For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ ਨੂੰ ਲੈ ਕੇ ਚੰਡੀਗੜ੍ਹ ਵਿੱਚ ਸਿਆਸਤ ਭਖੀ

06:40 AM May 03, 2024 IST
ਲੋਕ ਸਭਾ ਚੋਣਾਂ ਨੂੰ ਲੈ ਕੇ ਚੰਡੀਗੜ੍ਹ ਵਿੱਚ ਸਿਆਸਤ ਭਖੀ
ਸੈਕਟਰ-29 ਵਿੱਚ ਇਕ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਉਮੀਦਵਾਰ ਸੰਜੇ ਟੰਡਨ। -ਫੋਟੋ: ਨਿਤਿਨ ਮਿੱਤਲ
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 2 ਮਈ
ਲੋਕ ਸਭਾ ਚੋਣਾਂ ਨੂੰ ਲੈ ਕੇ ਚੰਡੀਗੜ੍ਹ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਭੱਖ ਗਿਆ ਹੈ। ਇਕ ਪਾਸੇ ਜਿੱਥੇ ਆਪਣੀਆਂ ਲੰਮੇ ਸਮੇਂ ਤੋਂ ਲਟਕੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਲੈ ਕੇ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਸੁਚੇਤ ਹੋ ਗਈਆਂ ਹਨ, ਉੱਥੇ ਹੀ ਚੋਣਾਂ ’ਚ ਖੜ੍ਹੇ ਉਮੀਦਵਾਰ ਨਾਲ ਇਨ੍ਹਾਂ ਸਮਸਿਆਵਾਂ ਨੂੰ ਸਾਂਝਾ ਕਰਨ ਅਤੇ ਸਮਰਥਨ ਦੇਣ ਦਾ ਸਿਲਸਿਲਾ ਜਾਰੀ ਹੈ। ਇੱਥੇ ਅੱਜ ਇੱਥੇ ਇਕ ਹੋਟਲ ਵਿੱਚ ਸ਼ਹਿਰ ਦੀਆਂ ਵਪਾਰਕ ਜਥੇਬੰਦੀਆਂ ਦੇ ਮੈਂਬਰ ਇਕੱਠੇ ਹੋਏ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਾਸਤੇ ਆਪਣੀ ਰਣਨੀਤੀ ਤੈਅ ਕੀਤੀ। ਇਸ ਮੌਕੇ ਸਾਰਿਆਂ ਨੇ ਸਰਬਸੰਮਤੀ ਨਾਲ ਭਾਜਪਾ ਉਮੀਦਵਾਰ ਸੰਜੇ ਟੰਡਨ ਨੂੰ ਸਮਰਥਨ ਦੇਣ ਦਾ ਫੈਸਲਾ ਲਿਆ। ਵੱਖ-ਵੱਖ ਵਪਾਰਕ ਵਰਗਾਂ ਦੀਆਂ ਜਥੇਬੰਦੀਆਂ ਨੇ ਵਾਰੋ-ਵਾਰੀ ਆਪਣੀਆਂ ਸਮੱਸਿਆਵਾਂ ਸੰਜੇ ਟੰਡਨ ਨਾਲ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਤੋਂ ਸ਼ਹਿਰ ਦੇ ਵਪਾਰੀਆਂ ਦੀਆਂ ਪੈਂਡਿੰਗ ਪਈਆਂ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਵਾਉਣ ਦੀ ਮੰਗ ਵੀ ਕੀਤੀ। ਇਸ ਮੌਕੇ ਸ਼ਹਿਰ ਦੇ ਉੱਘੇ ਕਾਰੋਬਾਰੀ ਚੰਦਰ ਵਰਮਾ, ਨੀਰਜ ਬਜਾਜ, ਜਗਦੀਸ਼ ਅਰੋੜਾ, ਹਰਵਿੰਦਰ ਸਿੰਘ ਗੁਜਰਾਲ, ਸਤਪਾਲ ਬਾਂਸਲ ਆਦਿ ਮੌਜੂਦ ਸਨ। ਪ੍ਰੋਗਰਾਮ ਵਿੱਚ ਭਾਜਪਾ ਦੇ ਉਮੀਦਵਾਰ ਸੰਜੇ ਟੰਡਨ ਨੇ ਉਨ੍ਹਾਂ ਦੇ ਸਮਰਥਨ ਵਿੱਚ ਜੁੱਟੇ ਵੱਡੀ ਗਿਣਤੀ ਵਪਾਰੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਪਿਛਲੇ 20 ਸਾਲਾਂ ਤੋਂ ਲਮਕਦੇ ਸ਼ਹਿਰ ਵਾਸੀਆਂ ਦੇ ਮਸਲਿਆਂ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚ ਕਰ ਰਹੇ ਹਨ। ਉਨ੍ਹਾਂ ਮਸਲਿਆਂ ਨੂੰ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਪ੍ਰਾਪਰਟੀ ਟਰਾਂਸਫਰ ਦਾ ਕਾਨੂੰਨੀ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਇੱਕ ਹੋਰ ਜਾਣਕਾਰੀ ਅਨੁਸਾਰ ਸ਼ਹਿਰ ਦੀਆਂ ਬੂਥ ਮਾਰਕੀਟਾਂ ਦੀਆਂ ਤਮਾਮ ਵੈਲਫੇਅਰ ਐਸੋਸੀਏਸ਼ਨ ਇੱਕ ਝੰਡੇ ਹੇਠਾਂ ਆ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਉਠਾਉਣ ਦੀ ਤਿਆਰੀ ਵਿੱਚ ਹਨ। ਸੂਤਰਾਂ ਅਨੁਸਾਰ ਸ਼ੁੱਕਰਵਾਰ ਨੂੰ ਕੋਈ ਵੱਡਾ ਐਲਾਨ ਹੋ ਸਕਦਾ ਹੈ।

