍ਹਾਂ ਦੇ ਹਾਲੀਆ ਬਿਆਨਾਂ ਤੋਂ ਉਨ੍ਹਾਂ ਦੀ ਅਸਪੱਸ਼ਟਤਾ ਜ਼ਾਹਿਰ ਹੋ ਰਹੀ ਹੈ। ਅਯੁੱਧਿਆ ਵਿੱਚ ਹੋਏ ਸਮਾਗਮ ਦੇ ਜਵਾਬ ਵਜੋਂ ਉਨ੍ਹਾਂ ਆਪਣੇ ਪਿੰਡ ਦੇ ਰਾਮ ਮੰਦਰ ਵਿੱਚ ਪੂਜਾ ਕੀਤੀ ਅਤੇ ਫਿਰ ‘ਜੈ ਸ੍ਰੀ ਰਾਮ’ ਦੇ ਨਾਅਰੇ ਵੀ ਲਾਏ। ਇਹ ਨਾਅਰਾ ਹੁਣ ਹਮਲਾਵਰ ਹਿੰਦੂਤਵ ਦਾ ਇੱਕ ਪ੍ਰਤੀਕ ਬਣ ਗਿਆ ਹੈ ਜੋ 1980ਵਿਆਂ ਤੋਂ ਪਹਿਲਾਂ ਉੱਤਰੀ ਭਾਰਤ ਵਿੱਚ ਵੀ ਘੱਟ ਹੀ ਇਸਤੇਮਾਲ ਕੀਤਾ ਜਾਂਦਾ ਸੀ। ਉੱਥੇ ਆਮ ਬੋਲਚਾਲ ਵਿੱਚ ‘ਰਾਮ ਰਾਮ’ ਜਾਂ ‘ਜੈ ਸੀਆ ਰਾਮ’ ਆਖਿਆ ਜਾਂਦਾ ਸੀ ਜਿਸ ਦੀ ਸੁਰ ਕਾਫ਼ੀ ਨਰਮ ਜਾਂ ਕਿਹਾ ਜਾਵੇ ਤਾਂ ਸਾਵਾਂ ਜਾਪਦਾ ਸੀ। ਸਿੱਧਾਰਮਈਆ ਵੱਲੋਂ ਇਸ ਨਾਅਰੇ ਦੀ ਵਰਤੋਂ ਉਨ੍ਹਾਂ ਦੀ ਡਾਵਾਂਡੋਲ ਧਾਰਨਾ ਦਾ ਸੰਕੇਤ ਹੈ ਅਤੇ ਸ਼ਾਇਦ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਹੋਵੇਗਾ ਕਿ ਇਸ ਨਾਲ ਆਉਣ ਵਾਲੀਆਂ ਆਮ ਚੋਣਾਂ ਵਿੱਚ ਕਾਂਗਰਸ ਦੀਆਂ ਸੀਟਾਂ ਦੀ ਸੰਖਿਆ ਵਿੱਚ ਸੁਧਾਰ ਆ ਸਕਦਾ ਹੈ ਜੋ ਕਿ 2019 ਦੀਆਂ ਚੋਣਾਂ ਵਿੱਚ 28 ਵਿੱਚੋਂ ਸਿਰਫ਼ ਇੱਕ ਸੀਟ ਹੀ ਜਿੱਤ ਸਕੀ ਸੀ।
ਕਰਨਾਟਕ ਕਾਂਗਰਸ ਵੱਲੋਂ ਹਿੰਦੂਤਵੀ ਪੈਂਤੜਿਆਂ ਦੀ ਨਕਲ ਨੈਤਿਕ ਤੌਰ ’ਤੇ ਸ਼ੱਕੀ ਹੈ ਅਤੇ ਨਾਲ ਹੀ ਇਨ੍ਹਾਂ ਕਰਕੇ ਉਸ ਨੂੰ ਕੋਈ ਚੁਣਾਵੀ ਫ਼ਾਇਦਾ ਵੀ ਹੋਣ ਲੱਗਾ। ਚੇਤੇ ਕਰੋ ਕਿ ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦੀਆਂ ਪਿਛਲੀਆਂ ਵਿਧਾਨ ਸਭਾਈ ਚੋਣਾਂ ਵਿੱਚ ਭੂਪੇਸ਼ ਬਘੇਲ ਅਤੇ ਕਮਲ ਨਾਥ ਨੇ ਆਪਣੇ ਹਿੰਦੂ ਕਿਰਦਾਰ, ਸ੍ਰੀ ਰਾਮ ਅਤੇ ਹਨੂੰਮਾਨ ਪ੍ਰਤੀ ਆਪਣੀ ਭਗਤੀ ਨੂੰ ਦਰਸਾਉਣ ਦਾ ਵਾਰ-ਵਾਰ ਯਤਨ ਕੀਤਾ ਸੀ। ਇਹ ਉਹ ਖੇਡ ਹੈ ਜਿਸ ਵਿੱਚ ਕੋਈ ਵੀ ਭਾਜਪਾ ਨੂੰ ਮਾਤ ਨਹੀਂ ਦੇ ਸਕਦਾ ਜਿਵੇਂ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਸਪੱਸ਼ਟ ਹੋ ਗਿਆ ਸੀ।

Advertisement

ਈ-ਮੇਲ: ramachandraguha@yahoo.in

Advertisement
Advertisement
Advertisement