Advertisement

ਪ੍ਰਾਪਰਟੀ ਦੀ ਸ਼ੇਅਰਵਾਈਜ਼ ਰਜਿਸਟਰੇਸ਼ਨ ’ਤੇ ਰੋਕ ਸਭ ਤੋਂ ਵੱਡਾ ਮੁੱਦਾ

ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਵਿੱਚ ਜਾਇਦਾਦ ਦੀ ਸ਼ੇਅਰਵਾਈਜ਼ ਰਜਿਸਟਰੇਸ਼ਨ ’ਤੇ ਲਾਈ ਪਾਬੰਦੀ ਸ਼ਹਿਰ ਵਿੱਚ ਸਭ ਤੋਂ ਵੱਡਾ ਮੁੱਦਾ ਹੈ। ਚੰਡੀਗੜ੍ਹ ਪ੍ਰਾਪਰਟੀ ਸ਼ੇਅਰਹੋਲਡਰਜ਼ ਵੈਲਫੇਅਰ ਐਸੋਸੀਏਸ਼ਨ ਨੇ ਇਹ ਐਲਾਨ ਕੀਤਾ ਹੈ ਕਿ ਜੋ ਉਮੀਦਵਾਰ ਉਨ੍ਹਾਂ ਦੀ ਸਮੱਸਿਆ ਦੇ ਹੱਲ ਦਾ ਲਿਖਤੀ ਭਰੋਸਾ ਦਿੰਦਾ ਹੈ ਉਨ੍ਹਾਂ ਵੱਲੋਂ ਉਸੇ ਉਮੀਵਾਰ ਨੂੰ ਵੋਟ ਪਾਉਣ ਲਈ ਵਿਚਾਰਿਆ ਜਾ ਸਕਦਾ ਹੈ। ਐਸੋਸੀਏਸ਼ਨ ਦੇ ਚੇਅਰਮੈਨ ਵਿਕਰਮ ਚੋਪੜਾ ਨੇ ਅੱਜ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਭਾਜਪਾ ਉਮੀਦਵਾਰ ਤੋਂ ਬਾਅਦ ਹੁਣ ਉਹ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨਾਲ ਮੁਲਾਕਾਤ ਕਰ ਕੇ ਉਹ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਣਗੇ।

Advertisement
Author Image

joginder kumar

View all posts

Advertisement
Advertisement
×